ਪੰਜਾਬੀ ਪਹਿਰਾਵੇ ਅਤੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਗਹਿਣੇ

ਪੰਜਾਬੀ ਪਹਿਰਾਵੇ ਅਤੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਗਹਿਣੇ

ਫ਼ੀਚਰ

ਜਦੋਂ ਤੋਂ ਮਨੁੱਖੀ ਜੀਵਨ ਹੋਂਦ ਵਿਚ ਆਇਆ ਹੈ ਉਦੋਂ ਤੋਂ ਹੀ ਉਸ ਦੇ ਜੀਵਨ ਵਿਚ ਵੱਖ-ਵੱਖ ਸ਼ੌਕ ਵੀ ਉਤਪੰਨ ਹੋਏ ਹਨ। ਇਨ੍ਹਾਂ ਸ਼ੌਕਾਂ ਵਿਚ ਇਕ ਸ਼ੌਕ ਰਿਹਾ ਹੈ ਆਪਣੇ ਤਨ ਨੂੰ ਸ਼ਿੰਗਾਰਨ ਲਈ ਵੱਖ-ਵੱਖ ਗਹਿਣਿਆਂ ਦੀ ਵਰਤੋਂ। ਭਾਵੇਂ ਸੋਨੇ ਚਾਂਦੀ ਦੇ ਗਹਿਣਿਆਂ ਦੀ ਉਤਪਤੀ ਕਾਰਨ ਇਹ ਸ਼ੌਕ ਮਨੁੱਖ ਨੂੰ ਮਹਿੰਗਾ ਪੈਂਦਾ ਸੀ, ਪਰ ਇਹ ਸ਼ੌਕ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਬਣ ਗਿਆ ਹੈ। ਇਹ ਸ਼ੌਕ ਮਰਦਾਂ ਅਤੇ ਔਰਤਾਂ ਦੋਵਾਂ ਵਿਚ ਸਮੇਂ ਦੇ ਨਾਲ ਨਾਲ ਜਿੱਥੇ ਬਦਲਦਾ ਗਿਆ, ਉੱਥੇ ਵਧਦਾ ਵੀ ਗਿਆ।ਇਨ੍ਹਾਂ ਗਹਿਣਿਆਂ ਵਿਚ ਵੱਖ ਵੱਖ ਕਿਸਮਾਂ ਦੇ ਗਹਿਣੇ ਜਿਨ੍ਹਾਂ ਵਿਚ ਸੱਗੀ ਫੁੱਲ, ਕੈਂਠੇ, ਝਾਂਜਰਾਂ, ਤਵੀਤੀਆਂ, ਛੱਲੇ-ਮੁੰਦੀਆਂ, ਕੜੇ, ਲੌਂਗ, ਚੂੜੀਆਂ, ਗਲ਼ ਲਈ ਹਾਰ, ਕੰਨਾਂ ਲਈ ਵਾਲੀਆਂ, ਮੱਥੇ ਲਈ ਟਿੱਕਾ ਆਦਿ ਅਨੇਕਾਂ ਪ੍ਰਕਾਰ ਦੇ ਗਹਿਣੇ ਪ੍ਰਚਲਿੱਤ ਹੋ ਗਏ। ਇੱਥੋਂ ਤਕ ਕਿ ਇਨ੍ਹਾਂ ਗਹਿਣਿਆਂ ਨੂੰ ਸਮਾਜਿਕ ਲੋੜ ਵਜੋਂ ਸਮਝਿਆ ਜਾਣ ਲੱਗਿਆ ਅਤੇ ਇਸ ਨੂੰ ਪਰਿਵਾਰ ਦੀ ਪੂੰਜੀ ਵੀ ਦੱਸਿਆ ਜਾਣ ਲੱਗਿਆ। ਲੜਕਿਆਂ ਅਤੇ ਲੜਕੀਆਂ ਦੇ ਵਿਆਹਾਂ ਵਿਚ ਇਸ ਨੂੰ ਦਿਖਾਵੇ ਦਾ ਸਾਮਾਨ ਸਮਝਿਆ ਜਾਣ ਲੱਗਾ। ਇਸ ਨਾਲ ਪਰਿਵਾਰਾਂ ਦਾ ਆਰਥਿਕ ਬੋਝ ਵੀ ਵਧਣ ਲੱਗਿਆ ਅਤੇ ਜਦੋਂ ਵੀ ਕਿਸੇ ਪਰਿਵਾਰ ਵਿਚ ਕਿਸੇ ਲੜਕੇ ਜਾਂ ਲੜਕੀ ਦਾ ਵਿਆਹ ਹੁੰਦਾ ਤਾਂ ਗਹਿਣੇ ਖ਼ਰੀਦਣਾ ਮੁੱਖ ਕੰਮ ਸਮਝਿਆ ਜਾਂਦਾ ਅਤੇ ਵਿਆਹ ਦਾ ਅੱਧਾ ਖ਼ਰਚਾ ਵੀ ਗਹਿਣਿਆਂ ਉੱਤੇ ਹੀ ਹੋ ਜਾਂਦਾ। ਵਿਆਹਾਂ ਵਿਚ ਵੀ ਵਰੀ ਦੀ ਰਸਮ ਅਤੇ ਖੱਟ ਦੀ ਰਸਮ ਬੜੀ ਅਹਿਮ ਹੁੰਦੀ ਜਦੋਂ ਦੋਹਾਂ ਪਰਿਵਾਰਾਂ ਪੇਕਿਆਂ ਅਤੇ ਸਹੁਰਿਆਂ ਵੱਲੋਂ ਵਿਆਹ ਵਿਚ ਦਿੱਤੇ ਜਾਣ ਵਾਲੇ ਗਹਿਣਿਆਂ ਦਾ ਪ੍ਰਦਰਸ਼ਨ ਹੁੰਦਾ।ਇਸ ਤਰ੍ਹਾਂ ਗਹਿਣਿਆਂ ਦਾ ਅਦਾਨ ਪ੍ਰਦਾਨ ਇਕ ਰੀਤ ਹੀ ਬਣ ਗਈ, ਪਰ ਇਹ ਰੀਤ ਸਮੇਂ ਦੇ ਨਾਲ ਨਾਲ ਪੰਜਾਬੀ ਸੱਭਿਆਚਾਰਕ ਰੰਗ ਵੀ ਧਾਰਨ ਕਰ ਗਈ। ਹਰ ਤਰ੍ਹਾਂ ਦੇ ਗਹਿਣਿਆਂ ’ਤੇ ਪੰਜਾਬੀ ਲੋਕ ਗੀਤ, ਕਹਾਣੀਆਂ, ਅਖੌਤਾਂ, ਮੁਹਾਵਰੇ ਅਤੇ ਗੀਤ ਬਣ ਗਏ। ਬਣਦੇ ਵੀ ਕਿਉਂ ਨਾ ਜਦੋਂ ਇਕ ਨੌਜਵਾਨ ਆਪਣੇ ਵਿਆਹ ਤੋਂ ਬਾਅਦ ਪੰਜਾਬੀ ਪਹਿਰਾਵੇ ਵਿਚ ਮਾਵੇ ਵਾਲੀ ਪੱਗ ਬੰਨ੍ਹ, ਗਲ਼ ਵਿਚ ਸੁਨਹਿਰੀ ਕੈਂਠਾ ਪਾ ਕੇ ਆਪਣੇ ਸਹੁਰੇ ਘਰ ਜਾਂਦਾ ਤਾਂ ਸਾਰਾ ਪਿੰਡ ਉਸ ਨੂੰ ਦੇਖਦਾ ਹੀ ਰਹਿ ਜਾਂਦਾ ਅਤੇ ਉਸ ਪ੍ਰਾਹੁਣੇ ਦੀਆਂ ਘਰ ਘਰ ਗੱਲਾਂ ਹੁੰਦੀਆਂ। ਜਦੋਂ ਸਾਰਾ ਪਿੰਡ ਹੀ ਉਸ ਨਵੇਂ ਆਏ ਪ੍ਰਾਹੁਣੇ ਦੀ ਸ਼ਾਨਦਾਰ ਦਿੱਖ ਦੀ ਗੱਲ ਕਰ ਰਿਹਾ ਹੁੰਦਾ ਤਾਂ ਉਸ ਦੀ ਨਵ ਵਿਆਹੀ ਦੇ ਤਾਂ ਧਰਤੀ ’ਤੇ ਪੈਰ ਨਾ ਟਿਕਦੇ ਅਤੇ ਉਹ ਆਪਣੀਆਂ ਸਹੇਲੀਆਂ ਦੇ ਝੁੰਡ ਵਿਚੋਂ ਦੌੜ ਆਪਣੇ ਘਰ ਜਾ ਕੇ ਮਾਂ ਨੂੰ ਕੁਝ ਇਸ ਤਰ੍ਹਾਂ ਕਹਿੰਦੀ:

ਦੇਖ ਕੈਂਠੇ ਵਾਲਾ ਆ ਗਿਆ ਪ੍ਰਾਹੁਣਾ

ਨੀਂ ਮਾਏ ਤੇਰੇ ਕੰਮ ਨਾ ਮੁੱਕੇ।

ਇਸ ਤਰ੍ਹਾਂ ਇਕ ਨਹੀਂ ਅਨੇਕਾਂ ਲੋਕ ਗੀਤ ਇਨ੍ਹਾਂ ਗਹਿਣਿਆਂ ਬਾਰੇ ਪੰਜਾਬੀ ਸੱਭਿਆਚਾਰ ਵਿਚ ਆਪਣੀ ਥਾਂ ਬਣਾ ਗਏ। ਇਸੇ ਤਰ੍ਹਾਂ ਝਾਂਜਰਾਂ ਬਾਰੇ ਅਨੇਕਾਂ ਲੋਕ ਗੀਤ ਸੁਣੇ ਜਾਂਦੇ ਹਨ ਜਿਵੇਂ :

ਪੈਰ ਧੋ ਕੇ, ਝਾਂਜਰਾਂ ਪਾਉਂਦੀ,

ਮੇਲ੍ਹਦੀ ਆਉਂਦੀ ਕਿ ਸ਼ੌਕਣ ਮੇਲੇ ਦੀ

ਕੋਈ ਵੀ ਗਹਿਣਾ ਭਾਵੇਂ ਛੋੋਟਾ ਹੋਵੇ ਜਾਂ ਵੱਡਾ ਉਨ੍ਹਾਂ ਬਾਰੇ ਗੀਤ ਤਾਂ ਮਨੁੱਖੀ ਦਿਲਾਂ ਨੂੰ ਧੁਰ ਅੰਦਰੋਂ ਹਲੂਣਾ ਦੇ ਜਾਂਦੇ। ਜਿਵੇਂ ਛੋਟਾ ਜਿਹਾ ਗਹਿਣਾ ਲੌਂਗ ਪੰਜਾਬ ਦੀ ਹਵਾ ਵਿਚ ਇਵੇਂ ਘੁਲਿਆ ਕਿ ਹਰ ਪੰਜਾਬੀ ਦੀ ਜ਼ੁਬਾਨ ’ਤੇ ਹੁੰਦਾ ਸੀ:

ਤੂੰ ਨਿਗ੍ਹਾ ਮਾਰਦਾ ਆਈ ਵੇਂ,

ਮੇਰਾ ਲੌਂਗ ਗੁਆਚਾ।

ਇੱਥੋਂ ਤਕ ਕਿ ਪੰਜਾਬੀ ਅੱਲ੍ਹੜਾਂ ਵਿਚ ਪ੍ਰੇਮ ਦੀ ਤੱਕਣੀ ਤੋਂ ਬਾਅਦ ਛੱਲੇ-ਮੁੰਦੀਆਂ ਵਟਾਉਣ ਅਤੇ ਇਕ ਦੂਜੇ ਨੂੰ ਨਿਸ਼ਾਨੀਆਂ ਵਜੋਂ ਦੇਣ ਦੀ ਰੀਸ ਜਿਹੀ ਚੱਲ ਪਈ। ਪੁਰਾਣੇ ਸਮੇਂ ਵਿਚ ਨੌਜਵਾਨ ਵੀ ਆਪਣੇ ਕੰਨਾਂ ਵਿਚ ਸੋਨੇ ਦੀਆਂ ਨੱਤੀਆਂ ਬਣਵਾ ਕੇ ਪਾਉਣ ਲੱਗੇ। ਇਹ ਨੱਤੀਆਂ ਸੋਨਾ ਮਹਿੰਗਾ ਹੋਣ ਕਾਰਨ ਘੱਟ ਮੁੱਲ ਵਿਚ ਪਤਲੀਆਂ ਪਤਲੀਆਂ ਅਰਧ ਚੰਦਰਮਾ ਦੀ ਸ਼ਕਲ ਵਿਚ ਬਣੀਆਂ ਹੁੰਦੀਆਂ ਸਨ ਅਤੇ ਪੰਜਾਬੀ ਗੱਭਰੂ ਇਹ ਨੱਤੀਆਂ ਪਾ ਕੇ ਆਪਣੇ ਆਪ ਵਿਚ ਬੜਾ ਮਾਣ ਮਹਿਸੂਸ ਕਰਦੇ ਸਨ ਕਿਉਂਕਿ ਉਨ੍ਹਾਂ ਦਿਨਾਂ ਵਿਚ ਆਮ ਪਰਿਵਾਰਾਂ ਦੀ ਆਰਥਿਕ ਸਥਿਤੀ ਇੰਨੀ ਚੰਗੀ ਨਹੀਂ ਸੀ ਹੁੰਦੀ, ਪਰ ਗਹਿਣੇ ਪਾਉਣ ਦਾ ਸ਼ੌਕ ਹਰ ਨੌਜਵਾਨ ਅਤੇ ਮੁਟਿਆਰ ਵਿਚ ਬਣਿਆ ਹੋਇਆ ਸੀ। ਕੋਈ ਪ੍ਰੇਮੀ ਜਦੋਂ ਕੋਈ ਪਿਆਰ ਨਿਸ਼ਾਨੀ ਆਪਣੀ ਪ੍ਰੇਮਿਕਾ ਨੂੰ ਦੇਣਾ ਚਾਹੁੰਦਾ ਤਾਂ ਇਹ ਨੱਤੀਆਂ ਬਹੁਤ ਹੀ ਵਡਮੁੱਲੀਆਂ ਬਣ ਜਾਂਦੀਆਂ ਸਨ ਤਾਂ ਉਹ ਪਿਆਰ ਭਰੇ ਮਨ ਨਾਲ ਕਹਿੰਦਾ:

ਲੈ ਜਾ ਨੱਤੀਆਂ ਘੜਾ ਲਈ ਪਿੱਪਲ ਪੱਤੀਆਂ

ਕਿਸੇ ਕੋਲ ਗੱਲ ਨਾ ਕਰੀਂ।

ਇਸ ਤਰ੍ਹਾਂ ਇਹ ਨੱਤੀਆਂ ਜੋ ਭਾਵੇਂ ਗਹਿਣਿਆਂ ਦੀ ਕਿਸਮ ਵਿਚ ਬਹੁਤ ਹਲਕੀਆਂ ਅਤੇ ਸਸਤੀਆਂ ਹੁੰਦੀਆਂ, ਪਰ ਇਹ ਪੰਜਾਬੀ ਸੱਭਿਆਚਾਰ ਵਿਚ ਉੱਚ ਸਥਾਨ ਰੱਖਦੀਆਂ ਹਨ। ਇਨ੍ਹਾਂ ਨੱਤੀਆਂ ਨੂੰ ਪੇਂਡੂ ਨੌਜਵਾਨ ਵਿਸ਼ੇਸ਼ ਤਰਜੀਹ ਦਿੰਦੇ ਸਨ, ਪਰ ਇਹ ਨੱਤੀਆਂ ਆਮ ਤੌਰ ’ਤੇ ਵਿਸ਼ੇਸ਼ ਜਾਤੀ ਵਰਗ ਦੇ ਮੁੰਡੇ ਕੁੱਝ ਜ਼ਿਆਦਾ ਹੀ ਪਾਉਂਦੇ ਸਨ।ਪਿੱਪਲ ਪੱਤੀਆਂ ਭਾਵੇ ਬਹੁਤ ਹਲਕੀਆਂ, ਛੋਟੀਆਂ ਅਤੇ ਸਭ ਤੋਂ ਸਸਤੇ ਗਹਿਣਿਆਂ ਵਿਚ ਗਿਣੀਆਂ ਜਾਂਦੀਆਂ ਸਨ, ਪਰ ਇਨ੍ਹਾਂ ਪਿੱਪਲ ਪੱਤੀਆਂ ਨੂੰ ਪਹਿਨਣ ਦਾ ਔਰਤਾਂ ਵਿਚ ਬੜਾ ਰੁਝਾਨ ਅਤੇ ਚਾਅ ਹੁੰਦਾ ਸੀ। ਜਿਸ ਤਰ੍ਹਾਂ ਪੰਜਾਬੀ ਔਰਤਾਂ ਨੱਕ ਵਿਚ ਲੌਂਗ ਪਹਿਨ ਕੇ ਮਾਣ ਮਹਿਸੂਸ ਕਰਦੀਆਂ ਹਨ। ਉਸੇ ਤਰ੍ਹਾਂ ਇਹ ਮਾਮੂਲੀ ਦਿਖਣ ਵਾਲੀਆਂ ਪਿੱਪਲ ਪੱਤੀਆਂ ਗਰੀਬ ਪੇਂਡੂ ਔਰਤਾਂ ਦਾ ਦਿਲ ਪਸੀਜ ਲੈਂਦੀਆਂ ਸਨ। ਇਸ ਤਰ੍ਹਾਂ ਬਾਕੀ ਗਹਿਣਿਆਂ ਦੇ ਨਾਲ ਨਾਲ ਅਤੇ ਖ਼ਾਸ ਕਰਕੇ ਔਰਤਾਂ ਵੱਲੋਂ ਕੰਨਾਂ ਵਿਚ ਪਹਿਨੀਆਂ ਗਈਆਂ ਵਾਲੀਆਂ ਲਈ ਇਨ੍ਹਾਂ ਪਿੱਪਲ ਪੱਤੀਆਂ ਦਾ ਸਥਾਨ ਵੀ ਅਹਿਮ ਬਣ ਜਾਂਦਾ ਹੈ। ਭਾਵੇਂ ਕੁਝ ਵੀ ਹੋਵੇ ਇਹ ਨੱਤੀਆਂ ਅਤੇ ਪਿੱਪਲ ਪੱਤੀਆਂ ਸਾਡੇ ਪੰਜਾਬੀ ਪਹਿਰਾਵੇ ਅਤੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਬਣੀਆਂ ਰਹੀਆਂ ਹਨ।

ਬਹਾਦਰ ਸਿੰਘ ਗੋਸਲ