ਵਿਦੇਸ਼ਾਂ ਵਿਚ ਜ਼ਿੰਦਾ ਹੈ ਪੰਜਾਬੀਅਤ ਤੇ ਵਿਰਸਾ

ਵਿਦੇਸ਼ਾਂ ਵਿਚ ਜ਼ਿੰਦਾ ਹੈ ਪੰਜਾਬੀਅਤ ਤੇ ਵਿਰਸਾ

ਅੱਜ ਪਰਵਾਸ ਪੰਜਾਬੀਆਂ ਦੇ ਮੱਥੇ ਦੀ ਲਕੀਰ ਬਣ ਕੇ ਰਹਿ ਗਿਆ ਹੈ। ਪਿੰਡ ਹੈ ਜਾਂ ਸ਼ਹਿਰ, ਕੋਈ ਘਰ ਅਜਿਹਾ ਨਹੀਂ ਦਿਸਦਾ ਜਿਸ ਵਿਚੋਂ ਕੋਈ ਪਰਦੇਸ ਨਾ ਗਿਆ ਹੋਵੇ।

ਕਈ ਘਰ ਤਾਂ ਪੂਰੇ ਦੇ ਪੂਰੇ ਹੀ ਖ਼ਾਲੀ ਹੋਏ ਦਿਸਦੇ ਹਨ। ਕੁਝ ਲੋਕ ਪਹਿਲਾਂ-ਪਹਿਲਾਂ ਖੱਟੀ ਕਮਾਈ ਲਈ ਗਏ, ਕੁਝ ਮੁੰਡੇ-ਕੁੜੀਆਂ ਸੰਯੋਗ ਵੱਸ, ਕੁਝ ਦੇਖਾ-ਦੇਖੀ ਤੇ ਹੁਣ ਪੜ੍ਹਾਈ ਤੇ ਰੁਜ਼ਗਾਰ ਲਈ ਪੰਜਾਬ ਦੀ ਜਵਾਨੀ ਪਰਦੇਸਾਂ ਵਿਚ ਜਾ ਰਹੀ ਹੈ। ਬਹੁਤ ਪਹਿਲਾਂ ਲੋਕਾਂ ਨੇ ਪਰਦੇਸ ਵਿਚ ਦੌਲਤ ਕਮਾ ਕੇ ਆਪਣੇ ਮੁਲਕ, ਆਪਣੇ ਥਾਵਾਂ-ਗਰਾਵਾਂ ਵਿਚ ਤਕੜੀਆਂ ਜ਼ਮੀਨਾਂ-ਜਾਇਦਾਦਾਂ ਬਣਾਈਆਂ ਪਰ ਅੱਜ ਦੀ ਤ੍ਰਾਸਦੀ ਹੈ ਕਿ ਹੁਣ ਪੰਜਾਬੀ ਜੱਦੀ-ਪੁਸ਼ਤੈਨੀ ਜਾਇਦਾਦਾਂ ਵੇਚ ਕੇ ਪਰਦੇਸਾਂ ਨੂੰ ਜਾ ਰਹੇ ਹਨ। ਪੰਜਾਬ ਦੇ ਮਾੜੇ ਹਾਲਾਤ ਤੇ ਬੇਰੁਜ਼ਗਾਰੀ ਇਸ ਦਾ ਵੱਡਾ ਕਾਰਨ ਬਣੇ ਹਨ।

ਵਿਚਾਰਨਯੋਗ ਮੁੱਦਾ ਇਹ ਵੀ ਹੈ ਕਿ ਮਿਹਨਤ-ਮਜ਼ਦੂਰੀ ਕਰਨ ਵਾਲੇ ਹੋਣ ਜਾਂ ਕੋਈ ਵੱਡੇ ਕਾਰੋਬਾਰੀ, ਇਨ੍ਹਾਂ ਦੇ ਮਨਾਂ ਵਿਚ ਆਪਣੇ ਵਤਨ ਦੀ ਮਿੱਟੀ ਦਾ ਮੋਹ ਤੇ ਜੜ੍ਹਾਂ ਦੀ ਖਿੱਚ ਬਰਕਰਾਰ ਰਹਿੰਦੀ ਹੈ। ਜਦੋਂ ਵੀ ਅਸੀਂ ਆਪਣੇ ਧੀ-ਜਵਾਈ ਤੇ ਦੋਹਤੇ-ਦੋਹਤੀਆਂ ਕੋਲ ਨਾਰਵੇ ਜਾਂ ਇੰਗਲੈਂਡ ਆਉਂਦੇ ਹਾਂ ਤਾਂ ਇੱਥੇ ਪਰਦੇਸ ਵਿਚ ਇਨ੍ਹਾਂ ਗੱਲਾਂ ਦਾ ਬੜੀ ਸ਼ਿੱਦਤ ਨਾਲ ਅਹਿਸਾਸ ਹੁੰਦਾ ਹੈ। ਅਜੋਕੇ ਸਮੇਂ ਤਾਂ ਹਰ ਮੁਲਕ ਵਿਚ ਪੰਜਾਬੀ ਵਸਦੇ ਹਨ ਪਰ ਕੁਝ ਸਮਾਂ ਪਹਿਲਾਂ ਅਜਿਹਾ ਨਹੀਂ ਸੀ ਖ਼ਾਸ ਕਰਕੇ ਛੇ ਮਹੀਨੇ ਦਿਨ ਤੇ ਛੇ ਮਹੀਨੇ ਰਾਤ ਵਾਲੇ ਮੁਲਕ ਨਾਰਵੇ ਵਿਚ। ਇੱਥੇ ਅਜੇ ਵੀ ਪੰਜਾਬੀਆਂ ਦੀ ਗਿਣਤੀ ਬਹੁਤ ਘੱਟ ਹੈ। ਤਾਜ਼ਾ ਅੰਕੜਿਆਂ ਅਨੁਸਾਰ ਨਾਰਵੇ ਵਿਚ ਤਕਰੀਬਨ ਸਤਾਰਾਂ ਹਜ਼ਾਰ ਭਾਰਤੀ ਹਨ ਜਿਨ੍ਹਾਂ ਵਿਚੋਂ ਲਗਪਗ ਪੰਜ ਹਜ਼ਾਰ ਸਿੱਖ ਹਨ। ਵੱਡਾ ਕਾਰਨ ਹੈ ਕਿ ਇਸ ਮੁਲਕ ਦੀ ਭਾਸ਼ਾ ਨੌਰਵੀਯੀਅਨ ਹੈ। ਕਿਸੇ ਵੀ ਪੜ੍ਹਾਈ ਜਾਂ ਕਿੱਤੇ ਦੇ ਹਿਸਾਬ ਨਾਲ ਪਹਿਲਾਂ ਇੱਥੋਂ ਦੀ ਭਾਸ਼ਾ ਸਿੱਖਣੀ ਲਾਜ਼ਮੀ ਹੈ। ਆਮ ਪੱਧਰ ਦੀ ਪੜ੍ਹਾਈ ਕਰ ਕੇ ਮਰਦ-ਮੁੰਡੇ ਬੱਸ ਡਰਾਈਵਰ ਦਾ ਕਿੱਤਾ ਅਪਨਾ ਲੈਂਦੇ ਹਨ। ਕੁਝ ਹੱਥੀਂ ਕਰਨ ਵਾਲਾ ਕੰਮ ਕਰਦੇ ਹਨ ਜਿਵੇਂ ਰਾਜ ਮਿਸਤਰੀ ਤੇ ਲੱਕੜ ਮਿਸਤਰੀ। ਇਹ ਪੀਜ਼ਾ ਹੱਟ, ਦੁਕਾਨਾਂ ਜਾਂ ਕਿਸੇ ‘ਸ਼ਾਪਿੰਗ ਮਾਲ’ ਵਿਚ ਕੰਮ ਕਰਨ ਲੱਗਦੇ ਹਨ। ਜਿਹੜੇ ਭਾਰਤੀ/ਪੰਜਾਬੀ ਉੱਚ ਵਿੱਦਿਆ ਹਾਸਲ ਕਰਨ ਉਪਰੰਤ ਆਉਂਦੇ ਹਨ ਉਹ ਇੱਥੇ ਹੋਰ ਪੜ੍ਹਾਈ ਕਰਨ ਤੋਂ ਬਾਅਦ ਉੱਚ ਅਹੁਦਿਆਂ ’ਤੇ ਵੀ ਜਾ ਪੁੱਜਦੇ ਹਨ।

ਇਹ ਆਪਣੇ ਵਤਨ ਦਾ ਮਾਣ ਬਣਦੇ ਹਨ। ਇਸ ਔਖੀ ਭਾਸ਼ਾ ਵਾਲੇ ਮੁਲਕ ਵਿਚ ਉਹ ਸਿਆਸੀ ਰੁਤਬੇ ਵੀ ਹਾਸਲ ਕਰਦੇ ਹਨ। ਇਹ ਪੰਜਾਬੀ ਹਿੰਮਤੀ ਕਿਸੇ ਕਮਿਸ਼ਨਰ ਜਾਂ ਡਾਕਟਰ ਦੇ ਅਹੁਦੇ ’ਤੇ ਵੀ ਪੁੱਜਦੇ ਹਨ ਅਤੇ ਤਕੜੇ ਕਾਰੋਬਾਰੀ ਵੀ ਹਨ। ਹੈਰਾਨੀਜਨਕ ਗੱਲ ਹੈ ਕਿ ਇਨ੍ਹਾਂ ਹਿੰਮਤੀ ਪੰਜਾਬੀ ਪੁੱਤਰਾਂ ਨੇ ਖੇਤੀਬਾੜੀ ਦੇ ਧੰਦੇ ਨੂੰ ਲਾਹੇਵੰਦ ਕਿੱਤਾ ਬਣਾਉਣ ਦੀ ਕਮਾਲ ਵੀ ਕਰ ਦਿਖਾਈ ਹੈ। ਵਰਤਮਾਨ ਸਮੇਂ ਭਾਰਤੀ ਮੂਲ ਦੀਆਂ ਕੁੜੀਆਂ ਜਾਂ ਔਰਤਾਂ ਇੱਥੇ ਸਹਾਇਕ ਨਰਸਾਂ ਦੇ ਕੰਮ ਲਈ ਆ ਰਹੀਆਂ ਹਨ। ਇਨ੍ਹਾਂ ਨੂੰ ਵੀ ਪਹਿਲਾਂ ਨੌਰਵੀਯੀਅਨ ਭਾਸ਼ਾ ਸਿੱਖਣੀ ਪੈਂਦੀ ਹੈ। ਇਨ੍ਹਾਂ ਨੂੰ ‘ਯੈਲਪੇ ਪਲਈਅਰ’ ਕਿਹਾ ਜਾਂਦਾ ਹੈ। ਜੇਕਰ ਕੋਈ ਭਾਰਤ ਤੋਂ ਨਰਸਿੰਗ ਦਾ ਕੋਰਸ ਕਰ ਕੇ ਵੀ ਆਉਂਦੀ ਹੈ ਉਹ ਵੀ ਇੱਥੇ ਸਹਾਇਕ ਨਰਸ ਦਾ ਕੰਮ ਹੀ ਕਰਦੀ ਹੈ।

ਇਨ੍ਹਾਂ ਦਾ ਕੰਮ ਜ਼ਿਆਦਾਤਰ ਬਜ਼ੁਰਗਾਂ ਦੀ ਸਾਂਭ-ਸੰਭਾਲ ਕਰਨਾ ਹੀ ਹੁੰਦਾ ਹੈ। ਅਫ਼ਸੋਸ ਦੀ ਗੱਲ ਹੈ ਕਿ ਬਹੁਤ ਘੱਟ ਲੋਕ ਮਿਹਨਤੀ ਹੁੰਦੇ ਹਨ ਤੇ ਇਹ ਉਸੇ ਛੋਟੇ ਜਿਹੇ ਦਾਇਰੇ ਵਿਚ ਰਹਿ ਕੇ ਕੰਮ ਕਰੀ ਜਾਂਦੇ ਹਨ। ਮਿਹਨਤੀ ਤੇ ਸਿਰੜੀ ਲੋਕ ਹੀ ਉੱਚ ਮੁਕਾਮ ਹਾਸਲ ਕਰਦੇ ਹਨ। ਜਦੋਂ 2005 ਵਿਚ ਸਾਡੀ ਧੀ ਨੂੰ ਸੰਯੋਗ ਇਸ ਬਰਫਾਨੀ ਧਰਤੀ ਉੱਤੇ ਚੋਗ ਚੁਗਣ ਲਈ ਲੈ ਆਇਆ ਤਾਂ ਸਾਨੂੰ ਵੀ ਇੱਥੇ ਆਉਣ ਦੇ ਕਈ ਮੌਕੇ ਮਿਲੇ। ਸਾਡੀ ਇਹ ਨੌਰਵੇ ਦੀ ਛੇਵੀਂ ਫੇਰੀ ਹੈ। ਪਹਿਲਾਂ-ਪਹਿਲ ਕਿਸੇ ‘ਸ਼ਾਪਿੰਗ ਸੈਂਟਰ’ ਵਿਚ ਕੋਈ ਪੰਜਾਬੀ ਦਿਸਦਾ ਤਾਂ ਮੈਨੂੰ ਉਹ ਆਪਣਾ-ਆਪਣਾ ਲੱਗਦਾ। ਇਹ ਸਾਂਝਾਂ, ਪੰਜਾਬੀ ਸਕੂਲ, ਪੰਜਾਬੀ ਮੇਲਿਆਂ ਜਾਂ ਗੁਰਦੁਆਰਾ ਸਾਹਿਬ ਵਿਖੇ ਮਿਲਣ ਨਾਲ ਵੀ ਬਣ ਜਾਂਦੀਆਂ ਹਨ। ਮਨ ਬਹੁਤ ਖ਼ੁਸ਼ ਹੁੰਦਾ ਹੈ ਜਦੋਂ ਇਹ ਲੋਕ ਪੰਜਾਬ ਤੋਂ ਆਏ ਇਕ-ਦੂਜੇ ਦੇ ਮਾਪਿਆਂ ਜਾਂ ਭੈਣ-ਭਰਾਵਾਂ ਨੂੰ ਮੋਹ ਭਰੇ ਸੱਦੇ ਦੇ ਕੇ ਆਪਣੇ ਘਰੀਂ ਖਾਣੇ ’ਤੇ ਬੁਲਾਉਂਦੇ ਹਨ। ਇਹ ਆਪਣੇ ਵਤਨ ਪ੍ਰਤੀ ਇਨ੍ਹਾਂ ਦਾ ਵੈਰਾਗ ਜਾਂ ਪ੍ਰੇਮ ਹੀ ਤਾਂ ਹੁੰਦਾ ਹੈ। ਇਨ੍ਹਾਂ ਪ੍ਰੇਮ-ਮਿਲਣੀਆਂ ਮੌਕੇ ਤੋਹਫ਼ਿਆਂ ਦਾ ਲੈਣ-ਦੇਣ ਵੀ ਹੁੰਦਾ ਹੈ। ਮੈਂ ਇਨ੍ਹਾਂ ਮੁਹੱਬਤੀ ਜਿਊੜਿਆਂ ਲਈ ਪਟਿਆਲੇ ਤੋਂ ਫੁਲਕਾਰੀਆਂ ਤੇ ਸੀਸੇ-ਮੋਤੀ ਜੜੀਆਂ ਪਰਾਂਦੀਆਂ ਜ਼ਰੂਰ ਲੈ ਕੇ ਜਾਂਦੀ ਹਾਂ।

ਪੰਜਾਬੀ ਜਾਂ ਭਾਰਤੀ ਮੂਲ ਦੇ ਬੱਚਿਆਂ ਨੂੰ ਸਕੂਲ-ਕਾਲਜ ਤੋਂ ਲੈ ਕੇ ਆਮ ਜੀਵਨ ਵਰਤਾਰੇ ’ਚ ਵੀ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਪੁਰਾਣੇ ਬਜ਼ੁਰਗਾਂ ਦਾ ਨਜ਼ਰੀਆ ਪਰਵਾਸੀਆਂ ਪ੍ਰਤੀ ਨਾਂਹ-ਪੱਖੀ ਹੈ। ਦਰਅਸਲ ਅਸਲੀਅਤ ਇਹ ਹੈ ਕਿ ਇਹ ਲੋਕ ਸਾਡੇ ਮਿਹਨਤੀ ਲੋਕਾਂ ਨੂੰ ਤਰੱਕੀਆਂ ਕਰਦੇ ਤੇ ਬੁਲੰਦੀਆਂ ’ਤੇ ਪੁੱਜਦੇ ਬਰਦਾਸ਼ਤ ਨਹੀਂ ਕਰਦੇ। ਅਜੋਕੇ ਸਮੇਂ ਵੀ ਭਾਵੇਂ ਇਹ ਸਮੱਸਿਆ ਆੜੇ ਆ ਰਹੀ ਹੈ ਪਰ ਅਗਲੀਆਂ ਪੀੜ੍ਹੀਆਂ ਦੇ ਦ੍ਰਿਸ਼ਟੀਕੋਣ ਵਿਚ ਉਨ੍ਹਾਂ ਨਾਲੋਂ ਕੁਝ ਅੰਤਰ ਹੈ।

ਮੂਲ ਕਾਰਨ ਇਹ ਵੀ ਹੈ ਕਿ ਪੰਜਾਬੀ ਪਰਿਵਾਰਾਂ ਦੀ ਤੀਜੀ ਪੀੜ੍ਹੀ ਵੀ ਗੋਰੇ ਸੱਭਿਆਚਾਰ ’ਚ ਰਚ-ਮਿਚ ਨਹੀਂ ਸਕੀ। ਪੰਜਾਬੀ ਪਰਿਵਾਰਾਂ ਦੇ ਬੱਚੇ ਜੇਕਰ ਵਿਦੇਸ਼ੀ ਦੋਸਤਾਂ ਵਾਲਾ ਰਹਿਣ-ਸਹਿਣ ਅਪਨਾ ਲੈਂਦੇ ਹਨ ਤਾਂ ਉਹ ਸਾਡੇ ਵੱਡਿਆਂ ਨੂੰ ਵਾਰਾ ਨਹੀਂ ਖਾਂਦਾ। ਇਸ ਹਾਲਤ ’ਚ ਬੱਚੇ ਮਾਪਿਆਂ ਤੋਂ ਬਾਗ਼ੀ ਹੋ ਜਾਂਦੇ ਹਨ ਤੇ ਘਰਾਂ ’ਚ ਕਲੇਸ਼ ਹੁੰਦਾ ਹੈ। ਜੇ ਕੋਈ ਪੂਰਾ ਪਰਿਵਾਰ ਇਹ ਵਿਦੇਸ਼ੀ ਸੱਭਿਆਚਾਰ (ਕਲਚਰ) ਅਪਨਾ ਲੈਂਦਾ ਹੈ ਤਾਂ ਉੱਥੇ ਇਹ ਸੰਕਟ ਪੈਦਾ ਨਹੀਂ ਹੁੰਦਾ ਪਰ ਇਹ ਬਹੁਤ ਘੱਟ ਦੇਖਣ-ਸੁਣਨ ਨੂੰ ਮਿਲਦਾ ਹੈ। ਵਿੱਦਿਅਕ ਅਦਾਰਿਆਂ ਵਿਚ ਸਤਾਰਾਂ-ਅਠਾਰਾਂ ਸਾਲਾਂ ਦੀ ਉਮਰ ਦੇ ਮੁੰਡੇ-ਕੁੜੀਆਂ ਦੀ ਸਾਰਿਆਂ ਨਾਲ ਦੋਸਤਾਨਾ ਸਾਂਝ ਬਣ ਜ਼ਰੂਰ ਜਾਂਦੀ ਹੈ ਪਰ ਉਹ ਗੱਲ ਨਹੀਂ ਬਣਦੀ ਜੋ ਇਨ੍ਹਾਂ ਦੀ ਆਪਣੇ ਪੰਜਾਬੀ ਭਾਈਚਾਰੇ ਨਾਲ ਹੁੰਦੀ ਹੈ।

ਇਹ ਸਾਰੇ ਕਿਸੇ ਇਕ ਦੇ ਜਨਮ ਦਿਨ ਜਾਂ ਕਿਸੇ ਹੋਰ ਖ਼ੁਸ਼ੀ ਮੌਕੇ ਇਕੱਠੇ ਹੋ ਕੇ ਜਸ਼ਨ ਮਨਾਉਂਦੇ ਹਨ ਪਰ ਇਨ੍ਹਾਂ ਨੂੰ ਉਹ ਖ਼ੁਸ਼ੀ ਤੇ ਸੰਤੁਸ਼ਟੀ ਨਹੀਂ ਮਿਲਦੀ ਜੋ ਆਪਣੀਆਂ ਜੜ੍ਹਾਂ ਦੀ ਸਾਂਝ ਵਾਲੇ ਦੋਸਤਾਂ-ਸਹੇਲੀਆਂ ਨਾਲ ਮਿਲਦੀ ਹੈ। ਇਸ ਗੱਲ ਦਾ ਅਹਿਸਾਸ ਮੈਨੂੰ ਉਦੋਂ ਬੜੀ ਸ਼ਿੱਦਤ ਨਾਲ ਹੋਇਆ ਜਦੋਂ ਸਾਡੇ ਦੋਹਤੇ ਨੇ ਵੱਖਰੇ ਤੌਰ ’ਤੇ ਆਪਣੇ ਪੰਜਾਬੀ ਦੋਸਤਾਂ ਨੂੰ ਘਰ ਬੁਲਾ ਕੇ ਜਨਮ ਦਿਨ ਮਨਾਇਆ। ਇਹ ਮੁੰਡੇ ਸਾਰਾ ਦਿਨ ਹੱਸਦੇ-ਖੇਡਦੇ ਦੇਸੀ ਤੇ ਅੰਗਰੇਜ਼ੀ ਰਲਿਆ-ਮਿਲਿਆ ਭੋਜਨ ਖਾਂਦੇ-ਪੀਂਦੇ ਬਹੁਤ ਖ਼ੁਸ਼ ਸਨ। ਇਨ੍ਹਾਂ ਵਿਚ ਕੋਈ ‘ਜਾਮ ਟਕਰਾਉਣ’ ਵਾਲਾ ਨਹੀਂ ਸੀ। ਇਹ ਸਾਰੇ ਆਪਣੀ ਵੱਖਰੀ ਟੋਲੀ ਵਿਚ ਖ਼ੁਸ਼ ਰਹਿੰਦੇ ਹਨ। ਸਮਾਜਿਕ ਤੌਰ ’ਤੇ ਵਿਦੇਸ਼ੀ ਮੁੰਡਿਆਂ ਨਾਲ ਸਹਿੰਦੀ-ਸਹਿੰਦੀ ਸਾਂਝ ਵੀ ਰੱਖਦੇ ਹਨ। ਇਨ੍ਹਾਂ ਮੁੰਡਿਆਂ ਦਾ ਇਹ ਪਿਛੋਕੜ ਦੀ ਬੁਨਿਆਦ ’ਤੇ ਬਣਿਆ ‘ਪ੍ਰੇਮ ਸੰਗਠਨ’ ਦੇਖ ਕੇ ਮਨ ਨੂੰ ਅਥਾਹ ਖ਼ੁਸ਼ੀ ਹੋਈ। ਤੀਜੀ ਪੁਸ਼ਤ ਵਿਚ ਪਰਦੇਸ ਵਿਚ ਜੰਮੇ-ਪਲੇ ਇਹ ਗਭਰੀਟ ਜਿਹੇ ਮੁੰਡੇ ਮੈਨੂੰ ਪੰਜਾਬ ਦੀ ਮਿੱਟੀ ਦੀ ਮਹਿਕ ਤੇ ਪੌਣਾਂ ਦੀ ਸਰਸਰਾਹਟ ਵਰਗੇ ਪਿਆਰੇ ਲੱਗੇ। ‘ਗੋਰਾ ਕਲਚਰ’ ਵਿਚ ਜੰਮ-ਪਲ ਕੇ ਵੀ ਇਨ੍ਹਾਂ ਨੇ ਆਪਣੇ ਵਿਰਸੇ ਨੂੰ ਨਹੀਂ ਵਿਸਾਰਿਆ। ਇਨ੍ਹਾਂ ਸਾਰੇ ਮੁੰਡਿਆਂ ਨੇ ਪਿਆਰ-ਸਤਿਕਾਰ ਨਾਲ ਝੁਕ ਕੇ ਸਾਡੇ ਪੈਰੀਂ ਹੱਥ ਲਾਏ ਤੇ ਗਲੇ ਮਿਲੇ। ਇਕ-ਦੋ ਮੁੰਡੇ ਤਾਂ ਸ਼ਕਲ-ਸੂਰਤ ਤੋਂ ਮੈਨੂੰ ਵਿਦੇਸ਼ੀ ਮੂਲ ਦੇ ਹੀ ਜਾਪੇ, ਗੋਰੇ-ਚਿੱਟੇ ਤੇ ਉੱਚੇ-ਲੰਮੇ ਪਰ ਉਹ ਵੀ ਪੰਜਾਬੀ ਪੁੱਤ ਹੀ ਸਨ। ਛੁੱਟੀਆਂ ਦੇ ਦਿਨਾਂ ਵਿਚ ਇਹ ਸ਼ਹਿਰੋਂ ਬਾਹਰ ਘੁੰਮਣ ਵੀ ਚਲੇ ਜਾਂਦੇ ਹਨ ਤੇ ਵਿਹਲੇ ਸਮੇਂ ਕਿਸੇ ਦੋਸਤ ਦੇ ਘਰ ਵੀ ਇਕੱਠੇ ਹੋ ਕੇ ਰੋਣਕ ਲਾ ਲੈਂਦੇ ਹਨ।

ਪਰਿਵਾਰਾਂ ਦੀ ਗੂੜ੍ਹੀ ਸਾਂਝ ਕਾਰਨ ਬੱਚੇ ਵੱਡਿਆਂ ਨੂੰ ਆਂਟੀ-ਅੰਕਲ ਦੀ ਥਾਂ ਮਾਮੇ-ਮਾਸੀਆਂ, ਤਾਇਆ-ਚਾਚਾ ਤੇ ਭੂਆ ਵੀ ਸੰਬੋਧਨ ਕਰਦੇ ਹਨ। ਪੰਜਾਬੀਆਂ ਦੇ ਵਿਰਾਸਤੀ ਗੁਣ ਜਾਂ ਔਗੁਣ ਵੀ ਸਾਹਮਣੇ ਆਉਂਦੇ ਹਨ ਜਦੋਂ ਇਹ ਪਰਿਵਾਰ ਆਪਣੇ ਬੱਚਿਆਂ ਦੇ ਵਿਆਹ ਇਕ-ਦੂਜੇ ਨਾਲ ਕਰਦੇ ਹਨ ਤਾਂ ਚੁੰਝ ਚਰਚਾ ਵੀ ਹੁੰਦੀ ਹੈ ਕਿ ਮਾਮੇ ਜਾਂ ਭੂਆ ਦੇ ਮੁੰਡੇ-ਕੁੜੀਆਂ ਦਾ ਵਿਆਹ ਆਪਸ ’ਚ ਨਹੀਂ ਹੋਣਾ ਚਾਹੀਦਾ। ਇਹ ਰਾਮ-ਰੌਲਾ ਸਾਡੇ ਪੰਜਾਬੀ ਸੱਭਿਆਚਾਰ ਕਾਰਨ ਪੈਂਦਾ ਹੈ ਕਿਉਂਕਿ ਇਨ੍ਹਾਂ ਮੁਲਕਾਂ ਵਿਚ ਆ ਕੇ ਵੀ ਪੁਰਾਣੀ ਸੋਚ ਅਸਰਅੰਦਾਜ਼ ਰਹਿੰਦੀ ਹੈ। ਅਸਲ ਵਿਚ ਸਾਡੇ ਸਮਾਜ ਵਿਚ ਖ਼ੂਨ ਦੀਆਂ ਇਨ੍ਹਾਂ ਸਾਂਝਾਂ ਵਾਲੇ ਰਿਸ਼ਤਿਆਂ ਵਿਚ ਬੱਚਿਆਂ ਦੇ ਵਿਆਹ ਨਹੀਂ ਕੀਤੇ ਜਾਂਦੇ ਅਤੇ ਇਹ ਸਾਡੇ ਲੋਕ ਇੱਥੇ ਵੀ ਨਹੀਂ ਕਰਦੇ।

ਸ਼ਲਾਘਾਯੋਗ ਤੇ ਮਾਣਮੱਤਾ ਪੱਖ ਤਾਂ ਇਹ ਹੈ ਕਿ ਸਾਂਝਾਂ ਸਿਰਜਣ ਤੇ ਨਿਭਾਉਣ ਦਾ ਗੁਣ ਤੇ ਦਿਲ-ਜਿਗਰਾ ਇਹ ਛੇ ਮਹੀਨੇ ਦਿਨ ਤੇ ਛੇ ਮਹੀਨੇ ਰਾਤ ਵਾਲਾ ਠੰਢਾ ਮੁਲਕ ਵੀ ਨਹੀਂ ਬਦਲ ਜਾਂ ਮੁਕਾ ਸਕਿਆ। ਇਸ ਜੜ੍ਹਾਂ ਦੀ ਸਾਂਝ ਨੂੰ ਨਾ ਬਰਫਾਨੀ ਹਵਾਵਾਂ ਹਿਲਾ ਸਕੀਆਂ ਤੇ ਨਾ ਜਮਾ ਜਾਂ ਮੁਕਾ ਸਕੀਆਂ ਹਨ। ਪਰਦੇਸ ਵਿਚ ਬੈਠਿਆਂ ਮੁੜ-ਮੁੜ ਇਹ ਖ਼ਿਆਲ ਆਉਂਦਾ ਹੈ ਕਿ ਸਾਡੇ ਮੁਲਕ ਵਿਚ ਨਾ ਐਨੀ ਬਰਫ ਹੈ, ਨਾ ਬਰਫਾਨੀ ਹਵਾਵਾਂ ਤੇ ਨਾ ਛੇ-ਛੇ ਮਹੀਨੇ ਹਨ੍ਹੇਰਾ-ਚਾਨਣਾ। ਫਿਰ ਵੀ ਸਾਡੀਆਂ ਆਪਸੀ ਸਾਂਝਾਂ ਕਿਉਂ ਯਖ ਹੋ ਕੇ ਰਹਿ ਗਈਆਂ ਹਨ? ਕਿਉਂ ਮੁੱਕਦੀਆਂ-ਸੁੱਕਦੀਆਂ ਜਾ ਰਹੀਆਂ ਹਨ?

 

ਪਰਮਜੀਤ ਕੌਰ ਸਰਹਿੰਦ