ਤਰਨਤਾਰਨ ਧਮਾਕੇ ਦੀ ਜਾਂਚ ਐਨਆਈਏ ਨੂੰ ਦਿੱਤੀ; ਪੁਲਿਸ ਵੱਲੋਂ ਸਿੱਖ ਵਿਰੋਧੀ ਡੇਰੇ, ਸ਼ਿਵ ਸੈਨਾ ਤੇ ਸਿਆਸੀ ਆਗੂ ਨਿਸ਼ਾਨੇ 'ਤੇ ਹੋਣ ਦਾ ਦਾਅਵਾ

ਤਰਨਤਾਰਨ ਧਮਾਕੇ ਦੀ ਜਾਂਚ ਐਨਆਈਏ ਨੂੰ ਦਿੱਤੀ; ਪੁਲਿਸ ਵੱਲੋਂ ਸਿੱਖ ਵਿਰੋਧੀ ਡੇਰੇ, ਸ਼ਿਵ ਸੈਨਾ ਤੇ ਸਿਆਸੀ ਆਗੂ ਨਿਸ਼ਾਨੇ 'ਤੇ ਹੋਣ ਦਾ ਦਾਅਵਾ
ਪੁਲਿਸ ਹਿਰਾਸਤ ਵਿੱਚ ਗ੍ਰਿਫਤਾਰ ਕੀਤੇ ਨੌਜਵਾਨ

ਤਰਨਤਾਰਨ: ਬੀਤੀ 4 ਸਤੰਬਰ ਨੂੰ ਤਰਨ ਤਾਰਨ ਦੇ ਨਜ਼ਦੀਕੀ ਪਿੰਡ ਪੰਡੋਰੀ ਗੋਲਾ ਵਿਖੇ ਹੋਏ ਧਮਾਕੇ ਦੇ ਮਾਮਲੇ 'ਚ ਪੁਲਿਸ ਨੇ ਸੱਤ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਹੁਣ ਪੰਜਾਬ ਸਰਕਾਰ ਦੀ ਸਿਫਾਰਸ਼ 'ਤੇ ਭਾਰਤ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਆਪਣੀ ਕੇਂਦਰੀ ਜਾਂਚ ਅਜੈਂਸੀ (ਐਨਆਈਏ) ਨੂੰ ਦੇ ਦਿੱਤੀ ਹੈ। ਇਸ ਧਮਾਕੇ ਦੌਰਾਨ ਜ਼ਖਮੀ ਹੋਏ ਨੌਜਵਾਨ ਗੁਰਜੰਟ ਸਿੰਘ ਜੰਟਾ ਨੂੰ ਵੀ ਪੁਲਿਸ ਨੇ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ। 

ਦੋ ਨੌਜਵਾਨਾਂ ਦੀ ਮੌਕੇ 'ਤੇ ਹੋਈ ਸੀ ਮੌਤ
4 ਸਤੰਬਰ ਨੂੰ ਹੋਏ ਇਸ ਧਮਾਕੇ ਵਿੱਚ ਹਰਪ੍ਰੀਤ ਸਿੰਘ ਹੈਪੀ ਅਤੇ ਬਿਕਰਮਜੀਤ ਸਿੰਘ ਵਿੱਕੀ ਦੀ ਮੌਕੇ 'ਤੇ ਮੌਤ ਹੋ ਗਈ ਸੀ। ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਟੀਮ ਨੇ ਚੰਨਪ੍ਰੀਤ ਸਿੰਘ ਬਟਾਲਾ, ਮਨਪ੍ਰੀਤ ਸਿੰਘ ਮੁਰਾਦਪੁਰਾ, ਹਰਜੀਤ ਸਿੰਘ ਵਾਸੀ ਪੰਡੋਰੀ ਗੋਲਾ, ਮਲਕੀਤ ਸਿੰਘ ਵਾਸੀ ਕੋਟਲਾ ਗੁੱਜਰ, ਅਮਰਜੀਤ ਸਿੰਘ ਵਾਸੀ ਫਤਹਿਗੜ੍ਹ ਚੂੜੀਆਂ, ਮਨਦੀਪ ਸਿੰਘ ਮੱਸਾ ਅਤੇ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। 

ਪੁਲਿਸ ਨੇ ਇਹਨਾਂ ਨੌਜਵਾਨਾਂ ਦੇ ਸਬੰਧ ਵਿਦੇਸ਼ਾਂ ਵਿੱਚ ਹੋਣ ਦਾ ਦਾਅਵਾ ਕੀਤਾ
ਪੁਲਿਸ ਨੇ ਗ੍ਰਿਫਤਾਰ ਕੀਤੇ ਗਏ ਇਹਨਾਂ ਨੌਜਵਾਨਾਂ ਦੇ ਸਬੰਧ ਪਾਕਿਸਤਾਨ ਅਤੇ ਹੋਰ ਦੇਸ਼ਾਂ ਵਿੱਚ ਸਿੱਖ ਖਾੜਕੂਆਂ ਨਾਲ ਹੋਣ ਦਾ ਦਾਅਵਾ ਕੀਤਾ ਹੈ। ਪੁਲਿਸ ਦੀ ਕਹਾਣੀ ਮੁਤਾਬਿਕ ਇਸ ਧਮਾਕੇ ਵਿੱਚ ਮਾਰੇ ਗਏ ਨੌਜਵਾਨ ਪੰਡੋਰੀ ਗੋਲਾ ਨੇੜੇ ਖਾਲੀ ਜਗ੍ਹਾ ਵਿੱਚ ਦੱਬੇ ਵਿਸਫੋਟਕ ਨੂੰ ਲੈਣ ਲਈ ਆਏ ਸਨ ਅਤੇ ਇਸ ਵਿਸਫੋਟਕ ਨਾਲ ਉਹ ਕੋਈ ਧਮਾਕਾ ਕਰਨਾ ਚਾਹੁੰਦੇ ਸਨ। 

ਪੁਲਿਸ ਦਾ ਦਾਅਵਾ ਹੈ ਕਿ ਗ੍ਰਿਫਤਾਰ ਕੀਤੇ ਗਏ ਚੰਨਪ੍ਰੀਤ ਸਿੰਘ ਦੇ ਸਬੰਧ ਪਾਕਿਸਤਾਨ 'ਚ ਬੈਠੇ ਇੱਕ ਵਿਅਕਤੀ ਨਾਲ ਸਨ ਜਿਸ ਨਾਲ ਚੰਨਪ੍ਰੀਤ ਦਾ ਸਬੰਧ ਫੇਸਬੁੱਕ ਰਾਹੀਂ ਬਣਿਆ ਸੀ ਜੋ ਚੰਨਪ੍ਰੀਤ ਨੂੰ ਵਟਸਐਪ 'ਤੇ ਖਾਲਿਸਤਾਨ ਸਬੰਧੀ ਸੁਨੇਹੇ ਭੇਜਦਾ ਸੀ। 

ਪੁਲਿਸ ਨੇ ਚੰਨਪ੍ਰੀਤ ਦੇ ਫੋਨ ਦੀ ਸੰਪਰਕ ਸੂਚੀ ਵਿੱਚੋਂ ਕਈ ਪਾਕਿਸਤਾਨੀ ਨੰਬਰ ਮਿਲਣ ਦਾ ਵੀ ਦਾਅਵਾ ਕੀਤਾ ਹੈ। 

ਡੇਰੇ, ਸ਼ਿਵ ਸੈਨਾ ਤੇ ਸਿਆਸੀ ਆਗੂ ਸੀ ਨਿਸ਼ਾਨੇ 'ਤੇ
ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਨੌਜਵਾਨਾਂ ਦੇ ਨਿਸ਼ਾਨੇ 'ਤੇ ਤਰਨਤਾਰਨ ਦਾ ਇੱਕ ਡੇਰਾ ਸੀ ਜਿਸ ਨੂੰ ਵਿਸਫੋਟਕ ਨਾਲ ਧਮਾਕਾ ਕਰਕੇ ਨਿਸ਼ਾਨਾ ਬਣਾਉਣ ਦੀ ਤਿਆਰੀ ਸੀ। ਇਸ ਤੋਂ ਇਲਾਵਾ ਪੁਲਿਸ ਦੀ ਕਹਾਣੀ ਮੁਤਾਬਿਕ ਫੜੇ ਗਏ ਨੌਜਵਾਨਾਂ ਦੇ ਨਿਸ਼ਾਨੇ 'ਤੇ ਪੰਜਾਬ ਦੇ ਸਿੱਖੀ ਵਿਰੋਧੀ ਡੇਰੇ ਅਤੇ ਸ਼ਿਵ ਸੈਨਾ ਦੇ ਆਗੂ ਵੀ ਸਨ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਬਿਕਰਮਜੀਤ ਸਿੰਘ ਵਿੱਕੀ ਅਤੇ ਗੁਰਜੰਟ ਸਿੰਘ ਜੰਟਾ ਨੇ 25 ਮਈ, 2016 ਨੂੰ ਰਈਆ-ਬਿਆਸ ਲਿੰਕ ਸੜਕ 'ਤੇ ਵੀ ਇੱਕ ਛੋਟੇ ਬੰਬ ਧਮਾਕੇ ਦੀ ਵਰਤੋਂ ਕੀਤੀ ਸੀ। ਇਸ ਤੋਂ ਇਲਾਵਾ ਰਣਜੀਤ ਸਿੰਘ 'ਤੇ ਅੰਮ੍ਰਿਤਸਰ ਵਿਖੇ ਸ਼ਰਾਬ ਦੇ ਠੇਕੇ 'ਤੇ ਹਮਲਾ ਕਰਨ ਦਾ ਦੋਸ਼ ਲਾਇਆ ਗਿਆ ਹੈ। ਵਿੱਕੀ ਤੇ ਜੰਟਾ 'ਤੇ 2016 ਵਿੱਚ ਤਰਨਤਾਰਨ ਵਿਖੇ ਮਿਸ਼ਨਰੀਆਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਾਇਆ ਗਿਆ ਹੈ।