ਨਸ਼ੇੜੀ ਪੁੱਤ ਨੇ ਮਾਂ ਦੇ ਸਿਰ ਕਹੀ ਮਾਰ ਕੇ ਕਤਲ ਕੀਤਾ

ਨਸ਼ੇੜੀ ਪੁੱਤ ਨੇ ਮਾਂ ਦੇ ਸਿਰ ਕਹੀ ਮਾਰ ਕੇ ਕਤਲ ਕੀਤਾ

ਨਿਹਾਲ ਸਿੰਘ ਵਾਲਾ: ਇੱਥੇ ਪਿੰਡ ਹਿੰਮਤਪੁਰਾ ਦੇ ਇੱਕ ਨੌਜਵਾਨ ਨੇ ਨਸ਼ੇ ਦੀ ਲੱਤ ਵਿੱਚ ਆਪਣੀ ਮਾਂ ਦੀ ਕਹੀ ਮਾਰ ਕੇ ਕਤਲ ਕਰ ਦਿੱਤਾ। ਪ੍ਰਾਪਤ ਜਾਣਕਾਰੀ ਮੁਤਾਬਿਕ 22 ਸਾਲਾ ਸਤਵਿੰਦਰ ਸਿੰਘ ਪੁੱਤਰ ਭੋਲਾ ਸਿੰਘ ਨੇ ਆਪਣੀ ਮਾਂ ਕਰਮਜੀਤ ਕੌਰ (50) ਦੇ ਕਥਿਤ ਤੌਰ 'ਤੇ ਸਿਰ ਵਿੱਚ ਕਹੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਸਤਵਿੰਦਰ ਦੇ ਪਿਤਾ ਭੋਲਾ ਸਿੰਘ ਦੀ ਕਾਫੀ ਸਮਾਂ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
 
ਸਤਵਿੰਦਰ ਨੂੰ ਮਾਂ ਨੇ ਜ਼ਮੀਨ ਵੇਚ ਕੇ ਬਾਹਰ ਭੇਜਿਆ ਸੀ

ਖੇਤੀਬਾੜੀ ਕਰਦੇ ਇਸ ਪਰਿਵਾਰ ਨੇ ਪਹਿਲਾਂ ਸਤਵਿੰਦਰ ਨੂੰ ਨਸ਼ਿਆਂ ਦੇ ਚਿੱਕੜ ਵਿੱਚੋਂ ਬਾਹਰ ਕੱਢਣ ਲਈ ਆਪਣੀ 5 ਕਨਾਲਾਂ ਜ਼ਮੀਨ ਵੇਚ ਕੇ 2015 ਵਿੱਚ ਵਿਦੇਸ਼ ਸਪੇਨ ਭੇਜਿਆ ਸੀ ਪਰ ਉਹ ਉੱਥੇ ਵੀ ਨਾ ਟਿਕਿਆ ਤੇ ਸਾਰੇ ਪੈਸੇ ਖਰਾਬ ਕਰਕੇ ਇੱਕ ਮਹੀਨਾ ਪਹਿਲਾਂ ਵਾਪਸ ਪਰਤ ਆਇਆ ਸੀ। 

ਨਸ਼ੇ ਲਈ ਮਾਂ ਤੋਂ ਮੰਗ ਰਿਹਾ ਸੀ ਪੈਸੇ
ਸਤਵਿੰਦਰ ਅੱਜ ਆਪਣੀ ਮਾਂ ਤੋਂ ਨਸ਼ਾ ਕਰਨ ਲਈ ਪੈਸੇ ਮੰਗ ਰਿਹਾ ਸੀ ਜਿਸ ਤੋਂ ਮਾਂ ਦੇ ਇਨਕਾਰ ਕਰਨ 'ਤੇ ਉਸਨੇ ਮਾਂ ਦੇ ਕਹੀ ਮਾਰ ਕੇ ਉਸਦਾ ਕਤਲ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ। 

ਪਿਓ ਭੋਲਾ ਸਿੰਘ ਨੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕੀਤੀ ਸੀ
ਸਤਵਿੰਦਰ ਦੇ ਪਿਤਾ ਭੋਲਾ ਸਿੰਘ ਨੇ 20 ਸਾਲ ਪਹਿਲਾਂ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਸੀ। ਸਤਵਿੰਦਰ ਖਿਲਾਫ ਪਹਿਲਾਂ ਵੀ ਕੁੱਝ ਪੁਲਿਸ ਮਾਮਲੇ ਦਰਜ ਦੱਸੇ ਜਾ ਰਹੇ ਹਨ। ਪੁਲਿਸ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਮ੍ਰਿਤਕ ਦੇਹ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਸਤਵਿੰਦਰ ਦੇ ਵੱਡੇ ਭਰਾ ਦੇ ਬਿਆਨਾਂ 'ਤੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।