ਹਿੰਦੁਸਤਾਨੀ ਫੌਜ ਵਿੱਚ ਸਿੱਖ ਸੈਨਿਕਾਂ ਲਈ ਹੈਲਮੇਟ ਯੋਜਨਾ 'ਤੇ ਦਿੱਲੀ ਅਕਾਲੀ ਮੁਖੀ ਸਰਨਾ ਨੇ ਜਤਾਇਆ ਇਤਰਾਜ਼
ਦੂਜੇ ਵਿਸ਼ਵ ਯੁੱਧ ਵਿੱਚ ਵੀ ਅੰਗਰੇਜ਼ਾਂ ਨੇ ਸਿੱਖ ਸੈਨਿਕਾਂ ਲਈ ਹੈਲਮਟ ਪਾਉਣ ਦੀ ਕੀਤੀ ਸੀ ਨਾਕਾਮਯਾਬ ਕੋਸ਼ਿਸ਼
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 12 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਜਦੋਂ ਦੁਨੀਆ ਭਰ ਦੇ ਸਿੱਖਾਂ ਨੇ ਹੈਲਮੇਟ ਦੀ ਲੋੜ ਵਾਲੀਆਂ ਨੌਕਰੀਆਂ ਵਿੱਚ ਆਪਣੀਆਂ ਮਾਣਮੱਤੀਆਂ ਦਸਤਾਰਾਂ ਨਾਲ ਕੰਮ ਕਰਨ ਦਾ ਅਧਿਕਾਰ ਸਫਲਤਾਪੂਰਵਕ ਪ੍ਰਾਪਤ ਕਰ ਲਿਆ ਹੈ, ਤਾਂ ਭਾਜਪਾ ਸਰਕਾਰ ਨੇ ਦੇਸ਼ ਵਿੱਚ ਸਿੱਖ ਸੈਨਿਕਾਂ ਲਈ ਅਖੌਤੀ ਵਿਸ਼ੇਸ਼ ਹੈਲਮੇਟ ਲਿਆਉਣ ਦੀ ਯੋਜਨਾ ਸ਼ੁਰੂ ਕੀਤੀ ਹੈ। ਇਹ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ।
ਜਿਕਰਯੋਗ ਹੈ ਕਿ ਬੀਤੇ ਦਿਨਾਂ ਵਿਚ ਹਿੰਦੁਸਤਾਨੀ ਫੌਜ ਨੇ ਕਥਿਤ ਤੌਰ 'ਤੇ ਇਕ ਫਾਸਟ-ਟ੍ਰੈਕ ਪ੍ਰਕਿਰਿਆ ਰਾਹੀਂ ਸਿੱਖ ਫੌਜਾਂ ਲਈ ਲਗਭਗ 13,000 ਹੈਲਮੇਟਾਂ ਦੀ ਐਮਰਜੈਂਸੀ ਖਰੀਦ ਲਈ ਪ੍ਰਸਤਾਵ ਲਈ ਬੇਨਤੀ ਜਾਰੀ ਕੀਤੀ ਹੈ।ਸਰਦਾਰ ਸਰਨਾ ਨੇ ਕਿਹਾ ਕਿ ਵਿਸ਼ਵ ਯੁੱਧ ਤੋਂ ਲੈ ਕੇ 1962 ਵਿਚ ਚੀਨ ਨਾਲ ਜੰਗ, 1965 ਅਤੇ 1971 ਵਿਚ ਪਾਕਿਸਤਾਨ ਨਾਲ ਕਾਰਗਿਲ ਲੜਾਈ ਤੱਕ, ਸਿੱਖ ਫੌਜੀਆਂ ਨੇ ਆਪਣੀਆਂ ਪੱਗਾਂ ਬੰਨ੍ਹ ਕੇ ਬਹਾਦਰੀ ਨਾਲ ਫਰੰਟ ਲਾਈਨ 'ਤੇ ਲੜੇ ਸਨ । ਹੁਣ ਉਨ੍ਹਾਂ ਨੂੰ ਹੈਲਮੇਟ ਪਵਾਉਣ ਦਾ ਕੀ ਮਕਸਦ ਹੈ?”
ਇਸ ਮਸਲੇ ਤੇ ਉਨ੍ਹਾਂ ਭਾਜਪਾ ਸਰਕਾਰ ਨੂੰ ਯਾਦ ਦਿਵਾਇਆ ਕਿ ਦੂਜੇ ਵਿਸ਼ਵ ਯੁੱਧ ਵਿੱਚ ਵੀ ਅੰਗਰੇਜ਼ਾਂ ਨੇ ਸਿੱਖ ਸੈਨਿਕਾਂ ਲਈ ਹੈਲਮਟ ਪਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਅਜਿਹਾ ਨਹੀਂ ਹੋ ਸਕਿਆ ਕਿਉਂਕਿ ਇਸ ਕਦਮ ਨੂੰ ਸਿੱਖ ਫੌਜੀਆਂ ਨੇ ਰੱਦ ਕਰ ਦਿੱਤਾ ਸੀ। ਉਨ੍ਹਾਂ ਸਰਕਾਰ ਨੂੰ ਕਿਹਾ ਕਿ ਉਹ ਹਿੰਦੁਸਤਾਨੀ ਫੌਜ ਦੇ ਸਿੱਖ ਜਵਾਨਾਂ ਲਈ ਹੈਲਮੇਟ ਦੀ ਯੋਜਨਾ ਤੁਰੰਤ ਪ੍ਰਭਾਵ ਤੋਂ ਰੱਦ ਕਰੇ।
Comments (0)