ਪੰਜਾਬ ਸਰਕਾਰ ਨੇ ਨਿਜੀ ਹਸਪਤਾਲਾਂ ਵਿਚ ਕੋਰੋਨਾ ਦੇ ਇਲਾਜ ਲਈ ਖਰਚਾ ਤੈਅ ਕੀਤਾ

ਪੰਜਾਬ ਸਰਕਾਰ ਨੇ ਨਿਜੀ ਹਸਪਤਾਲਾਂ ਵਿਚ ਕੋਰੋਨਾ ਦੇ ਇਲਾਜ ਲਈ ਖਰਚਾ ਤੈਅ ਕੀਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ
ਕੋਰੋਨਾ ਮਹਾਮਾਰੀ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਆਮ ਲੋਕਾਂ ਨੂੰ ਹਸਪਤਾਲਾਂ ਦੀ ਲੁੱਟ ਤੋਂ ਬਚਾਉਣ ਲਈ ਕਾਗਜ਼ੀ ਪ੍ਰਬੰਧ ਕੀਤਾ ਹੈ। ਇਸ ਅਧੀਨ ਸੂਬੇ ਦੀ ਨਿਜੀ ਹਸਪਤਾਲਾਂ ਵਿਚ ਇਲਾਜ ਦੀਆਂ ਦਰਾਂ ਤੈਅ ਕੀਤੀਆਂ ਗਈਆਂ ਹਨ। 

ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਡਾ. ਕੇਕੇ ਤਲਵਾੜ ਕਮੇਟੀ ਨੇ ਇਹ ਦਰਾਂ ਤੈਅ ਕੀਤੀਆਂ ਹਨ ਜਿਨ੍ਹਾਂ ਵਿੱਚ ਬੈੱਡ, ਆਈਸੀਯੂ ਇਲਾਜ ਅਤੇ ਹਸਪਤਾਲ ਵਿੱਚ ਭਰਤੀ ਹੋਣ ਦਾ ਰੇਟ ਵੀ ਸ਼ਾਮਲ ਹੈ। ਮਾਮੂਲੀ ਤੌਰ ’ਤੇ ਬਿਮਾਰ ਹੋਣ ’ਤੇ ਜਿਸ ਵਿੱਚ ਆਕਸੀਜ਼ਨ ਅਤੇ ਹੋਰ ਦੇਖਭਾਲ ਤੇ ਆਈਸੋਲੇਸ਼ਨ ਬੈੱਡ ਦੀ ਲੋੜ ਹੋਵੇਗੀ, ਲਈ ਰੋਜ਼ਾਨਾ 10 ਹਜ਼ਾਰ ਰੁਪਏ ਦੀ ਦਰ ਤੈਅ ਕੀਤੀ ਗਈ ਹੈ। ਇਹ ਦਰ ਸਭਨਾਂ ਨਿਜੀ ਮੈਡੀਕਲ ਕਾਲਜਾਂ ਅਤੇ ਐੱਨਏਬੀਐੱਚ ਮਾਨਤਾ ਪ੍ਰਾਪਤ ਹਸਪਤਾਲਾਂ ਲਈ ਤੈਅ ਕੀਤੀ ਗਈ ਹੈ। ਐਨਏਬੀਐਚ ਮਾਨਤਾ ਪ੍ਰਾਪਤ ਹਸਪਤਾਲਾਂ ਲਈ 9000 ਰੁਪਏ ਅਤੇ ਗੈਰ ਐਨਏਬੀਐਚ ਮਾਨਤਾ ਪ੍ਰਾਪਤ ਹਸਪਤਾਲਾਂ ਲਈ 8000 ਰੁਪਏ ਦੀ ਦਰ ਤੈਅ ਕੀਤੀ ਗਈ ਹੈ। ਇਨ੍ਹਾਂ ਹਸਪਤਾਲਾਂ ਵਿੱਚ ਗੰਭੀਰ ਹਾਲਤ (ਆਈਸੀਯੂ ਬਿਨਾਂ) ਲਈ ਕ੍ਰਮਵਾਰ, 15 ਹਜ਼ਾਰ, 14 ਹਜ਼ਾਰ ਅਤੇ 13 ਹਜ਼ਾਰ ਰੁਪਏ ਵਸੂਲੇ ਜਾ ਸਕਣਗੇ ਜਦੋਂ ਕਿ ਅਤਿ ਗੰਭੀਰ ਹਾਲਤ ਦੌਰਾਨ ਇਹ ਦਰ ਕ੍ਰਮਵਾਰ 18 ਹਜ਼ਾਰ, 16500 ਅਤੇ 15 ਹਜ਼ਾਰ ਰੁਪਏ ਹੋਵੇਗੀ, ਜਿਸ ਵਿੱਚ ਪੀਪੀਈ ਕਿੱਟ ਦੀ ਕੀਮਤ ਵੀ ਸ਼ਾਮਲ ਹੈ। 

ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਨਿਜੀ ਹਸਪਤਾਲਾਂ ਨੂੰ ਮਾਮੂਲੀ ਬਿਮਾਰੀ ਦੇ ਇਲਾਜ ਲਈ ਉਤਸ਼ਾਹਿਤ ਕਰਨ ਲਈ ਤਲਵਾਰ ਸਮਿਤੀ ਨੇ ਅਜਿਹੇ ਮਰੀਜ਼ਾਂ ਦੀ ਪ੍ਰਤੀ ਦਿਨ ਐਡਮਿਸ਼ਨ ਫੀਸ 6500, 5500 ਅਤੇ 4500 ਰੁਪਏ ਤੈਅ ਕੀਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਮੀਟਿੰਗ ਬਾਅਦ ਇਹ ਫੈਸਲਾ ਕੀਤਾ ਗਿਆ ਹੈ।