ਸੁਖਬੀਰ ਸਿੰਘ ਬਾਦਲ ਨੇ ਡੇਰਾ ਸਿਰਸਾ ਪ੍ਰੇਮੀ ਔਰਤ ਵੀਰਪਾਲ ਖਿਲਾਫ ਚੰਡੀਗੜ੍ਹ ਪੁਲਸ ਕੋਲ ਸ਼ਿਕਾਇਤ ਕੀਤੀ

ਸੁਖਬੀਰ ਸਿੰਘ ਬਾਦਲ ਨੇ ਡੇਰਾ ਸਿਰਸਾ ਪ੍ਰੇਮੀ ਔਰਤ ਵੀਰਪਾਲ ਖਿਲਾਫ ਚੰਡੀਗੜ੍ਹ ਪੁਲਸ ਕੋਲ ਸ਼ਿਕਾਇਤ ਕੀਤੀ

ਅੰਮ੍ਰਿਤਸਰ ਟਾਈਮਜ਼ ਬਿਊਰੋ
ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਡੇਰਾ ਸਿਰਸਾ ਨੂੰ ਵਿਵਾਦਤ ਪੋਸ਼ਾਕ ਦੇਣ ਦੇ ਦੋਸ਼ ਲਾਉਣ ਨਾਲ ਚਰਚਾ ਵਿਚ ਆਈ ਡੇਰਾ ਸਿਰਸਾ ਪ੍ਰੇਮੀ ਔਰਤ ਵੀਰਪਾਲ ਕੌਰ 'ਤੇ ਸਿੱਖ ਗੁਰੂ ਸਾਹਿਬਾਨ ਦੀ ਬੇਅਦਬੀ ਕਰ ਕੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕੇਸ ਦਰਜ ਕੀਤੇ ਜਾਣ ਦੀ ਮੰਗ ਕਰਦਿਆਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਬਾਦਲ ਦਲ ਦੇ ਇਕ ਵਫਦ ਨੇ ਚੰਡੀਗੜ੍ਹ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ।

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਗਏ ਵਫਦ ਵਿਚ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਚਰਨਜੀਤ ਸਿੰਘ ਬਰਾੜ ਤੇ ਸਰਬਜੋਤ ਸਿੰਘ ਸਾਬੀ ਸ਼ਾਮਲ ਸਨ। 

ਵਫਦ ਨੇ ਮੰਗ ਕੀਤੀ ਕਿ ਵੀਰਪਾਲ ਕੌਰ ਖਿਲਾਫ ਧਾਰਾ 153, 153-ਏ, 153-ਬੀ, 295-ਏ ਅਤੇ 298-ਬੀ ਆਈਪੀਸੀ ਤਹਿਤ ਕੇਸ ਦਰਜ ਕੀਤਾ ਜਾਵੇ। 

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਖ ਭਾਵਨਾਵਾਂ ਨੂੰ ਬੇਹੱਦ ਨਿੰਦਾਜਨਕ ਤਰੀਕੇ ਨਾਲ ਠੇਸ ਪਹੁੰਚਾਉਣ ਦੇ ਆਧਾਰ 'ਤੇ, ਡੇਰਾ ਸਿਰਸਾ ਦੀ ਸ਼ਰਧਾਲੂ ਵੀਰਪਾਲ ਕੌਰ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰਨ ਦੀ ਮੰਗ ਕਰਦਿਆਂ, ਪਾਰਟੀ ਆਗੂਆਂ ਨੂੰ ਨਾਲ ਲੈ ਕੇ ਚੰਡੀਗੜ੍ਹ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਸੁਖਬੀਰ ਸਿੰਘ ਬਾਦਲ ਨੇ ਕਿਹਾ, "ਮੇਰੇ ਉੱਤੇ ਲਾਏ ਝੂਠੇ ਦੋਸ਼ਾਂ ਬਾਰੇ ਮੁਆਫ਼ੀ ਮੰਗਦੇ ਹੋਏ ਲਿਖੇ ਇੱਕ ਪੱਤਰ ਵਿੱਚ, ਤੁਲਨਾ ਕਰਦੇ ਹੋਏ ਉਸ ਨੇ ਗੁਰਮੀਤ ਰਾਮ ਰਹੀਮ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਰਾਬਰ ਕਰਾਰ ਦਿੱਤਾ। ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮੰਤਵ ਨਾਲ ਇਹ ਭਾਵਨਾਤਮਕ ਟਿੱਪਣੀਆਂ ਵਿਆਪਕ ਤੌਰ 'ਤੇ ਫ਼ੈਲਾਈਆਂ ਗਈਆਂ, ਕਿਉਂਕਿ ਡੇਰਾ ਆਗੂ ਬਲਾਤਕਾਰ ਦਾ ਦੋਸ਼ੀ ਹੈ, ਤੇ ਉਸੇ ਦੀ ਸਜ਼ਾ ਭੁਗਤ ਰਿਹਾ ਹੈ। ਵੀਰਪਾਲ ਦੇ ਝੂਠੇ ਬਿਆਨਾਂ ਦੀ ਜਾਂਚ ਕਰਨ ਦੀ ਲੋੜ ਹੈ ਤਾਂ ਕਿ ਪਤਾ ਲੱਗੇ ਕਿ ਇਨ੍ਹਾਂ ਬਿਆਨਾਂ ਦੇ ਨਿਰਦੇਸ਼ ਦੇਣ ਵਾਲੇ ਉਸ ਦੇ ਸਰਪ੍ਰਸਤ ਕੌਣ ਹਨ, ਜਿਹੜੇ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਦੇ ਇਰਾਦੇ ਨਾਲ ਅਜਿਹੀਆਂ ਕੋਝੀਆਂ ਹਰਕਤਾਂ ਕਰ ਰਹੇ ਹਨ।"