ਤੀਰ-ਅੰਦਾਜ਼ ਪ੍ਰਨੀਤ ਕੌਰ ਨੇ ਵਿਸ਼ਵ ਚੈਂਪੀਅਨਸ਼ਿਪ ਤੇ ਵਿਸ਼ਵ ਕੱਪ ਵਿਚ ਜਿਤਿਆ ਗੋਲਡ ਮੈਡਲ

ਤੀਰ-ਅੰਦਾਜ਼ ਪ੍ਰਨੀਤ ਕੌਰ ਨੇ ਵਿਸ਼ਵ ਚੈਂਪੀਅਨਸ਼ਿਪ ਤੇ ਵਿਸ਼ਵ ਕੱਪ ਵਿਚ ਜਿਤਿਆ ਗੋਲਡ ਮੈਡਲ

ਰੋਇੰਗ ਖਿਡਾਰੀ ਸਵਰਨ ਸਿੰਘ ਵਿਰਕ ਤੇ ਸੁਖਮੀਤ ਸਿੰਘ, ਕਬੱਡੀ ਖਿਡਾਰੀ ਮਨਪ੍ਰੀਤ ਕੌਰ, ਵਾਲੀਬਾਲ ਖਿਡਾਰੀ ਜੋਸ਼ਨੂਰ ਸਿੰਘ ਢੀਂਡਸਾ, ਅਥਲੀਟ ਮੰਜੂ ਰਾਣੀ, ਪਹਿਲਵਾਨ ਸਾਹਿਲ ਤੇ ਤੀਰਅੰਦਾਜ਼ ਪ੍ਰਨੀਤ ਕੌਰ ਖੇਡ ਮੈਦਾਨਾਂ ਵਿਚ ਮਾਨਸਾ ਦਾ ਨਾਮ ਰੋਸ਼ਨ ਕਰ ਰਹੇ ਹਨ।

18 ਵਰ੍ਹਿਆਂ ਦੀ ਪ੍ਰਨੀਤ ਨੇ ਆਪਣੇ ਛੋਟੇ ਜਿਹੇ ਕਰੀਅਰ ਵਿੱਚ ਵਿਸ਼ਵ ਚੈਂਪੀਅਨਸ਼ਿਪ ਤੇ ਵਿਸ਼ਵ ਕੱਪ ਵਿੱਚ ਸੋਨੇ ਦਾ ਤਗ਼ਮਾ ਜਿੱਤ ਲਿਆ ਹੈ। ਪ੍ਰਨੀਤ ਹੁਣ ਤੱਕ ਕੌਮਾਂਤਰੀ ਪੱਧਰ ਉਤੇ 9 ਸੋਨੇ, ਤਿੰਨ ਚਾਂਦੀ ਤੇ ਚਾਰ ਕਾਂਸੀ ਦੇ ਤਗ਼ਮੇ ਸਣੇ ਕੁੱਲ 16 ਤਗ਼ਮੇ ਜਿੱਤ ਚੁੱਕੀ ਹੈ। ਕੌਮੀ ਪੱਧਰ ਉਤੇ ਉਸ ਨੇ 13 ਤਗ਼ਮੇ ਜਿੱਤੇ ਹਨ ਜਿਨ੍ਹਾਂ ਵਿਚ ਤਿੰਨ ਸੋਨੇ, ਛੇ ਚਾਂਦੀ ਤੇ ਚਾਰ ਕਾਂਸੀ ਦੇ ਤਗ਼ਮੇ ਦੇ ਸ਼ਾਮਿਲ ਹਨ। ਪ੍ਰਨੀਤ ਕੌਰ ਦਾ ਜਨਮ ਅਧਿਆਪਕ ਪਰਿਵਾਰ ਵਿਚ ਅਵਤਾਰ ਸਿੰਘ ਖੱਟੜਾ ਤੇ ਜਗਮੀਤ ਕੌਰ ਦੇ ਘਰ 11 ਅਪਰੈਲ 2005 ਨੂੰ ਹੋੲਇਆ। 10 ਵਰ੍ਹਿਆਂ ਦੀ ਉਮਰੇ ਉਸ ਦਾ ਰੁਝਾਨ ਤੀਰ-ਅੰਦਾਜ਼ੀ ਖੇਡ ਵੱਲ ਹੋ ਗਿਆ।

ਇਸ ਖੇਡ ਵਿਚ ਪੰਜਾਬੀ ਯੂਨੀਵਰਿਸਟੀ ਪਟਿਆਲਾ ਦੀ ਤੀਰ-ਅੰਦਾਜ਼ ਗਗਨਦੀਪ ਕੌਰ ਨੇ 2010 ਦੀਆਂ ਦਿੱਲੀ ਰਾਸ਼ਟਰ ਮੰਡਲ ਖੇਡਾਂ ਵਿਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਗਗਨਦੀਪ ਕੌਰ ਦੇ ਪਤੀ ਸੁਰਿਦਰ ਸਿੰਘ ਜਿੱਥੇ ਪ੍ਰਨੀਤ ਦੇ ਕੋਚ ਹਨ ਉਥੇ ਪ੍ਰਨੀਤ ਆਪਣਾ ਆਦਰਸ਼ ਗਗਨਦੀਪ ਕੌਰ ਨੂੰ ਮੰਨਦੀ ਹੈ। ਤੀਰ-ਅੰਦਾਜ਼ੀ ਵਿੱਚ ਰਿਕਰਵ ਈਵੈਂਟ ਮਕਬੂਲ ਹੈ ਜੋ ਓਲੰਪਿਕ ਖੇਡਾਂ ਦਾ ਵੀ ਹਿੱਸਾ ਹੈ ਪਰ ਗਗਨਦੀਪ ਕੌਰ ਨੂੰ ਦੇਖ ਕੇ ਪ੍ਰਨੀਤ ਨੇ ਕੰਪਾਊਂਡ ਈਵੈਂਟ ਨੂੰ ਅਪਣਾਇਆ। ਪੰਜਾਬੀ ਯੂਨੀਵਰਿਸਟੀ ਪਟਿਆਲਾ ਵਿਖੇ ਤੀਰ-ਅੰਦਾਜ਼ੀ ਕੋਚ ਸਿਰਿੰਦਰ ਸਿੰਘ ਰੰਧਾਵਾ ਦੀ ਦੇਖ-ਰੇਖ ਹੇਠ ਆਪਣੀ ਖੇਡ ਸ਼ੁਰੂ ਕਰਨ ਵਾਲੀ ਪ੍ਰਨੀਤ ਖੇਡ ਸ਼ੁਰੂ ਕਰਨ ਦੇ ਦੋ ਸਾਲਾ ਅੰਦਰ ਹੀ ਸਕੂਲੀ ਖੇਡਾਂ ਵਿਚ ਪੰਜਾਬ ਦੀ ਚੈਂਪੀਅਨ ਬਣ ਗਈ।

ਸਾਲ 2017 ਤੇ 2018 ਵਿਚ ਉਸ ਨੇ ਪੰਜਾਬ ਰਾਜ ਸਕੂਲੀ ਖੇਡਾਂ ਵਿਚ ਸੋਨੇ ਦੇ ਤਗ਼ਮੇ ਜਿੱਤੇ। ਖੇਡ ਸ਼ੁਰੂ ਕਰਨ ਦੇ ਚਾਰ ਵਰਿ੍ਹਆਂ ਅੰਦਰ ਉਸ ਨੇ ਕੌਮੀ ਪੱਧਰ ’ਤੇ ਚੰਗੇ ਨਤੀਜੇ ਦੇਣੇ ਸ਼ੁਰੂ ਕਰ ਦਿੱਤੇ। ਕਡੱਪਾ (ਆਂਧਰਾ ਪ੍ਰਦੇਸ਼) ਵਿਖੇ ਸਾਲ 2019 ਵਿਚ ਹੋਈਆਂ ਕੌਮੀ ਸਕੂਲ ਖੇਡਾਂ ਵਿਚ ਪ੍ਰਨੀਤ ਨੇ ਵਿਅਕਤੀਗਤ ਵਰਗ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ। ਸਾਲ 2022 ਵਿਚ ਏਸ਼ੀਆ ਕੱਪ ਵਿਚ ਵਿਅਕਤੀਗਤ ਵਰਗ ਵਿਚ ਦੋ ਚਾਂਦੀ ਤੇ ਇਕ ਕਾਂਸੀ ਦਾ ਤਗ਼ਮਾ ਤੇ ਟੀਮ ਵਰਗ ਵਿਚ ਇਕ ਸੋਨੇ ਤੇ ਮਿਕਸਡ ਟੀਮ ਵਿਚ ਸੋਨੇ ਦਾ ਤਗ਼ਮਾ ਜਿੱਤਿਆ। ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਤੋਂ ਬਾਰ੍ਹਵੀਂ ਕਰਨ ਤੋਂ ਬਾਅਦ ਖ਼ਾਲਸਾ ਕਾਲਜ ਪਟਿਆਲਾ ਵਿਖੇ ਬੀ.ਏ. ਭਾਗ ਪਹਿਲਾ ਦੀ ਵਿਦਿਆਰਥਣ ਪ੍ਰਨੀਤ ਹੁਣ ਹਾਂਗਜ਼ੂ ਵਿਖੇ ਏਸ਼ੀਆਈ ਖੇਡਾਂ ਵਿੱਚ ਹਿੱਸਾ ਲੈਣ ਜਾ ਰਹੀ ਹੈ।

 

ਨਵਦੀਪ ਸਿੰਘ