ਫਾਈਨਲ ਵਿਚ ਮਲੇਸ਼ੀਆ ਨੂੰ 4-3 ਨਾਲ ਹਰਾਕੇ ਭਾਰਤ ਚੌਥੀ ਵਾਰ ਬਣਿਆ ਹਾਕੀ ਏਸ਼ੀਅਨ ਚੈਂਪੀਅਨ

ਫਾਈਨਲ ਵਿਚ ਮਲੇਸ਼ੀਆ ਨੂੰ 4-3 ਨਾਲ ਹਰਾਕੇ ਭਾਰਤ  ਚੌਥੀ ਵਾਰ ਬਣਿਆ ਹਾਕੀ ਏਸ਼ੀਅਨ ਚੈਂਪੀਅਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਚੇਨਈ-ਭਾਰਤ ਨੇ ਸਨਿਚਰਵਾਰ ਨੂੰ ਇੱਥੇ ਫਾਈਨਲ ਵਿਚ ਮਲੇਸ਼ੀਆ ਨੂੰ 4-3 ਨਾਲ ਹਰਾ ਕੇ ਰਿਕਾਰਡ ਚੌਥੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ 'ਤੇ ਕਬਜ਼ਾ ਕਰ ਲਿਆ । ਫਾਈਨਲ ਮੁਕਾਬਲੇ ਵਿਚ ਇਕ ਸਮਾਂ ਦੋ ਗੋਲਾਂ ਨਾਲ ਭਾਰਤ ਪਛੜ ਰਿਹਾ ਸੀ । ਦੂਸਰੇ ਹਾਫ ਤੱਕ ਮਲੇਸ਼ੀਆ ਦੀ ਟੀਮ 3-1 ਨਾਲ ਅੱਗੇ ਸੀ ।ਇਸ ਦੇ ਨਾਲ ਹੀ ਭਾਰਤ ਸਭ ਤੋਂ ਜਿਆਦਾ ਵਾਰ ਇਸ ਟੂਰਨਾਮੈਂਟ ਨੂੰ ਜਿੱਤਣ ਵਾਲਾ ਦੇਸ਼ ਵੀ ਬਣ ਗਿਆ ਹੈ ।ਪਾਕਿਸਤਾਨ ਦੇ ਨਾਂਅ ਤਿੰਨ ਖਿਤਾਬ ਹਨ ।ਮਲੇਸ਼ੀਆ ਪਹਿਲੇ ਹਾਫ ਵਿਚ ਹਮਲਾਵਰ ਸੀ, ਕਿਉਂਕਿ ਭਾਰਤੀਆਂ ਕੋਲ ਆਪਣੇ ਵਿਰੋਧੀ 'ਤੇ ਰੋਕ ਲਗਾਉਣਾ ਮੁਸ਼ਕਿਲ ਹੋ ਗਿਆ ਸੀ । ਭਾਰਤ ਨੇ 9ਵੇਂ ਮਿੰਟ ਵਿਚ ਪਹਿਲਾ ਪੈਨਲਟੀ ਕਾਰਨਰ ਲਿਆ, ਜੁਗਰਾਜ ਨੇ ਮਲੇਸ਼ੀਆਈ ਖਿਡਾਰੀ ਦੇ ਸੱਜੇ ਪਾਸੇ ਜ਼ੋਰਦਾਰ ਫਲਿਕ ਨਾਲ ਗੋਲ ਕਰ ਦਿੱਤਾ । ਜਿਉਂ-ਜਿਉਂ ਮੈਚ ਅੱਗੇ ਵਧਦਾ ਗਿਆ, ਭਾਰਤੀ ਖਿਡਾਰੀ ਲੈ ਵਿਚ ਪਰਤਦੇ ਗਏ ਅਤੇ ਫੁੱਲ ਪ੍ਰੈਸ ਹਾਕੀ ਦਾ ਪ੍ਰਦਰਸ਼ਨ ਕੀਤਾ । ਪਰ ਮਲੇਸ਼ੀਆ ਦੇ ਖਿਡਾਰੀ ਪਿੱਛੇ ਨਾ ਹਟੇ ਤੇ ਭਾਰਤ ਦੀ ਰੱਖਿਆ ਕੜੀ ਦੀ ਪ੍ਰੀਖਿਆ ਲੈਣੀ ਜਾਰੀ ਰੱਖੀ ।ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਉਸ ਸਮੇਂ ਬੂਰ ਪਿਆ, ਜਦੋਂ ਅਬੂ ਕਮਲ ਆਜ਼ਰੀ ਨੇ ਅਜੁਆਨ ਹਸਨ ਦੁਆਰਾ ਦਿੱਤੀ ਗੇਂਦ ਨੂੰ ਨੈਟ ਕੋਲ ਜਾ ਕੇ ਗੋਲ ਵਿਚ ਬਦਲ ਦਿੱਤਾ ।

ਪਹਿਲੇ ਕੁਆਰਟਰ ਦੇ ਕੁਝ ਸੈਕਿੰਡ ਪਹਿਲੇ ਭਾਰਤ ਨੇ ਲਗਾਤਾਰ ਪੈਨਲਟੀ ਕਾਰਨਰ ਹਾਸਲ ਕੀਤੇ, ਪਰ ਦੋਵੇਂ ਮੌਕੇ ਗਵਾ ਦਿੱਤੇ। ਮਲੇਸ਼ੀਆ ਨੇ ਦੂਸਰੇ ਕੁਆਟਰ ਵਿਚ ਆਪਣੀ ਲੈ ਬਰਕਰਾਰ ਰੱਖੀ ਅਤੇ 18ਵੇਂ ਮਿੰਟ ਵਿਚ ਲਗਾਤਾਰ ਪੈਨਲਟੀ ਕਾਰਨਰ ਹਾਸਲ ਕੀਤੇ, ਜਿਸ 'ਚੋਂ ਦੂਸਰੇ ਨੂੰ ਰਜੀ ਰਹੀਮ ਨੇ ਗੋਲ 'ਵਿਚ ਬਦਲ ਦਿੱਤਾ, ਕਿਉਂਕਿ ਗੇਂਦ ਅਮਿਤ ਰੋਹੀਦਾਸ ਦੀ ਸਟਿਕ ਨਾਲ ਲੱਗਣ ਦੇ ਬਾਅਦ ਅੰਦਰ ਚਲੀ ਗਈ ਸੀ। ਮਲੇਸ਼ੀਆ ਨੂੰ 23ਵੇਂ ਮਿੰਟ ਵਿਚ ਜੁਗਰਾਜ ਦੀ ਸਟਿਕ ਨਾਲ ਸੁਰੱਖਿਅਤ ਪੈਨਲਟੀ ਕਾਰਨਰ ਮਿਲਿਆ, ਪਰ ਉਨ੍ਹਾਂ ਦੀ ਕੋਸ਼ਿਸ਼ ਖੁੰਝ ਗਈ। ਮਲੇਸ਼ੀਆ ਦੀ ਟੀਮ ਨੇ 28ਵੇਂ ਮਿੰਟ ਵਿਚ ਇਕ ਹੋਰ ਪੈਨਲਟੀ ਕਾਰਨਰ ਹਾਸਲ ਕੀਤਾ ਅਤੇ ਇਸ ਸਮੇਂ ਮੁਹੰਮਦ ਅਮੀਨੁਦੀਨ ਨੇ ਕੋਈ ਗਲਤੀ ਨਾ ਕੀਤੀ ਅਤੇ ਹਾਫ ਟਾਈਮ ਤੱਕ ਆਪਣੀ ਟੀਮ ਦੇ ਸਕੋਰ 3-1 ਕਰ ਦਿੱਤੇ। ਮਲੇਸ਼ੀਆ ਨੂੰ 43ਵੇਂ ਮਿੰਟ ਵਿਚ ਇਕ ਹੋਰ ਪੈਨਲਟੀ ਕਾਰਨਰ ਮਿਲਿਆ, ਪਰ ਭਾਰਤ ਨੇ ਇਸ ਨੂੰ ਪੂਰੀ ਤਾਕਤ ਨਾਲ ਨਕਾਰਾ ਕਰ ਦਿੱਤਾ। ਭਾਰਤੀ ਖਿਡਾਰੀਆਂ ਨੇ ਇਕ ਮਿੰਟ ਦੇ ਅੰਤਰਾਲ ਵਿਚ ਦੋ ਗੋਲ ਕਰਕੇ ਸਕੋਰ 3-3 ਨਾਲ ਬਰਾਬਰ ਕਰਕੇ ਮੈਚ ਦਾ ਪਾਸਾ ਪਲਟ ਦਿੱਤਾ। ਜਦਕਿ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ 45ਵੇਂ ਮਿੰਟ ਵਿਚ ਪੈਨਲਟੀ ਸਟ੍ਰੋਕ ਤੋਂ ਗੋਲ ਕੀਤਾ, ਕੁਝ ਸੈਕਿੰਡ ਬਾਅਦ ਗੁਰਜੰਟ ਸਿੰਘ ਨੇ ਫੀਲਡ ਪਲੇਅ ਤੋਂ ਨੈਟ ਗੋਲ ਕਰਕੇ ਸਕੋਰ 3-3 ਕਰ ਦਿੱਤੇ। ਅੰਤਿਮ ਹੂਟਰ ਤੋਂ ਪਹਿਲਾਂ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ, ਪਰ ਹਰਮਨਪ੍ਰੀਤ ਦੀ ਫਲਿਕ ਨੂੰ ਵਿਰੋਧੀ ਗੋਲਕੀਪਰ ਨੇ ਬਚਾਅ ਲਿਆ।ਭਾਰਤ ਨੇ ਆਪਣਾ ਦਬਾਅ ਬਣਾਈ ਰੱਖਿਆ ਅਤੇ ਜਲਦ ਹੀ ਇਕ ਪੈਨਲਟੀ ਕਾਰਨਰ ਹਾਸਲ ਕੀਤਾ, ਪਰ ਹਰਮਨਪ੍ਰੀਤ ਦੀ ਕੋਸ਼ਿਸ਼ ਖੁੰਝ ਗਈ। ਮਨਦੀਪ ਸਿੰਘ ਤੋਂ ਪਾਸ ਮਿਲਣ ਦੇ ਬਾਅਦ ਅਕਾਸ਼ਦੀਪ ਸਿੰਘ ਨੇ ਡੀ ਦੇ ਉਪਰ ਤੋਂ ਸਲੈਪ ਸਟਿਕ ਮਾਰ ਕੇ ਭਾਰਤ ਲਈ ਚੌਥਾ ਤੇ ਜੇਤੂ ਗੋਲ ਕੀਤਾ।