ਵਿਸ਼ਵ ਸਿਹਤ ਸੰਗਠਨ ਅਨੁਸਾਰ ਕੋਰੋਨਾ ਦੇ ਨਵੇਂ ਮਾਮਲਿਆਂ ਵਿਚ 80 ਫ਼ੀਸਦੀ ਵਾਧਾ

ਵਿਸ਼ਵ ਸਿਹਤ ਸੰਗਠਨ  ਅਨੁਸਾਰ ਕੋਰੋਨਾ ਦੇ ਨਵੇਂ ਮਾਮਲਿਆਂ ਵਿਚ 80 ਫ਼ੀਸਦੀ ਵਾਧਾ

ਅਮਰੀਕਾ, ਯੂਕੇ, ਫਰਾਂਸ ਅਤੇ ਜਾਪਾਨ ਸਮੇਤ ਉੱਤਰੀ ਦੇਸ਼ਾਂ ਵਿਚ  ਗਰਮੀਆਂ ਵਿੱਚ ਕੋਵਿਡ ਦੇ ਮਾਮਲਿਆਂ ਵਿੱਚ  ਹੋਇਆ ਵਾਧਾ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਪੈਰਿਸ - ਦੁਨੀਆ ਭਰ ਵਿਚ ਪਿਛਲੇ ਮਹੀਨੇ ਕੋਵਿਡ-19 ਦੇ ਨਵੇਂ ਮਾਮਲਿਆਂ 'ਚ 80 ਫ਼ੀਸਦੀ ਦਾ ਵਾਧਾ ਹੋਇਆ ਹੈ। ਵਿਸ਼ਵ ਸਿਹਤ ਸੰਗਠਨ  ਨੇ ਮਈ ਵਿੱਚ ਕਿਹਾ ਸੀ ਕਿ ਕੋਵਿਡ ਹੁਣ ਇੱਕ ਵਿਸ਼ਵਵਿਆਪੀ ਸਿਹਤ ਐਮਰਜੈਂਸੀ ਨਹੀਂ ਹੈ ਪਰ ਉਸ ਨੇ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਵਾਧੇ ਦੀ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਇਸ ਸੰਕਰਮਣ ਨਾਲ ਲੋਕਾਂ ਦੀ ਮੌਤ ਦਾ ਵੀ ਖ਼ਦਸ਼ਾ ਹੈ। ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਇਸ ਹਫਤਾਵਾਰੀ ਅੰਕੜਿਆਂ ਵਿਚ ਕਿਹਾ ਕਿ ਦੇਸ਼ ਵਿਚ 10 ਜੁਲਾਈ ਤੋਂ 6 ਅਗਸਤ ਤੱਕ ਕੋਰੋਨਾ ਦੇ ਲਗਭਗ 15 ਲੱਖ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜੋ ਪਿਛਲੇ 28 ਦਿਨਾਂ ਦੇ ਮੁਕਾਬਲੇ 80 ਫ਼ੀਸਦੀ ਜ਼ਿਆਦਾ ਹੈ।

 ਡਬਲਯੂ.ਐੱਚ.ਓ. ਨੇ ਕਿਹਾ ਕਿ ਨਵੇਂ ਮਾਮਲੇ ਪੱਛਮੀ ਪ੍ਰਸ਼ਾਂਤ ਖੇਤਰ ਵਿੱਚ ਆਏ ਹਨ, ਜਿਥੇ ਸੰਕਰਮਣ ਵਿਚ 137 ਫ਼ੀਸਦੀ ਵਾਧਾ ਹੋਇਆ ਹੈ। ਅਮਰੀਕਾ, ਯੂਕੇ, ਫਰਾਂਸ ਅਤੇ ਜਾਪਾਨ ਸਮੇਤ ਉੱਤਰੀ ਦੇਸ਼ਾਂ ਵਿਚ ਹਾਲ ਹੀ ਦੇ ਹਫ਼ਤਿਆਂ ਵਿੱਚ ਗਰਮੀਆਂ ਵਿੱਚ ਕੋਵਿਡ ਦੇ ਮਾਮਲਿਆਂ ਵਿੱਚ ਵਾਧਾ ਦੇਖਿਆ ਹੈ। ਡਬਲਯੂ.ਐੱਚ.ਓ. ਦੇ ਮੁਖੀ ਟੇਡਰੋਸ ਅਦਾਨੋਮ ਘੇਬਰੇਅਸਸ ਨੇ ਚੇਤਾਵਨੀ ਦਿੰਦੇ ਹੋਏ ਕਿਹਾ, 'ਫਿਰ ਤੋਂ ਵੱਡੀ ਗਿਣਤੀ ਵਿੱਚ ਕੋਵਿਡ ਮਾਮਲੇ ਅਤੇ ਮੌਤਾਂ ਦਾ ਅੰਕੜਾ ਅਚਾਨਕ ਵਧ ਸਕਦਾ ਹੈ'। ਫਰਾਂਸ ਦੇ ਸਿਹਤ ਮੰਤਰੀ ਔਰੇਲੀਅਨ ਰੂਸੋ ਨੇ ਚੌਕਸੀ ਦੀ ਮੰਗ ਕਰਦੇ ਹੋਏ ਜ਼ੋਰ ਦਿੱਤਾ ਕਿ ਕੋਵਿਡ ਦੀ ਗਿਣਤੀ ਘੱਟ ਪੱਧਰ 'ਤੇ ਬਣੀ ਹੋਈ ਹੈ।

ਉਨ੍ਹਾਂ ਕਿਹਾ, 'ਸਾਨੂੰ ਆਉਣ ਵਾਲੇ ਸਮੇਂ ਵਿੱਚ ਇਸ ਵਾਇਰਸ ਦੇ ਮੁੜ ਉਭਾਰ ਨਾਲ ਰਹਿਣਾ ਹੋਵੇਗਾ।' ਜਿਨੇਵਾ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ਼ ਗਲੋਬਲ ਹੈਲਥ ਦੇ ਡਾਇਰੈਕਟਰ ਐਂਟੋਨੀ ਫਲਾਹੌਲਟ ਨੇ ਕਿਹਾ ਕਿ ਕੋਵਿਡ ਕੇਸਾਂ ਦੇ ਸਬੰਧ ਵਿੱਚ, ਸਿਹਤ ਅਧਿਕਾਰੀਆਂ ਨੂੰ ਤੁਰੰਤ ਇੱਕ ਭਰੋਸੇਯੋਗ ਕੋਵਿਡ ਸਿਹਤ ਨਿਗਰਾਨੀ ਪ੍ਰਣਾਲੀ ਨੂੰ ਬਹਾਲ ਕਰਨ ਦੀ ਲੋੜ ਹੈ।” ਉਨ੍ਹਾਂ ਕਿਹਾ ਕਿ ਕੋਵਿਡ ਟੀਕਾਕਰਨ ਕਾਰਨ ਹੁਣ ਸੰਕਰਮਣ ਦਾ ਪ੍ਰਭਾਵ ਘੱਟ ਹੋ ਗਿਆ ਹੈ ਪਰ ਲੋਕਾਂ ਦੇ ਇਸ ਦਾ ਸ਼ਿਕਾਰ ਹੋਣ ਦਾ ਖ਼ਤਰਾ ਅਜੇ ਵੀ ਬਣਿਆ ਹੋਇਆ ਹੈ। ਵਿਸ਼ਵ ਸਿਹਤ ਸੰਗਠਨ ਨੇ ਦੇਸ਼ਾਂ ਨੂੰ ਟੀਕਾਕਰਨ ਦੇ ਯਤਨਾਂ ਨੂੰ ਤੇਜ਼ ਕਰਨ ਦੀ ਅਪੀਲ ਕੀਤੀ ਹੈ।