ਜਰਖੜ ਖੇਡਾਂ ਦਾ 5ਵਾਂ ਦਿਨ ---ਖਿਡਾਰੀਆਂ ਅਤੇ ਪ੍ਰਬੰਧਕਾਂ ਨੇ  ਓਲੰਪੀਅਨ ਪ੍ਰਿਥੀਪਾਲ ਸਿੰਘ ਨੂੰ ਕੀਤੇ ਸ਼ਰਧਾ ਦੇ ਫੁੱਲ ਭੇਟ  

ਜਰਖੜ ਖੇਡਾਂ ਦਾ 5ਵਾਂ ਦਿਨ ---ਖਿਡਾਰੀਆਂ ਅਤੇ ਪ੍ਰਬੰਧਕਾਂ ਨੇ  ਓਲੰਪੀਅਨ ਪ੍ਰਿਥੀਪਾਲ ਸਿੰਘ ਨੂੰ ਕੀਤੇ ਸ਼ਰਧਾ ਦੇ ਫੁੱਲ ਭੇਟ  

ਵਿਧਾਇਕ ਗਿਆਸਪੁਰਾ ਅਤੇ ਭੋਲਾ ਗਰੇਵਾਲ ਮੁੱਖ ਮਹਿਮਾਨ ਵਜੋਂ ਪੁੱਜੇ  

ਜਰਖੜ ਅਕੈਡਮੀ ਸੈਮੀ ਚ, ਏਕ ਨੂਰ ਅਕੈਡਮੀ ,ਕਿਲ੍ਹਾ ਰਾਏਪੁਰ ਅਤੇ ਸਾਹਨੇਵਾਲ  ਕੁਆਰਟਰ ਫਾਈਨਲ ਵਿੱਚ ਪੁੱਜੇ  

ਅੰਮ੍ਰਿਤਸਰ ਟਾਈਮਜ਼

ਲੁਧਿਆਣਾ 22 ਮਈ :  ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਕਰਵਾਏ ਜਾ ਰਹੇ 35ਵੀਆਂ ਜਰਖੜ ਖੇਡਾਂ ਦੀ ਕੜੀ ਦਾ ਹਿੱਸਾ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਪੰਜਵੇਂ ਦਿਨ ਜਰਖੜ ਹਾਕੀ ਅਕੈਡਮੀ ਨੇ ਜਿੱਥੇ ਸੀਨੀਅਰ ਵਰਗ ਵਿੱਚ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਉਥੇ ਕਿਲ੍ਹਾ ਰਾਏਪੁਰ ਅਤੇ  ਬੈਚਮੇਟ ਕਲੱਬ ਸਾਹਨੇਵਾਲ ਨੇ ਕੁਆਰਟਰ ਫਾਈਨਲ ਵਿੱਚ ਆਪਣੀ ਥਾਂ ਬਣਾਈ ।

ਫਲੱਡ ਲਾਈਟਾਂ ਦੀ ਰੋਸ਼ਨੀ ਵਿਚ ਬਨਾਵਟੀ ਘਾਹ ਵਾਲੇ ਖੇਡ ਮੈਦਾਨ ਤੇ   ਖੇਡੇ ਜਾ ਰਹੇ ਇਸ ਹਾਕੀ ਫੈਸਟੀਵਲ ਵਿੱਚ ਅੱਜ ਓਲੰਪੀਅਨ ਪ੍ਰਿਥੀਪਾਲ ਸਿੰਘ ਨੂੰ ਉਨ੍ਹਾਂ ਦੀ  39ਵੀਂ ਬਰਸੀ ਮੌਕੇ  ਖਿਡਾਰੀਆਂ ਪ੍ਰਬੰਧਕਾਂ ਅਤੇ ਖੇਡ ਪ੍ਰੇਮੀਆਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਇਸ ਮੌਕੇ ਉਨ੍ਹਾਂ ਦੇ ਆਦਮਕੱਦ ਬੁੱਤ ਉੱਤੇ ਫੁੱਲਮਾਲਾ ਭੇਟ ਕਰਦਿਆਂ ਰਾਸ਼ਟਰੀ ਗਾਇਣ ਦੀ ਧੁਨ ਨਾਲ ਸ਼ਰਧਾਂਜਲੀ ਭੇਟ ਕੀਤੀ ਗਈ । 

ਅੱਜ ਦੇ ਮੈਚਾਂ ਦੌਰਾਨ  ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਹਲਕਾ ਪਾਇਲ ,ਦਲਜੀਤ ਸਿੰਘ ਗਰੇਵਾਲ ਭੋਲਾ ਵਿਧਾਇਕ ਹਲਕਾ ਪੂਰਬੀ ਲੁਧਿਆਣਾ, ਹਰਿੰਦਰ ਸਿੰਘ ਭੁੱਲਰ  ਸਾਬਕਾ ਡਿਪਟੀ ਡਾਇਰੈਕਟਰ ਸਪੋਰਟਸ ਪੀਏਯੂ ਲੁਧਿਆਣਾ, ਸ: ਹਿੰਮਤ ਸਿੰਘ ਪਾਇਲਟ ਅਮਰੀਕਾ , ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਵੱਖ ਵੱਖ ਟੀਮਾਂ ਨਾਲ ਜਾਣ ਪਹਿਚਾਣ ਕਰਦਿਆਂ ਓਲੰਪੀਅਨ ਪ੍ਰਿਥੀਪਾਲ ਸਿੰਘ ਨੂੰ  ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੀਆਂ ਖੇਡ ਪ੍ਰਾਪਤੀਆਂ ਬਾਰੇ ਖਿਡਾਰੀਆਂ ਨੂੰ ਜਾਗਰੂਕ ਕਰਵਾਇਆ  ।

 ਅੱਜ ਖੇਡੇ ਗਏ ਮੈਚਾਂ ਵਿੱਚ ਸਬ ਜੂਨੀਅਰ ਵਰਗ ਵਿਚ ਏਕ ਨੂਰ ਅਕੈਡਮੀ ਤੇੰਗ ਨੇ ਨਨਕਾਣਾ ਸਾਹਿਬ ਸਕੂਲ ਰਾਮਪੁਰ ਛੰਨਾ  ਅਮਰਗੜ੍ਹ ਨੂੰ 3-1ਗੋਲਾਂ ਨਾਲ ਹਰਾਇਆ, ਜੇਤੂ ਟੀਮ ਵੱਲੋਂ ਮੋਹਿਤ ਨੇ 2 ਪਵਨ ਨੇ 1 ਗੋਲ ਕੀਤਾ ਜਦਕਿ ਅਮਰਗਡ਼੍ਹ ਵੱਲੋਂ ਜੋਬਨ ਨੇ ਇੱਕੋ ਇੱਕ ਗੋਲ ਕੀਤਾ ।  ਜਦ ਕਿ ਦੂਸਰੇ ਮੁਕਾਬਲੇ ਵਿਚ ਹਾਕੀ ਸੈਂਟਰ ਰਾਮਪੁਰ ਦੋਰਾਹਾ ਨੇ ਕਿਲ੍ਹਾ ਰਾਏਪੁਰ ਨੂੰ 4-0  ਗੋਲਾਂ ਦੀ ਕਰਾਰੀ ਮਾਤ ਦਿੱਤੀ।    

ਸੀਨੀਅਰ ਵਰਗ ਵਿੱਚ ਅੱਜ ਜਰਖੜ ਹਾਕੀ ਅਕੈਡਮੀ ਅਤੇ  ਬੈਚਮੇਟ ਸਪੋਰਟਸ ਕਲੱਬ ਸਾਹਨੇਵਾਲ ਵਿਚਕਾਰ ਖੇਡਿਆ ਗਿਆ  ਬਹੁਤ ਹੀ ਕਾਂਟੇਦਾਰ ਅਤੇ ਸੰਘਰਸ਼ਪੂਰਨ ਮੁਕਾਬਲਾ ਨਿਰਧਾਰਤ ਸਮੇਂ ਤਕ 7-7 ਗੋਲਾਂ ਤੇ ਬਰਾਬਰ ਰਿਹਾ। ਅੱਧੇ ਸਮੇਂ ਤੱਕ ਜਰਖੜ 3-2 ਗੋਲਾਂ ਨਾਲ ਅੱਗੇ ਸੀ । ਪਨੈਲਟੀ  ਸ਼ੂਟਆਊਟ ਵਿੱਚ ਸਾਹਨੇਵਾਲ ਕਲੱਬ 2-1 ਗੋਲਾਂ ਨਾਲ ਜੇਤੂ ਰਿਹਾ  । ਇਸ ਜਿੱਤ ਨਾਲ ਜਰਖੜ ਹਾਕੀ ਅਕੈਡਮੀ ਕੁੱਲ 12 ਅੰਕਾਂ ਨਾਲ ਪੂਲ ਵਿੱਚੋਂ ਸਰਵੋਤਮ ਰਹਿ ਕੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਗਈ ਹੈ । ਜਦਕਿ ਸਾਹਨੇਵਾਲ ਕਲੱਬ ਨੂੰ  11 ਅੰਕਾਂ ਨਾਲ ਕੁਆਰਟਰ ਫਾਈਨਲ ਮੁਕਾਬਲਾ ਖੇਡਣਾ ਪਵੇਗਾ। ਸੀਨੀਅਰ ਵਰਗ ਦੇ ਦੂਸਰੇ ਮੁਕਾਬਲੇ ਵਿਚ ਕਿਲਾ ਰਾਏਪੁਰ ਨੇ ਏਕ ਨੂਰ ਅਕੈਡਮੀ ਤੇਂਗ ਨੂੰ 8-1 ਗੋਲਾਂ  ਦੀ   ਵੱਡੀ ਜਿੱਤ ਹਾਸਲ ਕਰਦਿਆਂ ਕੁਆਰਟਰ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ । ਇਸ ਮੌਕੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ  ਪ੍ਰੋ ਰਜਿੰਦਰ ਸਿੰਘ, ਜਗਮੋਹਨ ਸਿੰਘ ਸਿੱਧੂ ,ਸਰਪੰਚ ਹਰਨੇਕ ਸਿੰਘ ਲਾਦੀਆਂ , ਕੁਲਵਿੰਦਰ ਸਿੰਘ ਲਾਦੀਆਂ, ਗੁਰਜੀਤ ਸਿੰਘ ਪੋਹੀੜ ,  ਸਰਪੰਚ ਜਸਮੇਲ ਸਿੰਘ ਖਾਨਪੁਰ ,ਜਸਵੰਤ ਸਿੰਘ ਹਰਨਾਮਪੁਰਾ , ਸਾਬਕਾ ਸਰਪੰਚ ਬਲਵੰਤ ਸਿੰਘ ਚਾਹਲ  , ਦਲਵੀਰ ਸਿੰਘ ਜਰਖੜ, ਸਾਬੀ ਜਰਖੜ , ਮਨਜਿੰਦਰ ਸਿੰਘ ਇਯਾਲੀ  , ਸੰਦੀਪ ਸਿੰਘ ਪੰਧੇਰ ,ਰਜਿੰਦਰ ਸਿੰਘ ਜਰਖੜ, ਲਖਵੀਰ ਸਿੰਘ ਜਰਖੜ ,ਸ਼ਿੰਗਾਰਾ ਸਿੰਘ ਜਰਖੜ , ਬਾਬਾ ਰੁਲਦਾ ਸਿੰਘ ਸਾਇਆਂ ਕਲਾਂ,ਸੁਖਵਿੰਦਰ ਸਿੰਘ ਭੰਗੂ , ਗੁਰਵਿੰਦਰ ਸਿੰਘ ਕਿਲਾ ਰਾਏਪੁਰ , ਕੁਲਦੀਪ ਸਿੰਘ ਘਵੱਦੀ , ਰਾਜ ਸਿੰਘ ਘਵੱਦੀ,ਗੁਰਸਤਿੰਦਰ ਸਿੰਘ ਪਰਗਟ, ਗੁਰਤੇਜ ਸਿੰਘ ਬਾਕਸਿੰਗ ਕੋੋਚ, ਗੁਰਦੀਪ ਸਿੰਘ ਟੀਟੂ ਆਦਿ ਹੋਰ ਪ੍ਰਬੰਧਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ  । ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਸਬ ਜੂਨੀਅਰ ਅਤੇ ਸੀਨੀਅਰ ਵਰਗ ਦੇ  ਕੁਆਰਟਰ ਫਾਈਨਲ ਮੁਕਾਬਲੇ 25 ਮਈ ਦਿਨ ਬੁੱਧਵਾਰ ਨੂੰ ਸ਼ਾਮ 5  ਤੋਂ 9 ਵਜੇ ਤੱਕ ਖੇਡੇ ਜਾਣਗੇ  ।