ਸਿਖ ਪੰਥ ਦੇ ਤਿੱਖੇ ਵਿਰੋਧ ਕਾਰਣ ਮੁਖ ਮੰਤਰੀ ਨੇ ਵਾਪਸ ਲਿਆ  ਸ਼ਹੀਦੀ ਸਭਾ ਵਿਚ ਵਜਾਉਣ ਦਾ ਫ਼ੈਸਲਾ

ਸਿਖ ਪੰਥ ਦੇ ਤਿੱਖੇ ਵਿਰੋਧ ਕਾਰਣ ਮੁਖ ਮੰਤਰੀ ਨੇ ਵਾਪਸ ਲਿਆ  ਸ਼ਹੀਦੀ ਸਭਾ ਵਿਚ ਵਜਾਉਣ ਦਾ ਫ਼ੈਸਲਾ

*ਮੁਖ ਮੰਤਰੀ ਮਾਨ ਨੇ ਕਿਹਾ ਸੀ- ਸਿਖ ਪੰਥ ਨਾਲ ਕੋਈ ਵਾਦ-ਵਿਵਾਦ ਨਹੀਂ ਚਾਹੁੰਦੇ

*ਜਥੇਦਾਰ ਅਕਾਲ ਤਖਤ ,ਸ੍ਰੋਮਣੀ ਕਮੇਟੀ ਤੇ ਪੰਥਕ ਜਥੇਬੰਦੀਆਂ ਨੇ ਕੀਤਾ ਸੀ ਵਿਰੋਧ

ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਨਮਾਨ ਵਜੋਂ ਸ਼ਹੀਦੀ ਸ਼ਭਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮਾਤਮੀ ਬਿਗਲ ਵਜਾਉਣ ਦਾ ਫ਼ੈਸਲਾ ਵਾਪਸ ਲੈ ਲਿਆ ਹੈ।  ਇਹ ਮਾਤਮੀ ਬਿਗਲ 10 ਮਿੰਟ ਲਈ ਵਜਾਇਆ ਜਾਣਾ ਸੀ। ਇਸ ਉਪਰੰਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ,ਸ਼੍ਰੋਮਣੀ ਕਮੇਟੀ ਤੇ ਹੋਰ ਪੰਥਕ ਜਥੇਬੰਦੀਆਂ ਦਲ ਖਾਲਸਾ ,ਅਕਾਲੀ ਦਲ ਅੰਮ੍ਰਿਤਸਰ ਤੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਇਸ ਉਤੇ ਇਤਰਾਜ਼ ਜਤਾਇਆ ਸੀ ਕਿ ਇਹ ਗੁਰ ਮਰਿਆਦਾ ਅਨੁਸਾਰ ਨਹੀਂ ਹੈ ਅਤੇ ਸਰਕਾਰ ਨੂੰ ਇਹ ਫ਼ੈਸਲਾ ਰੱਦ ਕਰਨਾ ਚਾਹੀਦਾ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ  ਗਿਆਨੀ ਰਘਬੀਰ ਸਿੰਘ ਨੇ ਫੈਸਲੇ ਨੂੰ ਸਿੱਖ ਸਿਧਾਂਤਾਂ ਦੇ ਨਾ-ਅਨੁਕੂਲ ਕਰਾਰ ਦਿੰਦਿਆਂ ਆਖਿਆ ਸੀ ਕਿ ਪੰਜਾਬ ਸਰਕਾਰ ਨੂੰ ਇਹ ਫੈਸਲਾ ਤੁਰੰਤ ਵਾਪਸ ਲੈ ਕੇ ਸਿੱਖ ਪਰੰਪਰਾਵਾਂ ਦੇ ਅਨੁਸਾਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸ਼ਰਧਾ-ਸਤਿਕਾਰ ਅਰਪਿਤ ਕਰਨਾ ਚਾਹੀਦਾ ਹੈ।ਗਿਆਨੀ ਰਘਬੀਰ ਸਿੰਘ ਨੇ ਆਖਿਆ ਸੀ ਕਿ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਦੇ ਮਾਨਵ ਜਾਤੀ ਲਈ ਲਾਸਾਨੀ ਪਰਉਪਕਾਰ ਨੂੰ ਸ਼ਰਧਾ ਭੇਟ ਕਰਨ ਲਈ ਪੰਜਾਬ ਸਰਕਾਰ ਦੀ ਭਾਵਨਾ ਬੇਸ਼ੱਕ ਸ਼ੁੱਧ ਹੋਵੇ ਪਰ ਸਿੱਖ ਪਰੰਪਰਾ ਵਿਚ ‘ਨਿੱਕੀਆਂ ਜਿੰਦਾ, ਵੱਡੇ ਸਾਕੇ’ ਕਰਕੇ ਜਾਣੇ ਜਾਂਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ‘ਮਾਤਮੀ ਬਿਗਲ’ ਵਜਾਉਣ ਦਾ ਫੈਸਲਾ ਸ਼ਹਾਦਤ ਦੇ ਲਾਸਾਨੀ ਸਿੱਖ ਸੰਕਲਪ ਨੂੰ ਠੇਸ ਪਹੁੰਚਾਉਣ ਵਾਲਾ ਹੈ। 

 ਇਸ ਮਾਮਲੇ ਬਾਰੇ ਸਿਖਾਂ ਨੇ ਸ਼ੋਸ਼ਲ ਮੀਡੀਆ ਉਪਰ ਮੁਖ ਮੰਤਰੀ ਦਾ ਤਿੱਖਾ ਵਿਰੋਧ ਕੀਤਾ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸੰਬੰਧੀ ਟਵੀਟ ਕਰਦਿਆਂ ਕਿਹਾ ਕਿ‘ਮੈਂ ਇਹ ਬਿਲਕੁਲ ਵੀ ਨਹੀਂ ਚਾਹੁੰਦਾ ਕਿ ਇਹਨਾਂ ਸ਼ਹਾਦਤ ਵਾਲੇ ਦਿਨਾਂ ਵਿੱਚ ਸਮੁੱਚੀਆਂ ਸੰਗਤਾਂ ਸਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਨਮਨ ਕਰਨ ਤੋਂ ਇਲਾਵਾ ਕਿਸੇ ਹੋਰ ਵਾਦ-ਵਿਵਾਦ ਵਿੱਚ ਪੈਣ .. ਇਸ ਲਈ ਭਾਵਨਾਵਾਂ ਦੀ ਕਦਰ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ 27 ਦਸੰਬਰ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਬਿਗਲ ਵਜਾਉਣ ਵਾਲਾ ਫੈਸਲਾ ਵਾਪਸ ਲਿਆ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀਂ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ 27 ਦਸੰਬਰ ਨੂੰ ਸਵੇਰੇ 10 ਵਜੇ ਤੋਂ 10:10 ਤੱਕ ਮਾਤਮੀ ਬਿਗਲ ਵਜਾਉਣ ਦਾ ਐਲਾਨ ਕੀਤਾ ਸੀ। 

ਸਿਖ ਪੰਥ ਵਿਚ ਕੀ ਸ਼ਹੀਦੀ ਮਾਤਮ ਹੈ ਜਾਂ ਰੱਬੀ ਮਾਰਗ ਉਪਰ ਪ੍ਰੇਮ ਖੇਲਣ ਦਾ ਚਾਉ ਹੈ

ਸ੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ ਸ਼ਹਾਦਤ ਪ੍ਰੇਮ ਖੇਲਣ ਦਾ ਚਾਉ ਹੈ ਲੋਕ ਹਿਤ ਮਿਸ਼ਨ ਹੈ  ,ਧਰਮ ਦੀ ਚੜਦੀ ਕਲਾ ਲਈ ਹੈ।ਇਹ ਮਾਤਮ ਨਹੀਂ ,ਵਾਹਿਗੁਰੂ ਦੀ ਰਜ਼ਾ ’ਚ  ਸਿਖ ਪੰਥ ਦਾ ਸ਼ੁਭ ਕਰਮ ਹੈ। ਸ਼ਹੀਦ ਉਹ ਅਦੁੱਤੀ ਸ਼ਖਸੀਅਤ ਹੁੰਦਾ ਹੈ ਜਿਹੜਾ ਮੌਤ ਦੇ ਭੈਅ ਤੋਂ ਕੋਹਾਂ ਦੂਰ ਹੁੰਦਾ ਹੈ। ਇਸੇ ਪ੍ਰੇਮ ਖੇਡ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੰਗਾਰਿਆ ਹੈ-

ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥੨੦॥ {ਪੰਨਾ 1412}

ਗੁਰਬਾਣੀ ਵਿਚ ਸ਼ਹਾਦਤ ਲਈ ਪ੍ਰੇਰਿਆ ਗਿਆ ਹੈ। ਮੌਤ ਦਾ ਡਰ ਖਤਮ ਕਰਕੇ ਮਨੁੱਖ ਨੂੰ ਹਕੂਮਤ ਜਾਂ ਜ਼ੁਲਮ ਵਲੋਂ ਹੋਣ ਵਾਲੇ ਅੰਜਾਮ ਤੋਂ ਬੇਨਿਆਜ਼ ਕੀਤਾ ਹੈ। ਇਹ ਮੌਤ ਦਾ ਡਰ ਰਬ ਦੇ ਭੈਅ ਸਨਮੁਖ ਨਿਗੂਣਾ ਹੋ ਜਾਂਦਾ ਹੈ:

ਡਡਾ ਡਰ ਉਪਜੇ ਡਰੁ ਜਾਈ॥ ਤਾ ਡਰ ਮਹਿ ਡਰੁ ਰਹਿਆ ਸਮਾਈ॥ ਜਉ ਡਰ ਡਰੈ ਤਾ ਫਿਰ ਡਰੁ ਲਾਗੈ॥ ਨਿਡਰ ਹੂਆ ਡਰੁ ਉਰ ਹੋਇ ਭਾਗੈ॥ ( ਪੰਨਾ 327)

 ਸਿੱਖ ਤਾਂ ਸਤਿਗੁਰੂ ਦੇ ਚਰਨ-ਕਮਲਾਂ ਦਾ ਭੌਰਾ ਹੈ ਅਤੇ ਇਸ ਮੌਜ ਵਿਚ ਹਮੇਸ਼ਾ ਰਹਿੰਦਾ ਹੈ। 

ਇਤਿਹਾਸ ਗਵਾਹ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਸਮੇਂ ਸਿੱਖੀ ਦਾ ਵਧਦਾ ਰਸੂਖ ਜਹਾਂਗੀਰ ਨੂੰ ਨਾ ਭਾਇਆ। ਉਸ ਨੇ ਇਸ ਨੂੰ ਇਸਲਾਮ ਧਰਮ ਅਤੇ ਉਸ ਦੀ ਆਪਣੀ ਸਲਤਨਤ ਨੂੰ ਚੈਲਿੰਜ ਜਾਣਿਆ। ਗੁਰੂ ਜੀ ਨੂੰ ਗ੍ਰਿਫ਼ਤਾਰ ਕਰਕੇ  ਤਸੀਹੇ ਦਿੱਤੇ, ਤਾਂ ਕਿ ਗੁਰੂ ਜੀ ਆਪਣਾ ਧਰਮ ਤਿਆਗ ਕੇ ਇਸਲਾਮ ਕਬੂਲ ਕਰ ਲੈਣ, ਪਰੰਤੂ ਗੁਰੂ ਜੀ ਅਡੋਲ ਡਟੇ ਰਹੇ ਅਤੇ ਧਰਮ ਦੀ ਰੱਖਿਆ ਲਈ ਸ਼ਹਾਦਤ ਦਾ ਜਾਮ ਪੀ ਗਏ। ਇਹੋ ਸਾਖੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਮੇਂ ਦੁਹਰਾਈ ਗਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਾਂ ਸਰਬੰਸਦਾਨੀ ਹੋ ਨਿਬੜੇ। ਉਨ੍ਹਾਂ ਤੋਂ ਇਲਾਵਾ ਉਨ੍ਹਾਂ ਦੇ ਚਾਰ ਸਾਹਿਬਜ਼ਾਦੇ ਅਤੇ ਮਾਤਾ ਜੀ ਵੀ ਸ਼ਹੀਦੀ ਨੂੰ ਪ੍ਰਾਪਤ ਹੋਏ। ਸ਼ਹੀਦੀ ਪਰੰਪਰਾ ਦੀ ਨੀਂਹ ਪੱਕੀ ਹੋ ਗਈ।

ਜਫਰਨਾਮੇ ਅਨੁਸਾਰ ਨੌਵੇਂ ਪਾਤਸ਼ਾਹ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਹਜ਼ੂਰ ਦਸਵੇਂ ਪਾਤਸ਼ਾਹ ਨੇ ਦਿੱਲੀ ਦੇ ਸ਼ਹਿਨਸ਼ਾਹ ਨੂੰ ਲਿਖਿਆ ਸੀ, ਮੈਂ ਤੇਰੇ ਘੋੜਿਆਂ ਦੇ ਖੁਰਾਂ ਹੇਠ ਅਜਿਹੀ ਅੱਗ ਬਾਲਾਂਗਾ ਕਿ ਤੈਨੂੰ ਪੰਜਾਬ ਦਾ ਪਾਣੀ ਵੀ ਨਸੀਬ ਨਹੀਂ ਹੋਵੇਗਾ। (ਚੁਨਾਂ ਆਤਸ਼ ਜ਼ੇਰੇ ਨਾਲਤ ਨਿਹ ਜਿ ਪੰਜਾਬ ਆਬਤ ਨਾ ਖ਼ੁਰਦਨ ਦਿਹਮ) ।

 ਗੁਰੂ ਸਾਹਿਬਾਨ ਦੀ ਪਰਿਵਾਰਕ ਮਿਸਾਲ ਤੇ ਪ੍ਰੇਰਨਾ ਲੈ ਕੇ ਅਨੇਕਾਂ ਸਿੰਘ, ਸਿੰਘਣੀਆਂ ਅਤੇ ਬੱਚੇ ਸ਼ਹੀਦੀਆਂ ਪਾ ਗਏ। ਉਨ੍ਹਾਂ ਨੂੰ ਹਰ ਸਿੱਖ ਹਰ ਰੋਜ਼ ਸਵੇਰੇ-ਸ਼ਾਮ ਅਰਦਾਸ ਵਿਚ ਯਾਦ ਕਰਦਾ ਹੈ ਅਤੇ ਸ਼ਰਧਾ ਭੇਟ ਕਰਦਾ ਹੈ। ਪੰਜ ਪਿਆਰੇ, ਚਾਲ੍ਹੀ ਮੁਕਤੇ, ਬਾਬਾ ਬੰਦਾ ਸਿੰਘ ਬਹਾਦਰ ਤੇ ਉਨ੍ਹਾਂ ਦੇ 700 ਸਾਥੀ, ਬਾਬਾ ਗੁਰਬਖਸ਼ ਸਿੰਘ , ਬਾਬਾ ਬੋਤਾ ਸਿੰਘ , ਭਾਈ ਤਾਰੂ ਸਿੰਘ , ਬਾਬਾ ਤਾਰਾ ਸਿੰਘ ਜ, ਸਰਦਾਰ ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ  ਅਤੇ ਹੋਰ ਅਣਗਿਣਤ ਸਿੰਘਾਂ ਦੇ ਨਾਉਂ ਸਿੱਖ ਇਤਿਹਾਸ ਵਿਚ ਸਿਤਾਰਿਆਂ ਵਾਂਗ ਚਮਕ ਰਹੇ ਹਨ। ਸਚਾਈ ਦੀ ਜੰਗ ਜਾਰੀ ਰਹੀ ਹੈ ਅਤੇ ਰਹਿੰਦੀ ਦੁਨੀਆਂ ਤਕ ਜਾਰੀ ਰਹੇਗੀ,ਕਿਉਂਕਿ ਸ਼ਹਾਦਤ ਗੁਰੂ ਦੀ ਜਗਾਈ ਜੋਤਿ ਹੈ।

ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥

ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ॥ (ਪੰਨਾ 1102)

ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ॥ (ਪੰਨਾ 579)

ਸੋ ਸਿਖ ਪੰਥ ਵਿਚ ਸ਼ਹਾਦਤ ਮਾਤਮ ਨਹੀਂ ਹੈ ਰੱਬੀ ਮਾਰਗ ਉਪਰ ਪ੍ਰੇਮ ਖੇਲਣ ਦਾ ਚਾਉ ਹੈ।