ਸ੍ਰੋਮਣੀ  ਦੀਆਂ ਚੋਣਾਂ ਵਾਲੇ ਫਾਰਮ ਵਿੱਚ ਜਾਤ ਪਾਤ ਨੂੰ ਦਰਸਾਉਂਦੇ ਕਾਲਮ ਸਿੱਖ ਸਿਧਾਂਤ ਵਿਰੋਧੀ

ਸ੍ਰੋਮਣੀ  ਦੀਆਂ ਚੋਣਾਂ ਵਾਲੇ ਫਾਰਮ ਵਿੱਚ ਜਾਤ ਪਾਤ ਨੂੰ ਦਰਸਾਉਂਦੇ ਕਾਲਮ ਸਿੱਖ ਸਿਧਾਂਤ ਵਿਰੋਧੀ

ਦੁਨੀਆਂ ਦੇ ਨਕਸ਼ੇ ਤੇ ਸਿੱਖ ਕੌਮ ਇਕ  ਅਜਿਹੀ ਨਵੀਨਤਮ ਕੌਮ ਹੈ,ਜਿਸ ਅੰਦਰ ਗੁਰੂ ਸਹਿਬਾਨਾਂ ਨੇ ਕੋਈ ਜਾਤ ਵੰਡ ਦੀ ਗੁੰਜਾਇਸ਼ ਨਹੀ ਸੀ ਛੱਡੀ,ਜੇਕਰ ਇਹ ਕਿਹਾ ਜਾਵੇ ਕਿ ਗੁਰੂ ਨਾਨਕ ਸਾਹਿਬ ਵੱਲੋਂ ਸਮਾਜੀ ਵੰਡ ਦੇ ਵਿਤਕਰੇ ਅਤੇ ਊਚ ਨੀਚ ਦੇ ਨਫਰਤੀ ਵਰਤਾਰੇ ਨੂੰ ਠੱਲ੍ਹ ਪਾਉਣ ਲਈ ਤੀਸਰੇ ਪੰਥ ਦੀ ਸਥਾਪਨਾ ਕੀਤੀ ਗਈ ਸੀ ,ਤਾਂ ਕੁਝ ਗਲਤ ਨਹੀਂ ਹੋਵੇਗਾ।

ਸਿੱਖ ਕੌਮ ਦੇ ਸੰਸਥਾਪਕ ਜੁੱਗ ਪੁਰਸ਼ ਬਾਬਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਬੜੇ ਸਪੱਸਟ ਅਤੇ ਕਰੜੇ ਸਬਦਾਂ ਵਿੱਚ ਊਚ ਨੀਚ ਨੂੰ ਨਕਾਰਿਆ ਹੈ।  ਉਹਨਾਂ ਦੇ ਮੂਲ ਸਿਧਾਂਤ: ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥
ਨੂੰ ਸਿੱਖਾਂ ਨੇ ਕਾਫੀ ਹੱਦ ਤੱਕ ਵਿਸਾਰ ਦਿੱਤਾ ਹੈ।ਇਸ  ਦਾ ਕਾਰਨ  ਇਹ ਹੈ ਕਿ ਸ੍ਰੋਮਣੀ ਕਮੇਟੀ ਅਤੇ ਸ੍ਰੋਮਣੀ  ਅਕਾਲੀ ਦਲ ਸਮੇਤ ਸਿੱਖ ਸੰਸਥਾਵਾਂ ਤੇ ਧਨਾਢ ਲੋਕਾਂ ਦਾ ਕਬਜਾ  ਹੈ,ਜਿਹੜੇ ਆਪਣੇ ਨਿੱਜੀ ਮੁਫਾਦਾਂ ਦੀ ਖਾਤਰ ਸਿੱਖ ਵਿਰੋਧੀ ਤਾਕਤਾਂ ਦੀਆਂ ਕਠਪੁਤਲੀਆਂ ਬਣ ਕੇ ਸਿੱਖੀ ਸਿਧਾਂਤਾਂ ਨੂੰ ਭਾਰੀ ਢਾਹ ਲਾ ਰਹੇ ਹਨ। ਸਿੱਖੀ ਅੰਦਰ ਊਚ ਨੀਚ ਦਾ ਪਾੜਾ  ਧਨਾਡ ਜਮਾਤ ਦਾ ਹੀ ਪਾਇਆ ਹੋਇਆ ਹੈ,ਜਿਹੜੀ ਸਿੱਖੀ ਦੇ ਭੇਖ ਵਿੱਚ ਸਿੱਖ ਸਿਧਾਂਤਾਂ ਦਾ ਮਲ਼ੀਆਮੇਟ ਕਰਨ ਲਈ ਸਿੱਖ ਵਿਰੋਧੀ ਤਾਕਤਾਂ ਦੇ ਕੁਹਾੜੇ ਦਾ ਦਸਤਾ ਬਣੀ ਹੋਈ ਹੈ।ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਾਲੇ ਫਾਰਮਾਂ ਵਿੱਚ ਜਾਤ ਪਾਤ ਨੂੰ ਦਰਸਾਉਂਦੇ ਕਾਲਮ ਉਹਨਾਂ ਧਨਾਡ ਸਿੱਖਾਂ ਦੀ ਮਿਲੀਭੁਗਤ ਦਾ ਨਤੀਜਾ ਹੈ,ਜਿਸਨੇ ਇੱਕ ਵਾਰ ਫਿਰ ਨਵਾਂ ਬਿਖੇੜਾ ਖੜਾ ਕਰ ਦਿੱਤਾ ਹੈ।  ਭਾਵੇਂ ਇਹ ਵਰਤਾਰਾ ਕੋਈ ਨਵਾਂ ਨਹੀ ਹੈ,ਪਿਛਲੇ ਸਮਿਆਂ ਵਿੱਚ ਵੀ ਇਸੇ ਤਰ੍ਹਾਂ ਹੀ ਚੱਲਦਾ ਆ ਰਿਹਾ ਹੈ,ਪ੍ਰੰਤੂ ਇਸ ਵਰਤਾਰੇ ਨੇ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਦੇ ਬਚਨ “ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ  ਮੇਰਾ ਗੁਰ ਹਾਈ”ਨੂੰ ਨਜ਼ਰਅੰਦਾਜ਼ ਕਰਕੇ ਕੌਮ ਨੂੰ ਦੁਬਿਧਾ ਵਿੱਚ ਪਾ ਦਿੱਤਾ  ਹੈ। ਫਲਸਰੂਪ ਸਿੱਖ ਕੌਮ ਦੀ ਹਾਲਤ ਅੱਜਕੱਲ੍ਹ ਬਹੁਤ ਦੁਬਿਧਾ ਵਾਲੀ ਬਣ ਗਈ ਹੈ। ਸਿੱਖ ਇਸ ਵੇਲੇ ਬੜੀ ਮੁਸੀਬਤ ਵਿੱਚ ਫਸ ਚੁੱਕੇ ਹਨ।ਉਹਨਾਂ ਨੂੰ ਇਹ ਸਮਝ ਨਹੀ ਲੱਗ ਰਹੀ ਕਿ ਉਹ ਆਪਣੇ ਗੁਰੂ ਦੀ ਗੱਲ ਮੰਨਣ ਜਾਂ ਫਿਰ ਕੌਮ ਦੇ ਅਖੌਤੀ ਆਗੂਆਂ,ਘੜੰਮ ਚੌਧਰੀਆਂ ਦੇ ਕਹੇ ਲੱਗ ਕੇ ਜਿਸਤਰ੍ਹਾਂ ਪਿਛਲੇ ਲੰਮੇ ਅਰਸੇ ਤੋਂ ਗੁਰੂ ਦੀ ਮਤਿ ਨੂੰ ਵਿਸਾਰ ਕੇ  ਮਨੂਵਾਦੀ ਵਰਨ ਵੰਡ  ਵਿੱਚ ਉਲਝ ਕੇ ਰਹਿ ਗਏ ਹਨ,ਕੀ ਹੁਣ ਵੀ ਉਹਦੇ ਮੁਤਾਬਿਕ ਹੀ ਅੱਖਾਂ ਬੰਦ ਕਰਕੇ ਚੱਲਦੇ ਰਹਿਣ।ਇਹ ਸਵਾਲ ਹਣ ਸਿੱਖ ਮਨਾਂ ਵਿੱਚ ਉੱਠਣ ਲੱਗੇ ਹਨ,ਕਿਉਂਕਿ ਇਹ ਦੁਬਿਧਾ ਸਿੱਖ ਕੌਮ ਦੀ ਨਿਆਰੀ  ਨਿਰਾਲੀ ਹੋਂਦ ਨਾਲ ਜੁੜੀ ਹੋਈ ਬੜੀ ਗੰਭੀਰ ਸਮੱਸਿਆ ਹੈ।ਇਹਦੇ ਬਾਰੇ ਗੰਭੀਰਤਾ ਨਾਲ ਸੋਚਣਾ,ਲਿਖਣਾ ਅਤੇ ਬੋਲਣਾ ਹਰ ਸਿੱਖ ਦਾ ਫਰਜ਼ ਬਣਦਾ ਹੈ। ਸਿੱਖ ਨੂੰ ਗੁਰੂ ਸਾਹਿਬਾਨਾਂ ਨੇ  ਦੁਨੀਆ ਤੋਂ ਨਿਆਰਾ ਨਿਰਾਲਾ ਰੂਪ ਰੰਗ ਹੀ  ਨਹੀ, ਬਲਕਿ ਪਹਿਰਾਵਾ, ਰਹਿਣ, ਸਹਿਣ,ਵੱਖਰੇ ਸਮਾਜਿਕ ਰੀਤੀ ਰਿਵਾਜ ਅਤੇ ਮਜਬੂਤ ਸਿਧਾਂਤ ਵੀ ਦਿੱਤੇ ਹਨ।ਗੁਰੂ ਨਾਨਕ ਸਾਹਿਬ ਦਾ ਇਹ ਨਿਰਾਲਾ ਪੰਥ ਜਾਤੀ ਵੰਡ ਪਰਨਾਲੀ ਤੋ ਮੁਕਤ ਰੱਖਿਆ ਗਿਆ ਸੀ।ਉਹਨਾਂ ਨੇ ਜਾਤ ਪਾਤ ਦੇ ਨਾਲ ਨਾਲ ਸਮਾਜ ਵਿੱਚ ਫੈਲੀਆਂ ਹੋਰ ਵੀ ਮਨੁੱਖਤਾ ਵਿਰੋਧੀ ਮਾਨਤਾਵਾਂ ਨੂੰ ਰੱਦ ਕਰਦਿਆਂ ਔਰਤ ਨੂੰ ਬਰਾਬਰ ਦਾ ਦਰਜਾ ਦੇ ਕੇ  ਨਿਵਾਜਿਆ।1699 ਦੀ ਵਿਸਾਖੀ ਵਾਲੇ ਦਿਨ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਜੀ ਸਮੇਤ ਪਹਿਲੇ ਨੌਂ ਗੁਰੂ ਸਹਿਬਾਨਾਂ ਦੇ ਨਿਰਾਲੇ ਪੰਥ ਦੇ ਸੰਕਲਪ ਨੂੰ ਦ੍ਰਿੜ ਕਰਦਿਆਂ ਸਿੱਖਾਂ ਨੂੰ ਸੰਪੂਰਨ ਪੰਥ ਦਾ ਦਰਜਾ ਦਿੱਤਾ ਹੈ।ਸਿੱਖ ਬਨਣ ਤੋ ਬਾਅਦ ਕਿਸੇ ਵੀ ਵਿਅਕਤੀ ਦੀ ਪਿਛਲੀ ਜਾਤ ਪਾਤ ਖਤਮ ਹੋ ਜਾਂਦੀ ਹੈ,ਉਹਦੀ ਪਿਛਲੀ ਪਛਾਣ ਖਤਮ ਕਰਕੇ ਨਵਾਂ ਰੂਪ ਬਖਸ਼ ਦਿੱਤਾ ਗਿਆ ਹੈ।ਉਹ ਹੁਣ ਜਾਤ ਪਾਤ ਤੋ ਮੁਕਤ ਇੱਕ ਸੰਪੂਰਨ ਮਨੁੱਖ ਬਣ ਗਿਆ ਹੈ।ਜਿਸ ਦੀ ਪਛਾਣ ਸਿਰਫ ਤੇ ਸਿਰਫ ਗੁਰੂ ਦਾ ਸਿੱਖ ਹੈ।ਅੰਮ੍ਰਿਤ ਦੀ ਦਾਤ ਪਰਾਪਤ ਕਰ ਲੈਣ ਤੋਂ ਬਾਅਦ ਉਹਦਾ ਸਿਰਨਾਵਾਂ ਹੀ ਬਦਲ ਜਾਂਦਾ ਹੈ। ਸੰਪੂਰਨ ਸਿੰਘ ਸਜਣ ਤੋ ਬਾਅਦ ਉਹਦਾ ਪਿਛਲੀ ਜਾਤ ਗੋਤ ਨਾਲ ਕੋਈ ਵਾਹ ਵਾਸਤਾ ਨਹੀਂ ਰਹਿੰਦਾ,ਉਹਦਾ ਸਿਰਨਾਵਾਂ ਪਿਤਾ ਗੁਰੂ ਗੋਬਿੰਦ ਸਿੰਘ ਅਤੇ ਮਾਤਾ ਸਾਹਿਬ ਕੌਰ,ਜਨਮ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਵਜੋਂ ਖਾਲਸਾ ਵਿਧਾਨ ਵਿੱਚ ਦਰਜ ਹੋ ਜਾਂਦਾ ਹੈ। ਅਜੋਕੇ ਸੰਦਰਭ ਵਿੱਚ ਬਹੁਤ ਸਾਰੇ ਸਿੱਖਾਂ ਦੇ ਮਨਾਂ ਵਿੱਚ ਇਹ ਗੱਲ ਖਟਕਦੀ ਰਹਿੰਦੀ ਹੈ ਕਿ ਜਦੋਂ ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਸਾਹਿਬਾਨਾਂ ਦੇ

 ਹਮਰੀ ਜਾਤਿ ਪਾਤਿ ਗੁਰੁ ਸਤਿਗੁਰੁ ਹਮ ਵੇਚਿਓ ਸਿਰੁ ਗੁਰ ਕੇ” ਅਤੇ  “ਸਭੇ ਸਾਝੀਵਾਲ  ਸਦਾਇਨਿ ਤੂੰ ਕਿਸੈ ਨ  ਦਿਸਹਿ ਬਾਹਰਾ ਜੀਉ” ਦੇ ਗੁਰ ਸਿਧਾਂਤ ਨੂੰ ਤਿਲਾਂਜਲੀ ਦੇ ਕੇ ਮਨੂ ਸਿਮਰਤੀ ਦੇ ਜਾਤ ਪਾਤ ਅਤੇ ਊਚ ਨੀਚ ਵਾਲੇ ਗੈਰ ਮਾਨਵੀ ਸਿਧਾਂਤ ਖੁਦ ਹੀ ਸਿੱਖ ਪੰਥ ਤੇ ਥੋਪੇਗੀ,ਫਿਰ ਸਿੱਖ ਕੌਮ ਦੀ ਹੋਂਦ ਸੁਰਖਿਅਤ ਕਿਵੇ ਰਹਿ ਸਕੇਗੀ? ਇਹ ਸਵਾਲ ਤੇ ਹਰ ਸਿੱਖ ਨੂੰ ਚਿੰਤਾ ਅਤੇ ਚਿੰਤਨ ਕਰਨ ਦੀ ਲੋੜ ਹੈ।ਨਿੱਜੀ ਲੋਭ ਲਾਲਸਾ ਖਾਤਰ ਕੌਮ ਦੀ ਹੋਂਦ ਨੂੰ ਖਤਰਿਆਂ ਵਿਚ ਪਾਉਣ ਵਾਲੇ ਉਹਨਾਂ ਧਨਾਡਾਂ ਤੋਂ ਸਿੱਖ ਸੰਸਥਾਵਾਂ ਨੂੰ ਮੁਕਤ ਕਵਾਉਣ ਦੀ ਜਰੂਰਤ ਹੈ,ਜਿਹੜੇ ਦੇਖਣ ਨੂੰ ਸਿੱਖ ਪ੍ਰਤੀਤ ਹੁੰਦੇ ਹਨ,ਪਰ ਅਸਲ ਵਿੱਚ ਉਹ ਸਿੱਖ ਨਹੀਂ ਬਲਕਿ ਸਿੱਖੀ ਦੇ ਭੇਖ ਵਿੱਚ ਕੌਮ ਦੇ ਦੁਸ਼ਮਣ ਹਨ,ਜਿੰਨਾਂ ਨੇ ਲੰਮੇ ਅਰਸੇ ਤੋ ਸਿੱਖੀ ਸਿਧਾਂਤਾਂ ਵਿਚ ਸੰਨ ਲਾ ਕੇ ਸਿੱਖ ਵਿਚਾਰਧਾਰਾ ਨੂੰ ਖੋਖਲਾ ਕਰਨ ਦੀ ਮੁਹਿੰਮ ਵਿੱਢੀ ਹੋਈ ਹੈ। ਇਸ ਤੋਂ ਵੱਡੀ ਸਿੱਖ ਕੌਮ ਦੀ ਅਣਗਹਿਲੀ ਅਤੇ ਲਾਪ੍ਰਵਾਹੀ ਹੋਰ ਕੀ ਸਮਝੀ ਜਾਵੇਗੀ,ਜਿਸ ਨੇ ਹੁਣ ਤੱਕ ਹੁੰਦੀਆਂ ਆ ਰਹੀਆਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਰਿਜਰਵ ਕੋਟੇ ਨੂੰ ਮਨਜੂਰ ਹੀ ਕਿਉਂ ਕੀਤਾ ? ਕਿਉਂ ਨਹੀ ਇਹ ਮਦ ਦਾ ਉਦੋਂ ਹੀ ਵਿਰੋਧ ਕੀਤਾ ਜਦੋਂ ਇਹ ਦਰਜ ਕਰਕੇ  ਰਿਜ਼ਰਵ ਕੋਟੇ ਦੀ ਵਿਵਸਥਾ ਕੀਤੀ ਗਈ ਸੀ। ਰਿਜਰਵ ਕੋਟੇ ਦੀ ਵਿਵਸਥਾ ਹੀ ਮੂਲ ਰੂਪ ਵਿੱਚ ਇਸ ਸਾਰੀ ਬਿਮਾਰੀ ਦੀ ਜੜ ਹੈ,ਜਿਸ ਨਾਲ ਸਿੱਖ ਕੌਮ ਦੇ ਸਿਧਾਂਤ ਤਾਰ ਤਾਰ ਹੋਏ ਹਨ।ਸਭ ਤੋ ਪਹਿਲਾਂ ਇਹ ਲੋੜ ਹੈ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਿਰੋਲ ਸਿੱਖੀ ਸਿਧਾਂਤਾਂ ਦੇ ਅਨੁਕੂਲ ਹੋਣ। ਸਿੱਖੀ ਵਿੱਚੋਂ ਜਾਤ ਪਾਤ ਅਤੇ ਊਚ ਨੀਚ ਦੇ ਕੋਹੜ ਨੂੰ ਜੜ ਤੋ ਵੱਢਣ  ਦਾ ਹੋਰ ਕੋਈ ਚਾਰਾ ਨਹੀ ਹੈ?  ਇੱਥੇ ਇੱਕ ਗੱਲ ਹੋਰ ਬੜੀ ਦਿਲਚਸਪ ਹੋਣ ਦੇ ਨਾਲ ਨਾਲ ਅਫਸੋਸਨਾਕ ਵੀ ਹੈ ਕਿ ਸਾਰੀਆਂ ਉਹ ਸਿੱਖ ਧਿਰਾਂ,ਜਿਹੜੀਆਂ ਸਿੱਖੀ ਸਿਧਾਂਤਾਂ ਦੀ ਰਾਖੀ ਕਰਨ ਦਾ ਢੰਡੋਰਾ ਪਿੱਟਦੀਆਂ ਨਹੀ ਥੱਕਦੀਆਂ, ਉਹਨਾਂ ਨੇ ਸਿੱਖੀ ਸਿਧਾਂਤਾਂ ਦੀ  ਰਾਖੀ ਕਰਨ ਲਈ ਅਵਾਜ਼ ਬੁਲੰਦ ਕਰਨ ਦੀ ਬਜਾਏ ਸਭ ਦਾ ਧਿਆਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਦੀਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ‘ਤੇ ਕੇਂਦਰਿਤ ਕੀਤਾ ਹੋਇਆ ਹੈ।ਇਹਦੇ ਲਈ ਸਿੱਖੀ ਸਿਧਾਂਤ ਅਤੇ ਅਸੂਲਾਂ ਨੂੰ ਦਰਕਿਨਾਰ ਕਰਕੇ ਸਿੱਖ ਸੰਸਥਾਵਾਂ ਤੇ ਕਾਬਜ ਸਰਕਾਰੀਏ ਸਿੱਖ ਆਪਣੇ  ਆਪ ਨੂੰ ਪੰਥਕ ਸਿੱਧ ਕਰਨ ਵਿੱਚ ਅਤੇ ਪੰਥਕ ਅਖਵਾਉਣ ਵਾਲੇ ਆਗੂ ਸਰਕਾਰੀਏ ਬਨਣ ਲਈ ਹਰ ਹਰਬਾ ਵਰਤਦੇ ਦੇਖੇ ਜਾ ਸਕਦੇ ਹਨ। ਇਸ ਤੋਂ ਪਹਿਲਾਂ ਹੋਈਆਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਨਸ਼ਿਆਂ ਦਾ ਸੇਵਨ ਸ਼ਰੇਆਮ ਹੁੰਦਾ ਰਿਹਾ ਹੈ। ਸੌ ਹੱਥ  ਰੱਸਾ ਸਿਰੇ ਗੰਢ ਵਾਲੀ ਗੱਲ ਹੈ ਕਿ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇਂ ਫਿਰ ਪੈਦਾਵਾਰ ਦੀ ਆਸ ਰੱਖਣੀ ਮੂਰਖਤਾ ਹੀ ਹੋਵੇਗੀ।ਸੋ ਹੁਣ ਸਮਾਂ ਇਹ ਮੰਗ ਕਰਦਾ ਹੈ ਕਿ ਜੇਕਰ ਸਿੱਖੀ ਦੀ ਜੋਤ ਨੂੰ ਜੱਗਦਾ ਰੱਖਣਾ ਹੈ,ਤਾਂ ਸਮੁੱਚੇ ਸਿੱਖ ਪੰਥ ਨੂੰ ਇਕੱਠੇ ਹੋ ਕੇ ਸਿੱਖੀ ਸਿਧਾਂਤਾਂ ਦਾ ਘਾਣ ਕਰਨ ਵਾਲਿਆਂ ਤੋਂ ਨਿਖੇੜਾ ਕਰਨਾ ਹੋਵੇਗਾ।ਗੁਰੂ ਦੇ ਸਿਧਾਂਤ ਤੇ ਪਹਿਰਾ ਦੇਣ ਲਈ ਵਚਨਬਧ ਹੋਣਾ ਪਵੇਗਾ। ਸਿੱਖੀ ਸਿਧਾਂਤਾਂ ਨੂੰ ਲੱਗੀ ਊਚ ਨੀਚ ਦੀ ਘੁਣ ਦਾ ਇਲਾਜ ਤਾਂ ਹੀ ਸੰਭਵ ਹੋ ਸਕਦਾ ਹੈ,ਜਦੋਂ ਸਿੱਖ ਖਦ ਸਿੱਖੀ ਵਿੱਚ ਪਰਪੱਕ ਹੋਣ ਦਾ ਤਹੱਈਆ ਕਰ ਲੈਣ,ਇਸ ਲਈ ਜਿੰਨੀ ਦੇਰ ਸਿੱਖੀ ਅਸੂਲਾਂ ਤੇ ਪਹਿਰਾ ਦਿੰਦੇ ਹੋਏ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚੋਂ ਜਾਤ ਪਾਤ ਵਾਲੇ ਕੋਹੜ ਦੀ ਅਸਲ ਜੜ ਰਿਜਰਵ ਕੋਟੇ ਵਾਲੀ ਮਦ ਨੂੰ ਖਤਮ ਨਹੀ ਕਰਵਾਇਆ ਜਾਂਦਾ,ਓਨੀ ਦੇਰ ਊਚ ਨੀਚ ਅਤੇ ਜਾਤ ਪਾਤ ਖਤਮ ਹੋਣ ਦੀ ਆਸ ਨਹੀਂ ਕੀਤੀ ਜਾ ਸਕਦੀ। ਇਸ ਤੋ ਅਗਲਾ ਕਦਮ ਗੁਰਦੁਆਰਾ ਪ੍ਰਬੰਧ ਨੂੰ ਸੱਚੇ ਸੁੱਚੇ ਗੁਰਸਿੱਖਾਂ ਦੇ ਹੱਥਾਂ ਵਿੱਚ ਸੌਂਪਣਾ ਹੋਣਾ ਚਾਹੀਦਾ ਹੈ।ਸੋ ਉਪਰੋਕਤ ਤੋ ਬਗੈਰ ਸਿੱਖੀ ਸਿਧਾਂਤਾਂ ਦਾ ਕਾਇਮ ਰਹਿਣਾ ਸੰਭਵ ਨਹੀ ਹੈ।

 

ਬਘੇਲ ਸਿੰਘ ਧਾਲੀਵਾਲ
> 99142-58142