ਗਵਾਲੀਅਰ ਦਾ ਰਾਜ ਘਰਾਣਾ ਭਾਜਪਾ ਪੱਲੇ ਪਿਆ; ਡਾਵਾਂਡੋਲ ਕਾਂਗਰਸ ਨੂੰ ਵੱਡਾ ਝਟਕਾ

ਗਵਾਲੀਅਰ ਦਾ ਰਾਜ ਘਰਾਣਾ ਭਾਜਪਾ ਪੱਲੇ ਪਿਆ; ਡਾਵਾਂਡੋਲ ਕਾਂਗਰਸ ਨੂੰ ਵੱਡਾ ਝਟਕਾ

ਭੋਪਾਲ: ਮੱਧ ਪ੍ਰਦੇਸ਼ ਵਿਚ ਭਾਜਪਾ ਨੇ ਕਾਂਗਰਸ ਨੂੰ ਵੱਡਾ ਝਟਕਾ ਦਿੰਦਿਆਂ ਕਾਂਗਰਸ ਦੇ ਅਹਿਮ ਆਗੂ ਜਿਓਤਿਰਦਿੱਤਿਆ ਸਿੰਧੀਆ ਨੂੰ ਬੀਤੇ ਕੱਲ੍ਹ ਭਾਜਪਾ ਵਿਚ ਸ਼ਾਮਲ ਕਰ ਲਿਆ। ਜਿਓਤਿਰਦਿੱਤਿਆ ਸਿੰਧੀਆ ਵੱਲੋਂ ਕਾਂਗਰਸ ਤੋਂ ਵੱਖ ਹੋਣ ਨਾਲ ਹੁਣ ਸੂਬੇ ਵਿਚ ਕਾਂਗਰਸ ਦੀ ਸਰਕਾਰ ਡਿਗਦੀ ਨਜ਼ਰ ਆ ਰਹੀ ਹੈ। ਦੋਵਾਂ ਪਾਰਟੀਆਂ ਨੇ ਆਪਣੇ ਵਿਧਾਇਕ ਗੁਪਤ ਕਰ ਦਿੱਤੇ ਹਨ।

ਦੱਸ ਦਈਏ ਕਿ ਜਿਓਤਿਰਦਿੱਤਿਆ ਸਿੰਧੀਆ ਦੇ ਸਮਰਥਕ 22 ਕਾਂਗਰਸੀ ਵਿਧਾਇਕਾਂ ਨੇ ਅਸਤੀਫੇ ਦੇ ਦਿੱਤੇ ਹਨ ਜਿਸ ਨਾਲ ਹੁਣ ਕਾਂਗਰਸ ਕੋਲ ਬਹੁਮਤ ਸਾਬਿਤ ਕਰਨ ਦੀ ਇਕ ਵੱਡੀ ਚੁਣੌਤੀ ਹੋਵੇਗੀ। ਇਹਨਾਂ ਅਸਤੀਫਿਆਂ ਤੋਂ ਬਾਅਦ ਕਾਂਗਰਸ ਨੇ ਆਪਣੇ ਬਾਕੀ 90 ਵਿਧਾਇਕਾਂ ਨੂੰ ਜੈਪੁਰ ਦੇ ਹੋਟਲ ਵਿਚ ਭੇਜ ਦਿੱਤਾ ਹੈ ਜਦਕਿ ਭਾਜਪਾ ਨੇ ਵੀ ਆਪਣੇ ਵਿਧਾਇਕ ਗੁਰੂਗ੍ਰਾਮ ਦੇ ਹੋਟਲ ਵਿਚ ਰੱਖੇ ਹੋਏ ਹਨ। ਜਿਹੜੇ 22 ਵਿਧਾਇਕਾਂ ਨੇ ਅਸਤੀਫੇ ਦਿੱਤੇ ਸਨ ਉਹਨਾਂ ਵਿਚੋਂ ਵੀ 19 ਵਿਧਾਇਕਾਂ ਨੂੰ ਬੈਂਗਲੁਰੂ ਦੇ ਇਕ ਹੋਟਲ ਵਿਚ ਰੱਖਿਆ ਗਿਆ ਹੈ। 

ਜਿਓਤਿਰਦਿੱਤਿਆ ਸਿੰਧੀਆ ਨੇ ਬੀਤੇ ਕੱਲ੍ਹ ਭਾਜਪਾ ਦੇ ਪ੍ਰਧਾਨ ਜੇਪੀ ਨੱਡਾ ਦੀ ਹਾਜ਼ਰੀ 'ਚ ਭਾਜਪਾ ਦਾ ਪੱਲਾ ਫੜਿਆ। ਭਾਜਪਾ ਨੇ ਜਿਓਤਿਰਦਿੱਤਿਆ ਸਿੰਧੀਆ ਨੂੰ ਮੱਧ ਪ੍ਰਦੇਸ਼ ਤੋਂ ਰਾਜ ਸਭਾ ਦਾ ਉਮੀਦਵਾਰ ਐਲਾਨ ਦਿੱਤਾ ਹੈ। ਪਹਿਲਾਂ ਮੋਦੀ ਦੀ ਅਲੋਚਨਾ ਕਰਦੇ ਰਹਿਣ ਵਾਲੇ ਜਿਓਤਿਰਦਿੱਤਿਆ ਸਿੰਧੀਆ ਨੇ ਭਾਜਪਾ ਵਿਚ ਸ਼ਾਮਲ ਹੁੰਦਿਆਂ ਹੀ ਮੋਦੀ ਦਾ ਗੁਣਗਾਨ ਸ਼ੁਰੂ ਕਰ ਦਿੱਤਾ ਤੇ ਕਿਹਾ ਕਿ ਭਾਰਤ ਦਾ ਭਵਿੱਖ ਮੋਦੀ ਦੇ ਹੱਥਾਂ ਵਿਚ ਸੁਰੱਖਿਅਤ ਹੈ।

ਜਿਓਤਿਰਦਿੱਤਿਆ ਸਿੰਧੀਆ ਦਾ ਪਰਿਵਾਰ ਪਹਿਲਾਂ ਹੀ ਕਾਂਗਰਸ ਅਤੇ ਭਾਜਪਾ ਵਿਚ ਵੰਡਿਆ ਹੋਇਆ ਸੀ। ਗਵਾਲੀਅਰ ਦੇ ਸਿੰਧੀਆ ਰਾਜਘਰਾਣੇ ਨਾਲ ਸਬੰਧਿਤ ਜਿਓਤਿਰਦਿੱਤਿਆ ਸਿੰਧੀਆ ਦੀ ਦਾਦੀ ਰਾਜਮਾਤਾ ਵਿਜਿਆ ਰਾਜੇ ਸਿੰਧੀਆ ਭਾਜਪਾ ਅਤੇ ਜਨਸੰਘ ਦੇ ਸੰਸਥਾਪਕਾਂ ਵਿਚੋਂ ਇਕ ਸੀ। ਉਹਨਾਂ ਨੂੰ ਹਿੰਦੁਤਵੀ ਰਾਜਨੀਤਕ ਵਿਚਾਰਧਾਰਾ ਨੂੰ ਸਥਾਪਤ ਕਰਨ ਵਾਲੇ ਅਹਿਮ ਚਿਹਰਿਆਂ ਚੋਂ ਇਕ ਮੰਨਿਆ ਜਾਂਦਾ ਹੈ। ਪਰ ਜਿਓਤਿਰਦਿੱਤਿਆ ਸਿੰਧੀਆ ਦੇ ਪਿਤਾ ਅਤੇ ਉਹਨਾਂ ਦੀ ਦਾਦੀ ਦੇ ਰਿਸ਼ਤੇ ਆਪਸ ਵਿਚ ਤਲਖੀ ਵਾਲੇ ਹੀ ਰਹੇ। 

ਜਿਓਤਿਰਦਿੱਤਿਆ ਸਿੰਧੀਆ ਨੇ ਕਾਂਗਰਸ 'ਤੇ ਦੋਸ਼ ਲਾਇਆ ਕਿ ਪਾਰਟੀ ਵਿਚ ਨਵੇਂ ਆਗੂਆਂ ਨੂੰ ਥਾਂ ਨਹੀਂ ਦਿੱਤੀ ਜਾ ਰਹੀ। ਉਹਨਾਂ ਕਿਹਾ ਕਿ ਮੱਧ ਪ੍ਰਦੇਸ਼ ਵਿਚ ਸਰਕਾਰ ਬਣਾਉਣ ਮਗਰੋਂ ਕਾਂਗਰਸ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। 

ਕਾਂਗਰਸ ਦੀ ਮੰਝਧਾਰ ਵਿਚ ਫਸੀ ਕਿਸ਼ਤੀ ਨੂੰ ਬਚਾਉਣ ਲਈ ਕਾਂਗਰਸ ਦੇ ਉੱਚ ਆਗੂ ਕੋਸ਼ਿਸ਼ਾਂ ਕਰ ਰਹੇ ਹਨ। ਕਾਂਗਰਸ ਦੇ ਆਗੂ ਦਿਗਵਿਜੇ ਸਿੰਘ ਨੇ ਕਿਹਾ ਕਿ 22 ਬਾਗੀ ਵਿਧਾਇਕਾਂ ਵਿਚੋਂ 13 ਉਹਨਾਂ ਦੇ ਸੰਪਰਕ ਵਿਚ ਹਨ ਤੇ ਉਹਨਾਂ ਨੇ ਵਾਅਦਾ ਕੀਤਾ ਹੈ ਕਿ ਉਹ ਕਾਂਗਰਸ ਦਾ ਸਾਥ ਨਹੀਂ ਛੱਡਣਗੇ। ਉਹਨਾਂ ਕਿਹਾ, "ਸਿੰਧੀਆ ਰਾਜ ਸਭਾ ਦੇ ਉਮੀਦਵਾਰ ਤਾਂ ਕਾਂਗਰਸ ਵੱਲੋਂ ਵੀ ਬਣ ਸਕਦੇ ਸਨ ਪਰ ਕੈਬਨਿਟ ਪੋਸਟ ਦੇ ਲਾਲਚ ਵਿਚ ਉਹਨਾਂ ਭਾਜਪਾ ਵਿਚ ਸ਼ਾਮਲ ਹੋਣ ਦਾ ਫੈਂਸਲਾ ਕੀਤਾ ਹੈ।"

ਹੁਣ ਮੋਜੂਦਾ ਹਾਲਾਤ ਵਿਚ ਮੱਧ ਪ੍ਰਦੇਸ਼ ਦੀ 230 ਮੈਂਬਰਾਂ ਵਾਲੀ ਵਿਧਾਨ ਸਭਾ 'ਚ 228 ਮੈਂਬਰ ਹਨ। ਸਰਕਾਰ ਬਣਾਉਣ ਲਈ 104 ਵਿਧਾਇਕਾਂ ਦੀ ਜ਼ਰੂਰਤ ਹੈ ਜਦਕਿ ਕਾਂਗਰਸ ਕੋਲ ਵਿਧਾਇਕਾਂ ਦੇ ਅਸਤੀਫੇ ਮਗਰੋਂ 92 ਸੀਟਾਂ ਬਚੀਆਂ ਹਨ ਤੇ ਭਾਜਪਾ ਕੋਲ 107 ਵਿਧਾਇਕ ਹਨ।