ਵਿਦਿਆਰਥੀ ਜਥੇਬੰਦੀ ਸੱਥ ਦੇ ਜਥੇਬੰਦਕ ਢਾਂਚੇ ਦਾ ਐਲਾਨ; 'ਪੰਜਾਬ ਜਿਉਂਦਾ ਗੁਰਾਂ ਦੇ ਨਾਂ 'ਤੇ' ਸੰਕਪਲ ਉੱਤੇ ਵਿਦਿਆਰਥੀਆਂ ਨੂੰ ਲਾਮਬੰਦ ਕਰੇਗੀ

ਵਿਦਿਆਰਥੀ ਜਥੇਬੰਦੀ ਸੱਥ ਦੇ ਜਥੇਬੰਦਕ ਢਾਂਚੇ ਦਾ ਐਲਾਨ; 'ਪੰਜਾਬ ਜਿਉਂਦਾ ਗੁਰਾਂ ਦੇ ਨਾਂ 'ਤੇ' ਸੰਕਪਲ ਉੱਤੇ ਵਿਦਿਆਰਥੀਆਂ ਨੂੰ ਲਾਮਬੰਦ ਕਰੇਗੀ

ਚੰਡੀਗੜ੍ਹ: ਬੀਤੇ ਦੋ ਸਾਲਾਂ ਤੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਇੱਕ ਵਿਚਾਰ-ਚਰਚਾ ਗਰੁੱਪ ਵਜੋਂ ਕਾਰਜ ਕਰ ਰਹੀ ਸੰਸਥਾ "ਸੱਥ" ਨੂੰ ਵਿਦਿਆਰਥੀ ਜਥੇਬੰਦੀ ਦਾ ਰੂਪ ਦਿੰਦਿਆਂ ਅੱਜ ਪੰਜਾਬ ਯੂਨੀਵਰਸਿਟੀ ਵਿੱਚ ਸੱਥ ਦੇ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਗਿਆ ਤੇ ਜਥੇਬੰਦੀ ਦਾ ਮੂਲ ਦਸਤਾਵੇਜ ਜਾਰੀ ਕੀਤਾ ਗਿਆ। ਜਥੇਬੰਦਕ ਢਾਂਚੇ ਦੇ ਐਲਾਨ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਇਕਾਈ ਦੇ ਅਹੁਦੇਦਾਰਾਂ ਦਾ ਐਲਾਨ ਕਰਦਿਆਂ ਪੱਤਰਕਾਰੀ ਅਤੇ ਦੂਰਸੰਚਾਰ ਵਿਭਾਗ ਦੇ ਵਿਦਿਆਰਥੀ ਜੁਝਾਰ ਸਿੰਘ ਨੂੰ ਜਥੇਬੰਦੀ ਦਾ ਮੁੱਖ ਸੇਵਾਦਾਰ ਨਿਯੁਕਤ ਕੀਤਾ ਗਿਆ ਹੈ ਜੋ ਜਥੇਬੰਦੀ ਦੀ ਕਾਰਜਕਾਰਨੀ ਕਮੇਟੀ ਦੇ ਫੈਂਸਲਿਆਂ ਦੇ ਪਾਬੰਦ ਹੋਣਗੇ। ਇਸ ਕਾਰਜਕਾਰਨੀ ਕਮੇਟੀ ਵਿੱਚ ਰਾਜਨੀਤਕ ਵਿਗਿਆਨ ਵਿਭਾਗ ਦੇ ਵਿਦਿਆਰਥੀ ਸੁਖਮਿੰਦਰ ਸਿੰਘ, ਫਿਲਾਸਫੀ ਵਿਭਾਗ ਦੇ ਵਿਦਿਆਰਥੀ ਗੁਰਜੰਟ ਸਿੰਘ, ਲਾਇਬਰੇਰੀ ਅਤੇ ਜਾਣਕਾਰੀ ਵਿਗਿਆਨ ਵਿਭਾਗ ਦੇ ਵਿਦਿਆਰਥੀ ਸੁਖਵਿੰਦਰ ਸਿੰਘ ਅਤੇ ਭੂ-ਵਿਗਿਆਨ ਵਿਭਾਗ ਦੇ ਖੋਜਾਰਥੀ ਸਰਬਜੀਤ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਹੈ। 

ਇਸ ਤੋਂ ਇਲਾਵਾ ਜਥੇਬੰਦੀ ਦੇ ਵਿਸਥਾਰ ਲਈ ਇੱਕ ਜਥੇਬੰਦਕ ਜਥੇ ਦਾ ਐਲਾਨ ਕੀਤਾ ਗਿਆ ਹੈ ਜਿਸ ਵਿੱਚ ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਦਿੱਲੀ ਯੂਨੀਵਰਸਿਟੀ ਤੋਂ ਵਿਦਿਆਰਥੀਆਂ ਸੁਖਵਿੰਦਰ ਸਿੰਘ, ਅਮਨਪ੍ਰੀਤ ਸਿੰਘ, ਰਵਿੰਦਰ ਸਿੰਘ, ਨਵਜੋਤ ਸਿੰਘ, ਜਸ਼ਨਪ੍ਰੀਤ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਹੈ ਜੋ ਆਉਂਦੇ ਸਾਲ ਵਿੱਚ ਇਹਨਾਂ ਸਾਰੀਆਂ ਯੂਨੀਵਰਸਿਟੀਆਂ ਅਤੇ ਸਬੰਧਿਤ ਕਾਲਜਾਂ ਵਿੱਚ ਜਥੇਬੰਦਕ ਇਕਾਈਆਂ ਸਥਾਪਿਤ ਕਰਨ ਦੀ ਜ਼ਿੰਮੇਵਾਰੀ ਨਿਭਾਉਣਗੇ। 

ਸੱਥ ਬਾਰੇ ਦੱਸਦਿਆਂ ਜਥੇਬੰਦੀ ਦੇ ਬੁਲਾਰੇ ਸੁਖਵਿੰਦਰ ਸਿੰਘ ਨੇ ਕਿਹਾ ਕਿ "ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ" ਸੰਕਲਪ 'ਤੇ ਕੰਮ ਕਰੇਗੀ। ਇਹ ਜਥੇਬੰਦੀ ਮੂਲ ਰੂਪ ਵਿਚ ਗੁਰੂ ਨਾਨਕ ਪਾਤਸ਼ਾਹ ਵਲੋਂ ਬਖਸ਼ੇ ਸ਼ਾਂਤੀ, ਇਲਾਹੀ ਇਨਸਾਫ ਤੇ ਸਰਬਤ ਦੇ ਭਲੇ ਦੇ ਸੁਨੇਹੇ ਨੂੰ ਲੋਕਾਂ ਤੱਕ ਲੈ ਕੇ ਜਾਵੇਗੀ।

'ਸੱਥ' ਪਿਛਲੇ ਦੋ ਸਾਲਾਂ ਤੋਂ ਪੰਜਾਬ ਯੂਨੀਵਰਸਿਟੀ ਅੰਦਰ ਵਿਚਾਰ ਚਰਚਾ ਗਰੁੱਪ ਵਜੋਂ ਕਾਰਜਸ਼ੀਲ ਹੈ। ਸੱਥ ਵਲੋਂ ਸਿੱਖਾਂ, ਪੰਜਾਬ ਤੇ ਹੋਰ ਦੱਬੇ ਕੁਚਲੇ ਵਰਗ ਨਾਲ ਸਬੰਧਤ ਸਮੱਸਿਆਵਾਂ 'ਤੇ ਸੈਮੀਨਾਰ ਤੇ ਖੁੱਲੀ ਚਰਚਾ ਕਰਵਾਈ ਗਈ ਅਤੇ ਧਰਨੇ ਪ੍ਰਦਰਸ਼ਨ ਵੀ ਲਗਾਏ ਗਏ ਹਨ। ਸੱਥ ਨੇ ਪੰਜਾਬ ਦੇ ਖੇਤੀਬਾੜੀ ਸੰਕਟ ਦੇ ਉਪਰ ਸੈਮੀਨਾਰ ਕਰਵਾ ਕੇ ਆਪਣਾ ਸਫਰ ਸ਼ੁਰੂ ਕੀਤਾ। ਇਸ ਤੋਂ ਇਲਾਵਾ ਸੱਥ ਵੱਲੋਂ ਪੰਜਾਬ ਦੇ ਪਾਣੀਆਂ, ਪੰਜਾਬ ਵਿੱਚ ਗੈˆਗਸਟਰ ਕਲਚਰ ਦਾ ਉਭਾਰ, ਬੀਬੀਆਂ ਦੀ ਸਮਾਜ ਵਿੱਚ ਦਸ਼ਾ ਤੇ ਰੁਤਬਾ, ਨਸਲਕੁਸ਼ੀ ਦਾ ਵਰਤਾਰਾ ਆਦਿਕ ਵਿਸ਼ਿਆਂ ਤੇ ਪ੍ਰਭਾਵਸ਼ਾਲੀ ਸੈਮੀਨਾਰ ਕਰਵਾਏ ਗਏ। ਸੱਥ ਵਲੋਂ ਹੋਸਟਲਾਂ ਦੀਆਂ ਮੈਸਾਂ ਵਿਚ ਪਰੋਸੇ ਜਾਂਦੇ ਭੋਜਨ ਦੀ ਗੁਣਵੱਤਾ ਦਾ ਮੁੱਦਾ ਚੁੱਕਿਆ ਤੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਗਿਆ। 

'ਸੱਥ' ਵਲੋਂ ਗੰਭੀਰ ਮਸਲਿਆਂ ਉਪਰ ਆਖਰੀ ਹਮਲਾ ਤੇ ਆਊਟਜਸਟਿਸਡ-2 ਵਰਗੀਆਂ ਡਾਕੂਮੈˆਟਰੀ ਫਿਲਮਾਂ ਦਿਖਾਈਆਂ ਗਈਆਂ। ਸੱਥ ਵਲੋਂ ਕਈ ਭਖਦੇ ਮਸਲਿਆਂ 'ਤੇ ਧਰਨੇ ਪ੍ਰਦਰਸ਼ਨ ਕੀਤੇ ਗਏ। ਸੱਥ ਵਲੋਂ ਪੰਜਾਬ ਦੇ ਪਾਣੀਆਂ, ਸਟੇਟ ਦੇ ਜਬਰ, ਯੂਏਪੀਏ ਤੇ ਪਕੋਕਾ ਵਰਗੇ ਕਾਲੇ ਕਾਨੂੰਨਾਂ ਜਿਹੇ ਵਿਸ਼ਿਆਂ ਉਪਰ ਖੁੱਲੀ ਵਿਚਾਰ ਚਰਚਾ ਕਰਵਾਈ ਜਾਂਦੀ ਰਹੀ ਹੈ ਜਿਸ ਵਿਚ ਹਾਈ ਕੋਰਟ ਦੇ ਵਕੀਲ ਅਤੇ ਵਿਧਾਨ ਸਭਾ ਦੇ ਵਿਧਾਇਕ ਹਿੱਸਾ ਲੈ ਚੁੱਕੇ ਹਨ। 

ਪਿਛਲੇ ਦੋ ਸਾਲਾਂ ਵਿੱਚ 'ਸੱਥ' ਵਲੋˆ ਸਿੱਖਾਂ ਅਤੇ ਪੰਜਾਬ ਨਾਲ ਸਬੰਧਤ ਮਾਮਲਿਆਂ ਨੂੰ ਯੂਨੀਵਰਸਿਟੀ ਦੀ ਰਾਜਨੀਤੀ ਵਿੱਚ ਥਾਂ ਦਿਵਾਉਣ ਲਈ ਸਖਤ ਮਿਹਨਤ ਕੀਤੀ ਗਈ ਹੈ। "ਮਾਂ ਬੋਲੀ ਚੇਤਨਾ ਮੰਚ" ਵਿਚ ਅਹਿਮ ਰੋਲ ਨਿਭਾ ਕੇ ਸੱਥ ਨੇ ਪੰਜਾਬੀ ਭਾਸ਼ਾ ਨੂੰ ਯੂਨੀਵਰਸਿਟੀ ਵਿੱਚ ਬਣਦਾ ਮਾਨ ਸਨਮਾਨ ਦਿਵਾਉਣ ਦੀ ਪੁਰਜੋਰ ਕੋਸ਼ਿਸ਼ ਕੀਤੀ ਹੈ। 
ਹੁਣ 'ਸੱਥ' ਇੱਕ ਮੁਕੰਮਲ ਵਿਦਿਆਰਥੀ ਜਥੇਬੰਦੀ ਦੇ ਤੌਰ 'ਤੇ ਕੰਮ ਕਰੇਗੀ ਤਾਂ ਜੋ ਗੁਰੂ ਨਾਨਕ ਪਾਤਸ਼ਾਹ ਵੱਲੋਂ ਦਰਸਾਏ ਮਾਰਗ ਤੇ ਚੱਲਣ ਲਈ ਵਿਦਿਆਰਥੀਆਂ ਨੂੰ ਲਾਮਬੰਦ ਕੀਤਾ ਜਾ ਸਕੇ।