ਬਾਦਲਾਂ ‘ਤੇ ਉਂਗਲੀ ਚੁੱਕਣ ਦੀ ਸਜ਼ਾ

ਬਾਦਲਾਂ ‘ਤੇ ਉਂਗਲੀ ਚੁੱਕਣ ਦੀ ਸਜ਼ਾ

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨ ਗੁਰਮੁਖ ਸਿੰਘ ਫਾਰਗ
ਸ਼੍ਰੋਮਣੀ ਕਮੇਟੀ ਨੇ ਹਰਪ੍ਰੀਤ ਸਿੰਘ ਨੂੰ ਨਿਯੁਕਤ ਕੀਤਾ ਕਾਰਜਕਾਰੀ ਜਥੇਦਾਰ
ਫਤਹਿਗੜ੍ਹ ਸਾਹਿਬ/ਬਿਊਰੋ ਨਿਊਜ਼ :
ਬਾਦਲ ਪਰਿਵਾਰ ਦੇ ਖ਼ਿਲਾਫ਼ ਬੋਲਣ ਵਾਲੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੂੰ ਆਖ਼ਰ ‘ਸਜ਼ਾ’ ਮਿਲ ਗਈ ਹੈ। ਇੱਥੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੂੰ ਜਥੇਦਾਰੀ ਤੋਂ ਫ਼ਾਰਗ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਤੋਂ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਧਮਧਾਨ ਸਾਹਿਬ,  ਜੀਂਦ (ਹਰਿਆਣਾ) ਵਿੱਚ ਬਦਲੀ ਕਰ ਦਿੱਤੀ ਗਈ। ਉਨ੍ਹਾਂ ਦੀ ਥਾਂ ਮੁਕਤਸਰ ਸਾਹਿਬ ਦੇ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪ੍ਰੀਤ ਸਿੰਘ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਦੇ ਹੈੱਡ ਗ੍ਰੰਥੀ ਭਾਈ ਮਲਕੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੈੱਡ ਗ੍ਰੰਥੀ ਲਾਇਆ ਗਿਆ ਹੈ। ਇੱਥੇ ਮੀਟਿੰਗ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਇਹ ਫ਼ੈਸਲੇ ਸਰਬਸੰਮਤੀ ਨਾਲ ਲਏ ਗਏ ਹਨ। ਉਨ੍ਹਾਂ ਗਿਆਨੀ ਗੁਰਮੁਖ ਸਿੰਘ ਉਪਰ ਅਨੁਸ਼ਾਸਨਹੀਣਤਾ ਦੇ ਦੋਸ਼ ਲਾਉਂਦਿਆਂ ਕਿਹਾ ਕਿ ਸਿੰਘ ਸਾਹਿਬਾਨ ਕਈ ਵਾਰ ਕਮੇਟੀ ਦੀਆਂ ਸੱਦੀਆਂ ਮੀਟਿੰਗਾਂ ਵਿੱਚ ਹਾਜ਼ਰ ਨਹੀਂ ਹੋਏ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਆਦਾ ਦਾ ਖ਼ਿਆਲ ਨਹੀਂ ਰੱਖਿਆ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬਾਨ ਦਾ ਰੁਤਬਾ ਵੱਡਾ ਹੁੰਦਾ ਹੈ ਪਰ ਜਥੇਦਾਰ ਗੁਰਮੁਖ ਸਿੰਘ ਕਿਸੇ ਵੀ ਮਾਮਲੇ ਉਪਰ ਬੱਚਿਆਂ ਵਾਂਗ ਜ਼ਿੱਦ ਕਰਦੇ ਸਨ।
ਜ਼ਿਕਰਯੋਗ ਹੈ ਕਿ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਮੁਆਫ਼ੀ ਬਾਰੇ ਗਿਆਨੀ ਗੁਰਮੁਖ ਸਿੰਘ ਖੁੱਲ੍ਹ ਕੇ ਬਾਦਲ ਪਰਿਵਾਰ ਅਤੇ ਹੋਰ ਆਗੂਆਂ ਬਾਰੇ ਬੋਲੇ ਸਨ। ਉਨ੍ਹਾਂ ਬੀਤੇ ਦਿਨ ਸੱਦੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਦਾ ਵੀ ਬਾਈਕਾਟ ਕੀਤਾ ਸੀ। 12 ਜਨਵਰੀ 2015 ਨੂੰ ਫਤਹਿਗੜ੍ਹ ਸਾਹਿਬ ਵਿੱਚ ਹੋਈ ਸ਼੍ਰੋਮਣੀ ਕਮੇਟੀ ਕਾਰਜਕਾਰਨੀ ਨੇ ਜਦੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਬੇਬਾਕ ਵਿਚਾਰਾਂ ਕਾਰਨ ਜਥੇਦਾਰੀ ਤੋਂ ਮੁਕਤ ਕੀਤਾ ਤਾਂ ਗਿਆਨੀ ਗੁਰਮੁਖ ਸਿੰਘ ਨੂੰ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਲਾਇਆ ਗਿਆ ਸੀ। ਕਾਰਜਕਾਰੀ ਜਥੇਦਾਰੀ ਦੇ ਮਹਿਜ਼ ਅੱਠ ਮਹੀਨੇ ਬਾਅਦ ਹੀ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਮੁਆਫ਼ੀ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਏ ਫ਼ੈਸਲੇ ਕਾਰਨ ਉਹ ਚਰਚਾ ਵਿੱਚ ਆਏ  ਸਨ। ਇਹ ਵੀ ਇਤਫ਼ਾਕ ਹੀ ਹੈ ਕਿ ਕਾਰਜਕਾਰੀ ਜਥੇਦਾਰ  ਵਜੋਂ ਉਨ੍ਹਾਂ ਦੀ ਨਿਯੁਕਤੀ (12 ਜਨਵਰੀ 2015) ਅਤੇ ਫ਼ਾਰਗ ਕੀਤੇ ਜਾਣ (21 ਅਪ੍ਰੈਲ 2017) ਦੇ ਦੋਵੇਂ ਫ਼ੈਸਲੇ ਫਤਹਿਗੜ੍ਹ ਸਾਹਿਬ ਵਿਖੇ ਹੋਈਆਂ ਮੀਟਿੰਗਾਂ ਵਿੱਚ ਲਏ ਗਏ।

ਗਿਆਨੀ ਗੁਰਮੁਖ ਸਿੰਘ ਬੋਲੇ-ਬਾਦਲਾਂ ਦੇ ਇਸ਼ਾਰੇ ‘ਤੇ ਹੋਈ ਕਾਰਵਾਈ :
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਹਟਾਉਣ ਦੇ ਫੈਸਲੇ ਬਾਰੇ ਭਾਈ ਗੁਰਮੁਖ ਸਿੰਘ ਨੇ ਬਾਦਲ ਪਰਿਵਾਰ ‘ਤੇ ਸਿੱਧਾ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਇਸ਼ਾਰੇ ‘ਤੇ ਇਹ ਕਾਰਵਾਈ ਹੋਈ ਹੈ। ਉਨ੍ਹਾਂ ਕਿਹਾ ਕਿ ਇਕ ਸਾਧਾਰਨ ਆਦਮੀ ਗੜਲਤੀ ਕਰਦਾ ਹੈ ਤਾਂ ਉਸ ਦੀ ਪੜਤਾਲ ਹੁੰਦੀ ਹੈ। ਮੈਂ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਹੈੱਡਗ੍ਰੰਥੀ ਰਹਿ ਚੁੱਕਾ ਹਾਂ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਜਥੇਥਾਰ ਵੀ। ਬਾਵਜੂਦ ਇਸ ਦੇ ਮੇਰੇ ਖ਼ਿਲਾਫ਼ ਬਿਨਾਂ ਕਿਸੇ ਜਾਂਚ-ਪੜਤਾਲ ਦੇ ਇਹ ਕਾਰਵਾਈ ਕੀਤੀ ਗਈ। 2015 ਵਿਚ ਜਦੋਂ ਅਕਸ਼ੈ ਕੁਮਾਰ ਦੇ ਘਰੋਂ ਚਿੱਠੀ ਲਿਆਉਣ ਵਿਚ ਮੇਰਾ ਨਾਂ ਜੁੜ ਰਿਹਾ ਹੈ, ਉਦੋਂ ਤੋਂ ਮੈਂ ਮਾਨਸਿਕ ਤੌਰ ‘ਤੇ ਪੀੜ ਸਹਿ ਰਿਹਾ ਹਾਂ। 16 ਸਤੰਬਰ ਨੂੰ ਮੈਨੂੰ ਗੱਡੀ ਵਿਚ ਬਿਠਾ ਕੇ ਬਾਦਲ ਦੇ ਘਰ ਲਿਜਾਇਆ ਗਿਆ ਸੀ। ਉਥੇ ਮੇਰੇ ‘ਤੇ ਦਬਾਅ ਬਣਾਇਆ ਗਿਆ ਪਰ ਮੈਂ ਕੌਮ ਦੇ ਪੱਖ ਵਿਚ ਰਿਹਾ, ਬਾਦਲਾਂ ਦੇ ਨਹੀਂ। ਇਸ ਲਈ ਮੇਰਾ ਨਾਂ ਚਿੱਠੀ ਰਾਹੀਂ ਬਦਨਾਮ ਕੀਤਾ ਗਿਆ। ਮੈਂ ਗਿਆਨੀ ਗੁਰਬਚਨ ਸਿੰਘ ਤੇ ਸੁਖਬੀਰ ਸਿੰਘ ਬਾਦਲ ਨੂੰ ਵਾਰ ਵਾਰ ਕਿਹਾ ਕਿ ਚਿੱਠੀ ਲਿਆਉਣ ਵਾਲੇ ਦਾ ਨਾਂ ਜ਼ਾਹਰ ਕੀਤਾ ਜਾਵੇ, ਪਰ ਮੇਰੀ ਗੱਲ ਨਹੀਂ ਸੁਣੀ ਗਈ। ਜੇਕਰ ਸ਼੍ਰੋਮਣੀ ਕਮੇਟੀ ਪ੍ਰਦਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਗੁਰਬਚਨ ਸਿੰਘ ਵਿਚ ਥੋੜੀ ਜਿਹੀ ਵੀ ਮਰਿਆਦਾ ਬਚੀ ਹੈ ਤਾਂ ਦਿਲ ‘ਤੇ ਹੱਥ ਰੱਖ ਕੇ ਦੱਸਣ ਕਿ ਚਿੱਠੀ ਕੌਣ ਲੈ ਕੇ ਆਇਆ ਸੀ। (ਇਹ ਚਿੱਠੀ ਡੇਰਾਮੁਖੀ ਦੇ ਮੁਆਫ਼ੀ ਨਾਮੇ ਨੂੰ ਲੈ ਕੇ ਸੀ। ਇਸ ਵਿਚ ਹਾਲੇ ਸਾਫ਼ ਨਹੀਂ ਹੋ ਸਕਿਆ ਹੈ ਕਿ ਇਸ ਨੂੰ ਲੈ ਕੇ ਕੌਣ ਆਇਆ ਸੀ।)
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬੀਤੇ ਦਿਨ 17 ਅਪ੍ਰੈਲ ਨੂੰ ਜਦੋਂ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ ਸੀ ਤਾਂ ਭਾਈ ਗੁਰਮੁਖ ਸਿੰਘ ਇਸ ਇਕੱਤਰਤਾ ਵਿੱਚ ਸ਼ਾਮਲ ਨਹੀਂ ਹੋਏ ਸਨ। ਉਨ੍ਹਾਂ ਇਕ ਪੱਤਰਕਾਰ ਸੰਮੇਲਨ ਵਿੱਚ ਦੋਸ਼ ਲਾਇਆ ਸੀ ਕਿ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣ ਦਾ ਫੈਸਲਾ ਸਿਆਸੀ ਪ੍ਰਭਾਵ ਹੇਠ ਕੀਤਾ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਸੀ ਕਿ ਸ੍ਰੀ ਅਕਾਲ ਤਖ਼ਤ ਤੋਂ ਕਈ ਫੈਸਲੇ ਸਿਆਸੀ ਪ੍ਰਭਾਵ ਹੇਠ ਕੀਤੇ ਜਾਂਦੇ ਹਨ। ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਸੀ। ਇਨ੍ਹਾਂ ਦੋਸ਼ਾਂ ਸਬੰਧੀ ਪੁੱਛਿਆ ਤਾਂ ਉਨ੍ਹਾਂ ਇਸ ਮਾਮਲੇ ਉਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਪੀਐਚ ਡੀ ਦੇ ਵਿਦਿਆਰਥੀ ਹਨ ਭਾਈ ਹਰਪ੍ਰੀਤ ਸਿੰਘ :
ਸ੍ਰੀ ਮੁਕਤਸਰ ਸਾਹਿਬ : ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਕਾਰਜਕਾਰੀ ਜਥੇਦਾਰੀ ਦਾ ਵਾਧੂ ਭਾਰ ਸੰਭਾਲਣ ਜਾ ਰਹੇ ਭਾਈ ਹਰਪ੍ਰੀਤ ਸਿੰਘ, ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵਿਖੇ 1999 ਤੋਂ ਮੁੱਖ ਗ੍ਰੰਥੀ ਦੀ ਜ਼ਿੰਮੇਵਾਰੀ ਨਿਭਾਉਣ ਦੇ ਨਾਲ ਨਾਲ ਅਕਾਦਮਿਕ ਪੱਖੋਂ ਵੀ ਉੱਚ ਯੋਗਤਾ ਪ੍ਰਾਪਤ ਹਨ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੁਰਾਨ ਸ਼ਰੀਫ ਦੇ ਧਾਰਮਿਕ ਸੰਸਕਾਰਾਂ ਸਬੰਧੀ ਪੀਐਚਡੀ ਕਰ ਰਹੇ ਹਨ। ਉਨ੍ਹਾਂ ਇਸ ਤੋਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਧਰਮ ਸ਼ਾਸਤਰ ਵਿੱਚ ਐਮਏ ਤੇ ਡਿਪਲੋਮਾ ਕੀਤਾ ਹੋਇਆ ਹੈ।

ਮੁਤਵਾਜ਼ੀ ਜਥੇਦਾਰਾਂ ਨੇ ਝੀਂਡਾ, ਨਲਵੀ ਤੇ ਚੱਠਾ ਨੂੰ ਪੰਥ ‘ਚੋਂ ਛੇਕਣ ਸਬੰਧੀ ਹੁਕਮਨਾਮਾ ਰੱਦ ਕੀਤਾ
ਡੇਰਾ ਸਿਰਸਾ ਜਾਣ ਵਾਲੇ ਸਿਆਸੀ ਆਗੂਆਂ ਬਾਰੇ ਫੈਸਲਾ 8 ਮਈ ਨੂੰ
ਅੰਮ੍ਰਿਤਸਰ/ਬਿਊਰੋ ਨਿਊਜ਼ :
ਸਰਬੱਤ ਖਾਲਸਾ ਦੁਆਰਾ ਥਾਪੇ ਮੁਤਵਾਜ਼ੀ ਜਥੇਦਾਰਾਂ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਵੋਟਾਂ ਖਾਤਰ ਡੇਰਾ ਸਿਰਸਾ ਜਾਣ ਵਾਲੇ ਸਿਆਸੀ ਆਗੂਆਂ ਬਾਰੇ ਫੈਸਲਾ 8 ਮਈ ਨੂੰ ਸੁਣਾਏ ਜਾਣ ਦਾ ਐਲਾਨ ਕੀਤਾ ਗਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਇਕੱਤਰਤਾ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਜਗਮੀਤ ਸਿੰਘ ਅਤੇ ਭਾਈ ਮੇਜਰ ਸਿੰਘ ਸ਼ਾਮਲ ਸਨ।  ਉਨ੍ਹਾਂ ਕਿਹਾ ਕਿ ਅਜੇ ਤੱਕ ਉਨ੍ਹਾਂ ਨਾਲ ਕਿਸੇ ਵੀ ਸਬੰਧਤ ਸਿਆਸੀ ਆਗੂ ਨੇ ਸਪਸ਼ਟੀਕਰਨ ਲਈ ਸੰਪਰਕ ਨਹੀਂ ਕੀਤਾ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੁ ਜਗਦੀਸ਼ ਸਿੰਘ ਝੀਂਡਾ ਵੱਲੋਂ ਦਿੱਤੀ ਦਰਖਾਸਤ ਅਤੇ ਸਪਸ਼ਟੀਕਰਨ ‘ਤੇ ਵਿਚਾਰ ਕਰਦਿਆਂ ਜਥੇਦਾਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ 16 ਜੁਲਾਈ, 2014 ਦਾ ਉਹ ਹੁਕਮਨਾਮਾ ਹੀ ਰੱਦ ਕਰਨ ਦਾ ਐਲਾਨ ਕੀਤਾ, ਜਿਸ ਤਹਿਤ ਹਰਿਆਣਾ ਦੇ ਸਿੱਖ ਆਗੂਆਂ ਸ. ਝੀਂਡਾ, ਹਰਮੋਹਿੰਦਰ ਸਿੰਘ ਚੱਠਾ ਅਤੇ ਦੀਦਾਰ ਸਿੰਘ ਨਲਵੀ ਨੂੰ ਪੰਥ ਵਿਚੋਂ ਛੇਕ ਦਿੱਤਾ ਗਿਆ ਸੀ। ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਨੇ ਕਿਹਾ ਕਿ ਜਥੇਦਾਰ ਝੀਂਡਾ ਲੰਬੇ ਸਮੇਂ ਤੋਂ ਵੱਖਰੀ ਹਰਿਆਣਾ ਗੁਰਦੁਆਰਾ ਕਮੇਟੀ ਦੀ ਸਥਾਪਨਾ ਲਈ ਸ਼ਾਂਤਮਈ ਸੰਘਰਸ਼ ਕਰ ਰਹੇ ਸਨ ਪਰ ਬਾਦਲ ਪਰਿਵਾਰ ਦੇ ਇਸ਼ਾਰਿਆਂ ‘ਤੇ ਜਥੇਦਾਰਾਂ ਨੇ ਝੀਂਡਾ ਤੇ ਬਾਕੀ ਦੋ ਆਗੂਆਂ ਨੂੰ ਸਿਆਸੀ ‘ਤੇ ਨਿੱਜੀ ਰੰਜਿਸ਼ ਤਹਿਤ ਪੰਥ ਵਿਚੋਂ ਹੀ ਛੇਕ ਦਿੱਤਾ।

ਦਮਦਮਾ ਸਾਹਿਬ ਦੇ ਬਹੁਤੇ ਜਥੇਦਾਰ ਵਿਵਾਦਾਂ ਵਿੱਚ ਹੀ ਰਹੇ
ਬਠਿੰਡਾ/ ਚਰਨਜੀਤ ਭੁੱਲਰ :
ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਕਿਸੇ ਨਾ ਕਿਸੇ ਰੂਪ ਵਿੱਚ ਵਿਵਾਦਾਂ ਵਿੱਚ ਹੀ ਘਿਰੇ ਰਹੇ ਹਨ। ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਦੀ ਛੁੱਟੀ ਕਰ ਦਿੱਤੀ ਗਈ।
ਗਿਆਨੀ ਗੁਰਮੁਖ ਸਿੰਘ ਨੂੰ ਜਨਵਰੀ 2015 ਵਿੱਚ ਕਾਰਜਕਾਰੀ ਜਥੇਦਾਰ ਲਾਇਆ ਗਿਆ ਸੀ। ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣ ਦੇ ਮਾਮਲੇ ਤੋਂ ਜਥੇਦਾਰ ਨੇ ਹੁਣ ਅਕਾਲੀ ਲੀਡਰਸ਼ਿਪ ਖ਼ਿਲਾਫ਼ ਬਾਗ਼ੀ ਰੁਖ਼ ਅਖਤਿਆਰ ਕਰ ਲਿਆ ਸੀ। ਚੋਣਾਂ ਤੋਂ ਪਹਿਲਾਂ ਉਨ੍ਹਾਂ ਡੇਰਾ ਸਿਰਸਾ ਗਏ ਸਿਆਸਤਦਾਨਾਂ ਦੇ ਮਾਮਲੇ ‘ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਸੀ। ਤਿੰਨ ਦਿਨ ਪਹਿਲਾਂ ਉਨ੍ਹਾਂ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਦਾ ਬਾਈਕਾਟ ਕਰ ਦਿੱਤਾ ਸੀ। ਅਖੀਰ ਅੰਤ੍ਰਿੰਗ ਕਮੇਟੀ ਨੇ ਹੁਣ ਉਨ੍ਹਾਂ ਨੂੰ ਜਥੇਦਾਰੀ ਤੋਂ ਲਾਂਭੇ ਕਰ ਦਿੱਤਾ। ਉਨ੍ਹਾਂ ਤੋਂ ਪਹਿਲੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਵੀ 17 ਜਨਵਰੀ 2015 ਨੂੰ ਜਥੇਦਾਰੀ ਤੋਂ ਹਟਾਇਆ ਗਿਆ ਸੀ। ਸ੍ਰੀ ਨੰਦਗੜ੍ਹ ਨੇ ਸਾਲ 2002 ਵਿੱਚ ਜਥੇਦਾਰੀ ਸੰਭਾਲੀ ਸੀ। ਉਨ੍ਹਾਂ ਵੱਲੋਂ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਦੇ ਮਾਮਲੇ ਉਤੇ ਲਏ ਸਟੈਂਡ ਮਗਰੋਂ ਬਖੇੜਾ ਖੜ੍ਹਾ ਹੋ ਗਿਆ ਸੀ। ਉਨ੍ਹਾਂ ਡੇਰਾ ਸਿਰਸਾ ਮੁਖੀ ਖ਼ਿਲਾਫ਼ ਵੀ ਸਖ਼ਤ ਸਟੈਂਡ ਲਿਆ ਸੀ। ਸ਼੍ਰੋਮਣੀ ਕਮੇਟੀ ਨੇ ਅਖੀਰ ਉਨ੍ਹਾਂ ਨੂੰ ਵੀ ਜਥੇਦਾਰੀ ਤੋਂ ਹਟਾ ਦਿੱਤਾ ਸੀ।
ਨੰਦਗੜ੍ਹ ਤੋਂ ਪਹਿਲੇ ਜਥੇਦਾਰ ਗਿਆਨੀ ਕੇਵਲ ਸਿੰਘ ਆਪਣੇ ਪਰਿਵਾਰਕ ਮਾਮਲੇ ਵਿੱਚ ਉਲਝਣ ਕਰ ਕੇ ਅਸਤੀਫ਼ਾ ਦੇ ਗਏ ਸਨ। ਉਨ੍ਹਾਂ ਦੇ ਅਸਤੀਫ਼ੇ ਮਗਰੋਂ ਪ੍ਰੋ. ਮਨਜੀਤ ਸਿੰਘ ਨੂੰ ਵਾਧੂ ਚਾਰਜ ਦਿੱਤਾ ਗਿਆ ਸੀ ਅਤੇ ਉਸ ਮਗਰੋਂ ਜਥੇਦਾਰ ਨੰਦਗੜ੍ਹ ਨੂੰ ਤਾਇਨਾਤ ਕੀਤਾ ਗਿਆ ਸੀ। ਸੂਤਰ ਆਖਦੇ ਹਨ ਕਿ ਦਮਦਮਾ ਸਾਹਿਬ ਦੇ ਜਥੇਦਾਰ ਵਿਵਾਦਤ ਹੀ ਰਹੇ ਹਨ।
ਸ਼੍ਰੋਮਣੀ ਕਮੇਟੀ ਮੈਂਬਰ ਮੋਹਨ ਸਿੰਘ ਬੰਗੀ ਦਾ ਕਹਿਣਾ ਹੈ ਕਿ ਗਿਆਨੀ ਗੁਰਮੁਖ ਸਿੰਘ ਡੇਰਾ ਸਿਰਸਾ ਦੇ ਮੁਖੀ ਦੇ ਮੁਆਫ਼ੀ ਦੇ ਮਾਮਲੇ ਉਤੇ ਪਹਿਲਾਂ ਕਿਉਂ ਚੁੱਪ ਰਹੇ। ਸਿੱਖ ਵਿਦਵਾਨ ਪ੍ਰਿੰਸੀਪਲ ਅਮਰਜੀਤ ਸਿੰਘ ਨੇ ਕਿਹਾ ਕਿ ਪੰਥਕ ਮੁੱਦਿਆਂ ‘ਤੇ ਤਖ਼ਤ ਦਮਦਮਾ ਸਾਹਿਬ ਦੀ ਭੂਮਿਕਾ ਪੰਥ ਹਿਤੈਸ਼ੀ ਰਹੀ ਹੈ ਅਤੇ ਇੱਥੋਂ ਵੱਡੇ ਵੱਡੇ ਫੈਸਲੇ ਹੁੰਦੇ ਰਹੇ ਹਨ। ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰਾਂ ਦੀ ਸੁਰ ਵੱਖਰੀ ਰਹੀ ਹੈ, ਜੋ ਮੌਕੇ ‘ਤੇ ਕਾਬਜ਼ ਧਿਰ ਨੂੰ ਪ੍ਰਵਾਨ ਨਹੀਂ ਹੁੰਦੀ, ਜਿਸ ਕਰ ਕੇ ਜਥੇਦਾਰ ਤਬਦੀਲ ਕੀਤੇ ਜਾਂਦੇ ਰਹੇ ਹਨ।