ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਮਲਾ ਬਨਾਮ ਗੈਂਗਸਟਰਾਂ ਦੀ ਦਹਿਸ਼ਤ

ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਮਲਾ  ਬਨਾਮ ਗੈਂਗਸਟਰਾਂ ਦੀ ਦਹਿਸ਼ਤ

ਪੰਜਾਬ ਵਿਚ ਇਸ ਸਮੇਂ  ਗੈਂਗਸਟਰਾਂ ਦਾ ਬੋਲਬਾਲਾ 

ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਚਰਚਾ ਪੰਜਾਬ ਸਮੇਤ ਦੇਸ਼-ਵਿਦੇਸ਼ ਵਿਚ ਵੱਡੀ ਪੱਧਰ 'ਤੇ ਹੋਈ ਹੈ। ਇਸ ਕਤਲ ਸੰਬੰਧੀ ਹਾਲੇ ਪੂਰਾ ਵਿਸਥਾਰ ਤਾਂ ਸਾਹਮਣੇ ਨਹੀਂ ਆਇਆ ਪਰ ਵਾਪਰੇ ਘਟਨਾਕ੍ਰਮ ਤੋਂ ਇਹ ਗੱਲ ਜ਼ਰੂਰ ਸਪੱਸ਼ਟ ਹੋ ਗਈ ਹੈ ਕਿ ਇਹ ਦੁਸ਼ਮਣੀ ਦਾ ਮਾਮਲਾ ਹੈ। ਸੂਚਨਾ ਅਨੁਸਾਰ ਮੂਸੇਵਾਲਾ ਨੂੰ ਪਿਛਲੇ ਕੁਝ ਸਮੇਂ ਤੋਂ ਧਮਕੀਆਂ ਵੀ ਮਿਲਦੀਆਂ ਰਹੀਆਂ ਸਨ। ਇਨ੍ਹਾਂ ਲਈ ਕੁਝ ਅਪਰਾਧਕ ਗਰੋਹਾਂ ਦਾ ਨਾਂਅ ਵੀ ਲਿਆ ਜਾਂਦਾ ਰਿਹਾ ਹੈ। ਮੁਜਰਮਾਂ ਨੂੰ ਕਾਬੂ ਕੀਤੇ ਜਾਣ ਤੋਂ ਬਾਅਦ ਹੀ ਇਸ ਦੇ ਸਹੀ ਕਾਰਨਾਂ ਦਾ ਪਤਾ ਲਗਾਇਆ ਜਾ ਸਕੇਗਾ ਇਥੇ ਜਿਕਰਯੋਗ ਹੈ ਕਿ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ 2 ਦਰਜਨ ਤੋਂ ਵਧੇਰੇ ਗੋਲੀਆਂ ਲੱਗੀਆਂ ਹਨ। ਇਹ ਖ਼ੁਲਾਸਾ ਪੋਸਟਮਾਰਟਮ ਤੋਂ ਬਾਅਦ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਹਮਲਾਵਰਾਂ ਨੇ 40 ਦੇ ਕਰੀਬ ਫਾਇਰ ਦਾਗੇ ਸਨ। ਮੁੱਖ ਮੰਤਰੀ ਦੀ ਪਹਿਲਕਦਮੀ ਨਾਲ ਜਿੱਥੇ ਹੱਤਿਆ ਦੀ ਜਾਂਚ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ ਉਥੇ ਡੀ.ਜੀ.ਪੀ. ਪੰਜਾਬ ਨੇ ਸਪੱਸ਼ਟੀਕਰਨ ਦਿੱਤਾ ਕਿ ਸਿੱਧੂ ਦਾ ਗੈਂਗਵਾਰ ਨਾਲ ਕੋਈ ਸੰਬੰਧ ਨਹੀਂ ਸੀ ਉਪਰੰਤ ਪਰਿਵਾਰ ਦੀ ਸਹਿਮਤੀ ਨਾਲ ਡਾਕਟਰਾਂ ਦੀ 5 ਮੈਂਬਰੀ ਟੀਮ ਵਲੋਂ ਪੋਸਟਮਾਰਟਮ ਕੀਤਾ ਗਿਆ। ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ,ਗਾਇਕ ਮੁਹੰਮਦ ਸਦੀਕ, ਗਿੱਪੀ ਗਰੇਵਾਲ, ਆਰ.ਨੇਤ, ਕੋਰਾਲਾ ਮਾਨ, ਅਫਸਾਨਾ ਖ਼ਾਨ ਤੇ ਹੋਰ ਕਈ ਗਾਇਕ ਪਿੰਡ ਮੂਸਾ ਵਿਖੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਪਹੁੰਚੇ।  

ਪੰਜਾਬ ਵਿਚ ਇਸ ਸਮੇਂ  ਗੈਂਗਸਟਰਾਂ ਦਾ ਬੋਲਬਾਲਾ ਹੈ। ਆਪਸੀ ਲੜਾਈ ਦੀਆਂ ਵੀ ਅਕਸਰ ਖ਼ਬਰਾਂ ਮਿਲਦੀਆਂ ਰਹੀਆਂ ਹਨ, ਜਿਨ੍ਹਾਂ ਦਾ ਨਤੀਜਾ ਆਪਸੀ ਖ਼ੂਨ-ਖ਼ਰਾਬੇ ਵਿਚ ਹੀ ਨਿਕਲਦਾ ਰਿਹਾ ਹੈ। ਚਿੰਤਾ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਦਾ ਜਾਲ ਸੂਬੇ ਵਿਚ ਹੀ ਨਹੀਂ ਸਗੋਂ ਵੱਡੀ ਪੱਧਰ 'ਤੇ ਹੋਰ ਵੀ ਕਈ ਰਾਜਾਂ ਤੇ ਵਿਦੇਸ਼ਾਂ ਤੱਕ ਵੀ ਫੈਲ ਚੁੱਕਿਆ ਹੈ। ਇਥੋਂ ਤੱਕ ਕਿ ਬਹੁਤ ਸਾਰੇ ਅਜਿਹੇ ਅਪਰਾਧੀ ਜੇਲ੍ਹਾਂ ਵਿਚ ਬੈਠੇ ਵੀ ਆਪਣੀ ਸਰਗਰਮੀ ਮੁਤਾਬਿਕ ਹਦਾਇਤਾਂ ਦਿੰਦੇ ਰਹਿੰਦੇ ਹਨ, ਜਿਸ ਕਰਕੇ ਪੰਜਾਬ ਵਿਚ ਅਸ਼ਾਂਤੀ ਦਾ ਮਾਹੌਲ ਹੈ।

 ਇਸ ਕਤਲ ਕਾਰਣ ਪੰਜਾਬ ਸਰਕਾਰ ਨੂੰ ਵੀ ਵੱਡੀ ਨਮੋਸ਼ੀ ਝੱਲਣੀ ਪਈ ਹੈ। ਇਸ ਦਾ ਇਕ ਕਾਰਨ ਬਹੁਤ ਸਾਰੇ ਵਿਅਕਤੀਆਂ ਦੀ ਸਰਕਾਰੀ ਸੁਰੱਖਿਆ ਛਤਰੀ ਘਟਾਉਣ ਜਾਂ ਵਾਪਸ ਲੈਣ ਦੇ ਨਾਲ-ਨਾਲ ਸਰਕਾਰ ਨੇ ਆਪ ਇਸ ਖ਼ਬਰ ਨੂੰ ਮੀਡੀਏ ਵਿਚ ਨਸ਼ਰ ਕਰ ਦਿੱਤਾ ਸੀ ਅਤੇ ਆਪ ਹੀ ਉਨ੍ਹਾਂ ਨਾਵਾਂ ਦਾ ਵੀ ਖੁਲਾਸਾ ਕਰ ਦਿੱਤਾ ਸੀ, ਜਿਨ੍ਹਾਂ ਨਾਲੋਂ ਸੁਰੱਖਿਆ ਕਰਮੀ ਹਟਾਏ ਗਏ ਸਨ। ਸਿੱਧੂ ਮੂਸੇਵਾਲਾ ਨੂੰ ਵੀ 4 ਪੁਲਿਸ ਸੁਰੱਖਿਆ ਕਰਮੀ ਦਿੱਤੇ ਗਏ ਸਨ, ਜਿਨ੍ਹਾਂ ਵਿਚੋਂ ਦੋ ਨੂੰ ਵਾਪਸ ਬੁਲਾਇਆ ਗਿਆ ਸੀ ਪਰ ਵਾਰਦਾਤ ਸਮੇਂ ਉਸ ਨੇ ਆਪਣੇ ਨਾਲ ਬਾਕੀ ਦੋ ਪੁਲਿਸ ਗਾਰਡਾਂ ਨੂੰ ਵੀ ਨਹੀਂ ਸੀ ਰੱਖਿਆ ਹੋਇਆ। ਇਸ ਮੌਕੇ ਦਾ ਲਾਭ ਉਠਾਉਂਦੇ ਹੋਏ ਉਸ ਦੇ ਦੁਸ਼ਮਣਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਕਤਲ ਪੰਜਾਬ ਦੀ ਲਗਾਤਾਰ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਉਪਰ ਪ੍ਰਸ਼ਨ ਚਿੰਨ  ਹੈ।ਕਾਂਗਰਸ ,ਭਾਜਪਾ ਤੇ ਅਕਾਲੀ ਦਲ ਤੇ ਕੁਝ ਹੋਰ ਪਾਰਟੀਆਂ ਨੇ ਸਰਕਾਰ ਦੀ ਅਣਗਹਿਲੀ ਕਰਕੇ ਉਸ ਤੋਂ ਅਸਤੀਫ਼ਾ ਦੇਣ ਦੀ ਮੰਗ ਵੀ ਕੀਤੀ ਹੈ। 

 ਪੰਜਾਬ ਸਰਕਾਰ ਵਲੋਂ 424 ਪ੍ਰਮੁੱਖ ਸ਼ਖ਼ਸੀਅਤਾਂ ਤੋਂ ਵਾਪਸ ਤੇ ਘਟਾਈ ਗਈ ਸੁਰੱਖਿਆ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਜੁਆਬ ਦੇਣ ਲਈ ਕਿਹਾ ਹੈ ਕਿ ਇਨ੍ਹਾਂ ਦੀ ਸੁਰੱਖਿਆ ਕਿਸ ਅਧਾਰ 'ਤੇ ਵਾਪਸ ਲਈ ਗਈ ਹੈ। ਇਸ ਜੁਆਬ ਦੀ ਜਾਣਕਾਰੀ ਅਗਲੀ ਸੁਣਵਾਈ ਦੌਰਾਨ 2 ਜੂਨ ਨੂੰ ਸੀਲਬੰਦ ਕਵਰ 'ਵਿਚ ਦੇਣ ਲਈ ਕਿਹਾ ਗਿਆ ਹੈ ਤੇ ਨਾਲ ਦੱਸਿਆ ਜਾਵੇ ਕਿ ਜਿਨ੍ਹਾਂ ਲੋਕਾਂ ਦੀ ਸੁਰੱਖਿਆ ਵਾਪਸ ਲਈ ਗਈ ਹੈ, ਉਨ੍ਹਾਂ ਦੀ ਸੂਚੀ ਜਨਤਕ ਕਿਵੇਂ ਹੋਈ? ਹਾਈਕੋਰਟ ਨੇ ਇਹ ਹੁਕਮ ਸਾਬਕਾ ਕਾਂਗਰਸੀ ਵਿਧਾਇਕ ਅਤੇ ਮੰਤਰੀ ਓ.ਪੀ. ਸੋਨੀ ਵਲੋਂ ਆਪਣੀ ਸੁਰੱਖਿਆ 'ਵਿਚ ਕਟੌਤੀ ਖ਼ਿਲਾਫ਼ ਦਾਇਰ ਇਕ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਦਿੱਤੇ ਹਨ। ਹਾਈਕੋਰਟ ਦਾ ਇਹ ਫੈਸਲਾ ਆਪ ਸਰਕਾਰ ਦੀ ਕਾਰਗੁਜ਼ਾਰੀ ਉਪਰ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ।

ਪੰਜਾਬ ਪੁਲੀਸ ਲਈ ਵਿਦੇਸ਼ਾਂ ’ਵਿਚ ਬੈਠੇ ਗੈਂਗਸਟਰਾਂ ਵੱਲੋਂ ਸੂਬੇ ਵਿੱਚ ਭਾੜੇ ਦੇ ਕਾਤਲਾਂ ਰਾਹੀਂ ਚਲਾਈਆਂ ਜਾ ਰਹੀਆਂ ਅਪਰਾਧਿਕ ਗਤੀਵਿਧੀਆਂ ਨੂੰ ਨੱਥ ਪਾਉਣਾ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ। ਪੁਲੀਸ ਨੇ ਚਰਚਿਤ ਗਾਇਕ ਤੇ ਨੌਜਵਾਨਾਂ ’ਵਿਚ ਮਕਬੂਲ ਸਿੱਧੂ ਮੂਸੇਵਾਲਾ ਦੇ ਕਤਲ ਦੀਆਂ ਤਾਰਾਂ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਤਾਂ ਜੋੜ ਦਿੱਤੀਆਂ ਹਨ ਪਰ ਅਸਲ ਕਾਤਲਾਂ ਨੂੰ ਹੱਥ ਪਾਉਣਾ ਆਪ ਸਰਕਾਰ ਲਈ ਮੁਸ਼ਕਲ ਹੋਇਆ ਪਿਆ ਹੈ।ਪੰਜਾਬ ਵਿੱਚ ‘ਆਪ’ ਸਰਕਾਰ ਦੇ ਗਠਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਦੇ ਗਠਨ ਦਾ ਐਲਾਨ ਕੀਤਾ ਸੀ। ਸੂਤਰਾਂ ਮੁਤਾਬਕ ਏਜੀਟੀਐੱਫ ਦੇ ਗਠਨ ਦਾ ਨੋਟੀਫਿਕੇਸ਼ਨ ਜਾਰੀ ਕਰਨ ਲਈ ਪੁਲੀਸ ਵੱਲੋਂ ਸਰਕਾਰ ਨੂੰ ਭੇਜਿਆ ਗਿਆ ਪ੍ਰਸਤਾਵ ਅਜੇ ਤੱਕ ਸਿਰੇ ਨਹੀਂ ਚੜ੍ਹਿਆ ਹੈ। ਪੰਜਾਬ ਵਿੱਚ ਵਿਦੇਸ਼ਾਂ ਤੋਂ ਗਤੀਵਿਧੀਆਂ ਚਲਾ ਰਹੇ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਰਾਜ ਸਰਕਾਰ ਪੂਰੀ ਤਰ੍ਹਾਂ ਕੇਂਦਰ ਸਰਕਾਰ ’ਤੇ ਨਿਰਭਰ ਹੈ। ਇਸ ਮਾਮਲੇ ਵਿੱਚ ਕੋਈ ਵੀ ਸਫਲਤਾ ਨਹੀਂ ਮਿਲ ਰਹੀ। ਸੂਤਰਾਂ ਮੁਤਾਬਕ ਪੁਲੀਸ ਅਧਿਕਾਰੀਆਂ ਵੱਲੋਂ ਸੂਬੇ ਦੇ ਗ੍ਰਹਿ ਵਿਭਾਗ ਰਾਹੀਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੰਜਾਬ ’ਵਿਚ ਅਪਰਾਧਿਕ ਗਤੀਵਿਧੀਆਂ ਚਲਾ ਰਹੇ ਗੈਂਗਸਟਰਾਂ ਨੂੰ ਭਾਰਤ ਲਿਆਉਣ ਲਈ ਪੱਤਰ ਵਿਹਾਰ ਕਈ ਵਾਰੀ ਕੀਤਾ ਹੈ ਪਰ ਕੁੱਝ ਵੀ ਹੱਥ ਪੱਲੇ ਨਹੀਂ ਪਿਆ।

 ਰਜਿੰਦਰ ਸਿੰਘ ਪੁਰੇਵਾਲ