ਨਸ਼ਿਆਂ ਦੀ ਦਲਦਲ ਵਿੱਚ ਫਸੇ ਸਕੂਲੀ ਵਿਦਿਆਰਥੀ
*ਤਸਕਰਾਂ ਦੇ ਧੱਕੇ ਚੜ੍ਹ ਕੇ ਕੋਰੀਅਰ ਵਜੋਂ ਉਨ੍ਹਾਂ ਦਾ ਮਾਲ ਇੱਕ ਥਾਂ ਤੋਂ ਦੂਜੀ ਥਾਂ ’ਤੇ ਪਹੁੰਚਾਉਣ ਲਈ ਕੰਮ ਕਰਨ ਲੱਗੇ
* ਅੰਮ੍ਰਿਤਸਰ ਵਿਖੇ 75 ਕਰੋੜ ਦੀ ਹੈਰੋਇਨ ਅਤੇ 8.40 ਲੱਖ ਦੀ ਡਰੱਗ ਮਨੀ ਸਮੇਤ
ਨਾਬਾਲਿਗ ਲੜਕੇ ਨੂੰ ਗ੍ਰਿਫਤਾਰ ਕੀਤਾ
ਪੰਜਾਬ ਦੇ ਕੁਝ ਵਿਦਿਆਰਥੀ ਹੁਣ ਤੋਂ ਹੀ ਨਸ਼ਿਆਂ ਦੀ ਦਲਦਲ ਵਿੱਚ ਧਸ ਕੇ ਆਪਣੀ ਜ਼ਿੰਦਗੀ ਧੁਆਂਖ ਰਹੇ ਹਨ। ਕਈ ਵਾਰ ਮੌਕੇ ਸਿਰ ਪਤਾ ਨਾ ਲੱਗਣ ਕਰਕੇ ਉਨ੍ਹਾਂ ਦੀ ਸਿਰਫ ਪੜ੍ਹਾਈ ਹੀ ਅਧਵਾਟੇ ਨਹੀਂ ਰਹਿ ਜਾਂਦੀ, ਸਗੋਂ ਨਸ਼ੇ ਦੀ ਪੂਰਤੀ ਲਈ ਪਹਿਲਾਂ ਉਹ ਘਰੋਂ ਪੈਸੇ ਚੋਰੀ ਕਰਦੇ ਹਨ ਅਤੇ ਬਾਅਦ ਵਿੱਚ ਤਸਕਰਾਂ ਦੇ ਧੱਕੇ ਚੜ੍ਹ ਕੇ ਕੋਰੀਅਰ ਵਜੋਂ ਉਨ੍ਹਾਂ ਦਾ ਮਾਲ ਇੱਕ ਥਾਂ ਤੋਂ ਦੂਜੀ ਥਾਂ ’ਤੇ ਪਹੁੰਚਾਉਣ ਲਈ ਪਾਂਡੀ ਵਜੋਂ ਕੰਮ ਕਰਨ ਲੱਗ ਜਾਂਦੇ ਹਨ। ਇੰਜ ਇਹ ਨਾਬਾਲਗ ਨਸ਼ਿਆਂ ਦੇ ਨਾਲ-ਨਾਲ ਜੁਰਮ ਦੀ ਦੁਨੀਆਂ ਵਿੱਚ ਸਹਿਜੇ ਹੀ ਪਰਵੇਸ਼ ਕਰ ਜਾਂਦੇ ਹਨ। ਪੰਜਾਬ ਨਸ਼ਿਆਂ ਦੀ ਬੰਦਰਗਾਹ ਬਣ ਗਿਆ ਹੈ। ਅੱਜ ਪੰਜਾਬ ਅੰਦਰ ਹਰ ਰੋਜ਼ ਹੈਰੋਇਨ ਦੇ 355 ਪੈਕੇਟ ਆਉਂਦੇ ਹਨ, ਜਿਹਨਾਂ ਦੀ ਕੀਮਤ ਤਕਰੀਬਨ 2000 ਕਰੋੜ ਬਣਦੀ ਹੈ। ਨਸ਼ਿਆਂ ਦਾ ਏਨਾ ਵੱਡਾ ਕਾਰੋਬਾਰ ਹੁਣ ਦੇਖੀਏ ਤਾਂ ਇਹ ਕਿਸੇ ਵੀ ਤਰਾਂ ਸਰਕਾਰ, ਅਫਸਰਸ਼ਾਹੀ, ਸਰਹੱਦੀ ਸੁਰੱਖਿਆ ਕਰਮੀਆਂ ਦੀ ਮਿਲੀਭੁਗਤ ਤੋਂ ਬਿਨਾਂ ਕਿਸੇ ਤਰਾਂ ਵੀ ਸੰਭਵ ਨਹੀਂ।
ਬੀਤੇ ਦਿਨੀਂ ਫਿਲੌਰ ਵਿੱਚ 17 ਸਾਲਾਂ ਦਾ ਨਾਬਾਲਿਗ ਲੜਕਾ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਦਾ ਸ਼ਿਕਾਰ ਹੋ ਗਿਆ। ਮ੍ਰਿਤਕ ਨਸ਼ਈ ਲੜਕੇ ਦੇ ਮਹੱਲੇ ਵਿੱਚ ਹੀ ਨਸ਼ਾ ਤਸਕਰ ਧੜੱਲੇ ਨਾਲ ਨਸ਼ਾ ਵੇਚਦਾ ਸੀ। ਤਸਕਰ ਦੇ ਫਰਾਰ ਹੋਣ ਉਪਰੰਤ ਜਦੋਂ ਪੁਲਿਸ ਪੁੱਛ-ਪੜਤਾਲ ਲਈ ਉੱਥੇ ਪਹੁੰਚੀ ਤਾਂ ਉਸ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਨੇ ਦੁਖੀ ਹੋ ਕੇ ਦੱਸਿਆ ਕਿ ਇਸ ਤਸਕਰ ਕੋਲ ਸਵੇਰੇ ਹੀ ਸਕੂਲ ਦੇ ਵਿਦਿਆਰਥੀ ਮੋਢੇ ’ਤੇ ਬੈਗ ਲਟਕਾਈ ਆ ਜਾਂਦੇ ਸਨ। ਤਸਕਰ ਉਨ੍ਹਾਂ ਤੋਂ ਪੈਸੇ ਲੈ ਕੇ ਨਸ਼ੇ ਦੇ ਟੀਕੇ ਲਾਉਂਦਾ ਸੀ ਅਤੇ ਇਹ ਸਿਲਸਿਲਾ ਦੇਰ ਰਾਤ ਤਕ ਚਲਦਾ ਰਹਿੰਦਾ ਸੀ। ਲੋਕਾਂ ਨੇ ਇਹ ਵੀ ਪ੍ਰਗਟਾਵਾ ਕੀਤਾ ਕਿ ਜੇਕਰ ਉਸ ਤਸਕਰ ਵਿਰੁੱਧ ਕੋਈ ਬੋਲਦਾ ਸੀ ਤਾਂ ਗੁੰਡਿਆਂ ਨੂੰ ਨਾਲ ਲੈ ਕੇ ਉਸ ਨੂੰ ਮਾਰਨ ਦੀ ਧਮਕੀ ਦੇ ਕੇ ਚੁੱਪ ਕਰਵਾ ਦਿੱਤਾ ਜਾਂਦਾ ਸੀ।
ਇਸ ਤਰ੍ਹਾਂ ਹੀ ਸਿਧਵਾਂ ਬੇਟ ਦੇ 11ਵੀਂ ਵਿੱਚ ਪੜ੍ਹਦੇ ਨਾਬਾਲਿਗ ਕਬੱਡੀ ਖਿਡਾਰੀ ਦੀ ਓਵਰਡੋਜ਼ ਨਾਲ ਮੌਤ, ਪਟਿਆਲਾ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਨਾਬਾਲਿਗ ਦਾ ਮੌਤ ਦੀ ਝੋਲੀ ਵਿੱਚ ਪੈਣਾ ਬਦਸ਼ਗਨੀ ਦੀਆਂ ਨਿਸ਼ਾਨੀਆਂ ਹਨ। ਨਾਬਾਲਿਗ ਲੜਕਿਆਂ ਨੂੰ ਪੜ੍ਹਾਈ ਵਾਲੇ ਰਸਤਿਉਂ ਮੋੜ ਕੇ ਨਸ਼ਾ ਤਸਕਰੀ ਅਤੇ ਜੁਰਮ ਦੀ ਦੁਨੀਆਂ ਵਿੱਚ ਧੱਕਣ ਲਈ ਸਮਾਜ-ਦੋਖ਼ੀ ਹਰ ਸੰਭਵ ਯਤਨ ਕਰਦੇ ਹਨ।
ਪਿਛਲੇ ਦਿਨੀਂ ਅੰਮ੍ਰਿਤਸਰ ਵਿੱਚ 75 ਕਰੋੜ ਦੀ ਹੈਰੋਇਨ ਅਤੇ 8.40 ਲੱਖ ਦੀ ਡਰੱਗ ਮਨੀ ਸਮੇਤ ਨਾਬਾਲਿਗ ਲੜਕੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤਰ੍ਹਾਂ ਦੇ ਅਨੇਕਾਂ ਹੋਰ ਕੇਸਾਂ ਵਿੱਚ ਨਾਬਾਲਿਗਾਂ ਦੇ ਨਸ਼ਿਆਂ ਰਾਹੀਂ ਜੁਰਮ ਦੀ ਦੁਨੀਆਂ ਵਿੱਚ ਸ਼ਾਮਲ ਹੋਣ ਦੇ ਕਈ ਕਿਸੇ ਜੱਗ ਜ਼ਾਹਿਰ ਹੋਏ ਹਨ।
ਇਸ ਸੰਬੰਧੀ ਡਾਕਟਰ ਮੋਹਨ ਸ਼ਰਮਾ ਦਾ ਕਹਿਣਾ ਹੈ ਕਿ ਇਸ ਬਾਰੇ ਗੰਭੀਰ ਹੋ ਕੇ ਚਿੰਤਨ ਕਰਨ ਦੀ ਲੋੜ ਹੈ ਕਿ ਅਜਿਹੇ ਮਾਤਮੀ ਮਾਹੌਲ ਲਈ ਜ਼ਿੰਮੇਵਾਰ ਕੌਣ ਹੈ? ਜੇਕਰ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਕਿਸੇ ਕਿਸਮ ਦੀ ਬੁਰਾਈ ਦਾ ਸ਼ਿਕਾਰ ਨਾ ਹੋਣ ਤਾਂ ਉਨ੍ਹਾਂ ਨੂੰ ਆਪ ਰੋਲ ਮਾਡਲ ਬਣ ਕੇ ਉਨ੍ਹਾਂ ਦੀ ਸੁਚੱਜੀ ਅਗਵਾਈ ਕਰਨੀ ਚਾਹੀਦੀ ਹੈ।ਐਦਾਂ ਹੀ ਅਧਿਆਪਕਾਂ ਦਾ ਰੋਲ ਸਿਰਫ਼ ਉਨ੍ਹਾਂ ਨੂੰ ਕਿਤਾਬੀ ਗਿਆਨ ਦੇਣਾ ਹੀ ਨਹੀਂ ਸਗੋਂ ਜ਼ਿੰਦਗੀ ਦਾ ਪਾਠ ਪੜ੍ਹਾਉਣਾ ਵੀ ਹੈ।ਸਮਾਜਿਕ ਤੌਰ ’ਤੇ ਲੋਕਾਂ ਨੇ ਵੀ ਜਵਾਨੀ ਨੂੰ ਸਿਵਿਆਂ ਦੇ ਰਾਹ ਤੋਂ ਬਚਾਉਣ ਲਈ ਲਾਮਬੱਧ ਹੋਣਾ ਸ਼ੁਰੂ ਕੀਤਾ ਹੈ। ਕਈ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਤਸਕਰਾਂ ਵਿਰੁੱਧ ਧਰਨੇ, ਮੁਜ਼ਾਹਰੇ, ਠੀਕਰੀ ਪਹਿਰੇ ਅਤੇ ਨਸ਼ਾ ਵੇਚਣ ਵਾਲਿਆਂ ਦੇ ਘਰ-ਘਰ ਜਾ ਕੇ ਚਿਤਾਵਣੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਪਿੰਡ ਮਚਾਕੀ ਜਿਸਨੇ ਡਰੱਗ ਸਮਗਲਰਾਂ ਨਾਲ ਟਕਰ ਲਈ ਤੇ ਨੌਜਵਾਨਾਂ ਦੇ ਨਸ਼ੇ ਛਡਾਏ
ਫਰੀਦਕੋਟ ਦੇ ਪਿੰਡ ਮਚਾਕੀ ਦੀ ਪੰਚਾਇਤ ਨੇ ਆਪਣੇ 22 ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢਣ ਲਈ ਪੂਰੀ ਵਾਹ ਲਾ ਦਿੱਤੀ ਤੇ ਨਸ਼ੇ ਸੌਦਾਗਰਾਂ ਨਾਲ ਵੀ ਲੜਾਈ ਲੜੀ ।ਪਿੰਡ ਮਚਾਕੀ ਕਲਾਂ ਦੀ ਪੰਚਾਇਤ ਨੇ ਸਭ ਤੋਂ ਪਹਿਲਾਂ ਨਸ਼ੇ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਲਈ ਪਿੰਡ ਵਿੱਚ ਹੀ ਇੱਕ ਕੇਂਦਰ ਖੋਲ੍ਹਿਆ ਗਿਆ।
ਇੱਥੇ ਉਨ੍ਹਾਂ ਨੂੰ ਰੁਝਿਆ ਰੱਖਣ ਲਈ ਇੰਟਰਨੈੱਟ ਅਤੇ ਟੀਵੀ ਲਗਾਇਆ ਗਿਆ, ਇੰਨਾ ਹੀ ਨਹੀਂ ਸੰਗੀਤ ਦਾ ਵੀ ਸਹਾਰਾ ਲਿਆ ਗਿਆ।ਸਰਪੰਚ ਗੁਰਸ਼ਵਿੰਦਰ ਸਿੰਘ ਨੇ ਦੱਸਿਆ, ''ਨਸ਼ਾ ਤੇਜ਼ੀ ਨਾਲ ਵੱਧ ਰਿਹਾ ਸੀ ਅਤੇ 6 ਮਹੀਨੇ ਪਹਿਲਾਂ ਪਿੰਡ ਦੇ ਲੋਕਾਂ ਤੱਕ ਪਹੁੰਚ ਕਰਕੇ ਉਹਨਾਂ ਬੱਚਿਆਂ ਦੀ ਪਹਿਚਾਣ ਕੀਤੀ ਗਈ ਜੋ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਸਨ।''ਗੁਰਸ਼ਵਿੰਦਰ ਸਿੰਘ ਦੱਸਦੇ ਹਨ, ''ਪਿੰਡ ਵਿੱਚ ਨਸ਼ਾ ਆਮ ਵਿਕਣ ਲੱਗ ਗਿਆ ਸੀ ਪਰ ਸਾਨੂੰ ਕੋਈ ਵੱਡਾ ਹੁੰਗਾਰਾ ਨਹੀਂ ਮਿਲਿਆ। ਅਸੀਂ ਬੱਚਿਆਂ ਦੇ ਮਾਪਿਆਂ ਨੂੰ ਵਿਸ਼ਵਾਸ ਦਵਾਇਆ ਕਿ ਉਹਨਾਂ ਦੇ ਬੱਚਿਆਂ ਨੂੰ ਨਸ਼ੇ ਤੋਂ ਮੁਕਤ ਕਰਾਵਾਂਗੇ। ਇਸਦਾ ਸਾਰਾ ਖਰਚਾ ਪੰਚਾਇਤ ਅਤੇ ਪਿੰਡ ਵਲੋਂ ਕੀਤਾ ਜਾਵੇਗਾ।”
ਉਨ੍ਹਾਂ ਨੂੰ ਪਹਿਲਾਂ ਤਾਂ ਦਿਨਾਂ ਵਿੱਚ ਬਹੁਤ ਮੁਸ਼ਕਿਲਾਂ ਆਈਆਂ। ਫਿਰ ਅਸੀਂ ਓਹਨਾਂ ਨੂੰ ਡਾਕਟਰੀ ਸਹੂਲਤ ਮੁਹਈਆ ਕਾਰਵਾਈ। ਫਿਰ ਫਰੀਦਕੋਟ ਦੇ ਸਿਵਲ ਹਸਪਤਾਲ ਵਿੱਚ ਨਸ਼ੇ ਛਡਾਉ ਦੀ ਦਵਾਈ ਦਵਾਈ ਗਈ।”
ਪਿੰਡ ਦੇ ਪੰਚ ਲਖਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਲੋਕ ਬਾਹਰੋਂ ਨਸ਼ਾ ਵੇਚਣ ਆਉਂਦੇ ਸਨ ਜਿਹਨਾਂ ਨਾਲ ਕਰੀਬ 3 ਹਫ਼ਤੇ ਲੜਾਈ ਲੜਨੀ ਪਈ।ਉਨ੍ਹਾਂ ਕਿਹਾ, ''ਨਸ਼ਾ ਤਸਕਰ ਬਹੁਤ ਧਮਕੀਆਂ ਵੀ ਦਿੰਦੇ ਸਨ ਪਰ ਫਿਰ ਵੀ ਲੋਕਾਂ ਨੇ ਉਹਨਾਂ ਨੂੰ ਨਸ਼ਾ ਵੇਚਣ ਤੋਂ ਰੋਕਿਆ।''ਲਖਵਿੰਦਰ ਸਿੰਘ ਨੇ ਦੱਸਿਆ, ''ਮੁੰਡੇ ਸਾਡੇ ਕਮੇਟੀ ਕੋਲ ਆਏ ਜੋ ਨਸ਼ਾ ਛੱਡਣਾ ਚਾਹੁੰਦੇ ਸਨ। ਅਸੀਂ ਉਹਨਾਂ ਨੂੰ ਧਰਮਸ਼ਾਲਾ ਵਿੱਚ ਰੱਖਿਆ ਅਤੇ ਪੂਰੀ ਖੁਰਾਕ ਦਿੱਤੀ। ਇਸ ਲਈ ਲੰਗਰ ਸਾਰੇ ਪਿੰਡ ਵਿੱਚੋਂ ਇਕੱਠਾ ਕੀਤਾ ਜਾਂਦਾ ਹੈ।”ਬਲਾਕ ਸਮਿਤੀ ਮੈਂਬਰ ਬੁੱਕਣ ਸਿੰਘ ਨੇ ਕਿਹਾ ਕਿ ਪਿੰਡ ਦੇ ਮੋਹਤਬਰ ਬੰਦੇ ਸ਼ਾਮ ਨੂੰ ਮੁੰਡਿਆਂ ਨਾਲ ਸਮਾਂ ਬਿਤਾਉਂਦੇ ਹਨ ਅਤੇ ਹਲਾਸ਼ੇਰੀ ਵੀ ਦਿੰਦੇ ਹਨ ਤਾਂ ਜੋ ਇਹ ਨਸ਼ਾ ਛੱਡ ਸਕਣ।'' ਸਿਵਲ ਹਸਪਤਾਲ ਫ਼ਰੀਦਕੋਟ ਵਿੱਚ ਤਾਇਨਾਤ ਮਨੋਵਿਗਿਆਨ ਦੇ ਡਾਕਟਰ ਰਣਜੀਤ ਕੌਰ ਕਹਿੰਦੇ ਹਨ ਕਿ ਫ਼ਰੀਦਕੋਟ ਜ਼ਿਲ੍ਹੇ ਵਿੱਚ ਇਸ ਤਰ੍ਹਾਂ ਦਾ ਪਹਿਲਾ ਕਦਮ ਹੈ ਜਿੱਥੇ ਪੰਚਾਇਤ ਵਲੋਂ ਨਸ਼ਾ ਕਰਨ ਵਾਲਿਆਂ ਨੂੰ ਦੇਖ਼-ਰੇਖ ਹੇਠ ਰੱਖਿਆ ਜਾਂਦਾ ਹੈ।ਉਹਨਾਂ ਦੀ ਨਿਗਰਾਨੀ ਰੱਖੀ ਜਾ ਰਹੀ ਹੈ। ਇਹਨਾਂ ਨੌਜਵਾਨਾਂ ਦੀ ਕੌਂਸਿਲਿੰਗ ਵੀ ਕੀਤੀ ਜਾਂਦੀ ਹੈ। ਜ਼ਿਆਦਾਤਰ ਨੌਜਵਾਨ ਹੈਰੋਇਨ ਤੇ ਗੋਲੀਆਂ ਦੀ ਲਤ ਤੋਂ ਪੀੜਿਤ ਹਨ।”
ਫਰੀਦਕੋਟ ਦੇ ਡਿਪਟੀ ਕਮਿਸ਼ਨਰ ਰੂਹੀ ਦੁੱਗ ਨੇ ਕਿਹਾ ਕਿ ਇਹ ਜਿਲ੍ਹੇ ਵਿੱਚ ਪਹਿਲੀ ਮੁਹਿੰਮ ਹੈ।ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਜੋ ਨੌਜਵਾਨ ਨਸ਼ੇ ਤੋਂ ਪੀੜਿਤ ਹਨ, ਉਨ੍ਹਾਂ ਨੂੰ ਅਪਣਾਇਆ ਜਾ ਰਿਹਾ ਹੈ।ਜਿਲ੍ਹਾ ਪ੍ਰਸ਼ਾਸ਼ਨ ਵਲੋਂ ਸਿਹਤ ਮਹਿਕਮੇ ਦੇ ਹਵਾਲੇ ਨਾਲ ਇਸ ਕੇਂਦਰ ਦੀ ਪੂਰੀ ਸਹਾਇਤਾ ਕੀਤੀ ਜਾ ਰਹੀ ਹੈ।”
Comments (0)