ਰੂਸ ਤੇ ਚੀਨ ਅਮਰੀਕਾ ਲਈ ਵੱਡਾ ਖ਼ਤਰਾ ਬਣੇ?

ਰੂਸ ਤੇ ਚੀਨ ਅਮਰੀਕਾ ਲਈ ਵੱਡਾ ਖ਼ਤਰਾ ਬਣੇ?

ਅਮਰੀਕਨ ਸਪੇਸ ਫੋਰਸ ਦੀ ਜਾਸੂਸੀ ਟੀਮ ਨੇ ਕੀਤਾ ਵੱਡਾ ਖੁਲਾਸਾ

*ਅਮਰੀਕਨ ਖੁਫੀਆ ਗਤੀਵਿਧੀਆਂ ਦਾ ਅੱਧਾ ਹਿੱਸਾ ਪੂਰੀ ਤਰ੍ਹਾਂ ਚੀਨ 'ਤੇ ਕੇਂਦਰਿਤ

*ਹਾਲ ਹੀ ਵਿੱਚ ਅਮਰੀਕੀ ਜਲ ਖੇਤਰ ਵਿਚ 11 ਚੀਨੀ ਜੰਗੀ ਬੇੜਿਆਂ ਦੀ ਘੁਸਪੈਠ 

*ਚੀਨ ਅਮਰੀਕਾ ਦੀ ਥਾਂ ਲੈਣ ਲਈ ਬੇਤਾਬ,ਚੀਨ ਪਹਿਲੀ ਵਾਰ ਯੂਏਈ ਨਾਲ ਕਰੇਗਾ ਹਵਾਈ ਅਭਿਆਸ  

ਰੂਸ ਅਤੇ ਚੀਨ ਤੋਂ ਮਿਲ ਰਹੀਆਂ ਧਮਕੀਆਂ ਦੌਰਾਨ ਅਮਰੀਕਾ ਨੇ ਆਪਣੇ ਸਭ ਤੋਂ ਵੱਡੇ ਦੁਸ਼ਮਣ ਦਾ ਖੁਲਾਸਾ ਕੀਤਾ ਹੈ। ਰੂਸੀ ਸਪੇਸ ਫੋਰਸ ਦੇ ਇਕ ਸੀਨੀਅਰ ਖੁਫੀਆ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਟੀਮ ਖੁਫੀਆ ਜਾਣਕਾਰੀ ਇਕੱਠੀ ਕਰਨ ਦੀਆਂ ਗਤੀਵਿਧੀਆਂ ਦਾ ਅੱਧਾ ਹਿੱਸਾ ਪੂਰੀ ਤਰ੍ਹਾਂ ਚੀਨ 'ਤੇ ਕੇਂਦਰਿਤ ਹੈ। ਸਪੇਸ ਪਾਵਰ ਵਜੋਂ ਅਮਰੀਕਾ ਚੀਨ ਦੇ ਤੇਜ਼ੀ ਨਾਲ ਹੋ ਰਹੇ ਵਿਕਾਸ ਉਪਰ ਨਿਗਰਾਨੀ ਰਖ ਰਿਹਾ ਹੈ। ਇਸ ਖੁਲਾਸੇ ਤੋਂ ਪਤਾ ਲੱਗਾ ਹੈ ਕਿ ਇਸ ਸਮੇਂ ਅਮਰੀਕਾ ਨੂੰ ਰੂਸ ਤੋਂ ਵੀ ਜ਼ਿਆਦਾ ਚੀਨ ਤੋਂ ਖਤਰਾ ਹੈ। ਇਸ ਕਾਰਨ ਅਮਰੀਕਾ ਨੇ ਆਪਣੀ ਸਪੇਸ ਫੋਰਸ ਦਾ ਅੱਧਾ ਹਿੱਸਾ ਚੀਨ ਦੀ ਜਾਸੂਸੀ ਕਰਨ ਉਪਰ ਲਗਾ ਦਿੱਤਾ ਹੈ। ਇਸ ਦੇ ਨਾਲ ਹੀ, ਸਪੇਸ ਫੋਰਸ ਟੀਮ ਦਾ ਸਿਰਫ 25 ਪ੍ਰਤੀਸ਼ਤ ਰੂਸ ਦੇ ਖਿਲਾਫ ਕੰਮ ਕਰ ਰਿਹਾ ਹੈ, ਉਹ ਵੀ ਅਜਿਹੇ ਸਮੇਂ ਜਦੋਂ ਪੁਤਿਨ ਦੀ ਫੌਜ ਯੂਕਰੇਨ ਵਿੱਚ ਜੰਗ ਲੜ ਰਹੀ ਹੈ।

ਯੂਐਸ ਸਪੇਸ ਫੋਰਸ ਲਈ ਖੁਫੀਆ ਕਾਰਵਾਈਆਂ ਦੇ ਉਪ ਮੁਖੀ ਮੇਜਰ ਜਨਰਲ ਗ੍ਰੇਗਰੀ ਗਗਨੋਨ ਨੇ ਸਪੇਸ ਫੋਰਸ ਐਸੋਸੀਏਸ਼ਨ ਨੂੰ ਦੱਸਿਆ ਕਿ ਖੁਫੀਆ ਦ੍ਰਿਸ਼ਟੀਕੋਣ ਤੋਂ ਅਸੀਂ ਜੋ ਕਰਦੇ ਹਾਂ ਉਸ ਦਾ ਅੱਧਾ ਹਿੱਸਾ ਚੀਨ 'ਤੇ ਅਤੇ ਲਗਭਗ 25 ਪ੍ਰਤੀਸ਼ਤ ਰੂਸ 'ਤੇ ਕੇਂਦ੍ਰਿਤ ਹੈ।ਰੂਸੀ ਗਤਵਿਧੀਆਂ ਲਈ ਯੂਕਰੇਨ ਵਿੱਚ ਮੌਜੂਦਾ ਜੰਗ ਉਪਰ ਅਮਰੀਕਨ ਖੁਫੀਆ ਏਜੰਸੀਆਂ ਦੀ ਨਜ਼ਰ ਹੈ। ਉਸ ਨੇ ਇਹ ਵੀ ਕਿਹਾ ਕਿ ਬਾਕੀ 25 ਪ੍ਰਤੀਸ਼ਤ ਦੂਸਰੇ ਦੇਸਾਂ ਉਪਰ ਕੇਂਦਰਿਤ ਹੈ ਜਿਸਨੂੰ ਅਸੀਂ ਬਾਕੀ ਸੰਸਾਰ ਜਾਂ ਵਪਾਰਕ ਖੇਤਰ ਕਹਿੰਦੇ ਹਾਂ। ਇਹ ਵਪਾਰਕ ਖੇਤਰ ਦੀ ਜਾਸੂਸੀ ਨਹੀਂ ਹੈ, ਪਰ ਸਿਰਫ ਵਪਾਰਕ ਖੇਤਰ ਨੂੰ ਖੁਫੀਆ ਨਜ਼ਰੀਏ ਤੋਂ ਸਮਝਣਾ ਹੈ।

ਗਗਨੋਨ ਨੇ ਕਿਹਾ ਕਿ ਅਮਰੀਕੀ ਪੁਲਾੜ ਪ੍ਰਣਾਲੀਆਂ ਲਈ ਵਧ ਰਹੇ ਖਤਰਿਆਂ ਬਾਰੇ ਰੱਖਿਆ ਵਿਭਾਗ ਨੂੰ ਬਹੁਤ ਸਾਰੀ ਜਾਣਕਾਰੀ ਪ੍ਰਦਾਨ ਕਰਨ ਦੇ ਲਈ ਸਪੇਸ ਫੋਰਸ ਕੋਲ ਹੁਣ 1,500 ਤੋਂ ਵੱਧ ਸਪੇਸ ਇੰਟੈਲੀਜੈਂਸ ਪੇਸ਼ੇਵਰ ਹਨ । ਸਪੇਸ ਫੋਰਸ ਦੇ ਮੁੱਖ ਖੁਫੀਆ ਆਪਰੇਸ਼ਨ ਨੈਸ਼ਨਲ ਸਪੇਸ ਇੰਟੈਲੀਜੈਂਸ ਸੈਂਟਰ ਦੇ ਰਾਹੀਂ ਜਿਸਨੂੰ ਡੇਲਟਾ 18 ਵੀ ਕਿਹਾ ਜਾਂਦਾ ਹੈ, ਸਪੇਸ ਓਪਰੇਸ਼ਨ ਕਮਾਂਡ ਦੇ ਅਧੀਨ ਕੀਤਾ ਜਾਂਦਾ ਹੈ। ਇਸ ਕਮਾਂਡਰ ਨੂੰ ਜੂਨ 2022 ਵਿੱਚ ਡੇਟਨ, ਓਹੀਓ ਵਿੱਚ ਰਾਈਟ ਪੈਟਰਸਨ ਏਐਫਬੀ ਵਿਖੇ ਸਥਾਪਿਤ ਕੀਤਾ ਗਿਆ ਸੀ।

ਗਗਨੇਨ ਨੇ ਅਮਰੀਕੀ ਫੌਜ ਦੇ ਪ੍ਰਮੁੱਖ ਵਿਰੋਧੀ ਵਜੋਂ ਚੀਨ 'ਤੇ ਹਵਾਈ ਸੈਨਾ ਦੇ ਸਕੱਤਰ ਫਰੈਂਕ ਕੇਂਡਲ ਦੇ ਫੋਕਸ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਚੀਨੀ ਸਰਕਾਰ ਖਾਸ ਤੌਰ 'ਤੇ ਲਗਾਤਾਰ ਨਿਗਰਾਨੀ ਹੇਠ ਹੈ ,ਕਿਉਂਕਿ ਉਹ ਦੁਨੀਆ ਭਰ ਵਿੱਚ ਆਪਣੀ ਪੁਲਾੜ ਸਮਰੱਥਾ ਨੂੰ ਤੇਜ਼ੀ ਨਾਲ ਸੁਧਾਰ ਰਹੀ ਹੈ। ਉਨ੍ਹਾਂ ਕਿਹਾ ਕਿ ਕਰੀਬ ਤਿੰਨ ਚਾਰ ਸਾਲ ਪਹਿਲਾਂ ਪੀਆਰਸੀ (ਚੀਨ) ਨੂੰ ਸਿਰਫ਼ 400 ਸੈਟੇਲਾਈਟ ਹੀ ਮਿਲ ਰਹੇ ਸਨ। ਅੱਜ ਉਹ 800 ਨੂੰ ਪਾਰ ਕਰਨ ਵਾਲਾ ਹੈ।

ਗਗਨੇਨ ਨੇ ਕਿਹਾ ਕਿ ਚੀਨ ਦੇ ਪੁਲਾੜ ਹਥਿਆਰਾਂ ਦੇ ਭੰਡਾਰ ਵਿੱਚ ਧਰਤੀ ਤੋਂ ਲਾਂਚ ਕੀਤੀਆਂ ਗਈਆਂ ਮਿਜ਼ਾਈਲਾਂ ਸ਼ਾਮਲ ਹਨ ਜੋ ਉਪਗ੍ਰਹਿਾਂ ਨੂੰ ਨਸ਼ਟ ਕਰ ਦਿੰਦੀਆਂ ਹਨ। ਇਸ ਵਿੱਚ ਲੇਜ਼ਰ ਦੇ ਨਾਲ-ਨਾਲ ਜੈਮਰ ਵੀ ਸ਼ਾਮਲ ਹਨ। ਹਾਲਾਂਕਿ, ਇੱਕ ਬਿਹਤਰ ਸਮਝ ਤੋਂ ਪਤਾ ਚੱਲਦਾ ਹੈ ਕਿ ਚੀਨ ਆਪਣੀ ਪੁਲਾੜ ਸਮਰੱਥਾ ਨੂੰ ਤੇਜ਼ੀ ਨਾਲ ਵਧਾ ਰਿਹਾ ਹੈ। ਪੁਲਾੜ ਵਿਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਤੋਂ ਇਲਾਵਾ ਇਸ ਵਿਚ ਦੁਸ਼ਮਣ ਦੇ ਉਪਗ੍ਰਹਿਆਂ ਨੂੰ ਖਤਮ ਕਰਨ ਵਾਲੇ ਵੀ ਉਪਕਰਨ ਹਨ।

ਅਮਰੀਕੀ ਜਲ ਸੀਮਾ ਵਿਚ ਚੀਨੀ-ਰੂਸੀ ਜਲ ਸੈਨਾ ਦੇ 11 ਜੰਗੀ ਬੇੜਿਆਂ ਦੀ ਘੁਸਪੈਠ

 ਅਮਰੀਕੀ ਜਲ ਸੀਮਾ ਵਿਚ ਚੀਨੀ-ਰੂਸੀ ਜਲ ਸੈਨਾ ਦੇ 11 ਜੰਗੀ ਬੇੜਿਆਂ ਦੀ ਘੁਸਪੈਠ ਦੀਆਂ ਖਬਰਾਂ ਹਨ। ਘੁਸਪੈਠ ਕਦੋਂ ਅਤੇ ਕਿੱਥੇ ਹੋਈ, ਇਸ ਬਾਰੇ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ। ਇਸ ਘਟਨਾ ਦੀ ਪੁਸ਼ਟੀ ਖੇਤਰ ਦੇ ਸੈਨੇਟਰ ਡੈਨ ਸੁਲੀਵਾਨ ਵੱਲੋਂ ਅਮਰੀਕੀ ਮੀਡੀਆ ਨੂੰ ਕੀਤੀ ਗਈ ਹੈ। ਉਸ ਨੇ ਕਿਹਾ ਹੈ ਕਿ ਇਹ ਘਟਨਾ ਪਿਛਲੇ ਦਿਨਾਂ ਦੌਰਾਨ ਵਾਪਰੀ ਹੈ। ਅਮਰੀਕੀ ਜਲ ਸੈਨਾ ਹਾਈ ਅਲਰਟ 'ਤੇ ਹੈ ਅਤੇ ਹਾਲ ਹੀ ਵਿਚ ਇਨ੍ਹਾਂ ਜੰਗੀ ਬੇੜਿਆਂ ਦੇ ਪਾਣੀ ਵਿਚ ਦਾਖਲ ਹੋਣ ਤੋਂ ਬਾਅਦ ਅਮਰੀਕੀ ਜਲ ਸੈਨਾ ਨੇ ਅਲੇਉਟੀਅਨ ਟਾਪੂ ਵੱਲ ਚਾਰ ਵਿਨਾਸ਼ਕਾਰੀ ਜਹਾਜ਼ ਭੇਜੇ ਹਨ। ਉਨ੍ਹਾਂ ਇਸ ਸਥਿਤੀ ਨੂੰ ਖਤਰਨਾਕ ਕਰਾਰ ਦਿੱਤਾ ਹੈ।

ਸੁਲੀਵਨ ਨੇ ਕਿਹਾ, 'ਇਹ ਅਲਾਸਕਾ ਲਈ ਹੀ ਨਹੀਂ, ਸਗੋਂ ਅਮਰੀਕਾ ਲਈ ਵੀ ਇਹ ਸੰਕਟ ਵਾਲੀ ਗੱਲ ਹੈ ਕਿ ਰੂਸ ਅਤੇ ਚੀਨ ਨਾਲ ਸਬੰਧਤ 11 ਜੰਗੀ ਬੇੜੇ ਇੱਕੋ ਸਮੇਂ ਨੇਵੀਗੇਸ਼ਨ ਦੇ ਵਿਰੁੱਧ ਜਾ ਕੇ ਅਲਾਸਕਾ ਵਿੱਚ ਘੁਸਪੈਠ ਕਰ ਰਹੇ ਹਨ। ਸੰਯੁਕਤ ਰਾਸ਼ਟਰ ਦੇ ਕਾਨੂੰਨ ਦੇ ਅਨੁਸਾਰ, ਦੂਜੇ ਦੇਸ਼ਾਂ ਦੇ ਜਹਾਜ਼ਾਂ ਨੂੰ ਕਿਸੇ ਹੋਰ ਦੇਸ਼ ਦੇ ਖੇਤਰ ਵਿੱਚ ਯਾਤਰਾਵਾਂ ਨੂੰ ਪੂਰਾ ਕਰਨ ਲਈ 'ਇੰਨੋਸੈਂਟ'ਪੈਸਿਜ ਦੇ ਤੌਰ ਉਪਰ ਆਗਿਆ ਦਿਤੀ ਜਾਂਦੀ ਹੈ। ਸੁਲੀਵਨ ਨੇ ਕਿਹਾ ਕਿ ਇਹ ਨਿਸ਼ਚਿਤ ਤੌਰ 'ਤੇ ਇਹ ਦਰਸਾਉਣ ਲਈ ਕਾਫੀ ਹੈ ਕਿ ਅਲਾਸਕਾ ਨਾ ਸਿਰਫ ਰਣਨੀਤਕ ਦ੍ਰਿਸ਼ਟੀਕੋਣ ਤੋਂ, ਸਗੋਂ ਸ਼ਕਤੀ ਪ੍ਰਦਰਸ਼ਨ ਲਈ ਵੀ ਬਹੁਤ ਮਹੱਤਵਪੂਰਨ ਹੈ। ਸੁਲੀਵਾਨ ਨੇ ਵਾਰ-ਵਾਰ ਫੌਜੀ ਨੇਤਾਵਾਂ 'ਤੇ ਦਬਾਅ ਪਾਇਆ ਹੈ ਕਿ ਉਹ ਨਾ ਸਿਰਫ ਦੇਸ਼ ਦੀ ਰੱਖਿਆ ਲਈ ਉਪਲਬਧ ਸੰਪਤੀਆਂ ਨੂੰ ਮਜ਼ਬੂਤ ਕਰਨ, ਸਗੋਂ ਅਲਾਸਕਾ ਦੀ ਰੱਖਿਆ ਲਈ ਲੋੜੀਂਦੇ ਬੁਨਿਆਦੀ ਢਾਂਚੇ ਨੂੰ ਵੀ ਮਜ਼ਬੂਤ ਕਰਨ।

ਅਲਾਸਕਾ ਵਿੱਚ ਸ਼ਕਤੀਸ਼ਾਲੀ ਰੂਸ

ਆਰਕਟਿਕ ਵਿੱਚ ਜ਼ਮੀਨੀ-ਰਾਜਨੀਤੀ ਬਹੁਤ ਦਬਾਅ ਰਖਦੀ ਹੈ। ਇਸਦਾ ਪ੍ਰਭਾਵ ਇਸ ਗੱਲ 'ਤੇ ਨਿਰਭਰ ਹੋ ਸਕਦਾ ਹੈ ਕਿ ਕਿਸ ਕੋਲ ਆਪਣੇ ਖੇਤਰ ਦੀ ਰੱਖਿਆ ਕਰਨ ਲਈ ਵਧੇਰੇ ਜਾਇਦਾਦ ਹੈ। ਸੁਲੀਵਨ ਨੇ ਦੱਸਿਆ ਕਿ ਅਮਰੀਕਾ ਕੋਲ ਦੋ ਆਈਸਬ੍ਰੇਕਰ ਹਨ, ਜਿਨ੍ਹਾਂ ਵਿੱਚੋਂ ਇੱਕ ਟੁੱਟਿਆ ਹੋਇਆ ਹੈ। ਜਦੋਂ ਕਿ ਰੂਸ ਕੋਲ 54 ਅਤੇ ਕਈ ਤਾਂ ਪ੍ਰਮਾਣੂ ਸ਼ਕਤੀ ਨਾਲ ਲੈਸ ਹਨ ਅਤੇ ਸਾਰੇ ਹਥਿਆਰਬੰਦ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਇਸ ਖੇਤਰ ਵਿੱਚ ਬਹੁਤ ਪਿੱਛੇ ਹੈ ਅਤੇ ਅਜਿਹੀ ਸਥਿਤੀ ਵਿੱਚ ਉਸ ਨੂੰ ਕੁਝ ਵੱਡੇ ਕਦਮ ਚੁੱਕਣੇ ਪੈਣਗੇ।

ਚੀਨ ਯੂਏਈ ਨਾਲ ਕਰੇਗਾ ਹਵਾਈ ਅਭਿਆਸ 

 ਈਰਾਨ ਅਤੇ ਸਾਊਦੀ ਅਰਬ ਨਾਲ ਦੋਸਤੀ ਕਰਨ ਤੋਂ ਬਾਅਦ ਚੀਨ ਦੇ ਹੌਸਲੇ ਸੱਤਵੇਂ ਅਸਮਾਨ 'ਤੇ ਹਨ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਇੱਛਾ ਖਾੜੀ ਦੇਸ਼ਾਂ ਵਿਚ ਅਮਰੀਕਾ ਦੀ ਜਗ੍ਹਾ ਪ੍ਰਾਪਤ ਕਰਨ ਦੀ ਹੈ। ਇਹੀ ਕਾਰਨ ਹੈ ਕਿ ਚੀਨ ਪਹਿਲੀ ਵਾਰ ਯੂਏਈ ਨਾਲ ਹਵਾਈ ਅਭਿਆਸ ਕਰਨ ਜਾ ਰਿਹਾ ਹੈ। ਯੂਏਈ ਨੂੰ ਰੱਖਿਆ ਖੇਤਰ ਵਿੱਚ ਅਮਰੀਕਾ ਦੇ ਕਰੀਬ ਮੰਨਿਆ ਜਾਂਦਾ ਹੈ। ਯੂਏਈ ਦੀ ਫੌਜ ਕੋਲ 90 ਫੀਸਦੀ ਹਥਿਆਰ ਅਮਰੀਕੀ ਹਨ। ਅਜਿਹੇ ਵਿਚ ਚੀਨ ਦੇ ਨਾਲ ਇਸ ਅਭਿਆਸ ਨੂੰ ਯੂਏਈ ਦੀ ਰੱਖਿਆ ਨੀਤੀ ਵਿਚ ਵੱਡੇ ਬਦਲਾਅ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਦੂਜੇ ਪਾਸੇ ਖਾੜੀ ਦੇਸ਼ਾਂ ਵਿਚ ਚੀਨ ਦੀ ਵਧਦੀ ਪਕੜ ਨੂੰ ਕਮਜ਼ੋਰ ਕਰਨ ਲਈ ਅਮਰੀਕਾ ਨੇ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਬਿਡੇਨ ਪ੍ਰਸ਼ਾਸਨ ਦੇ ਕਈ ਸੀਨੀਅਰ ਅਧਿਕਾਰੀ ਖਾੜੀ ਦੇਸ਼ਾਂ ਵਿੱਚ ਮੋਰਚਾ ਸੰਭਾਲ ਰਹੇ ਹਨ।

ਚੀਨੀ ਰੱਖਿਆ ਮੰਤਰਾਲੇ ਮੁਤਾਬਕ ਚੀਨ ਅਤੇ ਸੰਯੁਕਤ ਅਰਬ ਅਮੀਰਾਤ ਦੀਆਂ ਹਵਾਈ ਫੌਜਾਂ ਅਗਲੇ ਮਹੀਨੇ ਪਹਿਲੀ ਵਾਰ ਸੰਯੁਕਤ ਹਵਾਈ ਅਭਿਆਸ ਕਰਨਗੇ। ਮੰਤਰਾਲੇ ਨੇ ਇੱਕ ਸੰਖੇਪ ਬਿਆਨ ਵਿੱਚ ਕਿਹਾ ਕਿ ਫਾਲਕਨ ਸ਼ੀਲਡ 2023 ਨਾਮਕ ਇਹ ਅਭਿਆਸ ਚੀਨ ਦੇ ਉੱਤਰ-ਪੱਛਮੀ ਸ਼ਿਨਜਿਆਂਗ ਉਇਗੁਰ ਆਟੋਨੋਮਸ ਖੇਤਰ ਵਿੱਚ ਹੋਵੇਗਾ। ਰੱਖਿਆ ਮੰਤਰਾਲੇ ਨੇ ਆਪਣੇ ਬਿਆਨ ਵਿਚ ਕਿਹਾ ਕਿ ਚੀਨ ਅਤੇ ਯੂਏਈ ਵਿਚਾਲੇ ਇਹ ਪਹਿਲੀ ਸੰਯੁਕਤ ਹਵਾਈ ਸੈਨਾ ਸਿਖਲਾਈ ਹੈ। ਇਸ ਦਾ ਉਦੇਸ਼ ਦੋਵਾਂ ਫੌਜਾਂ ਦਰਮਿਆਨ ਵਿਹਾਰਕ ਆਦਾਨ-ਪ੍ਰਦਾਨ ਅਤੇ ਸਹਿਯੋਗ ਨੂੰ ਡੂੰਘਾ ਕਰਨਾ ਅਤੇ ਆਪਸੀ ਸਮਝ ਅਤੇ ਵਿਸ਼ਵਾਸ ਨੂੰ ਉਤਸ਼ਾਹਿਤ ਕਰਨਾ ਹੈ। ਹਾਲਾਂਕਿ, ਭਾਗ ਲੈਣ ਵਾਲੀ ਯੂਏਈ ਏਅਰ ਫੋਰਸ ਟੀਮ ਦੇ ਆਕਾਰ, ਸਿਖਲਾਈ ਦੀ ਮਿਆਦ ਜਾਂ ਦਾਇਰੇ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ।

ਇਥੇ ਜ਼ਿਕਰਯੋਗ ਹੈ ਕਿ ਚੀਨ ਖਾੜੀ ਦੇਸ਼ਾਂ ਵਿਚਾਲੇ ਕੂਟਨੀਤਕ ਪਹੁੰਚ ਵਧਾ ਰਿਹਾ ਹੈ। ਕਰੋਨਾ ਮਹਾਂਮਾਰੀ ਤੋਂ ਬਾਅਦ, ਚੀਨ ਨੇ ਆਪਣੀ ਕੂਟਨੀਤਕ ਪਹੁੰਚ ਨੂੰ ਵਧਾਉਣ ਲਈ ਮੱਧ ਪੂਰਬ ਦੇ ਦੇਸ਼ਾਂ ਨਾਲ ਸੰਪਰਕ ਤੇਜ਼ ਕਰ ਦਿੱਤਾ ਹੈ। ਹਾਲਾਂਕਿ, ਅਮਰੀਕਾ ਦੀ ਅਜੇ ਵੀ ਇਸ ਖੇਤਰ ਵਿੱਚ ਇੱਕ ਵਡੀ ਭੂਮਿਕਾ ਹੈ। ਚੀਨ ਪਾਇਰੇਸੀ ਵਿਰੋਧੀ ਕਾਰਵਾਈਆਂ, ਵਪਾਰਕ ਬੰਦਰਗਾਹਾਂ ਦੇ ਨਿਰਮਾਣ ਅਤੇ ਹਥਿਆਰਾਂ ਦੀ ਵਿਕਰੀ ਰਾਹੀਂ ਖਾੜੀ ਦੇ ਨੇੜੇ ਆਪਣੀ ਮੌਜੂਦਗੀ ਨੂੰ ਲਗਾਤਾਰ ਵਧਾ ਰਿਹਾ ਹੈ। ਪਹਿਲਾ ਚੀਨ-ਅਰਬ ਰਾਜ ਸਿਖਰ ਸੰਮੇਲਨ ਪਿਛਲੇ ਸਾਲ ਦਸੰਬਰ ਵਿੱਚ ਹੋਇਆ ਸੀ। ਸ਼ੀ ਜਿਨਪਿੰਗ ਨੇ ਇਸ ਕਾਨਫਰੰਸ ਵਿੱਚ ਮੁੱਖ ਭਾਸ਼ਣ ਦਿੱਤਾ ਸੀ। ਇਸ ਦੌਰਾਨ ਅਰਬ ਲੀਗ ਅਤੇ ਚੀਨ ਦੇ 21 ਮੈਂਬਰ ਅੰਤਰਰਾਸ਼ਟਰੀ ਸ਼ਾਂਤੀ ਰੱਖਿਆ, ਸਮੁੰਦਰੀ ਸੁਰੱਖਿਆ ਅਤੇ ਸਾਂਝੇ ਅਭਿਆਸਾਂ ਸਮੇਤ ਹੋਰ ਸਹਿਯੋਗ 'ਤੇ ਸਹਿਮਤ ਹੋਏ ਸਨ।

ਚੀਨ ਨੇ ਸ਼ਿਨਜਿਆਂਗ ਵਿੱਚ ਕਈ ਦੇਸ਼ਾਂ ਨਾਲ ਅਭਿਆਸ ਕੀਤਾ ਸੀ।ਇਸ ਤੋਂ ਪਹਿਲਾਂ ਵੀ ਚੀਨ ਨੇ ਸ਼ਿਨਜਿਆਂਗ ਵਿੱਚ ਸੰਯੁਕਤ ਫੌਜੀ ਅਭਿਆਸ ਕਰਵਾਇਆ ਸੀ। 2016 ਵਿੱਚ, ਚੀਨੀ ਫੌਜ ਅਤੇ ਐਸਸੀਓ ਦੇਸ਼ਾਂ ਵਿਚਕਾਰ ਫੌਜੀ ਸਿਖਲਾਈ ਸ਼ਿਨਜਿਆਂਗ ਦੇ ਇੱਕ ਪਹਾੜੀ ਖੇਤਰ ਕੋਰਲਾ ਵਿੱਚ ਹੋਈ ਸੀ। ਅਗਲੇ ਸਾਲ, ਚੀਨ ਨੇ ਸ਼ਿਨਜਿਆਂਗ ਵਿੱਚ ਪਾਕਿਸਤਾਨ ਦੀ ਹਵਾਈ ਸੈਨਾ ਨਾਲ ਇੱਕ ਸਿਖਲਾਈ ਅਭਿਆਸ ਦਾ ਆਯੋਜਨ ਕੀਤਾ ਸੀ। ਇਹਨਾਂ ਵਿੱਚ ਯੁੱਧ ਦੇ ਸਮੇਂ ਦੀ ਲੌਜਿਸਟਿਕਸ, ਰਾਤ ਦੇ ਸਮੇਂ ਦੀ ਫੌਜੀ ਕਾਰਵਾਈਆਂ, ਅਤੇ ਇਲੈਕਟ੍ਰੋਮੈਗਨੈਟਿਕ ਹਥਿਆਰਾਂ ਦੇ ਵਿਰੁੱਧ ਰੱਖਿਆ ਦਾ ਅਭਿਆਸ ਸ਼ਾਮਲ ਸੀ।ਅਮੀਰਾਤ ਦੀ ਫੌਜ ਕਈ ਅਮਰੀਕੀ ਹਥਿਆਰਾਂ ਅਤੇ ਸਾਜ਼ੋ-ਸਾਮਾਨ ਦੀ ਵੀ ਵਰਤੋਂ ਕਰਦੀ ਹੈ, ਜਿਵੇਂ ਕਿ ਥਾਡ ਐਂਟੀ-ਮਿਜ਼ਾਈਲ ਸਿਸਟਮ ਅਤੇ ਏਐਚ-64 ਅਪਾਚੇ ਲੜਾਕੂ ਹੈਲੀਕਾਪਟਰ। ਇਸ ਦੇ ਨਾਲ ਹੀ, ਯੂਏਈ ਦੀ ਫੌਜ ਦੁਆਰਾ ਵਰਤੇ ਜਾਣ ਵਾਲੇ ਮੁੱਖ ਚੀਨ ਦੇ ਬਣੇ ਹਥਿਆਰ ਲੜਾਕੂ ਡਰੋਨ ਹਨ ਜਿਵੇਂ ਕਿ ਵਿੰਗ ਲੂੰਗ 1 ਅਤੇ ਵਿੰਗ ਲੂੰਗ 2। ਉਸਨੂੰ ਚੇਂਗਦੂ ਏਅਰਕ੍ਰਾਫਟ ਇੰਡਸਟਰੀ ਗਰੁੱਪ ਦੁਆਰਾ ਬਣਾਇਆ ਗਿਆ ਹੈ ਜੋ ਅਸਿੱਧੇ ਤੌਰ 'ਤੇ ਚੀਨੀ ਸਰਕਾਰ ਦੀ ਮਲਕੀਅਤ ਹੈ।