ਪੰਜਾਬੀ ਗੀਤਾਂ ਵਿੱਚ ਸਤਿਗੁਰੂ ਬਾਬੇ ਨਾਨਕ ਦੀ ਵਡਿਆਈ
ਪੰਜਾਬੀ ਬੋਲੀ ਨੂੰ ਸਰੋਦੀਪਨ ਦੀ ਗੁੜ੍ਹਤੀ ਸੂਫੀ ਪੀਰਾਂ ਫ਼ਕੀਰਾਂ, ਭਗਤਾਂ, ਗੁਰੂ ਸਾਹਿਬਾਨਾਂ ਤੋਂ ਮਿਲੀ ।
ਪੰਜਾਬ ਵਿੱਚ ਸਮੇਂ-ਸਮੇਂ 'ਤੇ ਉੱਠਦੀਆਂ 'ਲਹਿਰਾਂ' ਨੇ ਆਪਣਾ ਇੱਕ ਵੱਖਰਾ ਕਾਵਿ ਸਿਰਜਿਆ। ਜਿਹੜਾ ਆਮ ਲੋਕਾਂ ਰਾਹੀਂ ਗਾਇਆ ਤੇ ਸਲਾਹਿਆ ਤਾਂ ਗਿਆ ਹੀ , ਚੇਤਿਆਂ ਵਿੱਚ ਵੀ ਸੰਭਾਲਿਆ ਗਿਆ।ਪੰਜਾਬੀ ਗੀਤ-ਸੰਗੀਤ ਜਗਤ ਦੇ ਕਈ ਦੌਰ ਬਦਲੇ । ਪਰ ਇਕ ਗੱਲ ਜਿਹੜੀ ਸਾਂਝੀ ਰਹੀ, ਉਹ ਇਹ ਕਿ ਹੋਰ-ਹੋਰ ਗੀਤਾਂ ਦੇ ਚਲਦਿਆਂ ਧਾਰਮਿਕ ਗੀਤ ਜਰੂਰ ਲਿਖੇ ਤੇ ਗਾਏ ਜਾਂਦੇ ਰਹੇ ਹਨ । ਹੁਣ ਤੱਕ ਦੇ ਧਾਰਮਿਕ ਗਾਣਿਆਂ ਵਿੱਚੋਂ ਬਾਬਾ ਨਾਨਕ ਜੀ ਤੇ ਨਨਕਾਣਾ ਸਾਹਿਬ ਕੇਂਦਰ ਵਿੱਚ ਰਹੇ ਹਨ। ਬਾਬਾ ਨਾਨਕ ਜੀ ਦੀ ਸ਼ਖਸ਼ੀਅਤ ਤੇ ਨਾਨਕਾਣਾ ਸਾਹਿਬ ਦੂਰ ਹੋਣ ਦੇ ਦਰਦ ਨੂੰ ਗੀਤਾਂ ਦੇ ਵਿਸ਼ੇ ਵਜੋਂ ਮੁੱਖ ਥਾਂ ਮਿਲਦੀ ਰਹੀ ਹੈ । ਇਸੇ ਪ੍ਰਕਾਰ ਦੇ ਗੀਤ ਕੁਝ ਇਸ ਤਰ੍ਹਾਂ ਹਨ ;
1. ਸਤਿਗੁਰ ਨਾਨਕ ਆਜਾ - ਲਾਲ ਚੰਦ ਯਮਲਾ ਜੱਟ
2. ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਏ - """"
3. ਅੰਬਾਂ ਵਾਲੀ ਕੋਠੜੀ ਅਨਾਰਾਂ ਵਾਲਾ ਵਿਹੜਾ, ਬਾਬੇ ਨਾਨਕ ਦਾ ਘਰ ਕਿਹੜਾ - ਫਿਲਮ 'ਗੁਰੂ ਮਾਨਿਓ ਗ੍ਰੰਥ' (1977)
5. ਸਿੱਠਣੀਆਂ ਗੁਰੂ ਨਾਨਕ ਦੇਵ ਜੀ - ਸੁਰਿੰਦਰ ਕੌਰ, ਪ੍ਰਕਾਸ਼ ਕੌਰ
6. ਉੱਚਾ ਦਰ ਬਾਬੇ ਨਾਨਕ ਦਾ - ਫਿਲਮ 'ਉੱਚਾ ਦਰ ਬਾਬੇ ਨਾਨਕ ਦਾ' (1982)
7. ਨਾਨਕ ਵੀਰਾ ਤੈਨੂੰ ਘੋੜੀ ਚੜੇਨੀਆਂ - ਬੀਬੀ ਰਣਜੀਤ ਕੌਰ
8. ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ -ਅਮਰ ਸਿੰਘ ਚਮਕੀਲਾ
9. ਨਹੀਂ ਭੁੱਲਣਾ ਦੁੱਖ ਸੰਗਤਾਂ ਨੂੰ ਵਿਛੜੇ ਨਨਕਾਣੇ ਦਾ - ਮਨਮੋਹਨ ਵਾਰਿਸ
10. ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਵੇਖਣ ਨੂੰ- ਸੁਰਜੀਤ ਭੁੱਲਰ
11. ਜੇ ਕੋਲ ਹੁੰਦਾ ਨਨਕਾਣਾ ਮੱਥਾ ਟੇਕਣ ਜਾਣਾ ਸੀ - ਮਿਸ ਪੂਜਾ, ਅਮਰ ਅਰਸ਼ੀ
12. ਸਾਨੂੰ ਨਨਕਾਣਾ ਉਹਨਾਂ ਨੂੰ ਕਦੋਂ ਹਰਿਮੰਦਰ ਸਾਹਿਬ ਦਿਖਾਵੇਂਗਾ- ਮਿਸ ਪੂਜਾ
13. ਇਕ ਬਾਬਾ ਨਾਨਕ ਸੀ - ਬੱਬੂ ਮਾਨ
14. ਗੁਰੂ ਨਾਨਕ ਦੇ ਖੇਤਾਂ 'ਚੋਂ ਬਰਕਤ ਨਹੀਂ ਜਾ ਸਕਦੀ - ਦਿਲਜੀਤ ਦੁਸਾਂਝ
15. ਭੈਣ ਨਾਨਕੀ ਦਾ ਵੀਰ ਤਨ ਮਨ ਦਾ ਫ਼ਕੀਰ - """"
16. ਆਵੀਂ ਬਾਬਾ ਨਾਨਕਾ - ਰਵਿੰਦਰ ਗਰੇਵਾਲ
17. ਸਭਨਾ ਦੇ ਦਿਲ ਦੀ ਜਾਣਦਾ ਮੇਰਾ ਬਾਬਾ ਨਾਨਕ - """"
18. ਐਵੇਂ ਨੀਂ ਦੁਨੀਆਂ ਪੂਜਦੀ ਬਾਬਾ ਤੇਰੀ ਤਸਵੀਰ ਨੂੰ - ਹਰਨੂਰ ਸਿੰਘ
19. ਮਸਤਾਨਾ ਜੋਗੀ - ਕੰਵਰ ਗਰੇਵਾਲ
20. ਆਰ ਨਾਨਕ ਪਾਰ ਨਾਨਕ - ਦਿਲਜੀਤ ਦੁਸਾਂਝ
21. ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾਂ - ਬਲਜੀਤ
22. ਬਲਿਓ ਚਿਰਾਗ - ਮਨਪ੍ਰੀਤ ਸਿੰਘ
23.ਸਿੱਧੀ ਬੱਸ ਨਨਕਾਣੇ ਨੂੰ - ਮਨਮੋਹਨ ਵਾਰਿਸ, ਕਮਲ ਹੀਰ, ਸੰਗਤਾਰ
24. ਚੇਲੇ ਫੜੀ ਰਬਾਬ- ਤਨਵੀਰ ਸੰਧੂ
ਕੁਝ ਪੰਜਾਬੀ ਗੀਤਾਂ ਵਿੱਚ ਬਾਬਾ ਨਾਨਕ ਜੀ ਦੀ ਸਖਸ਼ੀਅਤ ਨੂੰ ਵਡਿਆਉਣ ਦੇ ਨਾਲ-ਨਾਲ ਇੱਕ ਅਰਜ਼ ਇਹ ਕੀਤੀ ਜਾਂਦੀ ਹੈ ਕਿ ਬਾਬਾ ਤੂੰ ਮੁੜ ਇਸ ਧਰਤੀ 'ਤੇ ਫੇਰਾ ਪਾ। ਇਥੇ ਸਭ ਕੁਝ ਵਿਗੜ ਗਿਆ ਹੈ ਜਾਂ ਅਸੀਂ ਵਿਗਾੜ ਲਿਆ ਹੈ, ਤੂੰ ਆ ਤੇ ਆ ਕੇ ਸਭ ਕੁਝ ਠੀਕ ਕਰ ਜਾ ।ਭਟਕੀ ਲੋਕਾਈ ਨੂੰ ਰਾਹ ਦਿਖਾ। ਇਹ ਅਰਜ਼ ਯਮਲੇ ਜੱਟ ਦੁਆਰਾ ਗਾਏ ਗੀਤ ਤੋਂ ਸ਼ੁਰੂ ਹੋ ਜਾਂਦੀ ਹੈ ;
ਸਤਿਗੁਰ ਨਾਨਕ ਆਜਾ ਸੰਗਤ ਰਹੀ ਪੁਕਾਰਦੀ
ਤੇਰੇ ਹੱਥ ਵਿੱਚ ਚਾਬੀ ਓ ਦਾਤਾ ਸਾਰੇ ਸੰਸਾਰ ਦੀ
ਜਾਂ
ਭੁੱਲ ਭੁਲੇਖੇ ਮੁੜ ਕੇ ਫੇਰਾ ਪਾ ਜਾਵੀਂ
ਚਾਰੇ ਕੂਟ ਹਨ੍ਹੇਰਾ ਜੋਤ ਜਗਾ ਜਾਵੀਂ
ਬਾਣੀ ਦੀ ਥਾਂ ਫੈਸ਼ਨ ਚੜ੍ਹੀ ਖੁਮਾਰੀ ਏ
ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਹੈ
ਇਸੇ ਤਰ੍ਹਾਂ ਲੋਕ ਬੋਲੀ ਕਾਵਿ-ਰੂਪ ਤੋਂ ਉਸਾਰਿਆ ਗਿਆ ਗੀਤ 'ਆਵੀਂ ਬਾਬਾ ਨਾਨਕਾ ਤੂੰ ਆਵੀਂ ਬਾਬਾ ਨਾਨਕਾ / ਏਹੋ ਜਿਹੀਆਂ ਖੁਸ਼ੀਆਂ ਲਿਆਵੀਂ ਬਾਬਾ ਨਾਨਕਾ ' ਰਵਿੰਦਰ ਗਰੇਵਾਲ ਦੁਆਰਾ ਵੀ ਗਾਇਆ ਗਿਆ ।
ਵੱਖ-ਵੱਖ ਸਮਿਆਂ 'ਤੇ ਆਏ ਕੁਝ ਗੀਤਾਂ ਜਿਵੇਂ ਕਿ 'ਬਾਬੇ ਨਾਨਕ ਦਾ ਘਰ ਕਿਹੜਾ', 'ਉੱਚਾ ਦਰ ਬਾਬੇ ਨਾਨਕ ਦਾ', 'ਇਕ ਬਾਬਾ ਨਾਨਕ ਸੀ', 'ਭੈਣ ਨਾਨਕੀ ਦਾ ਵੀਰ ਤਨ ਮਨ ਦਾ ਫ਼ਕੀਰ', 'ਬਾਬਾ ਤੇਰੀ ਤਸਵੀਰ ਨੂੰ', 'ਮਸਤਾਨਾ ਜੋਗੀ', 'ਆਰ ਨਾਨਕ ਪਾਰ ਨਾਨਕ', 'ਬਲਿਓ ਚਰਾਗੁ', ਵਿੱਚ ਬਾਬੇ ਨਾਨਕ ਦੀ ਸਖਸ਼ੀਅਤ ਦੀ ਵਡਿਆਈ ਦੇ ਨਾਲ ਨਾਲ ਬਾਬਾ ਜੀ ਨਾਲ ਜੁੜੇ ਦਾਰਸ਼ਨਿਕ ਸਵਾਲਾਂ ਦੇ ਸਨਮੁੱਖ ਵੀ ਖੜੋਇਆ ਗਿਆ ਹੈ। ਇਹ ਗੀਤ ਗੁਰੂ ਨਾਨਕ ਜੀ ਦੇ ਜੀਵਨ ਨਾਲ ਸੰਬੰਧਤ ਸਾਖੀਆਂ ਤੇ ਗੁਰੂ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹਨ ।
ਜਿਥੇ ਨੂਰ ਵੱਸਦਾ ਜਿਥਿ ਪਿਆਰ ਵੱਸਦਾ
ਸੱਚੇ ਸੌਦਿਆਂ ਦਾ ਜਿਸ ਥਾਂ ਵਿਹਾਰ ਵੱਸਦਾ
ੳਥੇ ਸਮਝੋ ਕਿ ਆਪ ਕਰਤਾਰ ਵੱਸਦਾ
ਉਹੀਓ ਬਾਬੇ ਨਾਨਕ ਦਾ ਡੇਰਾ (ਫਿਲਮ, ਗੁਰੂ ਮਾਨਿਓ ਗ੍ਰੰਥ, 1977)
ਕਿਤੇ ਕਿਤੇ ਇਹਨਾਂ ਗੀਤਾਂ ਦੇ ਰਚਨਹਾਰੇ ਸ਼ਬਦਾਂ ਰਾਹੀਂ ਗੁਰੂ ਸਾਹਿਬ ਦੀ ਸਖਸ਼ੀਅਤ ਦੀ ਪਰਿਕਰਮਾ ਕਰਦਿਆਂ ਕਰਦਿਆਂ ਬ੍ਰਹਿਮੰਡੀ ਸੁਰਤ ਵਿੱਚ ਲੀਨ ਹੋ ਗਏ ਵੀ ਜਾਪਦੇ ਹਨ । ਅਜੋਕੇ ਦੌਰ ਵਿੱਚ ਸ਼ਬਦਾਂ ਦੀ ਚੋਣ ਪੱਖੋਂ ਗੁਰੂ ਸਾਹਿਬ ਬਾਰੇ ਹਰਮਨਜੀਤ ਦੁਆਰਾ ਲਿਖੇ ਗੀਤ 'ਆਰ ਨਾਨਕ ਪਾਰ ਨਾਨਕ' ਤੇ 'ਬਲਿਓ ਚਰਾਗੁ' ਵਿਸ਼ੇਸ਼ ਧਿਆਨ ਖਿੱਚਦੇ ਹਨ ।
ਤੂੰ ਨੂਰ ਦਾ ਫੁਟਦਾ ਚਸ਼ਮਾ ਏਂ, ਤੂੰ ਰੌਸ਼ਨੀਆਂ ਦੀ ਰੇਖਾ ਏਂ
ਇਕ ਤੇਰਾ ਹੀ ਦਰਬਾਰ ਸੱਚਾ, ਬਾਕੀ ਸਭ ਭਰਮ ਭੁੱਲੇਖਾ ਏ
ਤੇਰਾ ਸ਼ਬਦ ਸੁਣਾਂ ਵੈਰਾਗ ਹੋਵੇ, ਤਨ ਮਨ ਬਦਲਣ ਵੇਗ ਬਾਬਾ
(ਆਰ ਨਾਨਕ ਪਾਰ ਨਾਨਕ)
ਜਾਂ
ਹਵਾਵਾਂ 'ਚ ਸੁੱਤਾ ਤੂੰ ਰੇਸ਼ਮ ਜਗਾਇਆ
ਉਣੀਂਦੇ ਥਲਾਂ ਨੂੰ ਗਲੇ ਲਾ ਸਵਾਇਆ
ਤੂੰ ਪਾਣੀ 'ਚ ਘੁਲ਼ ਕੇ ਮੈਦਾਨਾ 'ਚ ਆਇਆ
ਤੂੰ ਹਰਿਆ ਤੂੰ ਫਲਿਆ ਤੂੰ ਲਿਖਿਆ ਤੂੰ ਗਾਇਆ
(ਬਲਿਓ ਚਰਾਗੁ)
ਜਿਹੜੇ ਦੋ ਗੀਤਾਂ ਦਾ ਵਿਸ਼ੇਸ਼ ਜ਼ਿਕਰ ਕਰਨਾ ਬਣਦਾ ਹੈ ਉਹ ਹਨ ; 'ਸਿੱਠਣੀਆਂ ਗੁਰੂ ਨਾਨਕ ਦੇਵ ਜੀ' - ਸੁਰਿੰਦਰ ਕੌਰ, ਪ੍ਰਕਾਸ਼ ਕੌਰ
'ਨਾਨਕ ਵੀਰਾ ਤੈਨੂੰ ਘੋੜੀ ਚੜੇਨਿਆਂ' - ਬੀਬੀ ਰਣਜੀਤ ਕੌਰ
ਇਹ ਦੋਵੇਂ ਗੀਤ ਲੋਕ-ਕਾਵਿ ਦੀਆਂ ਵੰਨਗੀਆਂ ਹਨ । ਇਹ ਗੀਤ ਕਾਫੀ ਪੁਰਾਣੇ ਵੀ ਹਨ । 'ਸਿੱਠਣੀਆਂ ਗੁਰੂ ਨਾਨਕ ਦੇਵ ਜੀ' ਵਿਸ਼ਾ ਗੁਰੂ ਸਾਹਿਬ ਦੇ ਸਹੁਰਿਆਂ ਦਾ ਘਰ ਹੈ । ਜਿਥੇ ਗੁਰੂ ਸਾਹਿਬ ਦੀਆਂ ਸਾਲੀਆਂ ਵੱਲੋਂ ਗੁਰੂ ਸਾਹਿਬ ਦੇ ਬਚਪਨ ਤੋਂ ਵਿਆਹ ਤੱਕ ਦੇ ਜੀਵਨ ਬਿਰਤਾਂਤ ਵਿਚੋਂ ਹਵਾਲੇ ਲੈ ਕੇ ਗੁਰੂ ਸਾਹਿਬ ਨਾਲ ਹਾਸਾ ਮਖੌਲ ਕੀਤਾ ਜਾ ਰਿਹਾ ਹੈ ;
ਸਾਡੇ ਤੇ ਵਿਹੜੇ ਜੰਞ ਨਾਨਕ ਦੀ ਆਈ ਏ
ਅਸਾਂ ਤੇ ਸੁਣਿਆਂ ਮੁੰਡਾ ਰੂਪ ਇਲਾਹੀ ਏ
ਮੁੱਖ ਤੇ ਡਿੱਠਾ ਅਸਾਂ ਨਈਂ
ਮੁੱਖ ਤੇ ਡਿੱਠਾ ਅਸਾਂ ਨਈਂ , ਵੇ ਲਾੜਿਆ
ਸਿਹਰਾ ਹਟਾ ਕੇ ਜਰਾ ਬਈਂ...
ਲੋਕ-ਕਾਵਿ ਵੰਨਗੀ ਦਾ ਹੀ ਦੂਜਾ ਗੀਤ ' ਨਾਨਕ ਵੀਰਾ ਤੈਨੂੰ ਘੋੜੀ ਚੜੇਨੀਆਂ' ਵਿੱਚ ਵੀ ਬਾਬੇ ਨਾਨਕ ਦੇ ਵਿਆਹ ਦਾ ਹੀ ਦ੍ਰਿਸ਼ ਉਭਰਦਾ ਹੈ ਜਿਸ ਵਿੱਚ ਭੈਣ ਵੱਲੋਂ ਵੀਰ ਦੇ ਵਿਆਹ 'ਤੇ ਸ਼ਗਨ ਕੀਤੇ ਜਾ ਰਹੇ ਹਨ।
ਪੰਜਾਬੀ ਗੀਤਾਂ ਵਿੱਚ ਨਨਕਾਣਾ ਸਾਹਿਬ
ਜਿਵੇਂ ਕਿ ਪਹਿਲਾਂ ਗੱਲ ਕੀਤੀ ਜਾ ਚੁੱਕੀ ਹੈ ਕਿ ਜਿਥੇ ਪੰਜਾਬੀ ਗੀਤਾਂ ਵਿੱਚ ਬਾਬਾ ਨਾਨਕ ਜੀ ਕੇਂਦਰ ਵਿੱਚ ਹਨ ਉਥੇ ਨਨਕਾਣਾ ਸਾਹਿਬ ਜੀ ਦਾ ਸਿੱਖ ਸੰਗਤਾਂ ਤੋਂ ਦੂਰ ਹੋਣ ਦਾ ਦਰਦ ਵੀ ਕੇਂਦਰ ਵਿਚ ਹੈ। ਨਨਕਾਣਾ ਸਾਹਿਬ ਨੂੰ ਵਿਸ਼ੇ ਵਜੋਂ ਕਈ ਗੀਤਾਂ ਵਿੱਚ ਗਾਇਆ ਗਿਆ ਤੇ ਸੰਗਤਾਂ ਦੇ ਦਰਦ ਨੂੰ ਫਿਲਮਾਇਆ ਵੀ ਗਿਆ। ਇਹਨਾਂ ਗੀਤਾਂ ਵਿੱਚ ਜਿਥੇ ਬਟਵਾਰੇ ਦਾ ਦਰਦ ਲਿਖਿਆ ਜਾਂਦਾ ਹੈ ਉੱਥੇ ਨਾਲ ਹੀ ਕਰਤਾਰਪੁਰ ਤੱਕ ਜਾਣ ਦੇ ਰਾਹ ਸਦਾ ਖੁੱਲ੍ਹੇ ਰਹਿਣ ਦੀਆਂ ਅਰਦਾਸਾਂ ਕੀਤੀਆਂ ਜਾਂਦੀਆਂ ਹਨ।ਇਤਿਹਾਸ ਮੁਤਾਬਕ ਗੁਰੂ ਨਾਨਕ ਦੇਵ ਜੀ ਵੱਲੋਂ ਭਾਈ ਲਹਿਣਾ ਜੀ ਨੂੰ ਗੁਰਗੱਦੀ ਵੀ ਇਸ ਸਥਾਨ 'ਤੇ ਹੀ ਸੌਂਪੀ ਗਈ ਸੀ, ਜਿਨ੍ਹਾਂ ਨੂੰ ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਆਖ਼ਿਰ 'ਚ ਗੁਰੂ ਨਾਨਕ ਦੇਵ ਜੀ ਇਸੇ ਸਥਾਨ 'ਤੇ ਹੀ ਜੋਤੀ ਜੋਤਿ ਸਮਾਏ ਸਨ।
ਪ੍ਰਿੰਸੀਪਲ ਤੇਜਾ ਸਿੰਘ ਅਤੇ ਡਾ. ਗੰਡਾ ਸਿੰਘ ਦੁਆਰਾ ਰਚਿਤ ਪੁਸਤਕ ‘ਸਿੱਖ ਇਤਿਹਾਸ’ ਵਿਚ ‘ਕਰਤਾਰਪੁਰ’ ਸਬੰਧੀ ਜਾਣਕਾਰੀ ਹੇਠਾਂ ਦਿੱਤੇ ਅਨੁਸਾਰ ਦਰਜ ਹੈ:
ਪੰਨਾਂ 9 ਹੁਣ ਗੁਰੂ ਜੀ ਨੇ ਪੰਜਾਬ ਤੋਂ ਬਾਹਰ ਇਕ ਹੋਰ ਲੰਮੀ ਉਦਾਸੀ ਤੇ ਜਾਣ ਦਾ ਵਿਚਾਰ ਬਣਾਇਆ ਪਰ ਜਾਣ ਤੋਂ ਪਹਿਲਾਂ ਉਹ ਆਪਣੇ ਪਰਿਵਾਰ ਲਈ, ਜਿਹੜਾ ਉਨ੍ਹਾਂ ਦੇ ਸਹੁਰੇ ਦੇ ਨਾਲ ਪਖੋਕੇ ਪਿੰਡ ਵਿਚ ਰਹਿ ਰਿਹਾ ਸੀ, ਇਕ ਘਰ ਦਾ ਪ੍ਰਬੰਧ ਕਰਨਾ ਚਾਹੁੰਦੇ ਸਨ। ਰਾਵੀ ਦਰਿਆ ਦੇ ਸੱਜੇ ਕੰਢੇ ਉੱਤੇ ਪਖੋਕੇ ਤੋਂ ਬਿਲਕੁਲ ਸਾਹਮਣੇ ਉਨ੍ਹਾਂ ਇਕ ਨਵੇਂ ਨਗਰ ਦੀ ਨੀਂਹ ਰਖੀ। ਇਹ ਥਾਂ ਉਨ੍ਹਾਂ ਦੇ ਇਕ ਲਾਹੌਰ ਨਿਵਾਸੀ ਚੇਲੇ ਕਰੋੜੀ ਨੇ ਭੇਟ ਕੀਤੀ ਸੀ। ਇਸ ਥਾਂ ਦਾ ਨਾਂ ਕਰਤਾਰਪੁਰ ਅਰਥਾਤ ਕਰਤਾਰ (ਵਾਹਿਗੁਰੂ) ਦਾ ਨਗਰ ਰਖਿਆ ਗਿਆ।ਕਰਤਾਰਪੁਰ ਸਾਹਿਬ ਪਾਕਿਸਤਾਨ ਵਿਚ ਹੈ ਅਤੇ ਦੋਵਾਂ ਮੁਲਕਾਂ ਨੇ ਨਾਨਕ ਨਾਮ ਲੇਵਾ ਦੀ ਸਹੂਲਤ ਲਈ ਭਾਰਤ ਦੇ ਡੇਰਾ ਬਾਬਾ ਨਾਨਕ ਅਤੇ ਕਰਤਾਰਪੁਰ ਵਿਚਾਲੇ ਨਵੰਬਰ 2019 ਵਿਚ ਕੋਰੀਡੋਰ ਦਾ ਉਦਘਾਟਨ ਹੋਇਆ ਸੀ।
ਕੁਝ ਇਕ ਗੀਤ ਇਤਿਹਾਸਕ ਘਟਨਾਵਾਂ ਦਾ ਬਿਆਨ ਕਰਦੇ ਕਰਦੇ ਇਹ ਗੱਲ ਸਪੱਸ਼ਟ ਕਰਦੇ ਹਨ ਕਿ ਕਿਸੇ ਖਾਸ ਸਾਜਿਸ਼ ਅਧੀਨ ਹੀ ਬਹੁ-ਗਿਣਤੀ ਸਿੱਖ ਸੰਗਤਾਂ ਨੂੰ ਨਨਕਾਣਾ ਸਾਹਿਬ ਤੋਂ ਦੂਰ ਕੀਤਾ ਗਿਆ ਹੈ।
ਜਬਰ ਜੁਲਮ ਦੀ ਜਾਲਮਾਂ ਨੇ ਹੱਦ ਮੁਕਾਈ
ਹੋਏ ਪਿਆਸੇ ਖੂਨ ਦੇ ਬਈ ਭਾਈ ਭਾਈ
ਕੀਤੀ ਇਲਤ ਫਰੰਗੀਆਂ ਕੀ ਵਰਤਿਆ ਭਾਣਾ
ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ
(ਅਮਰ ਸਿੰਘ ਚਮਕੀਲਾ)
ਨਨਕਾਣਾ ਸਾਹਿਬ ਨਾਲ ਸੰਬੰਧਤ ਅਜਿਹੇ ਕਈ ਹੋਰ ਗੀਤ ਹਨ ਜਿਹੜੇ ਸਵਾਲ ਉਠਾਂਉਂਦੇ ਹਨ, ਅਰਦਾਸ ਕਰਦੇ ਹਨ, ਇਧਰਲੇ ਤੇ ਉਧਰਲੇ ਪੰਜਾਬ ਦੀ ਸੁੱਖ ਮੰਗਦੇ ਹਨ ;
ਜਿਥੇ ਬਾਬੇ ਜਨਮ ਲਿਆ ਉਹ ਕੈਸੀ ਥਾਂ ਹੋਣੀ
ਪੁੱਛੂਗਾ ਹਰ ਬੱਚਾ ਪੀੜ੍ਹੀ ਜਦੌਂ ਅਗਾਂਹ ਹੋਣੀ
ਕਹਿਣਾ ਪਊਗਾ ਰਸਤਾ ਏ ਬੰਦ ਓਸ ਟਿਕਾਣੇ ਦਾ
ਨਹੀਂ ਭੁੱਲਣਾ ਦੁੱਖ ਸੰਗਤਾਂ ਨੂੰ ਵਿਛੜੇ ਨਨਕਾਣੇ ਦਾ
(ਮਨਮੋਹਨ ਵਾਰਿਸ)
ਇਸ ਤੋਂ ਇਲਾਵਾ ਐਸੈ ਹੀ ਕੁਝ ਹੋਰ ਗੀਤ ਵੀ ਹਨ ;
'ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣ ਵੇਖਣ ਨੂੰ' - ਸੁਰਜੀਤ ਭੁੱਲਰ
'ਜੇ ਕੋਲ ਹੁੰਦਾ ਨਨਕਾਣਾ ਤਾਂ ਮੱਥਾ ਟੇਕਣ ਜਾਣਾ ਸੀ/ਆਪ ਮਿਲਾਊ ਬਾਬਾ ਨਾਨਕ ਵਿਛੜੀਆਂ ਰੂਹਾਂ ਨੂੰ' - ਮਿਸ ਪੂਜਾ, ਅਮਰ ਅਰਸ਼ੀ
ਇਸੇ ਲੜੀ ਵਿਚ ਇਕ ਗੀਤ ਅਜਿਹਾ ਵੀ ਮਿਲਦਾ ਹੈ ਜਿਸ ਵਿਚ ਇਧਰਲੇ ਤੇ ਉਧਰਲੇ ਪੰਜਾਬ ਦੀਆਂ ਸੰਗਤਾਂ ਦੀਆਂ ਭਾਵਨਾਵਾਂ ਤੇ ਦਰਦ ਨੂੰ ਬਰਾਬਰ ਪੇਸ਼ ਕੀਤਾਂ ਗਿਆ ਹੈ। ਇਹ ਗੀਤ ਮਿਸ ਪੂਜਾ ਦੁਆਰਾ ਗਾਇਆ ਤੇ ਹਰਦੀਪ ਵਿਰਕ ਦੁਆਰਾ ਲਿਖਿਆ ਗਿਆ ;
ਅਸੀਂ ਏਧਰ ਬੈਠੇ ਤਰਸਦੇ ਆਂ ਸਾਨੂੰ ਕਦ ਦਿਸੂ ਨਨਕਾਣਾ
ਉਹੋ ਓਧਰ ਬੈਠੇ ਤਰਸਦੇ ਨੇ ਕਦ ਅੰਮ੍ਰਿਤਸਰ ਨੁੰ ਆਉਣਾ
ਇਹੇ ਦੋ ਕਦਮਾਂ ਦੀ ਦੂਰੀ ਨੂੰ ਬਾਬਾ ਨਾਨਕ ਕਦੋਂ ਮਿਟਾਵੇਂਗਾ
ਸਾਨੂੰ ਨਨਕਾਣਾ ਉਹਨਾਂ ਨੂੰ ਕਦੋਂ ਹਰਮੰਦਰ ਦਿਖਲਾਵੇਂਗਾ
ਏਸੇ ਹੀ ਕੁਝ ਹੋਰ ਗੀਤ ਹਨ ਜਿਨ੍ਹਾਂ ਦੇ ਨਾਵਾਂ ਦਾ ਜ਼ਿਕਰ ਕੀਤਾ ਜਾ ਚੁੱਕਾ ਹੈ। 'ਸਿੱਧੀ ਬੱਸ ਨਨਕਾਣੇ ਨੂੰ' ਗੀਤ ਕਰਤਾਰਪੁਰ ਲਾਂਘੇ ਵਾਲੀ ਗੱਲ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਵੱਲੋਂ ਮੁੜ ਵਿਚਾਰ ਅਧੀਨ ਲਿਆਉਣ ਤੋਂ ਬਾਅਦ ਆਉਂਦਾ ਹੈ।
ਸ਼ਾਲਾ ! ਦੋਹਾਂ ਮੁਲਕਾਂ ਦੀਆਂ ਅਰਦਾਸਾਂ ਨੂੰ ਬੂਰ ਪਵੇ । ਸਿਰਫ ਕਰਤਾਰਪੁਰ ਲਾਂਘਾ ਹੀ ਨਹੀਂ ਸਗੋਂ ਧਰਤੀ 'ਤੇ ਮਨਾਂ ਅੰਦਰ ਖਿਚੀਆਂ ਲੀਕਾਂ ਵੀ ਮਿਟ ਜਾਣ। ਸਾਨੂੰ ਗੁਰੂ ਨਾਨਕ ਤੌਫੀਕ ਬਖਸ਼ੇ ਕਿ ਅਸੀਂ ਉਹਦੇ ਗੁਣ ਗਾਉਂਦੇ ਰਹੀਏ ।
ਰਜਿੰਦਰ ਕੌਰ ਜੰਡਿਆਲਾ ਗੁਰੁ
Comments (0)