ਆਰਥਿਕ ਸੰਕਟ ਤੇ ਤੀਜੀ ਸੰਸਾਰ ਜੰਗ ਵਲ ਵਿਸ਼ਵ

ਆਰਥਿਕ ਸੰਕਟ ਤੇ ਤੀਜੀ ਸੰਸਾਰ ਜੰਗ ਵਲ ਵਿਸ਼ਵ

 

ਸੰਸਾਰ ਬੈਂਕ ਤੇ ਕੌਮਾਂਤਰੀ ਮਾਲੀ ਫੰਡ ਨੇ ਚੇਤਾਵਨੀ ਦਿਤੀ ਹੈ ਕਿ ਅਗਲੇ ਮਾਲੀ ਸਾਲ ਵਿਚ ਸੰਸਾਰ ਅਰਥਚਾਰੇ ਵਿਚ ਵਾਧੇ ਦੀ ਦਰ ਘਟ ਕੇ ਸਿਰਫ 2.7 ਫੀਸਦੀ ਰਹਿ ਸਕਦੀ ਹੈ। ਅਮਰੀਕਾ ਤੇ ਯੂਰਪ ਸਮੇਤ ਸਾਰੇ ਦੇਸਾਂ ਦਾ ਅਰਥਚਾਰਾ ਮੰਦਵਾੜੇ ਦਾ ਸ਼ਿਕਾਰ ਹੋ ਸਕਦਾ ਹੈ। ਆਲਮੀ ਅਦਾਰਿਆਂ ਦੀ ਇਸ ਰਿਪੋਰਟ ਤੋਂ ਬਾਦ ਸਾਰੇ ਸੰਸਾਰ ਵਿਚ ਆਰਥਿਕ ਭਵਿਖ ਪ੍ਰਤੀ ਬੇਯਕੀਨੀ ਬਣ ਗਈ ਹੈ। ਰੂਸ ਤੇ ਯੂਕਰੇਨ ਵਿਚਕਾਰ ਚਲ ਰਹੀ ਜੰਗ ਨੇ ਇਸ ਆਰਥਿਕ ਸੰਕਟ ਨੂੰ ਹੋਰ ਵੀ ਗਹਿਰਾ ਕੀਤਾ ਹੈ। ਕਰੋਨਾ ਵਾਇਰਸ ਦੀ ਮਹਾਂਮਾਰੀ ਨੇ ਸੰਸਾਰ ਅਰਥਚਾਰੇ ਦੀਆਂ ਚੂਲਾਂ ਪਹਿਲਾਂ ਹੀ ਹਿਲਾਈਆ ਹੋਈਆ ਹਨ। ਇਕ ਦੂਜੇ ਉਤੇ ਨਿਰਭਰ ਹੋਣ ਕਾਰਨ ਕਿਸੇ ਵੀ ਸੰਕਟ ਦਾ ਪ੍ਰਭਾਵ ਸਾਰੇ ਦੇਸਾਂ ਉਤੇ ਪੈਂਦਾ ਹੈ। ਆਰਥਿਕ ਮੰਦਵਾੜੇ ਦਾ ਮਤਲਬ ਪੈਦਾਵਾਰ ਦਾ ਜਿਆਦਾ ਹੋਣਾ ਅਤੇ ਮੰਗ ਦਾ ਘਟ ਜਾਣਾ ਹੈ। ਮੰਗ ਦੇ ਘਟਣ ਕਾਰਨ ਫੈਕਟਰੀਆਂ ਬੰਦ ਹੋਣ ਅਤੇ ਨੌਕਰੀਆਂ ਦੇ ਘਟਣ ਕਾਰਨ ਆਮ ਆਦਮੀ ਦੇ ਮਨ ਵਿਚ ਬੇਰੁਜਗਾਰੀ ਦਾ ਫਿਕਰ ਹਰ ਵੇਲੇ ਬਣਿਆ ਰਹਿੰਦਾ ਹੈ। ਰੁਜਗਾਰ ਦੇ ਨਵੇਂ ਮੌਕੇ ਖਤਮ ਹੁੰਦੇ ਜਾਂਦੇ ਹਨ, ਮਹਿੰਗਾਈ ਵਧਣ ਲਗਦੀ ਹੈ ਅਤੇ ਪੈਸੇ ਨਾ ਹੋਣ ਕਾਰਨ ਲੋਕਾਂ ਦੀ ਖਰੀਦ ਸ਼ਕਤੀ ਘਟਦੀ ਜਾਂਦੀ ਹੈ। ਇਹ ਦੁਸ਼-ਚਕਰ ਲਗਾਤਾਰ ਆਰਥਿਕ ਮੰਦਵਾੜੇ ਨੂੰ ਹੋਰ ਵਧਾਈ ਤੁਰਿਆ ਜਾਂਦਾ ਹੈ।

1929 ਵਿਚ ਆਇਆ ਆਰਥਿਕ ਮੰਦਵਾੜਾ ਅਮਰੀਕਾ ਦੇ ਸ਼ੇਅਰ ਬਜਾਰ ਵਿਚ ਇਕ ਦਮ ਮੰਦੀ ਆਉਣ ਕਾਰਨ ਆਰੰਭ ਹੋਇਆ ਸੀ। ਉਦੋਂ ਵੀ ਹੁਣ ਵਾਂਗ ਸ਼ੇਅਰਾਂ ਵਿਚ ਬੇਤਰਤੀਬਾ ਉਭਾਰ ਸੀ। ਅੰਬਾਨੀ-ਅਡਾਨੀ ਵਰਗੇ ਬਿਨਾਂ ਕਿਸੇ ਸਨਅਤੀ ਪੈਦਾਵਾਰ ਰਾਤੋਰਾਤ ਖਰਬਾਂਪਤੀ ਬਣ ਰਹੇ ਸਨ। ਜਿਵੇਂ ਹੁਣ ਭਾਰਤ ਸਮੇਤ ਸਾਰੇ ਦੇਸ ਸੰਸਾਰ ਬੈਂਕ ਅਤੇ ਕੌਮਾਂਤਰੀ ਮਾਲੀ ਫੰਡ ਦੇ ਕਰਜਾਈ ਹਨ, ਉਦੋਂ ਯੂਰਪੀਨ ਦੇਸ ਅਮਰੀਕੀ ਕਰਜੇ ਥਲੇ ਦਬੇ ਹੋਏ ਸਨ। ਉਦੋਂ ਤਿੰਨ ਸਾਲ ਵਿਚ ਇਕ ਲਖ ਕੰਪਨੀਆਂ ਅਤੇ ਚਾਰ ਹਜਾਰ ਬੈਂਕ ਬੰਦ ਹੋਏ ਸਨ, ਉਸੇ ਤਰ੍ਹਾਂ ਹੁਣ ਵਡੀ ਪਧਰ ਉਤੇ ਕੰਪਨੀਆਂ ਬੰਦ ਤੇ ਬੈਂਕ ਫੇਲ ਹੋ ਰਹੇ ਹਨ। ਜਿਵੇਂ ਉਦੋਂ ਬਹੁਤੇ ਦੇਸਾਂ ਵਿਚ ਅਨਾਰਕੀ ਫੈਲਣ ਕਾਰਨ ਲੋਕ ਬਹੁਤ ਵਡੀ ਪਧਰ ਉਤੇ ਅਡ ਅਡ ਦੇਸਾਂ ਵਿਚੋਂ ਹਿਜਰਤ ਕਰਨ ਲਈ ਮਜਬੂਰ ਹੋਏ ਸਨ, ਐਨ ਇਹੀ ਹਾਲਾਤ ਹੁਣ ਬਣਦੇ ਜਾ ਰਹੇ ਹਨ। ਜਿਵੇਂ ਉਦੋ ਇਸ ਮੰਦਵਾੜੇ ਦਾ ਹੱਲ 1939 ਵਿਚ ਦੂਜੀ ਸੰਸਾਰ ਸਾਮਰਾਜੀ ਲਗਣ ਤੇ 1945 ਵਿਚ ਉਸਦੇ ਖਤਮ ਹੋਣ ਤੋਂ ਬਾਅਦ ਨਿਕਲਿਆ ਸੀ ਐਨ ਉਸੇ ਤਰ੍ਹਾਂ ਅਠ ਮਹੀਨੇ ਪਹਿਲਾਂ ਲਗੀ ਰੂਸ-ਯੂਕਰੇਨ ਜੰਗ ਤੀਜੀ ਸੰਸਾਰ ਜੰਗ ਵਿਚ ਬਦਲ ਰਹੀ ਹੈ।

ਮਾਰਕਸ ਨੇ ‘ਕਮਿਊਨਿਸਟ ਮੈਨੀਫੈਸਟੋ’ ਵਿਚ ਲਿਖਿਆ ਹੈ, ‘‘ਪੂੰਜੀਵਾਦੀ ਰਿਸ਼ਤਿਆਂ ਅਧੀਨ ਅਜੋਕੇ ਬੁਰਜਵਾ ਸਮਾਜ ਨੇ ਪੈਦਾਵਾਰ ਤੇ ਵਟਾਂਦਰੇ ਦੇ ਧੜਵੈਲ ਸਾਧਨ ਪੈਦਾ ਕਰ ਲਏ ਹਨ। ਪੂੰਜੀਵਾਦੀ ਰਿਸ਼ਤਿਆਂ ਕਾਰਨ ਇਹ ਉਸ ਜਾਦੂਗਰ ਵਾਂਗ ਹੈ, ਜਿਹੜਾ ਆਪਣੀਆਂ ਹੀ ਜਗਾਈਆਂ ਜਾਦੂਗਰੀ ਸ਼ਕਤੀਆਂ ਨੂੰ ਆਪਣੇ ਕਾਬੂ ਵਿਚ ਰਖਣ ਦੇ ਅਸਮਰਥ ਹੈ। ਕੁਝ ਕੁ ਨਿਸ਼ਚਿਤ ਸਮੇਂ ਬਾਅਦ ਮੁੜ-ਮੁੜ ਪ੍ਰਗਟ ਹੁੰਦੇ ਵਾਪਾਰਿਕ ਸੰਕਟ ਹਰ ਵਾਰ ਸਮੁਚੇ ਬੁਰਜੂਆ ਸਮਾਜ ਦੀ ਹੋਂਦ ਨੂੰ ਪਹਿਲਾਂ ਨਾਲੋਂ ਵੀ ਵਡਾ ਖਤਰਾ ਖੜਾ ਕਰ ਦੇਂਦੇ ਹਨ। ਇਨ੍ਹਾਂ ਸੰਕਟਾਂ ਵਿਚ ਨਾ ਸਿਰਫ ਮੌਜੂਦਾ ਪੈਦਾਵਾਰ ਸਗੋਂ ਪਹਿਲਾਂ ਸਿਰਜੇ ਪੈਦਾਵਾਰੀ ਸਾਧਨ ਵੀ ਤਬਾਹ ਕਰ ਦਿਤੇ ਜਾਂਦੇ ਹਨ। ਅਚਨਚੇਤ ਸਾਰਾ ਸਮਾਜ ਕੁਝ ਚਿਰ ਲਈ ਆਪਣੇ ਆਪ ਨੂੰ ਵਹਿਸ਼ੀ ਹਾਲਤ ਵਿਚ ਪਹੁੰਚਿਆ ਮਹਿਸੂਸ ਕਰਦਾ ਹੈ। ਜਿਵੇਂ ਕਿਸੇ ਸਰਬਵਿਆਪੀ ਤਬਾਹੀ ਨੇ ਮਨੁਖੀ ਹੋਂਦ ਲਈ ਲੋੜੀਂਦੀ ਸਨਅਤ ਤੇ ਵਪਾਰ ਨੂੰ ਬੰਨ ਮਾਰ ਦਿਤਾ ਹੋਵੇ। ਪੂੰਜੀਵਾਦੀ ਸਮਾਜ ਦੀਆਂ ਵਲਗਣਾਂ ਏਨੀਆਂ ਤੰਗ ਹੋ ਜਾਂਦੀਆਂ ਹਨ ਕਿ ਉਹ ਆਪਣੀ ਹੀ ਪੈਦਾ ਕੀਤੀ ਦੌਲਤ ਨੂੰ ਆਪਣੇ ਵਿਚ ਨਹੀਂ ਸਮੋਅ ਸਕਦੀਆਂ ਤੇ ਪੂੰਜੀਵਾਦ ਇਸ ਸੰਕਟ ਦਾ ਹੱਲ ਕਿਵੇਂ ਕਰਦਾ ਹੈ, ਇਕ ਪਾਸੇ ਪੈਦਾਵਾਰੀ ਸ਼ਕਤੀਆਂ ਦੀ ਭਾਰੀ ਤਬਾਹੀ ਕਰਕੇ ਅਤੇ ਦੂਜੇ ਪਾਸੇ ਨਵੀਆਂ ਮੰਡੀਆਂ ਕਾਬੂ ਕਰਕੇ ਤੇ ਪੁਰਾਣੀਆਂ ਮੰਡੀਆਂ ਦੀ ਹੋਰ ਵਧੇਰੇ ਲੁਟ ਕਰਕੇ।’’ 

ਬਿਲਕੁਲ ਇਹੀ ਹਾਲਤ ਹੁਣ ਅਸੀਂ ਸਾਰੇ ਦੇਸਾਂ ਦੀ ਵੇਖ ਰਹੇ ਹਾਂ। ਇਹੀ ਸਿਰਵਢ ਮੁਕਾਬਲਾ ਹੁਣ ਅਮਰੀਕਾ, ਰੂਸ, ਚੀਨ, ਯੂਰਪ, ਬਰਤਾਨੀਆ ਤੇ ਭਾਰਤ ਸਮੇਤ ਸਾਰੇ ਦੇਸਾਂ ਨੂੰ ਤੀਜੀ ਸੰਸਾਰ ਜੰਗ ਵੱਲ ਧਕ ਰਿਹਾ ਹੈ। ਲੈਨਿਨ ਨੇ ਆਪਣੀ ਕਿਰਤ ‘ਸਾਮਰਾਜ ਪੂੰਜੀਵਾਦ ਦੀ ਅਜੋਕੀ ਅਵਸਥਾ’ ਵਿਚ ਲਿਖਿਆ ਹੈ ਕਿ ਸਾਮਰਾਜੀ ਦੌਰ ਵਿਚ ਆ ਕੇ ਪੂੰਜੀਵਾਦ ਦੇ ਇਹ ਲਛਣ ਤੇ ਆਪਸੀ ਮੁਕਾਬਲਾ ਹੋਰ ਵੀ ਵਹਿਸ਼ੀ ਰੂਪ ਧਾਰਨ ਕਰ ਗਿਆ ਹੈ। ਇਕ-ਦੂਜੇ ਕੋਲੋ ਮੰਡੀਆਂ ਖੋਹਣ ਦੀ ਦੌੜ ਚਾਰੇ ਪਾਸੇ ਚਲ ਰਹੀ ਹੈ। ਇਹੀ ਦੌੜ ਇਨ੍ਹਾਂ ਸਾਮਰਾਜੀਆਂ ਨੂੰ ਅਰਬਾਂ ਲੋਕਾਂ ਦੀ ਕੀਮਤ ਉਤੇ ਖਰਬਾਂ ਰੁਪਏ ਪ੍ਰਮਾਣੂ ਜੰਗ ਦੀ ਤਿਆਰੀ ਵਾਸਤੇ ਖਰਚਣ ਲਈ ਮਜਬੂਰ ਕਰਦੀ ਹੈ। ਇਸੇ ਲੋੜ ਵਿਚੋਂ ਹੀ ਮੋਦੀ ਸਰਕਾਰ ਕਰੋੜਾਂ ਗਰੀਬ ਲੋਕਾਂ ਦੇ ਹਥਾਂ ਵਿਚੋ ਰੋਟੀ ਖੋਹ ਕੇ ਅਰਬਾਂ ਰੁਪਏ ਦੇ ਹਥਿਆਰ ਖਰੀਦ ਰਹੀ ਹੈ, ਜਦੋਂ ਕਿ ਦੇਸ ਦੇ ਲੋਕ ਦਿਨੋ-ਦਿਨ ਹੋਰ ਗਰੀਬ ਹੋ ਕੇ ਭੁਖਮਰੀ ਦਾ ਸ਼ਿਕਾਰ ਹੋ ਰਹੇ ਹਨ। ਅੱਜ ਜਾਰੀ ਹੋਏ ‘ਆਲਮੀ ਭੁਖਮਰੀ ਇੰਡੈਕਸ’ ਵਿਚ ਦਸਿਆ ਗਿਆ ਹੈ ਕਿ ਮੋਦੀ ਰਾਜ ਵਿਚ ਭੁਖਮਰੀ ਪਖੋਂ 121 ਦੇਸਾਂ ਵਿਚੋਂ ਭਾਰਤ ਦਾ ਨੰਬਰ 107ਵਾਂ ਹੈ। ਗੁਆਂਢੀ ਮੁਲਕ ਨੇਪਾਲ, ਪਾਕਿਸਤਾਨ, ਸ੍ਰੀ ਲੰਕਾ ਤੇ ਬੰਗਲਾਦੇਸ ਇਸ ਮਾਮਲੇ ਵਿਚ ਭਾਰਤ ਨਾਲੋਂ ਕਿਤੇ ਬੇਹਤਰ ਹਨ। ਇਸ ਵੇਲੇ ਦੇਸ ਵਿਚ ਹਰ ਰੋਜ 22 ਕਰੋੜ ਤੋਂ ਵਧੇਰੇ ਲੋਕ ਰਾਤ ਨੂੰ ਭੁਖੇ ਸੌਂਦੇ ਹਨ।