7 ਫੁੱਟ 2 ਇੰਚ ਕੱਦ ਵਾਲੇ ਸਿੱਖ ਗੱਭਰੂ ਨੇ ਬਣਾਈ ਵੱਖਰੀ ਪਛਾਣ

7 ਫੁੱਟ 2 ਇੰਚ ਕੱਦ ਵਾਲੇ ਸਿੱਖ  ਗੱਭਰੂ  ਨੇ ਬਣਾਈ ਵੱਖਰੀ ਪਛਾਣ

ਸਿੱਖੀ ਸਿਧਾਂਤਾਂ ਕਾਰਣ ਸੁਖਦੇਵ ਸਿੰਘ  ਨੇ ਪੰਜਾਬੀ ਫ਼ਿਲਮ ਜਾਂ ਰੈਸਲਿੰਗ ਵਿੱਚ ਜਾਣ ਦਾ ਮਨ ਨਹੀਂ ਬਣਾਇਆ 

*ਭਾਰ 185 ਕਿਲੋ , ਰੋਜਾਨਾ  ਪੀਂਦੇ ਏ 6 ਲੀਟਰ ਦੁੱਧ, ਖਾਂਦੇ ਏ 10-12 ਰੋਟੀਆਂ, ਦਹੀਂ, ਲੱਸੀ, ਮੱਖਣ, ਦੇਸੀ ਘਿਓ ਦੇ ਸ਼ੌਕੀਨ

ਸੱਤ ਫੁੱਟ ਦੋ ਇੰਚ ਦੇ ਕੱਦ ਵਾਲੇ ਸੁਖਦੇਵ ਸਿੰਘ ਜਦੋਂ ਸਿੱਖੀ ਸਰੂਪ ਵਿੱਚ ਤੁਰਦਾ ਹੈ ਤਾਂ ਵੱਖਰਾ ਹੀ ਪਛਾਣਿਆ ਜਾਂਦਾ ਹੈ।ਸੁਖਦੇਵ ਸਿੰਘ ਨੇ ਆਪਣੇ ਸਿੱਖੀ ਸਿਧਾਂਤਾਂ ’ਤੇ ਚੱਲਦਿਆਂ ਕਿਸੇ ਵੀ ਪੰਜਾਬੀ ਫ਼ਿਲਮ ਜਾਂ ਰੈਸਲਿੰਗ ਵਿੱਚ ਜਾਣ ਦਾ ਮਨ ਨਹੀਂ ਬਣਾਇਆ ਕਿਉਂਕਿ ਉਹ ਆਪਣੇ ਧਾਰਮਿਕ ਵਿਸ਼ਵਾਸ਼ ਨਾਲ ਕਿਸੇ ਕਿਸਮ ਦਾ ਸਮਝੌਤਾ ਨਹੀਂ ਕਰਨਾ ਚਾਹੁੰਦਾ ਸੀ।ਫਤਿਹਗੜ੍ਹ ਸਾਹਿਬ ਦੇ ਪਿੰਡ ਸੈਦਪੁਰਾ ਦੇ ਰਹਿਣ ਵਾਲੇ ਸੁਖਦੇਵ ਸਿੰਘ ਉਰਫ ਸੁੱਖਾ ਬਾਬਾ ਦਾ ਭਾਰ 185 ਕਿਲੋ ਹੈ, ਉਹ ਦਿਨ ਵਿਚ 6 ਲੀਟਰ ਦੁੱਧ ਪੀਂਦਾ ਹੈ , 10-12 ਰੋਟੀਆਂ, ਦਹੀਂ, ਲੱਸੀ, ਮੱਖਣ, ਦੇਸੀ ਘਿਓ ਖਾਂਦਾ ਹੈ।ਫ਼ਿਲਮ ਵਿਚ ਉਸਨੂੰ ਰੋਲ ਆਫ਼ਰ ਹੋਇਆ ਪਰ  ਉਸਨੇ ਸਿਖੀ ਸਰੂਪ ਨੂੰ ਤਰਜੀਹ ਦਿੱਤੀ

ਸੁਖਦੇਵ ਸਿੰਘ ਕਹਿੰਦਾ ਹੈ ਕਿ ਉਹ ਬਹੁਤ ਭਾਰੀਆਂ ਚੀਜਾਂ ਨੂੰ ਅਸਾਨੀ ਨਾਲ ਚੁੱਕ ਲੈਂਦਾ ਹੈ ਅਤੇ ਛੋਟੇ ਹੁੰਦੇ ਕਬੱਡੀ ਖੇਡਣ ਦਾ ਸ਼ੌਂਕ ਰੱਖਦਾ ਸੀ ਪਰ ਕੋਈ ਮੁਕਾਬਲੇ ਵਿੱਚ ਖੇਡਣ ਨੂੰ ਤਿਆਰ ਨਹੀਂ ਹੁੰਦਾ ਸੀ। ਇਸ ਲਈ ਖੇਡਣਾ ਛੱਡ ਦਿੱਤਾ।ਸੁਖਦੇਵ ਸਿੰਘ ਮੁਤਾਬਕ ਵੱਡੇ ਸਰੀਰ ਕਾਰਨ ਉਹਨਾਂ ਨੂੰ ਇਕ ਪੰਜਾਬੀ ਫਿਲਮ ਦਾ ਵੀ ਆਫਰ ਹੋਇਆ ਸੀ ਪਰੰਤੂ ਉਸ ਨੇ ਵਾਲ ਖੋਲ ਕੇ ਰੋਲ ਕਰਨ ਤੋਂ ਇਨਕਾਰ ਕਰ ਦਿੱਤਾ।ਸੁਖਦੇਵ ਸਿੰਘ ਨੇ ਅੰਮ੍ਰਿਤ ਛੱਕਿਆ ਹੋਇਆ ਹੈ।ਉਹ ਕਹਿੰਦਾ ਹੈ ਕਿ ਜੇਕਰ ਸ਼੍ਰੋਮਣੀ ਕਮੇਟੀ ਜਾਂ ਕੋਈ ਹੋਰ ਧਾਰਮਿਕ ਸੰਸਥਾ ਸਿੱਖੀ ਸਰੂਪ ਅਨੁਸਾਰ ਉਹਨਾਂ ਨੂੰ ਕੋਈ ਰੋਲ ਦਿੰਦੀ ਹੈ ਤਾਂ ਉਹ ਜ਼ਰੂਰ ਕਰੇਗਾ।

ਬੇਸ਼ੱਕ ਉਸਦਾ ਦਾ ਕੱਦ ਗਰੇਟ ਖਲੀ ਨਾਲ ਮੇਲ ਖਾਂਦਾ ਹੈ ਪਰ ਉਹ ਖਲੀ ਵਾਂਗ ਰੈਸਲਿੰਗ ਵੱਲ ਨਹੀਂ ਜਾਣਾ ਚਾਹੁੰਦਾ ਸੀ ਕਿਉਂਕਿ ਉਸ ਮੁਤਾਬਕ ਇਸ ਨਾਲ ਸਿੱਖ ਧਰਮ ਦੀਆਂ ਰਵਾਇਤਾਂ ਬਰਕਰਾਰ ਨਹੀਂ ਰਹਿੰਦੀਆਂ ।ਸੁਖਦੇਵ ਸਿੰਘ ਦੇ ਮਾਤਾ ਰਜਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਆਪਣੇ ਪੁੱਤ ਨੂੰ ਦੁੱਧ ਘਿਓ, ਮੱਖਣੀ ਅਤੇ ਚੂਰੀ ਨਾਲ ਪਾਲਿਆ ਹੈ।ਰਜਿੰਦਰ ਕੌਰ ਕਹਿੰਦੇ ਹਨ, “ਉਹ ਖੇਤੀ ਦਾ ਸਾਰਾ ਕੰਮ ਆਪ ਕਰਦਾ ਹੈ। ਔਖੇ ਅਤੇ ਭਾਰੇ ਕੰਮ ਵਿਚ ਸੁਖਦੇਵ ਨੂੰ ਕਿਸੇ ਦੀ ਜ਼ਰੂਰਤ ਮਹਿਸੂਸ ਨਹੀਂ ਹੁੰਦੀ।

ਸੁਖਦੇਵ ਸਿੰਘ ਦੇ ਕੁੜਤੇ ਪਜਾਮੇ ਉਪਰ 9 ਮੀਟਰ ਕੱਪੜਾ ਲੱਗਦਾ ਹੈ।ਉਸਦਾ।ਟੇਲਰ ਪਲਵਿੰਦਰ ਸਿੰਘ ਕਹਿੰਦਾ ਹੈ ਕਿ ਉਸਦੇ ਕੁੜਤੇ ਪਜਾਮੇ ਨੂੰ ਤਿਆਰ ਕਰਨ ਲਈ ਆਮ ਲੋਕਾਂ ਦੇ ਕਪੜੇ ਬਣਾਉਣ ਨਾਲੋ ਦੁੱਗਣਾ ਸਮਾਂ ਲੱਗਦਾ ਹੈ।ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਜੁੱਤੀ ਵੀ ਸਪੈਸ਼ਲ਼ ਬਣਵਾਉਂਦਾ ਹਨ।ਜੁੱਤੀ ਵੀ ਕਰੀਬ 16 ਨੰਬਰ ਦੀ ਆਉਂਦੀ ਹੈ।

ਸੁਖਦੇਵ ਸਿੰਘ ਨੇ ਦੱਸਿਆ ਉਹ ਸਕੂਲ ਵਿੱਚ ਉਸ ਦੇ ਪਿਛੇ ਬੈਠਣ ਵਾਲੇ ਬੱਚਿਆਂ ਨੂੰ ਕੁਝ ਨਹੀਂ ਦਿਖਦਾ ਸੀ। ਉਸਨੇ ਨੇ ਅੱਠਵੀਂ ਕਲਾਸ ਬਾਅਦ ਪੜ੍ਹਾਈ ਬੰਦ ਕਰ ਦਿੱਤੀ ਸੀ।ਸੁਖਦੇਵ ਸਿੰਘ ਕਹਿੰਦਾ ਹੈ ਕਿ ਉਸ ਨੂੰ ਕਾਰ ਅਤੇ ਬੱਸ ਵਿੱਚ ਸਫ਼ਰ ਕਰਨ ਵਿਚ ਦਿੱਕਤ ਆਉਂਦੀ ਹੈ ਜਿਸ ਕਰਕੇ ਉਹ ਅਕਸਰ ਸਫ਼ਰ ਮੋਟਰਸਾਈਕਲ ’ਤੇ ਹੀ ਕਰਦਾ ਹੈ।