ਜਨਰਲ ਬਿਪਿਨ ਰਾਵਤ ਚਲ ਵਸੇ 

ਜਨਰਲ ਬਿਪਿਨ ਰਾਵਤ ਚਲ ਵਸੇ 

*ਹੈਲੀਕਾਪਟਰ ਹਾਦਸੇ 'ਚ ਪਤਨੀ ਸਮੇਤ 13 ਮੌਤਾਂ

• ਤਾਮਿਲਨਾਡੂ ਦੇ ਸੰਘਣੇ ਜੰਗਲ ਵਿਚ ਤਬਾਹ ਹੋਇਆ ਚੌਪਰ

• ਇਕੋ-ਇਕ ਬਚੇ ਗਰੁੱਪ ਕੈਪਟਨ ਦੀ ਹਾਲਤ ਗੰਭੀਰ

ਅੰਮ੍ਰਿਤਸਰ ਟਾਈਮਜ਼ 

ਕੁਨੂਰ (ਤਾਮਿਲਨਾਡੂ) -ਕੁਨੂਰ ਨੇੜੇ ਵਾਪਰੇ ਹੈਲੀਕਾਪਟਰ ਹਾਦਸੇ 'ਚ ਸੀ.ਡੀ.ਐਸ. ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਤੇ 11 ਹੋਰਾਂ ਦੀ ਮੌਤ ਹੋ ਗਈ ਹੈ । ਇਸ ਸਬੰਧੀ ਹਵਾਈ ਫ਼ੌਜ ਤੇ ਹੋਰ ਅਧਿਕਾਰੀਆਂ ਨੇ ਦੱਸਿਆ ਕਿ ਜਨਰਲ ਰਾਵਤ ਤੇ ਉਨ੍ਹਾਂ ਦੇ ਦਲ ਨੂੰ ਲਿਜਾ ਰਿਹਾ ਹੈਲੀਕਾਪਟਰ ਧੁੰਦ ਕਾਰਨ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ 13 ਲੋਕਾਂ ਦੀ ਮੌਤ ਹੋ ਗਈ । ਹਵਾਈ ਸੈਨਾ ਨੇ ਘਟਨਾ ਦੀ ਕੋਰਟ ਆਫ਼ ਇਨਕੁਆਰੀ ਦਾ ਆਦੇਸ਼ ਦਿੱਤਾ ਹੈ | ਹੈਲੀਕਾਪਟਰ ਵਿਚ ਬਿ੍ਗੇਡੀਅਰ ਐੱਲ.ਐੱਸ. ਲਿੱਦੜ, ਲੈਫ. ਕਰਨਲ ਹਰਜਿੰਦਰ ਸਿੰਘ, ਨਾਇਕ ਗੁਰਸੇਵਕ ਸਿੰਘ, ਨਾਇਕ ਜਤਿੰਦਰ, ਨਾਇਕ ਵਿਵੇਕ ਕੁਮਾਰ, ਨਾਇਕ ਬੀ.ਸਾਈ ਤੇਜਾ ਤੇ ਹੌਲਦਾਰ ਸਤਪਾਲ ਵੀ ਸਵਾਰ ਸਨ । ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਜਨਰਲ ਰਾਵਤ ਵੈਲਿੰਗਟਨ ਵਿਖੇ ਡਿਫੈਂਸ ਸਰਵਿਸ ਸਟਾਫ ਕਾਲਜ  ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੰਬੋਧਨ ਕਰਨ ਲਈ ਜਾ ਰਹੇ ਸਨ । ਇਥੇ ਜਿਕਰਯੋਗ ਹੈ ਕਿ ਤਾਮਿਲਨਾਡੂ ਦੇ ਕੁਨੂਰ ਵਿਚ ਹਾਦਸਾਗ੍ਰਸਤ ਹੋਇਆ ਹਵਾਈ ਫ਼ੌਜ ਦਾ ਐਮ.ਆਈ.17ਵੀ5 ਹੈਲੀਕਾਪਟਰ ਸਭ ਤੋਂ ਆਧੁਨਿਕ ਮਿਲਟਰੀ ਆਵਾਜਾਈ ਹੈਲੀਕਾਪਟਰ ਹੈ, ਜੋ ਕਿ 2012 ਵਿਚ ਹਵਾਈ ਫੌਜ ਵਿਚ ਸ਼ਾਮਿਲ ਹੈ ।ਰੂਸ ਦੀ ਹੈਲੀਕਾਪਟਰ ਇਕਾਈ ਕਾਜ਼ਾਨ ਵਲੋਂ ਬਣਾਏ ਗਏ ਇਸ ਹੈਲੀਕਾਪਟਰ ਵਿਚ ਇਕ ਮੌਸਮੀ ਰਾਡਾਰ ਹੈ ਤੇ ਇਹ ਨਵੀਂ ਪੀੜੀ ਦੇ ਨਾਈਟ ਵਿਜ਼ਨ ਉਪਕਰਨਾਂ ਨਾਲ ਲੈਸ ਹੈ । ਹਾਲਾਂਕਿ ਇਸ ਹੈਲੀਕਾਪਟਰ ਨਾਲ ਪਿਛਲੇ ਦਹਾਕਿਆਂ ਵਿਚ ਕੁਝ ਹਾਦਸੇ ਵਾਪਰ ਚੁੱਕੇ ਹਨ । ਇਸ ਤੋਂ ਪਹਿਲਾਂ ਪਿਛਲੇ ਮਹੀਨੇ ਅਰੁਣਾਚਲ ਪ੍ਰਦੇਸ਼ ਵਿਚ ਵੀ ਇਹ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ । ਇਹ ਇਕ ਮੀਡੀਅਮ ਲਿਫਟ ਤਾਕਤਵਰ ਹੈਲੀਕਾਪਟਰ ਹੈ, ਜਿਸ ਨੂੰ ਜਵਾਨਾਂ ਤੇ ਫੌਜ ਦੀ ਆਵਾਜਾਈ, ਰਾਹਤ ਤੇ ਤਲਾਸ਼ੀ ਅਭਿਆਨਾਂ ਲਈ ਵਰਤਿਆ ਜਾਂਦਾ ਹੈ । ਇਸ ਵਿਚ ਦੋ ਇੰਜਣ ਹਨ ਤੇ ਵੱਡੀਆਂ ਸ਼ਖ਼ਸੀਅਤਾਂ ਵਲੋਂ ਇਸ ਦੀ ਵਰਤੋਂ ਕੀਤੀ ਜਾਂਦੀ ਹੈ । ਇਹ ਕਈ ਤਰ੍ਹਾਂ ਦੇ ਹਥਿਆਰਾਂ ਨਾਲ ਲੈਸ ਹੈ ।

ਬਾਲੀਵੁੱਡ 'ਚ ਸੋਗ ਦੀ ਲਹਿਰ

ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ ਦੀ ਅਚਾਨਕ ਹੋਈ ਮੌਤ ਨਾਲ ਬਾਲੀਵੁੱਡ ਵਿਚ ਸੋਗ ਦੀ ਲਹਿਰ ਹੈ । ਉੱਘੀ ਪਿੱਠਵਰਤੀ ਗਾਇਕਾ ਲਤਾ ਮੰਗੇਸ਼ਕਰ, ਅਦਾਕਾਰ ਅਨਿਲ ਕਪੂਰ, ਅਨੁਪਮ ਖੇਰ, ਕਮਲ ਹਸਨ, ਵਿਵੇਕ ਓਬਰਾਏ, ਕੁਣਾਲ ਕਪੂਰ, ਪਿ੍ਥਵੀਰਾਜ, ਉਰਮਿਲਾ ਮਾਤੋਂਡਕਰ, ਕੰਗਨਾ ਰਣੌਤ, ਲਾਰਾ ਦੱਤਾ ਤੇ ਪ੍ਰੋਡਿਊਸਰਜ਼ ਗਿਲਡ ਆਫ ਇੰਡੀਆ ਵਲੋਂ ਆਪਣੇ ਸੋਗ ਸੁਨੇਹੇ 'ਚ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ।

ਰਾਜਨੀਤਕਾਂ ਵਲੋਂ ਦੁਖ 

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ , 

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਵੀ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਤੇ ਹੋਰਾਂ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ । ਇਸ ਤੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ |