ਮੈਕਸੀਕੋ ਸਰਹੱਦ 'ਤੇ  ਅਮਰੀਕਾ ਵਿਚ ਦਾਖ਼ਲ ਹੋਣ ਵਾਲੇ ਪ੍ਰਵਾਸੀਆਂ ਨੂੰ ਪੁਲਿਸ ਨੇ ਖਦੇੜਿਆ

ਮੈਕਸੀਕੋ ਸਰਹੱਦ 'ਤੇ  ਅਮਰੀਕਾ ਵਿਚ ਦਾਖ਼ਲ ਹੋਣ ਵਾਲੇ ਪ੍ਰਵਾਸੀਆਂ ਨੂੰ ਪੁਲਿਸ ਨੇ ਖਦੇੜਿਆ

 *ਯੂਐਸ ਬਾਰਡਰ ਪੈਟਰੋਲ ਡਿਪਾਰਟਮੈਂਟ ਦੇ ਅਨੁਸਾਰ 2022 ਵਿੱਚ, 2.2 ਮਿਲੀਅਨ ਲੋਕਾਂ ਨੂੰ  ਕੀਤਾ ਸੀ ਗ੍ਰਿਫਤਾਰ

ਮੈਕਸੀਕੋ ਨਾਲ ਲੱਗਦੀ ਯੂ.ਐੱਸ, ਸਰਹੱਦ 'ਤੇ ਪ੍ਰਵਾਸੀਆਂ ਦੇ ਇੱਕ ਵੱਡੇ ਸਮੂਹ ਨੇ ਬੀਤੇ ਦਿਨੀਂ ਸੰਯੁਕਤ ਰਾਜ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਯੂ.ਐੱਸ, ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਨੇ ਸਮਾਚਾਰ ਏਜੰਸੀ ਸੀ.ਐਨ.ਐਨ. ਨੂੰ ਦੱਸਿਆ ਕਿ ਬੀਤੇ ਦਿਨੀਂ ਵੱਡੀ ਭੀੜ ਇਕੱਠੀ ਹੋਈ ਅਤੇ ਇਸਨੂੰ "ਮਾਸ ਐਂਟਰੀ ਕਰਨ ਦੇ ਸੰਭਾਵੀ ਖ਼ਤਰੇ" ਵਜੋਂ ਦੇਖਿਆ ਗਿਆ ਸੀ। ਇਹਨਾਂ ਵਿਚੋਂ ਜ਼ਿਆਦਾਤਰ ਪ੍ਰਵਾਸੀ ਵੈਨੇਜ਼ੁਏਲਾ ਤੋਂ ਹਨ। ਉਹਨਾਂ ਨੇ ਸੁਰੱਖਿਆ ਘੇਰਾ ਤੋੜਨ ਦੀ ਕੋਸ਼ਿਸ ਕੀਤੀ ਪਰ ਅਮਰੀਕੀ ਸੁਰੱਖਿਆ ਬਲਾਂ ਨੇ ਉਹਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ।ਇਹ ਲੋਕ ਅਮਰੀਕਾ ਵਿਚ ਸ਼ਰਨ ਦੀ ਮੰਗ ਕਰ ਰਹੇ ਹਨ। ਪੁਲਸ ਦੁਆਰਾ ਖਦੇੜਨ ਦੀ ਕੋਸ਼ਿਸ਼ ਦੌਰਾਨ ਕੁਝ ਲੋਕ ਜ਼ਖ਼ਮੀ ਵੀ ਹੋ ਗਏ। ਇਹਨਾਂ ਲੋਕਾਂ ਨਾਲ ਬੱਚੇ ਵੀ ਸਨ।

 ਰਾਇਟਰਜ਼ ਦੁਆਰਾ ਇਕ ਵੀਡੀਓ ਫੁਟੇਜ ਜਾਰੀ ਕੀਤਾ ਗਿਆ  ਜਿਸ ਵਿਚ ਸੈਂਕੜੇ ਲੋਕ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਦੇਖੇ ਜਾ ਸਕਦੇ ਹਨ। ਵੀਡੀਓ ਵਿਚ ਕੰਡਿਆਲੀ ਤਾਰ ਅਤੇ ਸੰਤਰੀ ਪਲਾਸਟਿਕ ਦੀਆਂ ਰੁਕਾਵਟਾਂ ਦਿਖਾਈਆਂ ਗਈਆਂ ਹਨ ਜੋ ਸੰਯੁਕਤ ਰਾਜ ਵਿੱਚ ਅਮਰੀਕਾ ਦੇ ਪੁਲ ਵੱਲ  ਜਾਣ ਨੂੰ ਰੋਕਣ ਲਈ ਲਗਾਈਆਂ ਜਾ ਰਹੀਆਂ ਹਨ। ਰਾਇਟਰਜ਼ ਨੇ ਰਿਪੋਰਟ ਦਿੱਤੀ ਕਿ ਕੁਝ ਪ੍ਰਵਾਸੀਆਂ 'ਤੇ ਪੁਲ ਤੋਂ ਪਹਿਲਾਂ ਸੀ.ਬੀ.ਪੀ. ਦੁਆਰਾ ਮਿਰਚ ਸਪਰੇਅ ਕੀਤੀ ਗਈ ਸੀ।ਬਹੁਤ ਸਾਰੇ ਪ੍ਰਵਾਸੀ ਨਵੀਂਆਂ ਨੀਤੀਆਂ ਤੋਂ ਨਿਰਾਸ਼ ਹੋ ਗਏ ਹਨ ਜੋ ਰਾਸ਼ਟਰਪਤੀ ਜੋਅ ਬਾਈਡੇਨ ਦੁਆਰਾ ਲਾਗੂ ਕੀਤੀਆਂ ਗਈਆਂ ਹਨ। ਖਾਸ ਤੌਰ 'ਤੇ ਸੀਬੀਪੀ ਵਨ ਨਾਮਕ ਐਪ ਨਾਲ, ਜਿਸ ਲਈ ਇੱਕ ਸਥਿਰ ਇੰਟਰਨੈਟ ਕਨੈਕਸ਼ਨ ਦੀ ਲੋੜ ਹੁੰਦੀ ਹੈ ਜੋ ਸਰਹੱਦ 'ਤੇ ਜ਼ਿਆਦਾਤਰ ਲੋਕਾਂ ਕੋਲ ਨਹੀਂ ਹੈ।ਇਨ੍ਹਾਂ ਪ੍ਰਵਾਸੀਆਂ ਦਾ ਇਲਜ਼ਾਮ ਹੈ ਕਿ ਅਮਰੀਕਾ ਨੇ ਸਾਡੀ ਮਦਦ ਲਈ ਜੋ ਐਪ ਸੇਵਾ ਸ਼ੁਰੂ ਕੀਤੀ ਹੈ ਉਹ ਅਸਲ ਵਿੱਚ ਪ੍ਰਕਿਰਿਆ ਨੂੰ ਲੰਮਾ ਕਰਨ ਲਈ ਹੈ। ਇਸ ਵਿੱਚ ਕਈ ਤਕਨੀਕੀ ਖਾਮੀਆਂ ਹਨ।ਇਸ ਐਪ ਨੂੰ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ ਕਿ ਪਰਵਾਸ ਕਰਨ ਵਾਲਿਆਂ ਨੂੰ ਕਾਫੀ ਸਮਾਂ ਖਰਾਬ ਕਰਨਾ ਪੈਂਦਾ ਹੈ।   ਜੇਕਰ ਇਸ ਐਪ 'ਤੇ ਭਰੋਸਾ ਕੀਤਾ ਜਾਵੇ ਤਾਂ ਸਾਨੂੰ ਅਮਰੀਕਾ ਪਹੁੰਚਣ ਵਿੱਚ ਕਈ ਸਾਲ ਲੱਗ ਜਾਣਗੇ।

18 ਸਾਲਾ ਕੈਮਿਲਾ ਪੇਜ ਨੇ ਕਿਹਾ -  ਬਿਡੇਨ ਨੂੰ ਸਾਡੇ 'ਤੇ ਰਹਿਮ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੇ ਪਰਿਵਾਰਾਂ ਲਈ ਰੋਜ਼ੀ ਰੋਟੀ ਕਮਾ ਸਕੀਏ। ਫਿਲਹਾਲ ਬਾਰਡਰ ਪ੍ਰੋਟੈਕਸ਼ਨ ਫੋਰਸ ਅਤੇ ਮੈਕਸੀਕੋ ਨੇ ਇਸ ਮਾਮਲੇ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। 

 ਇਸ ਘਟਨਾ 'ਤੇ ਅਜੇ ਤੱਕ ਅਮਰੀਕਾ ਅਤੇ ਮੈਕਸੀਕੋ ਸਰਕਾਰਾਂ ਨੇ ਕੋਈ ਪ੍ਰਤੀਕਰਮ ਨਹੀਂ ਦਿਤਾ । 

ਸੀਐਨਐਨ ਅਨੁਸਾਰ ਪੁਲੀਸ ਦੀ ਸਖਤੀ ਕਾਰਣ ਹੋਲੀ ਹੋਲੀ ਲੋਕਾਂ ਦੀ ਗਿਣਤੀ ਘੱਟਦੀ ਗਈ ਅਤੇ ਆਵਾਜਾਈ ਦਾ ਪ੍ਰਵਾਹ ਆਮ ਵਾਂਗ ਹੋ ਗਿਆ।

365 ਦਿਨਾਂ ਵਿਚ 22 ਲੱਖ ਪ੍ਰਵਾਸੀ ਗ੍ਰਿਫਤਾਰ

ਯੂਐਸ ਬਾਰਡਰ ਪੈਟਰੋਲ ਡਿਪਾਰਟਮੈਂਟ ਦੇ ਅਨੁਸਾਰ - ਪਿਛਲੇ ਸਾਲ ਯਾਨੀ 2022 ਵਿੱਚ, ਕੁੱਲ 2.2 ਮਿਲੀਅਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਤੁਰੰਤ ਮੈਕਸੀਕੋ ਸਰਹੱਦ 'ਤੇ ਵਾਪਸ ਭੇਜ ਦਿੱਤਾ ਗਿਆ ਸੀ।ਅਮਰੀਕੀ ਕਾਨੂੰਨ ਮੁਤਾਬਕ ਜੇਕਰ ਕੋਈ ਪ੍ਰਵਾਸੀ ਅਮਰੀਕਾ ਆਉਂਦਾ ਹੈ ਤਾਂ ਉਸ ਨੂੰ ਅਸਥਾਈ ਤੌਰ 'ਤੇ ਕੰਮ ਕਰਨ ਦਾ ਅਧਿਕਾਰ ਹੈ। ਭਾਵੇਂ ਉਹ ਦੇਸ਼ ਵਿੱਚ ਪੂਰੀ ਤਰ੍ਹਾਂ ਗੈਰ-ਕਾਨੂੰਨੀ ਢੰਗ ਨਾਲ ਆਇਆ ਹੋਵੇ। ਇਸ ਦੌਰਾਨ ਉਸ 'ਤੇ ਕੇਸ ਜਾਰੀ ਰਹੇਗਾ। ਜਦੋਂ ਤੱਕ ਕੇਸ ਚੱਲਦਾ ਹੈ, ਉਦੋਂ ਤੱਕ ਉਹ ਅਸਥਾਈ ਤੌਰ 'ਤੇ ਕੰਮ ਕਰਦਾ ਰਹੇਗਾ। ਹਾਲਾਂਕਿ, ਇਸਦੇ ਕਾਰਨ, ਬੈਕਲਾਗ ਕਾਫ਼ੀ ਵੱਧ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਵੱਡੀ ਗਿਣਤੀ ਵਿਚ ਭਾਰਤੀ ਖ਼ਾਸ ਕਰ ਕੇ ਪੰਜਾਬੀ ਨੌਜਵਾਨ ਵੀ ਮੈਕਸੀਕੋ ਸਰਹੱਦ ਰਾਹੀਂ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ ਕਰਦੇ ਰਹੇ ਹਨ। ਉਹਨਾਂ ਨਾਲ ਵੀ ਅਜਿਹਾ ਵਿਵਹਾਰ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸਿਸ਼ ਵਿਚ ਕਈ ਵਾਰ ਨੌਜਵਾਨ ਹਾਦਸੇ ਦੇ ਸ਼ਿਕਾਰ ਵੀ ਹੋ ਜਾਂਦੇ ਹਨ।