ਹਿੰਦੂਤਵ ਨੂੰ ਚੁਣੌਤੀ ਦੇਣ ਵਾਲੇ ਜੁਝਾਰੂ ਕੰਨੜ ਲੇਖਕ ਕੁਮਵੀ ਨੂੰ ਮਿਲੇ 17 ਧਮਕੀ ਪੱਤਰ

ਹਿੰਦੂਤਵ  ਨੂੰ  ਚੁਣੌਤੀ ਦੇਣ ਵਾਲੇ ਜੁਝਾਰੂ ਕੰਨੜ ਲੇਖਕ ਕੁਮਵੀ  ਨੂੰ ਮਿਲੇ 17  ਧਮਕੀ ਪੱਤਰ

ਮੇਰੀ ਜ਼ਮੀਰ ਮੈਨੂੰ ਚੁੱਪ ਨਹੀਂ ਰਹਿਣ ਦੇਵੇਗੀ ਅਤੇ ਬੋਲਣਾ,ਲਿਖਣਾ,ਗੂੰਜਨਾ ਮੇਰੀ ਜ਼ਿੰਮੇਵਾਰੀ ਏ-ਕੁਮਵੀ

ਕਿਹਾ ਕਿ ਅਸੀਂ ਹਿੰਦੂ ਨਹੀਂ ,ਨਾ ਕੋਈ ਹਿੰਦੂ ਧਰਮ ਦਾ ਵਾਜੂਦ ਏ,ਅਸੀਂ ਲਿੰਗਾਇਤ ਹਾਂ

70 ਸਾਲਾ ਹਿੰਦੂਤਵ ਦੇ ਕੱਟੜ ਆਲੋਚਕ,ਕੰਨੜ ਲੇਖਕ ਕੁੰਭਰਾ ਵੀਰਭਦਰੱਪਾ (ਕੁਮਵੀ) ਨੇ 30 ਨਾਵਲ ਅਤੇ 15 ਲਘੂ ਕਹਾਣੀ ਸੰਗ੍ਰਹਿ ਸਮੇਤ 50 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਪਿਛਲੇ ਡੇਢ ਸਾਲ ਵਿਚ ਉਸਨੂੰ ਹਿੰਦੂ ਰਾਸ਼ਟਰਵਾਦੀਆਂ ਵਲੋਂ 17 ਧਮਕੀ ਪੱਤਰ ਮਿਲ ਚੁਕੇ ਹਨ।ਪੂਰਬੀ ਕਰਨਾਟਕ ਵਿਖੇ ਜ਼ਿਲ੍ਹਾ ਵਿਜੇਨਗਰ ਦੇ ਇਲਾਕੇ ਕੋਟੂਰੂ ਦੇ ਇਤਿਹਾਸਕ ਮੰਦਰ ਵਾਲੇ ਸ਼ਹਿਰ ਵਿਚ ਉਸ ਦਾ ਸਾਧਾਰਨ ਜਿਹਾ ਘਰ ਹੈ। ਉਸਦੇ ਘਰ ਦੀ ਬੈਠਕ ਵਿੱਚ ਲਾਇਬਰੇਰੀ ਹੈ ਜੋ ਉਸਦੀ ਸਾਹਿਤਕ ਤੇ ਪ੍ਰਗਤੀਵਾਦੀ ਰੁਚੀ ਦਾ ਪ੍ਰਗਟਾਵਾ ਕਰਦੀ ਹੈ।

12ਵੀਂ ਸਦੀ ਦੇ ਸੁਧਾਰਕ ਬਸਵਾ ,ਜਿਸ ਨੇ ਆਪਣੇ ਸਮੇਂ ਦੀ ਪ੍ਰਚਲਿਤ ਵੈਦਿਕ ਸਮਾਜਿਕ ਵਿਚਾਰਧਾਰਾ ਦੇ ਵਿਰੁੱਧ ਬਗਾਵਤ ਕੀਤੀ ਅਤੇ ਲਿੰਗਾਇਤ ਸੰਪਰਦਾ ਦੀ ਸਥਾਪਨਾ ਕੀਤੀ ,ਦੀ ਇੱਕ ਵੱਡੀ ਤਸਵੀਰ ਉਸਦੇ ਕਮਰੇ ਦੀ ਦੀਵਾਰ ਉਪਰ ਟੰਗੀ ਹੋਈ ਹੈ। ਉਸ ਦੇ ਘਰ ਦੇ ਕੋਨੇ-ਕੋਨੇ ਵਿੱਚ ਸੀਸੀਟੀਵੀ ਕੈਮਰੇ ਹੀ ਲੱਗੇ ਹੋਏ ਹਨ। ਕਰਨਾਟਕ ਸਟੇਟ ਰਿਜ਼ਰਵ ਪੁਲਿਸ ਦਾ ਇਕੱਲਾ ਪੁਲਿਸ ਕਾਂਸਟੇਬਲ ਸਵਰਨ ਉਸ ਦੀ ਸੁਰਖਿਆ ਲਈ ਲਗਾਇਆ ਹੋਇਆ ਹੈ।ਉਹ ਦਸਦਾ ਹੈ ਕਿ ਉਸਨੇ ਸਰਕਾਰੀ ਸੁਰਖਿਆ ਲੈਣ ਤੋਂ ਵੀ ਇਨਕਾਰ ਕੀਤਾ ਸੀ ਪਰ ਪੁਲਿਸ ਵਿਭਾਗ ਨੇ ਉਸਦੀ ਅਪੀਲ ਸਵੀਕਾਰ ਨਹੀਂ ਕੀਤੀ। ਦੋ ਹੋਰ ਪੁਲਿਸ ਵਾਲੇ ਦਿਨ ਵਿੱਚ ਕਈ ਵਾਰ ਉਸਨੂੰ ਚੈੱਕ ਕਰਨ ਲਈ ਆਉਂਦੇ ਹਨ। ਕੁਮਵੀ ਵਰਗਾ ਉੱਘਾ ਲੇਖਕ, ਅਜਿਹੀ ਜ਼ਿੰਦਗੀ ਨੂੰ ਗੁਲਾਮ ਵਾਂਗ ਮਹਿਸੂਸ ਕਰ ਰਿਹਾ ਹੈ। ਪੁਲੀਸ ਦੀ ਹਾਜ਼ਰੀ ਉਸਨੂੰ ਪਰੇਸ਼ਾਨ ਕਰਦੀ ਹੈ।ਇਸ ਸੁਰੱਖਿਆ ਦੇ ਬਾਵਜੂਦ ਹਿੰਦੂ ਰਾਸ਼ਟਰਵਾਦੀ ਭਗਵਿਆਂ ਦੀਆਂ ਲਗਾਤਾਰ ਮੌਤ ਦੀਆਂ ਧਮਕੀਆਂ ਪੱਤਰ ਈਮੇਲ ਤੇ ਡਾਕ ਰਾਹੀਂ ਵੱਖ ਵੱਖ ਸ਼ਹਿਰਾਂ ਤੋਂ ਪਿਛਲੇ ਸਾਲ ਮਾਰਚ ਤੋਂ ਹੁਣ ਤਕ ਉਸਨੂੰ ਮਿਲ ਰਹੇ ਹਨ। ਪੁਲੀਸ ਅਨੁਸਾਰ ਇਹਨਾਂ ਧਮਕੀਆਂ ਵਿਚ ਕੋਈ ਦਮ ਨਹੀਂ ,ਕਿਉਂਕਿ ਲੇਖਕ ਕੁਮਵੀ ਉਪਰ ਅਜੇ ਤਕ ਹਮਲਾ ਨਹੀਂ ਹੋਇਆ।ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਇਹ ਉਹੀ ਰਾਜ ਹੈ ਜਿੱਥੇ ਦੋ ਹੋਰ ਸੁਤੰਤਰ ਚਿੰਤਕਾਂ, ਵਿਦਵਾਨ ਐਮਐਮ ਕਲਬੁਰਗੀ ਅਤੇ ਪੱਤਰਕਾਰ ਗੌਰੀ ਲੰਕੇਸ਼ ਦੀ ਕ੍ਰਮਵਾਰ 2015 ਅਤੇ 2017 ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।ਕਲਬੁਰਗੀ ਅਤੇ ਲੰਕੇਸ਼ ਦੀ ਹਿੰਦੂਤਵ ਤੋਂ ਵਖਰੀ ਤੇ ਪ੍ਰਗਤੀਸ਼ੀਲ ਪਹੁੰਚ ਸੀ ਜਿਨ੍ਹਾਂ ਦੇ ਬੇਰਹਿਮ ਕਤਲਾਂ ਨੇ ਵਿਸ਼ਵ ਪੱਧਰ 'ਤੇ ਸੁਰਖੀਆਂ ਬਟੋਰੀਆਂ ਸਨ। ਕਲਬੁਰਗੀ ਇੱਕ ਉੱਘੇ ਵਿਦਵਾਨ, ਇੱਕ ਇਤਿਹਾਸਕਾਰ ਸਨ, ਜਿਨ੍ਹਾਂ ਦੀਆਂ ਸੰਗ੍ਰਹਿਤ ਲਿਖਤਾਂ, ਜੋ 40 ਜਿਲਦਾਂ ਵਿੱਚ ਹਨ।ਇਹ ਲਿਖਤਾਂ ਉਸਦੀ ਵਿਸ਼ਾਲ ਅਤੇ ਵਿਲਖਣ ਬੁੱਧੀ ਦਾ ਸਬੂਤ ਸਨ। 

 ਦੂਜੇ ਪਾਸੇ, ਲੰਕੇਸ਼, ਇੱਕ ਇਨਕਲਾਬੀ ਤੇ ਨਿਡਰ ਲੇਖਕ ਤੇ ਪੱਤਰਕਾਰ ਸੀ। ਕਲਬੁਰਗੀ ਨੇ ਲਿੰਗਾਇਤ ਨੂੰ ਹਿੰਦੂ ਧਰਮ ਵਿੱਚ ਸ਼ਾਮਲ ਕਰਨ ਵਿਰੁੱਧ ਅਵਾਜ਼ ਉਠਾਈ ਸੀ। ਲੰਕੇਸ਼ ਨੇ ਦਲੇਰੀ ਨਾਲ ਹਿੰਦੂਤਵ ਦੀ ਰਾਜਨੀਤੀ ਨੂੰ ਚੈਲਿੰਜ ਕੀਤਾ ਸੀ। ਖਾਸ ਤੌਰ 'ਤੇ, ਦੋਵੇਂ ਲੇਖਕ ਕੁਮਵੀ ਵਾਂਗ, ਲਿੰਗਾਇਤ ਸਨ। ਲਿੰਗਾਇਤ ਕਰਨਾਟਕ ਵਿੱਚ ਇੱਕ ਵੱਡੀ ਅਤੇ ਪ੍ਰਭਾਵਸ਼ਾਲੀ ਜਾਤੀ ਹੈ ਜੋ ਰਹਿਬਰ ਬਸਵਾ ਦੀ ਪੈਰੋਕਾਰ ਮੰਨੀ ਜਾਂਦੀ ਹੈ। ਲਿੰਗਾਇਤ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਕੱਟੜ ਸਮਰਥਕ ਹਨ,ਜਿਸ ਕਾਰਣ ਕਰਨਾਟਕ ਵਿੱਚ ਭਗਵਾਂ ਪਾਰਟੀ ਭਾਜਪਾ ਦੀ ਜੜ੍ਹ ਲਗੀ ਸੀ।

ਪ੍ਰਸਿੱਧ ਵਿਦਵਾਨ, ਉੱਘੇ ਲੇਖਕ ਕਲਬੁਰਗੀ ਅਤੇ ਲੰਕੇਸ਼ ਵਾਂਗ, ਕੁਮਵੀ ਵੀ ਸਪਸ਼ਟ ਲਿਖਦੇ ਅਤੇ ਜਨਤਕ ਫੋਰਮਾਂ ਵਿੱਚ ਹਮਲਾਵਰ ਢੰਗ ਨਾਲ ਹਿੰਦੂਤਵ ਦੇ ਖਿਲਾਫ ਬੋਲਦੇ ਹਨ। ਉਸਦੀ ਰਾਇ ਇਸ ਲਈ ਮਾਇਨੇ ਰੱਖਦੀ ਹੈ, ਕਿਉਂਕਿ ਉਹ ਜਨਤਾ ਵਿਚ ਹਰਮਨ ਪਿਆਰੇ ਅਤੇ ਪ੍ਰਸ਼ੰਸਾਯੋਗ ਲੇਖਕ ਹਨ।ਉਸ ਨੇ 1970 ਦੇ ਦਹਾਕੇ ਵਿੱਚ ਕੰਨੜ ਸਾਹਿਤ ਦੇ ਬੰਦਯਾ ਵਿਰੋਧੀ ਅੰਦੋਲਨ ਦੇ ਹਿੱਸੇ ਵਜੋਂ ਲਿਖਣਾ ਸ਼ੁਰੂ ਕੀਤਾ ਸੀ ਜੋ ਜਾਤੀਵਾਦੀ ਤੇ ਗੁਲਾਮੀ ਵਿਰੁੱਧ ਉਭਰਿਆ ਸੀ। ਉਸਨੇ ਆਪਣੇ ਕਰੀਅਰ ਵਿੱਚ ਹੁਣ ਤੱਕ 50 ਤੋਂ ਵੱਧ ਕਿਤਾਬਾਂ ਲਿਖੀਆਂ ਹਨ, ਜਿਸ ਵਿੱਚ ਲਗਭਗ 30 ਨਾਵਲ, 15 ਲਘੂ ਕਹਾਣੀ ਸੰਗ੍ਰਹਿ, ਤੇਲਗੂ ਤੋਂ ਕੰਨੜ ਵਿੱਚ ਕੁਝ ਅਨੁਵਾਦ, ਜੀਵਨੀਆਂ ਅਤੇ ਸਕ੍ਰੀਨਪਲੇ ਸ਼ਾਮਲ ਹਨ।

ਕੁਮਵੀ ਦੀਆਂ ਕੁਝ ਮਸ਼ਹੂਰ ਰਚਨਾਵਾਂ ਅਰਮਾਨੇ (ਬਸਤੀਵਾਦੀ ਪ੍ਰਸ਼ਾਸਕ ਥਾਮਸ ਮੁਨਰੋ 'ਤੇ ਇੱਕ ਇਤਿਹਾਸਕ ਨਾਵਲ, ਜਿਸਨੇ 2007 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਜਿੱਤਿਆ ਸੀ), ਸ਼ਾਮਨਾ (ਇੱਕ ਬ੍ਰਾਹਮਣ ਵਿਰੋਧੀ ਨਾਵਲ ਜਿਸ ਵਿੱਚ ਮੁੱਖ ਪਾਤਰ, ਇੱਕ ਬ੍ਰਾਹਮਣ, ਫੌਜ ਵਿੱਚ ਭਰਤੀ ਹੁੰਦਾ ਹੈ) , ਗਾਂਧੀ ਕਲਾਸੂ (ਉਸ ਦੀ ਜੀਵਨੀ), ਅਤੇ ਸੁਪਾਰੀ (ਇੱਕ ਬਦਨਾਮ ਕੰਟਰੈਕਟ ਕਿਲਰ ਦੀ ਜ਼ਿੰਦਗੀ 'ਤੇ) ਆਦਿ ਹਨ।

ਕੁਵੇਮਪੂ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਦੇ ਸੇਵਾਮੁਕਤ ਪ੍ਰੋਫ਼ੈਸਰ ਅਤੇ ਕੰਨੜ ਸਾਹਿਤਕ ਆਲੋਚਕ ਰਾਜੇਂਦਰ ਚੇਨੀ ਦੱਸਦੇ ਹਨ ਕਿ ਕੁਮਵੀ ਦੀਆਂ ਰਚਨਾਵਾਂ ਦੀ ਮਹਾਨਤਾ ਦਾ ਪਹਿਲਾ ਕਾਰਣ ਇਹ ਹੈ ਕਿ ਉਸ ਨੇ ਜਾਤੀਵਾਦ ਵਿਰੁਧ ਹੇਠਲੇ ਕਿਰਤੀ ਪਧਰ ਦੇ ਲੋਕਾਂ ਦੇ ਹਕ ਵਿਚ ਅਵਾਜ਼ ਚੁਕੀ ਹੈ। ਉਹ ਲੋਕਾਂ ਅਤੇ ਸਮਾਜ ਬਾਰੇ ਖੂਬਸੂਰਤ ਸ਼ੈਲੀ ਵਿਚ ਲਿਖਦਾ ਹੈ।   

ਕੰਨੜ ਪੁਸਤਕ ਸਮੀਖਿਆ ਮੈਗਜ਼ੀਨ , ਬਹੁਵਚਨ ਸਾਹਿਤਯ ਵਿਮਰਸ਼ ਦੇ ਸੰਪਾਦਕ ਸਿਰਾਜ ਅਹਿਮਦ ਦਾ ਕਹਿਣਾ ਹੈ ਕਿ ਕੁਮਵੀ ਵਿਅੰਗਾਤਮਕ ਨਾਟਕੀ ਸ਼ੈਲੀ ਵਿਚ ਪੇਂਡੂ ਭਾਰਤ ਦੇ ਬਦਸੂਰਤ ਹਾਲਾਤ ਨੂੰ ਉਜਾਗਰ ਕਰਦਾ ਹੈ।" ਉਸ ਦੇ ਨਾਵਲ, ਜਿਵੇਂ ਕਿ ਸ਼ਮੰਨਾ ਅਤੇ ਯਾਪਿਲੂ, ਸਾਮੰਤਵਾਦੀ, ਜਾਤੀਵਾਦੀ, ਬਸਤੀਵਾਦੀ ਅਤੇ ਆਧੁਨਿਕਤਾ ਵਿਰੁੱਧ ਹਨ ਜੋ ਅੰਗਰੇਜ਼ੀ ਸਿੱਖਿਆ ਦੁਆਰਾ ਪੈਦਾ ਹੋਏ ਮਾਡਰਨ ਪ੍ਰਬੰਧ 'ਤੇ ਤਿਖੇ ਵਿਅੰਗ ਕਰਦੇ ਹਨ। ਉਦਾਹਰਣ ਵਜੋਂ-“ਉਨ੍ਹਾਂ ਨੇ ਪਨਸਾਰੇ, ਦਾਭੋਲਕਰ, ਕਲਬੁਰਗੀ ਅਤੇ ਗੌਰੀ ਲੰਕੇਸ਼ ਨੂੰ ਕਤਲ ਕਰ ਦਿੱਤਾ। ਉਸ ਤੋਂ ਬਾਅਦ ਹਮਲਾਵਰਾਂ ਦਾ ਨਿਸ਼ਾਨਾ ਕੁਮ ਵੀਰਭਦਰੱਪਾ ਹੋ ਸਕਦਾ ਹੈ ਤਾਂ ਫੇਰ ਕੀ ਹੋਇਆ? ਮੇਰੀ ਜ਼ਮੀਰ ਮੈਨੂੰ ਚੁੱਪ ਨਹੀਂ ਰਹਿਣ ਦੇਵੇਗੀ ਅਤੇ ਬੋਲਣਾ,ਲਿਖਣਾ,ਗੂੰਜਨਾ ਮੇਰੀ ਜ਼ਿੰਮੇਵਾਰੀ ਹੈ।

ਕੁਮਵੀ ਦੇ ਰਚੇ ਸਾਹਿਤ ਨੇ ਉਸਨੂੰ ਇੱਕ ਪ੍ਰਸਿੱਧ ਕੰਨੜ ਲੇਖਕ ਵਜੋਂ ਸਥਾਪਿਤ ਕੀਤਾ ਹੈ ਤੇ ਇੱਕ ਪ੍ਰਸਿੱਧ ਜਨਤਕ ਬੁਲਾਰੇ ਵਜੋਂ ਵੀ ਹੈ। ਉਸਦੇ ਭਾਸ਼ਣਾਂ ਦੇ ਵਿਸ਼ੇ ਅਕਸਰ ਕਲਬੁਰਗੀ ਅਤੇ ਲੰਕੇਸ਼ ਦੋਵਾਂ ਦੁਆਰਾ ਉਠਾਈਆਂ ਗਈਆਂ ਚਿੰਤਾਵਾਂ 'ਤੇ ਕੇਂਦ੍ਰਿਤ ਹੁੰਦੇ ਹਨ।ਉਹ ਬਸਵਾ ਅਤੇ ਉਸਦੇ ਸਾਥੀ ਬਚਨ ਲੇਖਕਾਂ ਦੁਆਰਾ ਸੰਕਲਪੇ ਇੱਕ ਸੁਤੰਤਰ ਲਿੰਗਾਇਤ ਧਰਮ ਦਾ ਸਮਰਥਨ ਵੀ ਕਰਦਾ ਹੈ। ਉਹ ਹਿੰਦੂ ਧਰਮ ਦੇ ਅੰਦਰ ਫੈਲੀਆਂ ਅੰਦਰੂਨੀ ਫਾਸ਼ੀਵਾਦੀ ਪ੍ਰਵਿਰਤੀਆਂ ਦਾ ਵਿਰੋਧ ਕਰਦਾ ਭਾਰਤ ਵਿੱਚ ਧਾਰਮਿਕ ਘੱਟ ਗਿਣਤੀਆਂ ਦੇ ਹਕ ਵਿਚ ਅਵਾਜ਼ ਬੁਲੰਦ ਕਰਦਾ ਹੈ।

ਨਤੀਜੇ ਵਜੋਂ, ਉਸ ਦੀ ਪਛਾਣ ਇੱਕ ਖੱਬੇਪੱਖੀ ਅਤੇ ਅਗਾਂਹਵਧੂ ਲੇਖਕ ਵਜੋਂ ਹੈ । ਇਸੇ ਕਰਕੇ ਉਸ ਨੂੰ ਧਮਕੀ ਪੱਤਰਾਂ ਰਾਹੀਂ ਹਿੰਦੂ ਰਾਸ਼ਟਰਵਾਦੀਆਂ ਵਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਈ ਹੋਰ ਲੇਖਕਾਂ ਅਤੇ ਜਨਤਕ ਸ਼ਖਸੀਅਤਾਂ ਨੂੰ ਵੀ ਧਮਕੀ ਭਰੇ ਪੱਤਰਾਂ ਰਾਹੀਂ ਡਰਾਇਆ ਜਾ ਰਿਹਾ ਹੈ। ਲੇਖਕ ਕੁਮਵੀ ਨੂੰ ਹਿੰਦੂਤਵੀ ਸਭ ਤੋਂ ਵਧ ਕਤਲ ਕਰਨ ਦੀਆਂ ਧਮਕੀਆਂ ਦੇ ਰਹੇ ਹਨ।

ਕੁਮਵੀ ਨੂੰ ਹੁਣੇ ਜਿਹੇ ਜੁਲਾਈ ਵਿਚ ਦੋ ਪੰਨਿਆਂ ਦਾ ਪੱਤਰ ਮਿਲਿਆ ਸੀ, ਜੋਕਿ ਕਮਵੀ ਪ੍ਰਤੀ ਨਫ਼ਰਤ ਭਰੇ ਵਿਸ਼ੇਸ਼ਣਾਂ ਨਾਲ ਭਰਿਆ ਹੋਇਆ ਹੈ, ਜਿਸ ਵਿਚ ਉਸ ਨੂੰ " ਹਿੰਦੂ-ਵਿਰੋਧੀ ਕਿਹਾ ਗਿਆ ਹੈ ਅਤੇ ਉਸ ਨੂੰ ਮੌਤ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ। ਇਸ ਪੱਤਰ ਵਿਚ ਕੁਮਵੀ ਤੋਂ ਇਲਾਵਾ 15 ਹੋਰਾਂ ਦੇ ਨਾਮ ਵੀ ਹਨ, ਜਿਨ੍ਹਾਂ ਵਿੱਚ ਪ੍ਰਮੁੱਖ ਦਲਿਤ ਅਤੇ ਪ੍ਰਗਤੀਸ਼ੀਲ ਲੇਖਕ ਮੁਦਾਨਾਕੁਡੂ ਚਿੰਨਾਸਵਾਮੀ ਅਤੇ ਸਨਥਕੁਮਾਰ ਬੇਲਾਗਲੀ, ਅਤੇ ਨਿਜਗੁਣਾਨੰਦ ਸਵਾਮੀ ਜੀ ਵਰਗੇ ਲਿੰਗਾਇਤ ਮੱਠਾਂ ਦੇ ਪ੍ਰਸਿੱਧ ਮੁਖੀ ਸ਼ਾਮਲ ਹਨ। ਧਮਕੀ ਪੱਤਰ ਲਿਖਣ ਵਾਲੇ ਆਪਣਾ ਨਾਮ ਸਿਰਫ਼ 'ਹਿੰਦੂ' ਲਿਖ ਕੇ ਦਸਤਖਤ ਕਰਦੇ ਹਨ। ਮੈਸੂਰ ਦੇ ਲੇਖਕ ਕੇ.ਐਸ. ਭਗਵਾਨ ਨੂੰ ਪਹਿਲਾਂ ਵੀ ਅਜਿਹੀਆਂ ਚਿੱਠੀਆਂ ਮਿਲੀਆਂ ਸਨ ਅਤੇ ਹਿੰਦੂਤਵੀ ਗੁੰਡਿਆਂ ਨੇ ਉਨ੍ਹਾਂ ਦੇ ਚਿਹਰੇ 'ਤੇ ਸਿਆਹੀ ਵੀ ਸੁੱਟ ਦਿੱਤੀ ਸੀ।

ਲੇਖਕ ਕੁਮਵੀ ਇਹਨਾਂ ਚਿੱਠੀਆਂ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ ਅਤੇ ਹੱਸਦੇ ਹੋਏ ਕਹਿੰਦਾ ਹੈ, "ਜੇ ਮੈਂ ਅਸਲ ਵਿੱਚ ਧਮਕੀ ਪੱਤਰ ਲਿਖਣ ਵਾਲੇ ਨੂੰ ਮਿਲਦਾ , ਤਾਂ ਮੈਂ ਉਸਨੂੰ ਕੰਨੜ ਵਿੱਚ ਧਮਕੀ ਭਰਿਆ ਪੱਤਰ ਲਿਖਣ ਦੀ ਜਾਚ ਸਿਖਾਉਂਦਾ।"ਕੁਮਵੀ ਨੇ ਕਿਹਾ, ''ਇਹ ਧਮਕੀਆਂ ਨਵੀਆਂ ਨਹੀਂ ਹਨ। ਪਹਿਲਾਂ ਮੈਨੂੰ ਫੋਨ ਆਉਂਦੇ ਸਨ ਕਿ ਕੀ ਮੈਂ ਮੁਸਲਮਾਨ ਪਰਿਵਾਰ ਵਿਚ ਪੈਦਾ ਹੋਇਆ ਹਾਂ। ਸੋਸ਼ਲ ਮੀਡੀਆ 'ਤੇ ਮੇਰੇ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ। ਕਲਬੁਰਗੀ ਅਤੇ ਪੀ. ਲੰਕੇਸ਼ (ਗੌਰੀ ਲੰਕੇਸ਼ ਦੇ ਪਿਤਾ) ਮੇਰੇ ਸਲਾਹਕਾਰ ਸਨ। ਜਦੋਂ ਮੈਂ ਕਲਬੁਰਗੀ ਦੀ ਮੌਤ ਬਾਰੇ ਸੁਣਿਆ ਤਾਂ ਮੈਂ ਗਯਾ ਵਿੱਚ ਬੁੱਧ ਦੇ ਚਰਨਾਂ ਵਿੱਚ ਸੀ ਅਤੇ ਚਿਤਰਦੁਰਗਾ ਵਿੱਚ ਇੱਕ ਅਧਿਆਪਕ ਦਿਵਸ ਸਮਾਰੋਹ ਦੌਰਾਨ ਗੌਰੀ ਲੰਕੇਸ਼ ਨੂੰ ਵੀ ਮਾਰਿਆ ਗਿਆ ਸੀ। ਮੈਂ ਹੈਰਾਨ ਸੀ, ਪਰ ਇਨ੍ਹਾਂ ਅਣਮਨੁੱਖੀ ਕਤਲਾਂ ਤੋਂ ਬਾਅਦ ਚੁੱਪ ਰਹਿਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ ,ਕਿਉਂਕਿ ਮੈਂ ਆਪਣੇ ਲੇਖਣੀ ਦੇ ਕੈਰੀਅਰ ਦੀ ਸ਼ੁਰੂਆਤ ਤੋਂ ਹੀ ਕੱਟੜਵਾਦ ਵਿਰੁੱਧ ਬੋਲਦਾ ਰਿਹਾ ਹਾਂ।

ਕੁਮਵੀ ਦਾ ਜਨਮ 1953 ਵਿੱਚ ਕੁੰਭਾਰਾ ਜਾਂ ਘੁਮਿਆਰ ਜਾਤੀ ਵਿੱਚ ਹੋਇਆ ਸੀ। 1970 ਦਾ ਦਹਾਕਾ ਉਸਦੇ ਸ਼ੁਰੂਆਤੀ ਕੈਰੀਅਰ ਲਈ ਮਹੱਤਵਪੂਰਨ ਸੀ, ਕਿਉਂਕਿ ਇਹ ਕਈ ਲੋਕ ਲਹਿਰਾਂ ਦੇ ਉਭਾਰ ਕਾਰਣ ਕਰਨਾਟਕ ਸਮਾਜ ਵਿੱਚ ਬਹੁਤ ਉਤਸ਼ਾਹ ਦਾ ਸਮਾਂ ਸੀ। ਉਸ ਸਮੇਂ ਉਹ ਪ੍ਰਸਿੱਧ ਤਰਕਸ਼ੀਲ ਅਬਰਾਹਮ ਟੀ. ਕੂਵੂਰ ਦੀ ਅਨੁਯਾਈ ਬਣ ਗਿਆ। ਅਬਰਾਹਮ ਟੀ. ਕੂਵੂਰ ਨੇ 1976 ਵਿੱਚ ਕਰਨਾਟਕ ਦੀ ਯਾਤਰਾ ਕੀਤੀ ਸੀ। ਕੁਮਵੀ ਨੂੰ ਜਾਪਿਆ ਕਿ ਕੂਵੂਰ ਦਾ ਤਰਕਸ਼ੀਲ ਵਿਸ਼ਵ ਦ੍ਰਿਸ਼ਟੀਕੋਣ ਉਸਦੇ ਲਿੰਗਾਇਤ ਵਿਸ਼ਵਾਸ ਦੇ ਕਈ ਪਹਿਲੂਆਂ ਨਾਲ ਮੇਲ ਖਾਂਦਾ ਹੈ।

ਕੁਮਵੀ ਨੇ 1975 ਅਤੇ 1977 ਦੇ ਵਿਚਾਲੇ ਇੰਦਰਾ ਗਾਂਧੀ ਵਲੋਂ ਲਗਾਈ ਗਈ ਐਮਰਜੈਂਸੀ ਦਾ ਵੀ ਵਿਰੋਧ ਕੀਤਾ ਸੀ, ਪਰ ਇਸ ਤੋਂ ਤੁਰੰਤ ਬਾਅਦ ਉਹ ਕਰਨਾਟਕ ਛੱਡ ਕੇ ਆਂਧਰਾ ਪ੍ਰਦੇਸ਼ ਦੇ ਪੇਂਡੂ, ਜਗੀਰੂ ਕੇਂਦਰ ਵਿੱਚ ਚਲਾ ਗਿਆ, ਜਿੱਥੇ ਉਹ ਕੁਰਨੂਲ ਜ਼ਿਲੇ ਦੇ ਪਿੰਡ ਵੰਦਾਵਗਿਲੀ ਦੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਕੰਨੜ ਅਧਿਆਪਕ ਦੇ ਰੂਪ ਵਿੱਚ ਕੰਮ ਕਰਨ ਲੱਗਾ। ਉਹ 2011 ਦੌਰਾਨ ਆਪਣੀ ਸੇਵਾਮੁਕਤੀ ਤੱਕ ਇੱਥੇ ਅਤੇ ਆਂਧਰਾ ਪ੍ਰਦੇਸ਼ ਦੇ ਹੋਰ ਪਿੰਡਾਂ ਵਿੱਚ ਰਿਹਾ ਅਤੇ ਇਹਨਾਂ ਖੇਤਰ ਵਿੱਚ ਉਹ ਦਹਾਕਿਆਂ ਦੇ ਆਪਣੇ ਤਜ਼ਰਬਿਆਂ ਤੋਂ ਸਾਹਿਤਕ ਪ੍ਰੇਰਣਾ ਲੈਂਦਾ ਰਿਹਾ।

ਇਹ ਪੁੱਛੇ ਜਾਣ 'ਤੇ ਕਿ ਬਸਵ ਵਲੋਂ ਜਾਤ-ਵਿਰੋਧੀ ਅੰਦੋਲਨ ਦੇ ਬਾਵਜੂਦ ਉਸ ਨੇ ਆਪਣੀ ਜਾਤੀ ਦਾ ਨਾਂ (ਅਰਥਾਤ, ਕੁੰਭੜਾ) ਇੰਨੀ ਪ੍ਰਮੁੱਖਤਾ ਨਾਲ ਕਿਉਂ ਬਰਕਰਾਰ ਰੱਖਿਆ ਹੈ ਤਾਂ ਕੁਮਵੀ ਨੇ ਇੱਕ ਹੋਰ ਵਡੀ ਚਿੰਤਾ ਨੂੰ ਸਾਹਮਣੇ ਰਖਿਆ ਕਿ ਇਹ ਉਸ ਦੀ ਬ੍ਰਾਹਮਣਵਾਦ ਵਿਰੋਧੀ ਸੋਚ ਹੈ। ਉਸਨੇ ਕਿਹਾ, "ਬ੍ਰਾਹਮਣਾਂ ਅਤੇ ਵੈਸ਼ਾਂ ਵਰਗੇ ਗੈਰ-ਉਤਪਾਦਕ ਭਾਈਚਾਰਿਆਂ ਦੇ ਉਲਟ, ਕੁੰਭਾਰਾ ਇੱਕ ਕਿਰਤੀ ਭਾਈਚਾਰਾ ਹੈ ਜੋ ਆਪਣੇ ਹੱਥਾਂ ਨਾਲ ਕੰਮ ਕਰਦਾ ਹੈ।"

ਹਾਲ ਹੀ ਵਿੱਚ ਇੱਕ ਜੋਸ਼ੀਲੇ ਭਾਸ਼ਣ ਵਿੱਚ, ਕੁਮਵੀ ਨੇ ਕਿਹਾ ਕਿ ਉਹ "ਹਿੰਦੂ ਨਹੀਂ, ਪਰ ਇੱਕ ਲਿੰਗਾਇਤ" ਹੈ। ਉਸਨੇ ਕਿਹਾ, “ਹਿੰਦੂ ਧਰਮ ਨਾਂ ਦੀ ਕੋਈ ਧਾਰਨਾ ਨਹੀਂ ਹੈ। 'ਹਿੰਦੂ' ਇੱਕ ਸੁਚੇਤ ਤੌਰ 'ਤੇ ਵਰਤਿਆ ਜਾਣ ਵਾਲਾ ਸ਼ਬਦ ਉਦੋਂ ਹੀ ਬਣ ਗਿਆ ਜਦੋਂ ਅੰਗਰੇਜ਼ਾਂ ਨੇ ਇਸ ਦੀ ਵਰਤੋਂ ਸ਼ੁਰੂ ਕੀਤੀ। ਸਦੀਆਂ ਪਹਿਲਾਂ, ਭਾਰਤੀ ਉਪ-ਮਹਾਂਦੀਪ ਤੋਂ ਬਾਹਰ ਮੱਧ ਏਸ਼ੀਆ ਦੀ ਧਰਤੀ ਉੱਤੇ ਰਹਿਣ ਵਾਲੇ ਲੋਕ ਸਿੰਧ ਦਰਿਆ (ਸਿੰਧ ਨਦੀ) ਤੋਂ ਪਾਰ ਰਹਿਣ ਵਾਲੇ ਲੋਕਾਂ ਨੂੰ ਹਿੰਦੂ ਕਹਿੰਦੇ ਸਨ। ਹਿੰਦੂ ਧਰਮ ਨੂੰ ਇੱਕ ਧਰਮ ਦੇ ਰੂਪ ਵਿੱਚ ਵਰਣਨ ਕਰਨਾ ਗਲਤ ਹੈ, ਅਤੇ ਲਿੰਗਾਇਤ ਹਿੰਦੂ ਧਰਮ ਵਿੱਚ ਜ਼ਬਰਦਸਤੀ ਇੱਕ ਜਾਤੀ ਬਣਾ ਦਿਤੇ ਗਏ ਹਨ।"

ਕੁਮਵੀ ਨੇ 2019 ਦੇ ਅਖੀਰ ਵਿੱਚ ਦੇਸ਼ ਨੂੰ ਹਿਲਾ ਕੇ ਰੱਖ ਦੇਣ ਵਾਲੇ ਸੀਏਏ (ਨਾਗਰਿਕਤਾ ਸੋਧ ਕਾਨੂੰਨ) ਵਿਰੋਧੀ ਪ੍ਰਦਰਸ਼ਨਾਂ ਵਿੱਚ ਵੀ ਹਿੱਸਾ ਲਿਆ ਸੀ। ਇਸ ਦਾ ਕਾਰਨ ਪੁੱਛੇ ਜਾਣ 'ਤੇ ਕੁਮਵੀ ਨੇ ਕਿਹਾ, 'ਭਾਜਪਾ ਅਤੇ (ਪ੍ਰਧਾਨ ਮੰਤਰੀ) ਨਰਿੰਦਰ ਮੋਦੀ ਘੱਟਗਿਣਤੀਆਂ ,ਦਲਿਤਾਂ ਤੇ ਆਦਿਵਾਸੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ।' ਇਸ ਕਾਨੂੰਨ ਰਾਹੀਂ ਧਾਰਮਿਕ ਘੱਟ ਗਿਣਤੀਆਂ ਹਿਟਲਰ ਨੇ ਨਾਜ਼ੀ ਜਰਮਨੀ ਵਿੱਚ ਯਹੂਦੀਆਂ ਦੇ ਵਿਰੁੱਧ ਇਹੀ ਕੰਮ ਕੀਤਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਵਾਂਝਾ ਕੀਤਾ। ਪਰ ਮੈਂ ਇਹ ਵੀ ਸਮਝਦਾ ਹਾਂ ਕਿ ਮੋਦੀ ਅਤੇ ਭਾਜਪਾ ਆਰ.ਐੱਸ.ਐੱਸ. (ਰਾਸ਼ਟਰੀ ਸਵੈਮ ਸੇਵਕ ਸੰਘ) ਦੇ ਹੱਥਾਂ ਦੇ ਸੰਦ ਹਨ ਜੋ ਆਪਣੀ ਵਿਚਾਰਧਾਰਾ ਥੋਪਣਾ ਚਾਹੁੰਦੇ ਹਨ। ਜਦੋਂ ਮੁਸਲਮਾਨਾਂ ਨੂੰ ਪਾਕਿਸਤਾਨ ਜਾਣ ਲਈ ਕਿਹਾ ਜਾਂਦਾ ਹੈ, ਤਾਂ ਕੁਮਵੀ ਗੁੱਸੇ ਵਿਚ ਆਖਦਾ ਹੈ ਕਿ ਜਦੋਂ ਉਹ ਇਸ ਧਰਤੀ ਦਾ ਹਿੱਸਾ ਰਹੇ ਹਨ, ਇੱਥੇ ਜੰਮੇ ਹਨ, ਇੱਥੇ ਦਫ਼ਨ ਹੋਏ ਹਨ, ਅਤੇ ਤੁਸੀਂ ਉਨ੍ਹਾਂ ਨੂੰ ਪਾਕਿਸਤਾਨੀ ਕਹਿੰਦੇ ਹੋ, ਇਸਦਾ ਕੀ ਅਰਥ ਹੈ?" 

ਕੁਮਵੀ ਉਪਰ ਸਭ ਤੋਂ ਪ੍ਰਮੁੱਖ ਸਾਹਿਤਕ ਪ੍ਰਭਾਵ ਕੰਨੜ ਲੇਖਕ ਕੇਪੀ ਪੂਰਨਚੰਦਰ ਤੇਜਸਵੀ ਦਾ ਪ੍ਰਭਾਵ ਪਿਆ । ਉਸਦੇ ਵਿਚਾਰ ਬੀ.ਆਰ. ਅੰਬੇਡਕਰ, ਰਾਮ ਮਨੋਹਰ ਲੋਹੀਆ, ਮਹਾਤਮਾ ਗਾਂਧੀ, ਕਾਰਲ ਮਾਰਕਸ, ਬੁੱਧ ਅਤੇ ਬਸਵਾ ਦੇ ਕਾਰਜਾਂ ਵਾਂਗ ਵਿਭਿੰਨ ਪ੍ਰਭਾਵਾਂ ਕਾਰਣ ਵਿਕਸਤ ਹੋਏ ਹਨ, ਅਤੇ ਉਹ ਮੌਤ ਦੀਆਂ ਧਮਕੀਆਂ ਦੇ ਬਾਵਜੂਦ ਜੁਝਾਰੂ ਜੀਵਨ ਜੀਉਂਦਾ ਹੈ।

ਵਿਖਰ ਅਹਿਮਦ ਸਈਦ

ਫਰੰਟਲਾਈਨ 31 ਜੁਲਾਈ 2023 ਤੋਂ ਧੰਨਵਾਦ ਸਹਿਤ