ਭਾਰਤ-ਚੀਨ ਸਰਹੱਦ 'ਤੇ ਜ਼ਮੀਨੀ ਅਖਾੜਾ

ਭਾਰਤ-ਚੀਨ ਸਰਹੱਦ 'ਤੇ ਜ਼ਮੀਨੀ ਅਖਾੜਾ

*ਅਰੁਣਾਚਲ 'ਚ ਭਾਰਤ ਤੇ ਚੀਨੀ ਸੈਨਿਕਾਂ ਵਿਚਾਲੇ ਟਕਰਾਅ, *ਦੋਵਾਂ ਪਾਸਿਆਂ ਦੇ ਕੁਝ ਫ਼ੌਜੀਆਂ ਨੂੰ  ਲੱਗੀਆਂ ਮਾਮੂਲੀ ਸੱਟਾਂ

*ਭਾਰਤੀ ਸੰਸਦ 'ਚ ਵਿਰੋਧੀ ਧਿਰਾਂ ਦਾ ਹੰਗਾਮਾ

ਬੀਤੇ ਦਿਨੀਂ ਅਰੁਣਾਚਲ ਪ੍ਰਦੇਸ਼ 'ਵਿਚ ਅਸਲ ਕੰਟਰੋਲ ਰੇਖਾ 'ਤੇ ਭਾਰਤ ਤੇ ਚੀਨ ਦੇ ਸੈਨਿਕਾਂ ਵਿਚ ਝੜਪ ਹੋਈ ਸੀ। ਤਵਾਂਗ ਸੈਕਟਰ ਵਿਚ ਹੋਈ ਇਸ ਝੜਪ ਵਿਚ ਦੋਵਾਂ ਪਾਸਿਆਂ ਦੇ ਕੁਝ ਜਵਾਨ ਮਾਮੂਲੀ ਜ਼ਖ਼ਮੀ ਹੋਏ ਹਨ। ਭਾਰਤੀ ਫ਼ੌਜ ਦੇ 6 ਜ਼ਖ਼ਮੀ ਜਵਾਨਾਂ ਨੂੰ ਇਲਾਜ ਲਈ ਗੁਹਾਟੀ ਦੇ ਹਸਪਤਾਲ 'ਵਿਚ ਲਿਆਂਦਾ ਗਿਆ ਹੈ। ਹਾਲਾਂਕਿ ਝੜਪ ਕਿਸੇ ਦੀ ਵੀ ਮੌਤ ਦੀ ਕੋਈ ਰਿਪੋਰਟ ਨਹੀਂ ਹੈ। ਸੂਤਰਾਂ ਅਨੁਸਾਰ ਚੀਨੀ ਫ਼ੌਜ ਤਵਾਂਗ ਇਲਾਕੇ ਵਿਚ ਭਾਰਤ ਦੀ ਇਕ ਚੌਕੀ ਨੂੰ ਹਟਾਉਣਾ ਚਾਹੁੰਦੀ ਸੀ ਪਰ ਭਾਰਤੀ ਫ਼ੌਜ ਨੇ ਚੀਨ ਦੀ  ਇਸ ਘੁਸਪੈਠ ਦਾ ਕਰਾਰਾ ਜਵਾਬ ਦਿੱਤਾ ਹੈ।

ਮੀਡਆ ਰਿਪਰੋਟਾਂ ਅਨੁਸਾਰ 17 ਹਜ਼ਾਰ ਫੁੱਟ ਦੀ ਉਚਾਈ 'ਤੇ ਇਹ ਝੜਪ ਹੋਈ ਸੀ। ਚੀਨ ਦੇ 300 ਦੇ ਕਰੀਬ ਸੈਨਿਕਾਂ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ ਸੀ, ਪਰ ਭਾਰਤੀ ਫ਼ੌਜ ਇਸ ਤਰ੍ਹਾਂ ਦੀ ਹਰਕਤ ਲਈ ਪਹਿਲਾਂ ਤੋਂ ਹੀ ਤਿਆਰ ਸੀ। ਘਟਨਾ ਤੋਂ ਬਾਅਦ ਕਮਾਂਡਰ ਪੱਧਰ ਦੀ ਗੱਲਬਾਤ ਹੋਈ ਤੇ ਦੋਵਾਂ ਧਿਰਾਂ ਦੇ ਜਵਾਨ ਪਿੱਛੇ ਹਟ ਗਏ ਸਨ। ਇਸ ਖੇਤਰ 'ਵਿਚ ਦੋਵੇਂ ਫ਼ੌਜਾਂ ਕੁਝ ਇਲਾਕਿਆਂ 'ਤੇ ਆਪਣਾ ਦਾਅਵਾ ਠੋਕਦੀਆਂ ਆਈਆਂ ਹਨ। 2006 ਤੋਂ ਇਹ ਵਿਵਾਦ ਚੱਲ ਰਿਹਾ ਹੈ। ਇਸ ਤੋਂ ਪਹਿਲਾਂ 15 ਜੂਨ 2020 ਨੂੰ ਲੱਦਾਖ ਦੀ ਗਲਵਾਨ ਘਾਟੀ 'ਚ ਚੀਨ ਦੀ ਫ਼ੌਜ (ਪੀ.ਐਲ.ਏ.) ਨਾਲ ਹਿੰਸਕ ਝੜਪਾਂ 'ਚ ਭਾਰਤੀ ਫ਼ੌਜ ਦੇ 20 ਜਵਾਨ ਸ਼ਹੀਦ ਹੋ ਗਏ ਸਨ ਤੇ ਕਈ ਹੋਰ ਜ਼ਖਮੀ ਹੋਏ ਸਨ। ਉਧਰ ਕਈ ਸੀਨੀਅਰ ਅਧਿਕਾਰੀਆਂ ਨੇ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਹੋਰ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ, ਜਦੋਂ ਝੜਪ ਹੋਈ ਤਾਂ ਉਥੇ ਲਗਭਗ ਚੀਨੀ ਪੀ.ਐਲ.ਏ. ਦੇ 300 ਸੈਨਿਕ ਮੌਜੂਦ ਸਨ।ਵਿਰੋਧੀ ਪਾਰਟੀਆਂ ਨੇ ਮੰਗਲਵਾਰ ਨੂੰ ਸੰਸਦ ਦੇ ਸੈਸ਼ਨ ਵਿੱਚ ਭਾਰਤ-ਚੀਨ ਟਕਰਾਅ ਦੇ ਮੁੱਦੇ ਉਠਾਏ ਅਤੇ ਇਸ ਉੱਤੇ ਸਖ਼ਤ ਕਾਰਵਾਈ ਦੀ ਮੰਗ ।

ਭਾਰਤੀ ਗ੍ਰਹਿ ਮੰਤਰਾਲੇ ਦਾ ਬਿਆਨ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ, ਥਲ ਸੈਨਾ ਮੁਖੀ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਸੁਰੱਖਿਆ ਸਥਿਤੀ 'ਤੇ ਹੰਗਾਮੀ ਮੀਟਿੰਗ ਬੁਲਾਈ ਸੀ। ਇਸ ਦੇ ਨਾਲ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਰੁਣਨਾਚਲ ਪ੍ਰਦੇਸ਼ ਦੇ ਤਵਾਂਗ ਵਿਚ ਚੀਨ ਭਾਰਤੀ ਫੌਜੀਆਂ ਦੀਆਂ ਝੜਪਾਂ ਉੱਤੇ ਸੰਸਦ ਵਿੱਚ ਸਰਕਾਰ ਦਾ ਅਧਿਕਾਰਤ ਪੱਖ਼ ਰੱਖਿਆ ।ਰਾਜਨਾਥ ਸਿੰਘ ਨੇ ਕਿਹਾ, 9 ਦਸੰਬਰ 2022 ਨੂੰ ਚੀਨੀ ਫੌਜੀਆਂ ਨੇ ਤਵਾਂਗ ਸੈਕਟਰ ਦੇ ਯਾਂਗਤਸੇ ਇਲਾਕੇ ਵਿਚ ਅਸਲ ਕੰਟਰੋਲ ਰੇਖਾ ਉੱਤੇ ਕਬਜ਼ਾ ਕਰਕੇ ਯਥਾਸਥਿਤੀ ਨੂੰ ਬਦਲਣ ਦੀ ਇਕਤਰਫ਼ਾ ਕੋਸ਼ਿਸ਼ ਕੀਤੀ ਗਈ ਸੀ ।ਸਾਡੀ ਫੌਜ ਨੇ ਦ੍ਰਿੜਤਾ ਨਾਲ ਚੀਨ ਦੀ ਇਸ ਕੋਸ਼ਿਸ਼ ਦਾ ਸਾਹਮਣਾ ਕੀਤਾ। ਇਸ ਦੌਰਾਨ ਹੱਥੋਪਾਈ ਹੋ ਗਈ, ਭਾਰਤੀ ਫੌਜ ਨੇ ਬਹਾਦਰੀ ਨਾਲ ਚੀਨੀ ਫੌਜੀਆਂ ਨੂੰ ਸਾਡੇ ਖੇਤਰ 'ਤੇ ਘੇਰਨ ਤੋਂ ਰੋਕਿਆ ਅਤੇ ਉਨ੍ਹਾਂ ਨੂੰ ਆਪਣੀਆਂ ਚੌਕੀਆਂ 'ਤੇ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ।

ਰਾਜਨਾਥ ਸਿੰਘ ਨੇ ਅੱਗੇ ਕਿਹਾ, “ਮੈਂ ਇਸ ਸਦਨ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਸਾਡੀਆਂ ਫੌਜਾਂ ਸਾਡੀ ਪ੍ਰਭੂਸੱਤਾ ਦੀ ਅਖੰਡਤਾ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹਨ ਅਤੇ ਇਸ ਵਿਰੁੱਧ ਕਿਸੇ ਵੀ ਕੋਸ਼ਿਸ਼ ਨੂੰ ਰੋਕਣ ਲਈ ਹਮੇਸ਼ਾ ਤਿਆਰ ਹਨ। ਮੈਨੂੰ ਯਕੀਨ ਹੈ ਕਿ ਇਹ ਸਦਨ ਸਰਬਸੰਮਤੀ ਨਾਲ ਸਾਡੀਆਂ ਫੌਜਾਂ ਦੀ ਬਹਾਦਰੀ ਅਤੇ ਸਾਹਸ ਦਾ ਸਮਰਥਨ ਕਰੇਗਾ।’’

ਦੂਜੇ ਪਾਸੇ ਕੇਂਦਰੀ ਗ੍ਰਹਿਮ ਮੰਤਰੀ ਅਮਿ ਸ਼ਾਹ ਨੇ ਕਿਹਾ ਕਿ ਕਾਂਗਰਸ ਨੇ ਰਾਜੀਵ ਗਾਂਧੀ ਫਾਊਂਡੇਸ਼ਨ ਦੇ ਐੱਫਸੀਆਰਏ ਰੱਦ ਕਰਨ ਦੇ ਸਵਾਲ ਤੋਂ ਬਚਣ ਲਈ ਸੰਸਦ ਵਿੱਚ ਸਰਹੱਦੀ ਮੁੱਦਾ ਉਠਾਇਆ ਹੈ। ਉਨ੍ਹਾਂ ਕਿਹਾ ਕਿ ਰਾਜੀਵ ਗਾਂਧੀ ਫਾਊਂਡੇਸ਼ਨ ਨੂੰ ਚੀਨੀ ਸਫ਼ਾਰਤਖਾਨੇ ਤੋਂ 1.35 ਕਰੋੜ ਰੁਪਏ ਮਿਲੇ ਸਨ। ਇਸ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਗਈ ਕਿਉਂਕਿ ਇਹ ਐੱਫਸੀਆਰਏ ਨਿਯਮਾਂ ਅਧੀਨ ਨਹੀਂ ਆਉਂਦੀ ਸੀ। ਉਨ੍ਹਾਂ ਕਿਹਾ,‘ਮੈਂ ਸਪੱਸ਼ਟ ਤੌਰ 'ਤੇ ਕਹਿੰਦਾ ਹਾਂ ਕਿ ਜਦੋਂ ਤੱਕ ਮੋਦੀ ਸਰਕਾਰ ਸੱਤਾ ਵਿੱਚ ਹੈ, ਕੋਈ ਵੀ ਸਾਡੀ ਜ਼ਮੀਨ ’ਤੇ ਇੱਕ ਇੰਚ ਵੀ ਕਬਜ਼ਾ ਨਹੀਂ ਕਰ ਸਕਦਾ।’

ਵਿਰੋਧੀ ਧਿਰਾਂ ਦਾ ਪ੍ਰਤੀਕਰਮ ਤੇ ਝਗੜੇ

ਵਿਰੋਧੀ ਪਾਰਟੀਆਂ ਨੇ ਅਰੁਣਾਚਲ ਪ੍ਰਦੇਸ਼ ਵਿੱਚ ਅਸਲ ਕੰਟਰੋਲ ਰੇਖਾ (LAC) ਦੇ ਨਾਲ ਭਾਰਤ-ਚੀਨ ਝੜਪ ਦਾ ਮੁੱਦਾ ਉਠਾਇਆ । ਭਾਰਤੀ ਸੰਸਦ ਵਿਚ ਵਿਰੋਧੀ ਧਿਰਾਂ ਨੇ ਫੌਜੀ ਝੜਪ ਦੇ ਮੁੱਦੇ ਉੱਤੇ ਸਰਕਾਰ ਨੂੰ ਘੇਰਿਆ ਅਤੇ ਕਈ ਦਿਨਾਂ ਤੱਕ ਮਸਲੇ ਨੂੰ ਲੁਕਾਉਣ ਦਾ ਇਲਜ਼ਾਮ ਲਾਇਆ। ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਉਹ ਸਪੀਕਰ ਤੋਂ ਮਸਲੇ ਉੱਤੇ ਸਦਨ ਵਿਚ ਬਹਿਸ ਕਰਵਾਉਣ ਦੀ ਮੰਗ ਕਰ ਰਹੇ ਸਨ।ਕੁਝ ਦੇਰ ਬਾਅਦ ਰੱਖਿਆ ਮੰਤਰੀ  ਸਦਨ ਵਿਚ ਆਏ ਅਤੇ ਆਪਣਾ ਬਿਆਨ ਦੇ ਚਲੇ ਗਏ। ਜਿਸ ਕਾਰਨ ਵਿਰੋਧੀ ਧਿਰ ਦੇ ਮੈਂਬਰ ਹੋਰ ਨਰਾਜ਼ ਹੋ ਗਏ। ਸੰਸਦ ਵਿੱਚ ਬੋਲਦੇ ਹੋਏ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ 2020 ਵਿੱਚ ਗਲਵਾਨ ਘਟਨਾ ਤੋਂ ਬਾਅਦ ਪਹਿਲੀ ਵਾਰ ਤਾਜ਼ਾ ਝੜਪਾਂ ਦੇ ਮੱਦੇਨਜ਼ਰ ਸਖ਼ਤ ਕਾਰਵਾਈ ਦੀ ਮੰਗ ਕੀਤੀ। ਸੰਸਦ ਵਿੱਚ ਹੰਗਾਮਾ ਮਚ ਗਿਆ ਕਿਉਂਕਿ ਵਿਰੋਧੀ ਧਿਰਾਂ ਨੇ ਹਾਲ ਹੀ ਵਿੱਚ ਹੋਈਆਂ ਝੜਪਾਂ ਬਾਰੇ ਕੇਂਦਰ ਸਰਕਾਰ ਤੋਂ ਜਵਾਬ ਵੀ ਮੰਗਿਆ।

 ਇਸ ਤੋਂ ਪਹਿਲਾਂ ਖੜਗੇ ਨੇ ਟਵੀਟ ਕਰ ਕੇ ਕਿਹਾ "ਇੱਕ ਵਾਰ ਫਿਰ ਤੋਂ ਸਾਡੀ ਭਾਰਤੀ ਫੌਜ ਦੇ ਜਵਾਨਾਂ ਨੂੰ ਚੀਨ ਨੇ ਉਕਸਾਇਆ ਹੈ। ਸਾਡੇ ਜਵਾਨ ਦ੍ਰਿੜਤਾ ਨਾਲ ਲੜੇ ਅਤੇ ਉਨ੍ਹਾਂ ਵਿੱਚੋਂ ਕੁਝ ਜ਼ਖਮੀ ਵੀ ਹੋਏ ਹਨ। ਅਸੀਂ ਰਾਸ਼ਟਰੀ ਸੁਰੱਖਿਆ ਦੇ ਮੁੱਦਿਆਂ 'ਤੇ ਰਾਸ਼ਟਰ ਦੇ ਨਾਲ ਹਾਂ ਅਤੇ ਰਹਾਂਗੇ।  ਇਸ ਘਟਨਾ ਦਾ ਰਾਜਨੀਤੀਕਰਨ ਕਰਨਾ ਪਸੰਦ ਨਹੀਂ ਹੈ। ਪਰ ਮੋਦੀ ਸਰਕਾਰ ਨੂੰ ਅਪ੍ਰੈਲ 2020 ਤੋਂ ਚੀਨੀ ਅਪਰਾਧਾਂ ਅਤੇ ਐਲਏਸੀ ਦੇ ਨੇੜੇ ਸਾਰੇ ਪੁਆਇੰਟਾਂ 'ਤੇ ਉਸਾਰੀ ਬਾਰੇ ਇਮਾਨਦਾਰ ਹੋਣਾ ਚਾਹੀਦਾ ਹੈ। ਸਰਕਾਰ ਨੂੰ ਸੰਸਦ ਵਿੱਚ ਇਸ ਮੁੱਦੇ 'ਤੇ ਚਰਚਾ ਕਰਕੇ ਦੇਸ਼ ਨੂੰ ਭਰੋਸੇ ਵਿੱਚ ਲੈਣ ਦੀ ਜ਼ਰੂਰਤ ਹੈ।

 ਕਾਂਗਰਸ ਦੇ ਕਈ ਨੇਤਾਵਾਂ ਨੇ ਇਸ ਮੁੱਦੇ 'ਤੇ ਚਰਚਾ ਲਈ ਦੋਵਾਂ ਸਦਨਾਂ 'ਚ ਮੁਲਤਵੀ ਨੋਟਿਸ ਭੇਜੇ ਹਨ।  ਪਾਰਟੀ ਨੇ ਦੋਸ਼ ਲਾਇਆ ਹੈ ਕਿ ਚੀਨ ਸਰਹੱਦੀ ਮੁੱਦੇ ਨੂੰ ਦਬਾਉਣ ਦੀ ਮੋਦੀ ਸਰਕਾਰ ਦੇ ਰੁਝਾਨ ਕਾਰਨ ਵਧਦੀ ਦਲੇਰੀ ਨਾਲ ਕੰਮ ਕਰ ਰਿਹਾ ਹੈ। ਕਾਂਗਰਸ ਦੇ ਸੰਸਦ ਮੈਂਬਰ ਰਣਦੀਪ ਸਿੰਘ ਸੂਰਜੇਵਾਲਾ ਨੇ ਭਾਰਤ-ਚੀਨ ਆਹਮੋ-ਸਾਹਮਣੇ 'ਤੇ ਚਰਚਾ ਕਰਨ ਲਈ ਰਾਜ ਸਭਾ 'ਚ ਨਿਯਮ 267 ਤਹਿਤ ਕਾਰੋਬਾਰੀ ਮੁਅੱਤਲੀ ਦਾ ਨੋਟਿਸ ਦਿੱਤਾ ਅਤੇ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਨੂੰ ਬਿਆਨ ਦੇਣ ਅਤੇ ਸਦਨ 'ਚ ਚਰਚਾ ਕਰਨ ਦੀ ਅਪੀਲ ਕੀਤੀ।

ਕਾਂਗਰਸ ਆਗੂ ਸਸ਼ੀ ਥਰੂਰ ਦਾ ਕਹਿਣਾ ਸੀ ਕਿ ਵਿਰੋਧੀ ਧਿਰ ਫੌਜ ਦੀ ਕਾਰਵਾਈ ਦਾ ਸਮਰਥਨ ਕਰਦੀ ਹੈ, ਅਤੇ ਅਜਿਹੇ ਸਮੇਂ ਵਿਚ ਦੇਸ ਨੂੰ ਇਕਜੁਟ ਨਜ਼ਰ ਆਉਣ ਚਾਹੀਦਾ ਹੈ। ਪਰ ਸਿਆਸੀ ਲੀਡਰਸ਼ਿਪ ਦਾ ਰਵੱਈਆ ਠੀਕ ਨਹੀਂ ਹੈ।ਉਨ੍ਹਾਂ ਕਿਹਾ ਚੀਨ ਨਾਲ ਨਿਪਟਣ ਲਈ ਹੋਰ ਚੌਕਸ ਰਹਿਣ ਦੀ ਲੋੜ ਹੈ।ਇਸ ਦੌਰਾਨ ਅਸਦਉਦੀਨ ਓਵੈਸੀ ਨੇ ਕਿਹਾ ਕਿ ਸਰਕਾਰ ਨੇ ਕਈ ਦਿਨ ਮਾਮਲੇ ਨੂੰ ਲਕੋਈ ਰੱਖਿਆ ਸਰਕਾਰ ਇਸ ਦਾ ਅਸਲ ਕਾਰਨ ਸ਼ਪੱਸ਼ਟ ਕਰਨ।

ਭਾਰਤ ਤੋਂ ਬਾਅਦ ਹੁਣ ਚੀਨ ਨੇ ਝੜਪ ਨੂੰ ਲੈ ਕੇ ਬਿਆਨ ਜਾਰੀ ਕੀਤਾ

“ਚੀਨੀ ਪੱਖ ਨੇ ਅਜਿਹੀ ਕਾਰਵਾਈ ਤੋਂ ਇਨਕਾਰ ਕੀਤਾ ਅਤੇ ਸਰਹੱਦ 'ਤੇ ਸ਼ਾਂਤੀ ਬਣਾਈ ਰੱਖਣ ਲਈ ਕਿਹਾ। ਇਹ ਮੁੱਦਾ ਚੀਨੀ ਪੱਖ ਨਾਲ ਕੂਟਨੀਤਕ ਪੱਧਰ 'ਤੇ ਵੀ ਉਠਾਇਆ ਗਿਆ ਹੈ।” ਚੀਨ ਨੇ ਕਿਹਾ ਹੈ ਕਿ ਭਾਰਤ ਨਾਲ ਲੱਗਦੀ ਸਰਹੱਦ 'ਤੇ ਸਥਿਤੀ ਸਥਿਰ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਕਿਹਾ ਕਿ ਭਾਰਤ ਨਾਲ ਫੌਜੀ ਅਤੇ ਕੂਟਨੀਤਕ ਪੱਧਰ 'ਤੇ ਗੱਲਬਾਤ ਚੱਲ ਰਹੀ ਹੈ।

ਭਾਰਤ ਚੀਨ ਤਣਾਅ ਦਾ ਕਾਰਨ ਕੀ ਹੈ

ਦੋਵਾਂ ਦੇਸ਼ਾਂ ਵਿਚਾਲੇ ਵਿਵਾਦ ਦਾ ਕਾਰਨ 3440 ਕਿਲੋਮੀਟਰ ਲੰਬੀ ਸਰਹੱਦ ਹੈ। ਇਸ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਆਪੋ-ਆਪਣੇ ਦਾਅਵੇ ਹਨ।ਇਸ ਇਲਾਕੇ ਦੀ ਸਥਿਤੀ ਅਜਿਹੀ ਹੈ ਕਿ ਦਰਿਆਵਾਂ, ਝੀਲਾਂ ਅਤੇ ਬਰਫ ਨਾਲ ਘਿਰੇ ਪਹਾੜਾਂ ਕਾਰਨ ਅਸਲ ਕੰਟਰੋਲ ਰੇਖਾ (ਐੱਲਏਸੀ) ਨੂੰ ਲੈ ਕੇ ਕਈ ਵਾਰ ਝਗੜਾ ਹੁੰਦਾ ਹੈ ਅਤੇ ਕਈ ਵਾਰ ਦੋਵੇਂ ਦੇਸ਼ਾਂ ਦੇ ਫੌਜੀ ਆਹਮੋ-ਸਾਹਮਣੇ ਹੋ ਜਾਂਦੇ ਹਨ।ਦੋਵੇਂ ਦੇਸ਼ ਸਰਹੱਦੀ ਇਲਾਕਿਆਂ ਵਿੱਚ ਬੁਨਿਆਦੀ ਢਾਂਚਾ ਵੀ ਵਿਕਸਿਤ ਕਰ ਰਹੇ ਹਨ। ਭਾਰਤ ਉਚਾਈ ’ਤੇ ਸਥਿਤ ਹਵਾਈ ਅੱਡੇ ਤੱਕ ਸੜਕ ਵੀ ਬਣਾ ਰਿਹਾ ਹੈ, ਜਿਸ ਲਈ ਚੀਨ ਕਈ ਵਾਰ ਇਤਰਾਜ਼ ਕਰ ਚੁੱਕਿਆ ਹੈ। ਜੂਨ 2020 ਵਿੱਚ, ਗਲਵਾਨ ਵਿੱਚ ਭਾਰਤ ਅਤੇ ਚੀਨ ਦਰਮਿਆਨ ਹੋਏ ਸੰਘਰਸ਼ ਵਿੱਚ ਭਾਰਤ ਦੇ 20 ਸੈਨਿਕ ਮਾਰੇ ਗਏ ਸਨ।ਕਈ ਮਹੀਨਿਆਂ ਬਾਅਦ, ਚੀਨ ਨੇ ਇਸ ਸੰਘਰਸ਼ ਵਿੱਚ ਆਪਣੇ ਚਾਰ ਸੈਨਿਕਾਂ ਦੀ ਮੌਤ ਨੂੰ ਸਵੀਕਾਰ ਕੀਤਾ ਸੀ।

ਗਲਵਾਨ ਤੋਂ ਬਾਅਦ ਅਤੇ ਇਸ ਤੋਂ ਪਹਿਲਾਂ ਦੋਵਾਂ ਦੇਸ਼ਾਂ ਵਿਚਾਲੇ ਫੌਜੀ ਪੱਧਰ ’ਤੇ ਕਈ ਵਾਰ ਗੱਲਬਾਤ ਹੋਈ ਅਤੇ ਹੁਣ ਵੀ ਹੋ ਰਹੀ ਹੈ, ਪਰ ਤਣਾਅ ਬਰਕਰਾਰ ਹੈ।ਸਭ ਤੋਂ ਤਾਜ਼ਾ ਵਿਵਾਦ 9 ਦਸੰਬਰ, 2022 ਦਾ ਹੀ ਹੈ, ਜਦੋਂ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਵਿੱਚ ਦੋਵਾਂ ਦੇਸ਼ਾਂ ਦੇ ਸੈਨਿਕਾਂ ਵਿਚਕਾਰ ਝੜਪ ਹੋਈ ਸੀ। ਭਾਰਤੀ ਫੌਜ ਦਾ ਕਹਿਣਾ ਹੈ ਕਿ ਇਸ ਝੜਪ 'ਚ ਦੋਵਾਂ ਦੇਸ਼ਾਂ ਦੇ ਕੁਝ ਫੌਜੀ ਜ਼ਖਮੀ ਹੋਏ ਹਨ।

ਸਾਲ 2020 ਖਾਸ ਤੌਰ 'ਤੇ ਦੋਵਾਂ ਦੇਸ਼ਾਂ ਦਰਮਿਆਨ ਸੰਘਰਸ਼ ਕਾਫ਼ੀ ਹਿੰਸਕ ਰਿਹਾ। 1975 ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸੈਨਿਕਾਂ ਵਿਚਾਲੇ ਅਜਿਹਾ ਟਕਰਾਅ ਹੋਇਆ ਸੀ, ਜਿਸ 'ਚ ਕਈ ਫੌਜੀ ਮਾਰੇ ਗਏ ਸਨ।ਭਾਵੇਂ ਇਸ ਸੰਘਰਸ਼ ਦੌਰਾਨ ਡੰਡਿਆਂ ਅਤੇ ਹੋਰ ਹਥਿਆਰਾਂ ਦੀ ਵਰਤੋਂ ਕਰਦਿਆਂ ਝੜਪ ਹੋਈ, ਪਰ ਬੰਦੂਕਾਂ ਦੀ ਵਰਤੋਂ ਨਹੀਂ ਕੀਤੀ ਗਈ।

1996 'ਚ ਦੋਵਾਂ ਦੇਸ਼ਾਂ ਦਰਮਿਆ ਇਸ ਗੱਲ 'ਤੇ ਸਹਿਮਤੀ ਬਣੀ ਸੀ ਕਿ ਸਰਹੱਦ 'ਤੇ ਬੰਦੂਕਾਂ ਜਾਂ ਵਿਸਫੋਟਕ ਸਮੱਗਰੀ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਭਾਰਤ ਨੇ ਆਪਣੇ ਫੌਜੀਆਂ ਦੀ ਮੌਤ ਨੂੰ ਸਵਿਕਾਰ ਕਰ ਲਇਆ ਸੀ। ਪਰ ਚੀਨ ਕਈ ਮਹੀਨਿਆਂ ਤੱਕ ਆਪਣੇ ਸੈਨਿਕਾਂ ਦੀ ਹੱਤਿਆ ਬਾਰੇ ਗੱਲ ਕਰਨ ਤੋਂ ਬਚਦਾ ਰਿਹਾ।ਹਾਲਾਂਕਿ, ਚੀਨ ਨੇ ਆਪਣੇ ਬਿਆਨ ਵਿੱਚ ਭਾਰਤੀ ਸੈਨਿਕਾਂ ਨੂੰ ਸੰਘਰਸ਼ ਲਈ ਜ਼ਿੰਮੇਵਾਰ ਠਹਿਰਾਇਆ ਸੀ।

 

ਸਰਬਜੀਤ ਕੌਰ ਸਰਬ