ਗੁਰਦੁਆਰਾ ਪ੍ਰਬੰਧ ਸੁਧਾਰਾਂ  ਦੇ ਮੱਦੇ ਨਜ਼ਰ ਨਵੇਂ ਪ੍ਰਧਾਨ ਨੂੰ ਦਰਪੇਸ਼ ਚੁਣੌਤੀਆਂ 

ਗੁਰਦੁਆਰਾ  ਪ੍ਰਬੰਧ ਸੁਧਾਰਾਂ  ਦੇ ਮੱਦੇ ਨਜ਼ਰ ਨਵੇਂ ਪ੍ਰਧਾਨ ਨੂੰ ਦਰਪੇਸ਼ ਚੁਣੌਤੀਆਂ 

 ਵਿਸ਼ੇਸ਼ ਰਿਪੋਟ     

 ਬਘੇਲ ਸਿੰਘ ਧਾਲੀਵਾਲ   

ਬਿਨਾਂ ਸ਼ੱਕ ਸਰੋਮਣੀ  ਕਮੇਟੀ ਦਾ ਕੰਮ ਸਿੱਖੀ ਸਿਧਾਂਤਾਂ ਦੀ ਰੌਸ਼ਨੀ ਵਿੱਚ ਗੁਰਦੁਆਰਾ ਪ੍ਰਬੰਧਾਂ ਵਿੱਚ ਆਈਆਂ ਕਮੀਆਂ, ਪੇਸ਼ੀਆਂ ਅਤੇ ਤਰੁੱਟੀਆਂ ਨੂੰ ਸੁਧਾਰਨ ਦੇ ਨਾਲ ਨਾਲ ਸਿੱਖੀ ਦੇ ਪ੍ਰਚਾਰ ਅਤੇ ਪਾਸਾਰ ਦੀ ਵੱਡੀ ਜਿੰੰਮੇਵਾਰੀ ਹੁੰਦੀ ਹੈ। ਪ੍ਰੰਤੂ ਲੰਮੇ ਸਮੇਂ ਤੋਂ ਸਿੱਖੀ ਸਿਧਾਂਤਾਂ ਦੀ ਅਣਦੇਖੀ ਅਤੇ ਰਹਿਤ ਮਰਿਯਾਦਾ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਇਸ ਦਾ ਕਾਰਨ ਇਹ ਰਿਹਾ ਹੈ ਕਿ ਸ਼ਰੋਮਣੀ ਕਮੇਟੀ ਤੇ ਕਾਬਜ ਧਿਰ ਦਾ ਖੁਦ ਆਪਣਾ ਕਿਰਦਾਰ ਹੀ ਸਿੱਖੀ ਸਿਧਾਂਤਾ ਨਾਲ ਮੇਲ ਨਹੀਂ ਖਾਂਦਾ।  ਇਸ ਲਈ ਸਰੋਮਣੀ  ਕਮੇਟੀ ਦੇ ਨਵੇਂ ਚੁਣੇ ਗਏ ਪ੍ਰਧਾਨ ਦੀ ਨਿਯੁਕਤੀ ਨੂੰ ਵੀ ਕੋਈ ਬਹੁਤ ਵੱਡੀ ਤਬਦੀਲੀ ਵਜੋਂ ਨਹੀਂਂ ਦੇਖਿਆ ਜਾ ਸਕਦਾ। ਕਿਉਕਿ ਬਹੁਤ ਲੰਮੇ ਸਮੇਂਂ ਤੋ ਸਰੋਮਣੀ ਅਕਾਲੀ ਦਲ ਅਤੇ ਸਰੋਮਣੀ  ਕਮੇਟੀ ਤੇ ਇੱਕੋ ਪਰਿਵਾਰ ਦਾ ਮੁਕੰਮਲ ਕਬਜਾ ਹੈ। ਏਥੇ ਹੀ ਬੱਸ ਨਹੀ ਉਕਤ ਪਰਿਵਾਰ ਦੇ ਮੁਖੀ ਨੇ ਸਾਰੀਆਂ ਹੀ ਪਰਮੁੱਖ ਸਿੱਖ ਜਥੇਬੰਦੀਆਂ ਅਤੇ ਸੰਸਥਾਵਾਂ, ਉਹ ਭਾਵੇਂਂ ਦਮਦਮੀ ਟਕਸਾਲ ਹੋਵੇ ਜਾਂ 96 ਕਰੋੜੀ ਬੁੱਢਾ ਦਲ ਹੋਵੇ, ਸੰਤ ਸਮਾਜ ਹੋਵੇ, ਭਾਵੇ ਸਿੱਖ ਕੌਮ ਦੇ ਹਰਿਆਵਲ ਦਸਤੇ ਵਜੋ ਜਾਣੀ ਜਾਂਦੀ ਸਿੱਖ ਸਟੂਡੈਟਸ ਫੈਡਰੇਸਨ ਹੋਵੇ, ਇਹਨਾਂ ਸਾਰੀਆਂ ਸੰਸਥਾਵਾਂ, ਜਥੇਬੰਦੀਆਂ ਨੂੰ ਦੋਫਾੜ ਕਰਕੇ ਆਪਣੇ ਵਫਾਦਾਰਾਂ ਨੂੰ ਕਾਬਜ ਕਰਵਾਇਆ ਹੋਇਆ ਹੈ। ਇਹਨਾਂ ਸਾਰੀਆਂ ਸੰਸਥਾਵਾਂ ਵਿਚੋਂਂ ਜਿਹੜੀ  ਸੰਸਥਾ ਨੂੰ ਉਕਤ ਪਰਿਵਾਰ ਅਪਣੇ ਨਿੱਜੀ ਮੁਫਾਦਾਂ ਲਈ, ਨਿੱਜੀ ਹਿਤਾਂ ਲਈ ਸਭ ਤੋਂਂ ਵੱਧ ਵਰਤਦਾ ਰਿਹਾ ਹੈ, ਉਹ ਮਿੰਟੀ ਪਾਰਲੀਮੈਂਟ ਵਜੋ ਜਾਣੀ ਜਾਂਦੀ  ਸਰੋਮਣੀ  ਕਮੇਟੀ ਹੈ, ਜਿਸ ਦਾ ਲਾਹਾ ਵਿਰੋਧੀਆਂ ਨੂੰ ਚਿੱਤ ਕਰਕੇ ਰਾਜਸੀ ਕੁਰਸੀ ਦੀ ਪਰਾਪਤੀ ਲਈ ਉਕਤ ਪਰਿਵਾਰ ਖੂਬ ਉਠਾਉਂਦਾ ਰਿਹਾ ਹੈ ਤੇ ਹੁਣ ਵੀ ਲਗਾਤਾਰ ਉਠਾ ਰਿਹਾ ਹੈ। ਇਹੋ ਕਾਰਨ ਹੈ ਕਿ ਉਕਤ ਪਰਿਵਾਰ ਦੇ ਵਫਾਦਾਰ ਅਤੇ ਚਾਪਲੂਸ ਹੀ ਸਰੋਮਣੀ  ਕਮੇਟੀ ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖਤ ਸਹਿਬ ਸਮੇਤ ਦੂਸਰੇ ਦੋਨੋ ਤਖਤਾਂ ਦੇ ਜਥੇਦਾਰ ਬਣਦੇ ਰਹੇ ਹਨ। ਮੌਜੂਦ ਹਾਲਾਤ ਇਹ ਬਣੇ ਹੋਏ ਹਨ ਕਿ ਸਰੋਮਣੀ  ਕਮੇਟੀ ਦੀ ਪਰਧਾਨਗੀ ਦੇ ਵਕਾਰੀ ਆਹੁਦੇ ਤੇ ਇਸ ਪਰਿਵਾਰ ਦੇ ਵਫਾਦਾਰ ਤੋ ਬਿਨਾ ਕਿਸੇ ਹੋਰ ਦਾ ਬਿਰਾਜਮਾਨ ਹੋਣਾ ਅਸੰਭਵ ਹੈ। ਤਖਤਾਂ ਦੇ ਜਥੇਦਾਰਾਂ ਅਤੇ ਸਰੋਮਣੀ  ਕਮੇਟੀ ਦੇ ਪਰਧਾਨ ਦੀ ਨੱਥ ਇਹ ਪਰਿਵਾਰ ਅਪਣੇ ਹੱਥ ਵਿੱਚ ਰੱਖਦਾ ਹੈ, ਤਾਂ ਕਿ ਲੋੜ ਪੈਣ ਤੇ ਇਨਾਂ ਅਪਣੀ ਮਰਜੀ ਨਾਲ ਤੋਰਿਆ ਤੇ ਮੋੜਿਆ ਜਾ ਸਕੇ। ਅਜਿਹੇ ਹਾਲਾਤਾਂ ਵਿੱਚ ਪਰਧਾਨਗੀ ਸਾਂਭਣ ਵਾਲੇ ਭਾਈ ਹਰਜਿੰਦਰ ਸਿੰਘ ਧਾਮੀ ਗੁਰਦੁਆਰਾ ਪਰਬੰਧ ਵਿੱਚ ਕਿੰਨਾ ਕੁ ਸੁਧਾਰ ਕਰ ਸਕਣਗੇ, ਇਹ ਦੇ ਵਾਰੇ ਕਿਸੇ ਨੂੰ ਕੋਈ ਭੁਲੇਖਾ ਨਹੀ ਹੋਣਾ ਚਾਹੀਦਾ। ਬਿਨਾ ਸ਼ਕ   ਧਾਮੀ ਨਿਤਨੇਮੀ ਗੁਰਸਿੱਖ ਅਤੇ ਸਿੱਖੀ ਸਿਧਾਂਤਾਂ ਤੇ ਪਹਿਰਾ ਦੇਣ ਵਾਲੇ ਗੁਰਸਿੱਖ ਸਮਝੇ ਜਾਂਦੇ  ਹਨ, ਪਰ ਉਹਨਾਂ ਵੱਲੋਂ ਬਤੌਰ ਸਰੋਮਣੀ  ਕਮੇਟੀ ਮੈਂਬਰ, ਬੇਅਦਬੀਆਂ ਦੇ ਮਾਮਲਿਆਂ ਤੇ ਧਾਰੀ ਚੁੱਪ ਗੁਰੂ ਪ੍ਰਤੀ ਵਫਾਦਾਰੀ ਅਤੇ ਗੁਰਸਿੱਖੀ ਜੀਵਨ ਤੇ ਪ੍ਰਸ਼ਨ ਚਿੰਨ  ਲਾਉਂਦੀ ਹੈ। ਦੂਸਰਾ ਜੇਕਰ ਗੱਲ ਗੁਰਦੁਆਰਾ ਪਰਬੰਧ ਵਿੱਚ ਸੁਧਾਰਾਂ ਦੀ ਅਤੇ ਸਿੱਖੀ ਸਿਧਾਂਤਾਂ ਨੂੰ ਲੱਗ ਰਹੀ ਢਾਹ ਦੀ ਕੀਤੀ ਜਾਵੇ, ਤਾਂ ਉਥੇ ਵੀ ਭਾਈ ਧਾਮੀ ਕੋਈ ਸਾਰਥਿਕ ਨਤੀਜੇ ਨਹੀਂਂ ਦੇ ਸਕਣਗੇ, ਕਿਉਕਿ ਉਕਤ ਪਰਿਵਾਰ ਦੀ ਮਰਜੀ ਖਿਲਾਫ ਕੋਈ ਛੋਟੇ ਤੋ ਛੋਟਾ ਫੈਸਲਾ ਲੈਣਾ ਵੀ ਭਾਈ  ਧਾਮੀ ਦੇ ਬੱਸ ਵਿੱਚ ਨਹੀ ਹੋਵੇਗਾ। ਕੁੱਝ ਸਮਾ ਪਹਿਲਾਂ ਜਦੋਂ ਸ੍ਰੀ ਅਨੰਦਪੁਰ ਸਹਿਬ ਦੇ ਸਥਾਪਨਾ ਦਿਵਸ ਮੌਕੇ ਸ੍ਰੀ ਅਕਾਲ ਤਖਤ ਸਹਿਬ ਸਮੇਤ ਦੂਸਰੇ ਜਥੇਦਾਰਾਂ ਨੇ ਸ੍ਰ ਪਰਕਾਸ ਸਿੰਘ ਬਾਦਲ ਨੂੰ ਫਖਰ ਏ ਕੌਮ ਦਾ ਉੱਚਾ ਸੁੱਚਾ ਪੁਰਸਕਾਰ ਦੇਕੇ ਅਪਣੀਆਂ ਜਥੇਦਾਰੀਆਂ ਦਾ ਮੁੱਲ ਮੋੜਿਆ ਤੇ ਅਪਣੀ ਗੁਲਾਮ ਮਾਨਸਿਕਤਾ ਦਾ ਮੁਜਾਹਰਾ ਕੀਤਾ ਸੀ ਤਾਂ ਦੇਸ ਵਿਦੇਸ ਵਿੱਚ ਵਸਦੇ ਸਿੱਖ ਭਾਈਚਾਰੇ ਨੇ ਇਹਨਾਂ ਜਥੇਦਾਰਾਂ ਨੂੰ ਪੁੱਜ ਕੇ ਲਾਹਣਤਾਂ ਪਾਈਆਂ ਸਨ, ਪਰ ਇਸ ਦੇ ਬਾਵਜੂਦ ਵੀ ਅਜਿਹੇ ਵਰਤਾਰੇ ਲਗਾਤਾਰ ਵਾਪਰਦੇ ਰਹੇ। ਅਜਿਹੇ ਵਰਤਾਰੇ ਵਾਪਰਦੇ ਰਹਿਣ ਦਾ ਵੀ ਇੱਕੋ ਇੱਕ ਕਾਰਨ ਹੈ ਸਮੁੱਚੇ ਗੁਰਦੁਆਰਾ ਪਰਬੰਧ ਦੀ ਨੱਥ ਦਾ ਉਸ ਪਰਿਵਾਰ ਦੇ ਹੱਥ ਵਿੱਚ ਹੋਣਾ, ਜਿੰਨਾਂ ਦੀ ਆਪਣੀ ਨੱਥ ਨਾਗਪੁਰ ਦੇ ਹੱਥਾਂ ਵਿੱਚ ਹੈ। ਇਸ ਲਈ ਉਹ ਜਿਸ ਨੂੰ ਵੀ ਚਾਹੁਣ ਪੰਥ ਵਿਚੋਂਂ ਖਾਰਜ  ਕਰਵਾ ਦਿੰਦੇ ਹਨ, ਅਤੇ ਜਿਸ ਨੂੰ ਚਾਹੁਣ ਸਨਮਾਨ ਦਿਵਾ ਦਿੰਦੇ ਹਨ, ਕੋਈ ਰੋਕਣ ਟੋਕਣ ਵਾਲਾ ਨਹੀ। ਕੌਮ ਦਾ ਬੱਚਾ ਬੱਚਾ ਇਹਨਾਂ ਸਵਾਲਾਂ ਦੇ ਉੱਤਰ ਜਾਣਦਾ ਹੈ। ਸਮੁੱਚਾ ਸਿੱਖ ਭਾਈਚਾਰਾ ਜਾਣਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂਂ ਦਿੱਤਾ ਗਿਆ ਸਨਮਾਨ ਕੌਮ ਦੀ ਸੇਵਾ ਬਦਲੇ ਨਹੀ, ਬਲਕਿ ਬਾਦਲ ਪਰਿਵਾਰ ਦੀ ਵਫਾਦਾਰੀ ਦੇ ਇਵਜ ਵਜੋਂ ਦਿੱਤਾ ਗਿਆ ਹੈ। ਜਦੋ ਕੋਈ ਵਿਦਵਾਨ ਅਤੇ ਫੈਸਲੇ ਲੈਣ ਦੇ ਸਮਰੱਥ ਵਿਅਕਤੀ ਵਜੋਂਂ ਜਾਣੇ ਜਾਣ ਵਾਲੇ ਅਤੇ ਸਵੈ-ਇੱਛਾ ਨਾਲ ਪਰਧਾਨਗੀ ਤੋ ਲਾਂਭੇ ਹੋਣ ਵਾਲੇ ਕਿਰਪਾਲ ਸਿੰਘ ਬੰਡੂਗਰ ਵਰਗੇ ਵਿਅਕਤੀ ਨੂੰ ਵੀ ਅਜਿਹੇ ਫੈਸਲੇ ਲੈਣ ਲਈ ਮਜਬੂਰ ਹੋਣਾ ਪੈ ਸਕਦਾ ਹੈ, ਤਾਂ ਫਿਰ ਭਾਈ  ਧਾਮੀ ਤੋਂ ਪੰਥ ਪ੍ਰਸਤੀ ਦੀ ਆਸ ਰੱਖਣਾ ਕਿਵੇਂ ਵਾਜਬ ਹੋ ਸਕਦਾ ਹੈ? ਹੁਣ ਜਦੋਂ ਪ੍ਰਧਾਨ ਬਣਦਿਆਂ ਹੀ ਭਾਈ ਹਰਜਿੰਦਰ ਸਿੰਘ ਧਾਮੀ ਤੇ ਬੇਅਦਬੀਆਂ ਦੇ ਮਾਮਲੇ ਵਿੱਚ ਧਾਰੀ ਚੁੱਪ ਦੇ ਦੋਸ਼  ਲਗਣੇ ਸ਼ੁਰੂ ਹੋ ਗਏ ਹਨ ਅਤੇ ਉਧਰ ਉਕਤ  ਪਰਿਵਾਰ ਦੀ ਸਿੱਧੀ ਸਿੱਧੀ ਦਾਖਲਅੰਦਾਜ਼ੀ ਦੀ ਤਲਵਾਰ ਵੀ ਪਰਧਾਨ ਦੀ ਗਰਦਣ ਤੇ ਲਟਕਦੀ ਰਹੇਗੀ, ਤਾਂ ਅਜਿਹੇ ਦਬਾਅਵਾਲੇ ਹਾਲਾਤਾਂ ਵਿੱਚ ਗੁਰਦੁਆਰਾ ਪ੍ਰਬੰਧ ਅਤੇ ਸਿੱਖੀ ਸੰਭਾਲ ਲਈ  ਉਹ ਕਿਸ ਤਰਾਂ ਦੇ ਉਪਰਾਲੇ ਕਰਨਗੇ, ਜਾਂ ਉਹ ਇਹਨਾਂ ਹਾਲਾਤਾਂ ਦੇ ਮੱਦੇਨਜਰ ਕੋਈ ਸਾਰਥਕ ਨਤੀਜੇ ਦੇਣ ਦੀ ਇਛਾ ਰੱਖਦੇ ਹਨ? ਇਹਨਾਂ ਗੱਲਾਂ ਦਾ ਅਸਲ ਅਨੁਮਾਨ ਤਾਂ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦੀ ਕਾਰਜਸ਼ੈਲੀ ਦੇਖ ਕੇ ਹੀ ਲਾਇਆ ਜਾ ਸਕੇਗਾ।