ਭਾਈ ਜਗਤਾਰ ਸਿੰਘ ਹਵਾਰਾ ਡੇਂਗੂ ਤੋਂ ਹੋਏ ਠੀਕ  

ਭਾਈ ਜਗਤਾਰ ਸਿੰਘ ਹਵਾਰਾ ਡੇਂਗੂ ਤੋਂ ਹੋਏ ਠੀਕ  

*ਪਲੇਟਲੈਟਸ ਦੀ ਗਿਣਤੀ 2.2 ਲੱਖ ਹੋਈ

ਅੰਮ੍ਰਿਤਸਰ ਟਾਈਮਜ਼ 

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਦੀ ਤਿਹਾੜ ਜੇਲ੍ਹ ਅੰਦਰ ਬੰਦ ਭਾਈ ਜਗਤਾਰ ਸਿੰਘ ਹਵਾਰਾ ਜੋ ਕਿ ਡੇਂਗੂ ਨਾਲ ਪੀੜਿਤ ਹੋ ਗਏ ਸਨ, ਹੁਣ ਉਨ੍ਹਾਂ ਦੀ ਹਾਲਾਤ ਠੀਕ ਹੋ ਗਈ ਹੈ । ਅਦਾਲਤ ਅੰਦਰ ਉਨ੍ਹਾਂ ਦੇ ਮਾਮਲੇ ਦੀ ਪੈਰਵਾਈ ਕਰ ਰਹੇ ਪੰਥਕ ਵਕੀਲ ਹਰਪ੍ਰੀਤ ਸਿੰਘ ਹੋਰਾਂ ਨੇ ਦਸਿਆ ਕਿ 3 ਦਸੰਬਰ 2021 ਨੂੰ ਭਾਈ ਹਵਾਰਾ ਨੂੰ ਏਮਜ਼ ਲਿਜਾਣ ਲਈ ਹਾਈ ਕੋਰਟ ਨੇ ਹੁਕਮ ਜਾਰੀ ਕੀਤੇ ਸਨ । ਇਸ ਤੋਂ ਪਹਿਲਾਂ ਭਾਈ ਹਵਾਰੇ ਦੀ ਸਿਹਤ ਖਰਾਬ ਹੋਣ ਤੇ ਉਨ੍ਹਾਂ ਨੂੰ ਜੇਲ੍ਹ ਦੇ ਨਜ਼ਦੀਕੀ ਦੀਨ ਦਿਆਲ ਅਸਪਤਾਲ ਵਿਚ ਲੈ ਕੇ ਗਏ ਸਨ ਜਿਥੇ ਇਲਾਜ ਕਰਵਾ ਕੇ ਮੁੜ ਜੇਲ੍ਹ ਪ੍ਰਸ਼ਾਸ਼ਨ ਵਲੋਂ ਜੇਲ੍ਹ ਦੇ ਅੰਦਰ ਬਣੇ ਅਸਪਤਾਲ ਵਿਚ ਦਾਖਿਲ ਕਰਕੇ ਇਲਾਜ ਕੀਤਾ ਗਿਆ ਸੀ । ਬੀਤੇ ਦਿਨ ਅਦਾਲਤ ਅੰਦਰ ਸਰਕਾਰ ਨੇ ਆਪਣੀ ਦਾਖਿਲ ਕੀਤੀ ਮੈਡੀਕਲ ਰਿਪੋਰਟ ਵਿਚ ਕਿਹਾ ਹੈ ਕਿ ਉਸ ਦੇ ਪਲੇਟਲੇਟ 1 ਲੱਖ ਤੋਂ ਵੱਧ ਹੋ ਗਏ ਹਨ ਅਤੇ ਹੁਣ ਉਸ ਦੇ ਪਲੇਟਲੇਟ ਦੀ ਗਿਣਤੀ ਵੱਧ ਕੇ 2.2 ਲੱਖ ਹੋ ਗਈ ਹੈ।  ਇਸਦੇ ਨਾਲ ਹੀ ਭਾਈ ਹਵਾਰਾ ਨੇ ਵੀ ਜੇਲ੍ਹ ਪ੍ਰਸ਼ਾਸਨ ਨੂੰ ਲਿਖਤੀ ਤੌਰ 'ਤੇ ਪੱਤਰ ਦਿੱਤਾ ਸੀ ਕਿ ਉਨ੍ਹਾਂ ਦੀ ਹਾਲਤ ਹੁਣ ਬਿਹਤਰ ਹੈ । ਜਿਕਰਯੋਗ ਹੈ ਕਿ ਭਾਈ ਹਵਾਰਾ ਦੀ ਸਿਹਤਯਾਬੀ ਲਈ ਸੰਸਾਰ ਭਰ ਵਿਚ ਅਰਦਾਸਾਂ ਜੋਦੜੀਆਂ ਕੀਤੀਆਂ ਜਾ ਰਹੀਆਂ ਸਨ ਅਤੇ ਅਖੰਡ ਕੀਰਤਨੀ ਜੱਥਾ ਦਿੱਲੀ ਵਲੋਂ ਉਨ੍ਹਾਂ ਦੀ ਸਿਹਤਯਾਬੀ ਲਈ ਉਚੇਚੇ ਤੋਰ ਤੇ ਕੀਰਤਨੀ ਸਮਾਗਮ ਕੀਤੇ ਗਏ ਸਨ ।