ਕੈਨੇਡੀਅਨ ਆਰਮੀ ’ਵਿਚ ਭਰਤੀ ਹੋਇਆ ਪਹਿਲਾ ਸਿੱਖ ਇੰਮੀਗ੍ਰਾਂਟ ਰਾਜਬੀਰ ਸਿੰਘ

ਕੈਨੇਡੀਅਨ ਆਰਮੀ ’ਵਿਚ ਭਰਤੀ ਹੋਇਆ ਪਹਿਲਾ ਸਿੱਖ ਇੰਮੀਗ੍ਰਾਂਟ ਰਾਜਬੀਰ ਸਿੰਘ

ਅੰਮ੍ਰਿਤਸਰ ਟਾਈਮਜ਼ ਬਿਊਰੋ

ਜਲੰਧਰ : ਕੈਨੇਡਾ ਧਰਤੀ ’ਤੇ ਬਿਹਤਰ ਜੀਵਨ ਦੀ ਤਲਾਸ਼ ਵਿਚ ਪੁੱਜੇ ਪੰਜਾਬੀ ਸਿੱਖ ਨੌਜਵਾਨ ਨੇ ਕੈਨੇਡੀਅਨ ਆਰਮੀ ਵਿਚ ਭਰਤੀ ਹੋਣ ਵਾਲੇ ਪਹਿਲੇ ਇੰਮੀਗ੍ਰਾਂਟ ਹੋਣ ਦਾ ਮਾਣ ਹਾਸਲ ਕੀਤਾ ਹੈ। ਇਸ ਪ੍ਰਾਪਤੀ ਨਾਲ ਗੁਰਦਾਸਪੁਰ ਦੇ ਪਿੰਡ ਦਾਖਲਾ ਵਾਸੀ ਰਾਜਬੀਰ ਸਿੰਘ ਨੇ ਨਾ ਸਿਰਫ ਆਪਣੇ ਮਾਪਿਆਂ, ਪਿੰਡ ਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ ਬਲਕਿ ਉਸ ਦੀ ਇਸ ਮਾਣਮੱਤੀ ਪ੍ਰਾਪਤੀ ਨਾਲ ਸਿਖ ਜਗਤ ਦਾ ਨਾਂ ਵੀ ਰੌਸ਼ਨ ਹੋਇਆ ਹੈ।

ਰਾਜਬੀਰ ਸਿੰਘ ਦੇ ਪਿਤਾ ਹਰਜੀਤ ਸਿੰਘ ਜੋ ਕਿ ਇਸ ਵੇਲੇ ਕੈਨੇਡਾ ਦੇ ਅਲਬਰਟਾ ਸੂਬੇ ਦੀ ਰਾਜਧਾਨੀ ਐਡਮਿੰਟਨ ਵਿਚ ਹੀ ਰਹਿ ਰਹੇ ਹਨ, ਨੇ ਦੱਸਿਆ ਕਿ ਉਹ 2018 ’ਚ ਪੰਜਾਬ ਪੁਲਿਸ ਦੀ ਨੌਕਰੀ ਛੱਡ ਕੇ ਕੈਨੇਡਾ ਚਲੇ ਗਏ ਸਨ ਅਤੇ ਰਾਜਬੀਰ ਸਿੰਘ ਵੀ ਉਨ੍ਹਾਂ ਦੇ ਨਾਲ ਹੀ ਕੈਨੇਡਾ ਆ ਗਿਆ ਸੀ। ਉਸ ਵੇਲੇ ਉਹ ਭਾਰਤ ਵਿਚ 11ਵੀਂ ਜਮਾਤ ਦੀ ਪੜ੍ਹਾਈ ਕਰਦਾ ਸੀ। ਇੱਥੇ ਆ ਕੇ ਰਾਜਬੀਰ ਸਿੰਘ ਨੂੰ 2019 ਵਿਚ ਸਕੂਲ ਵਿਚ ਦਾਖਲ ਦਿਵਾਇਆ। ਪਹਿਲਾਂ ਉਨ੍ਹਾਂ ਨੂੰ ਲੱਗਦਾ ਸੀ ਕਿ ਭਾਰਤ ਦੀ ਕੈਨੇਡਾ ਦੀ ਪੜ੍ਹਾਈ ਵਿਚ ਜ਼ਮੀਨ-ਅਸਮਾਨ ਦਾ ਅੰਤਰ ਹੋਣ ਕਰ ਕੇ ਉਨ੍ਹਾਂ ਦੇ ਪੁੱਤਰ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਪਰ ਰਾਜਬੀਰ ਨੇ ਉਥੋਂ ਦੀ ਸਿੱਖਿਆ ਪ੍ਰਣਾਲੀ ਤੇ ਸਿਲੇਬਸ ਨੂੰ ਆਸਾਨੀ ਨਾਲ ਸਮਝ ਲਿਆ ਅਤੇ ਵਧੀਆ ਢੰਗ ਨਾਲ ਪੜ੍ਹਾਈ ਕਰਨ ਲੱਗਾ। ਦੋ ਸਾਲ ਦੀ ਸਕੂਲਿੰਗ ਤੋਂ ਬਾਅਦ ਰਾਜਬੀਰ ਸਿੰਘ ਨੇ ਜਨਵਰੀ 2022 ਵਿਚ ਲੈਟਬ੍ਰਿਜ ਕਾਲਜ ਅਲਬਰਟਾ ਵਿਚ ਡਿਪਲੋਮਾ ਇਨ ਕ੍ਰਿਮੀਨਾਲੋਜੀ ’ਚ ਦਾਖਲਾ ਲੈ ਲਿਆ। ਇਸ ਵੇਲੇ ਉਸ ਦਾ ਆਖਰੀ ਸਮੈਸਟਰ ਚੱਲ ਰਿਹਾ ਹੈ।

ਹਰਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਕੈਨੇਡਾ ਸਰਕਾਰ ਵੱਲੋਂ ਸੁਰੱਖਿਆ ਫੋਰਸਾਂ ਦੀ ਭਰਤੀ ਦੇ ਕਾਨੂੰਨ ਵਿਚ ਤਬਦੀਲੀ ਕਰਦਿਆਂ ਪੀਆਰ ਹਾਸਲ ਕਰਨ ਵਾਲੇ ਇੰਮੀਗ੍ਰਾਂਟ ਨੌਜਵਾਨਾਂ ਨੂੰ ਵੀ ਭਰਤੀ ਹੋਣ ਦੀ ਖੁੱਲ੍ਹ ਦੇ ਦਿੱਤੀ। ਇਸ ਤਰ੍ਹਾਂ ਰਾਜਬੀਰ ਸਿੰਘ ਜੋ ਕਿ ਸੁਰੱਖਿਆ ਫੋਰਸ ਵਿਚ ਭਰਤੀ ਹੋਣ ਦਾ ਚਾਹਵਾਨ ਸੀ, ਨੇ ਇਸ ਮੌਕੇ ਦਾ ਲਾਭ ਲਿਆ ਅਤੇ ਮਿਹਨਤ ਤੇ ਪੜ੍ਹਾਈ ਦੇ ਦਮ ’ਤੇ ਕੈਨੇਡੀਅਨ ਆਰਮੀ ਵਿਚ ਭਰਤੀ ਹੋਣ ਲਈ ਲਿਖਤੀ ਤੇ ਸਰੀਰਕ ਪ੍ਰੀਖਿਆ ਪਾਸ ਕਰ ਲਈ। ਉਪਰੰਤ ਉਸ ਦਾ ਮੈਡੀਕਲ ਵੀ ਪਾਸ ਹੋ ਗਿਆ ਤਾਂ ਪਿਛਲੇ ਦਿਨੀਂ ਕੈਨੇਡੀਅਨ ਆਰਮੀ ਦੇ ਐਡਮਿੰਟਨ ਵਿਚਲੇ ਦਫਤਰ ਵੱਲੋਂ ਉਸ ਦੀ ਚੋਣ ਹੋਣ ਬਾਰੇ ਪੁਸ਼ਟੀ ਕਰਦਿਆਂ ਸਹੁੰ ਚੁਕਾ ਕੇ ਸਰਟੀਫਿਕੇਟ ਪ੍ਰਦਾਨ ਕੀਤਾ ਗਿਆ।

ਹਰਜੀਤ ਸਿੰਘ ਨੇ ਦੱਸਿਆ ਕਿ ਰਾਜਬੀਰ ਸਿੰਘ ਜਲਦ ਹੀ ਫੌਜ ਦੀ ਮੁੱਢਲੀ ਟ੍ਰੇਨਿੰਗ ’ਤੇ ਜਾ ਰਿਹਾ ਹੈ। ਰਾਜਬੀਰ ਸਿੰਘ ਦੇ ਕੈਨੇਡੀਅਨ ਆਰਮੀ ਵਿਚ ਭਰਤੀ ਹੋਣ ਦੀ ਸੂਚਨਾ ਮਿਲਦਿਆਂ ਹੀ ਉਨ੍ਹਾਂ ਦੇ ਗੁਰਦਾਸਪੁਰ ਨੇੜਲੇ ਪਿੰਡ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਅਤੇ ਲੋਕ ਦਾਦੇ ਤੇ ਤਾਏ ਨੂੰ ਵਧਾਈਆਂ ਦੇਣ ਲਈ ਘਰ ਪੁੱਜ ਰਹੇ ਹਨ। ਪਿਤਾ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਖੁਦ ਪੰਜਾਬ ਪੁਲਿਸ ਵਿਚ ਬਤੌਰ ਕੰਪਿਊਟਰ ਆਪੇ੍ਟਰ ਭਰਤੀ ਹੋਇਆ ਸੀ ਤੇ 2018 ਵਿਚ ਵੀਆਰਐੱਸ ਲੈ ਕੇ ਕੈਨੇਡਾ ਪ੍ਰਵਾਸ ਕਰ ਗਿਆ ਸੀ। ਉਨ੍ਹਾਂ ਦੇ ਵੱਡੇ ਭਰਾ ਰਣਜੀਤ ਸਿੰਘ ਵੀ ਪੰਜਾਬ ਪੁਲਿਸ ਵਿਚੋਂ ਸੇਵਾਮੁਕਤ ਹੋਏ ਹਨ। ਇਸ ਲਈ ਰਾਜਬੀਰ ਸਿੰਘ ਸ਼ੁਰੂ ਤੋਂ ਹੀ ਸੁਰੱਖਿਆ ਫੋਰਸ ਜੁਆਇਨ ਕਰਨਾ ਚਾਹੁੰਦਾ ਸੀ। ਇਸੇ ਲਈ ਉਸ ਨੇ ਡਿਪਲੋਮਾ ਵੀ ਪੁਲਿਸਿੰਗ ਮੁਤਾਬਕ ਚੁਣਿਆ ਅਤੇ ਡਿਪਲੋਮਾ ਪੂਰਾ ਕਰਨ ਤੋਂ ਬਾਅਦ ਉਹ ਫੌਜ ਦੀ ਨੌਕਰੀ ਦੇ ਨਾਲ ਹੀ ਕਿ੍ਮੀਨਾਲੋਜੀ ਵਿਸ਼ੇ ਵਿਚ ਡਿਗਰੀ ਹਾਸਲ ਕਰਨਾ ਚਾਹੁੰਦਾ ਹੈ। ਹਰਜੀਤ ਸਿੰਘ ਨੇ ਦੱਸਿਆ ਕਿ ਰਾਜਬੀਰ ਨੇ ਸਾਰੇ ਪਰਿਵਾਰ ਨੂੰ ਦੋਹਰੀ ਖੁਸ਼ੀ ਦਿੱਤੀ ਹੈ ਕਿਉਂਕਿ ਉਸ ਦੀ ਚੋਣ ਸੀਬੀਐੱਸਏ (ਕੈਨੇਡੀਅਨ ਬਾਰਡਰ ਸਕਿਉਰਿਟੀ ਏਜੰਸੀ) ਵਿਚ ਵੀ ਹੋ ਚੁੱਕੀ ਹੈ। ਫਿਲਹਾਲ ਉਸ ਨੇ ਕੈਨੇਡੀਅਨ ਆਰਮੀ ਜੁਆਇਨ ਕਰ ਲਈ ਹੈ। ਹਰਜੀਤ ਸਿੰਘ ਨੇ ਦੱਸਿਆ ਕਿ ਉਹ ਦੋਵੇਂ ਪਿਤਾ-ਪੁੱਤਰ ਕੈਨੇਡਾ ਰਹਿ ਰਹੇ ਹਨ ਜਦੋਂਕਿ ਉਨ੍ਹਾਂ ਦੀ ਪਤਨੀ ਰਾਜਵਿੰਦਰ ਕੌਰ ਤੇ ਵੱਡਾ ਪੁੱਤਰ ਨਵਤੇਜ ਸਿੰਘ ਪਿੰਡ ਹੀ ਰਹਿ ਰਹੇ ਹਨ।