ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ 'ਤੇ ਮੱਧ ਪ੍ਰਦੇਸ਼ ਪੁਲਸ ਦਾ ਤਸ਼ੱਦਦ; ਸੁਖਬੀਰ ਬਾਦਲ ਨੇ ਕਾਰਵਾਈ ਮੰਗੀ

ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ 'ਤੇ ਮੱਧ ਪ੍ਰਦੇਸ਼ ਪੁਲਸ ਦਾ ਤਸ਼ੱਦਦ; ਸੁਖਬੀਰ ਬਾਦਲ ਨੇ ਕਾਰਵਾਈ ਮੰਗੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤ ਦੇ ਹਿੰਦੀ ਭਾਸ਼ੀ ਸੂਬਿਆਂ ਵਿਚ ਸਿੱਖਾਂ ਉੱਤੇ ਹਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਅਜਿਹੀ ਹੀ ਇਕ ਹੋਰ ਘਟਨਾ ਮੱਧ ਪ੍ਰਦੇਸ਼ ਸੂਬੇ ਤੋਂ ਸਾਹਮਣੇ ਆਈ ਹੈ, ਜਿੱਥੇ ਪੁਲਸ ਵੱਲੋਂ ਸਿੱਖਾਂ ਦੀ ਬੜੇ ਬੁਰੇ ਢੰਗ ਨਾਲ ਕੁੱਟਮਾਰ ਕੀਤੀ ਗਈ ਤੇ ਕੇਸਾਂ ਦੀ ਬੇਅਦਬੀ ਕੀਤੀ ਗਈ।

ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਵੀਡੀਓ ਵਿਚ ਸਾਫ ਨਜ਼ਰ ਆ ਰਿਹਾ ਹੈ ਕਿ ਪੁਲਸ ਮੁਲਾਜ਼ਮ ਸਿੱਖ ਨੂੰ ਉਸਦੇ ਕੇਸਾਂ ਤੋਂ ਫੜ੍ਹਲੇ ਘੜੀਸ ਰਹੇ ਹਨ ਅਤੇ ਕੁੱਟਮਾਰ ਕਰ ਰਹੇ ਹਨ। ਪੁਲਸ ਵੱਲੋਂ ਜਿਸ ਸਿੱਖ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਉਹ ਸਥਾਨਕ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਸਿੰਘ ਹੈ।  

ਇਸ ਵੀਡੀਓ ਨੂੰ ਆਪਣੇ ਫੇਸਬੁੱਕ ਖਾਤੇ 'ਤੇ ਸਾਂਝਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੋਸ਼ੀ ਪੁਲਸ ਅਫਸਰਾਂ 'ਤੇ ਕਾਰਵਾਈ ਦੀ ਮੰਗ ਕੀਤੀ ਹੈ। 

ਸੁਖਬੀਰ ਸਿੰਘ ਬਾਦਲ ਨੇ ਲਿਖਿਆ, "ਸੁਣ ਕੇ ਬਹੁਤ ਦਿਲ ਦੁਖਿਆ। ਗਿਆਨੀ ਪ੍ਰੇਮ ਸਿੰਘ ਗ੍ਰੰਥੀ ਅਤੇ ਮੱਧ ਪ੍ਰਦੇਸ਼ ਦੇ ਹੋਰਨਾਂ ਸਿੱਖਾਂ 'ਤੇ ਬੇਰਹਿਮੀ ਨਾਲ ਹੋਇਆ ਅਪਮਾਨਜਨਕ ਹਮਲਾ, ਅਣਮਨੁੱਖੀ ਵਰਤਾਰਾ ਹੈ ਜੋ ਕਿਸੇ ਤਰ੍ਹਾਂ ਪ੍ਰਵਾਨਯੋਗ ਨਹੀਂ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਚੌਹਾਨ ਨੂੰ ਮੈਂ ਅਪੀਲ ਕਰਦਾ ਹਾਂ ਕਿ ਦੇਸ਼ ਲਈ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਨਾਲ ਅਜਿਹਾ ਨਫ਼ਰਤ ਭਰਿਆ ਸਲੂਕ ਕਰਨ ਵਾਲੇ ਲੋਕਾਂ ਖ਼ਿਲਾਫ਼ ਅਜਿਹੀ ਸਖ਼ਤ ਕਾਰਵਾਈ ਕੀਤੀ ਜਾਵੇ ਜੋ ਹੋਰਨਾਂ ਲਈ ਇੱਕ ਸਬਕ ਬਣੇ। ਨਾਮਾਫ਼ੀਯੋਗ ਗੁਨਾਹ!"