ਗੋਰਖਪੁਰ ਦੇ ਹਸਪਤਾਲ ‘ਚ ਨਹੀਂ ਰੁਕਿਆ ਮੌਤਾਂ ਦਾ ਸਿਲਸਿਲਾ, 48 ਘੰਟਿਆਂ ‘ਚ 42 ਬੱਚਿਆਂ ਦੀ ਮੌਤ

ਗੋਰਖਪੁਰ ਦੇ ਹਸਪਤਾਲ ‘ਚ ਨਹੀਂ ਰੁਕਿਆ ਮੌਤਾਂ ਦਾ ਸਿਲਸਿਲਾ, 48 ਘੰਟਿਆਂ ‘ਚ 42 ਬੱਚਿਆਂ ਦੀ ਮੌਤ

ਮਹਿਜ਼ ਅਗਸਤ ‘ਚ ਹੋ ਚੁੱਕੀ ਹੈ 296 ਮਾਸੂਮਾਂ ਦੀ ਮੌਤ
ਗੋਰਖ਼ਪੁਰ/ਬਿਊਰੋ ਨਿਊਜ਼ :
ਉੱਤਰ ਪ੍ਰਦੇਸ਼ ਦੇ ਗੋਰਖ਼ਪੁਰ ਵਿਚ ਬਾਬਾ ਰਘੁਵਰ ਦਾਸ (ਬੀ.ਆਰ.ਡੀ.) ਮੈਡੀਕਲ ਕਾਲਜ ਹਸਪਤਾਲ ਵਿਚ ਮਾਸੂਮਾਂ ਦੀ ਮੌਤ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਬੀਤੇ 48 ਘੰਟਿਆਂ ਵਿਚ ਇੱਥੇ 42 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਪਿਛਲੇ 72 ਘੰਟਿਆਂ ਵਿਚ 61 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਹਸਪਤਾਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਹਸਪਤਾਲ ਵਿਚ ਹਰ ਸਾਲ ਏਨੀਆਂ ਹੀ ਮੌਤਾਂ ਹੁੰਦੀਆਂ ਹਨ। ਜਾਣਕਾਰੀ ਅਨੁਸਾਰ ਇੰਸੇਫਲਾਈਟਿਸ ਵਾਰਡ ਵਿਚ 11, ਐੱਨ.ਆਈ.ਸੀ.ਯੂ. ਵਿਚ 25 ਅਤੇ ਬਾਲ ਇਲਾਜ ਵਾਰਡ ਵਿਚ 25 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲੇ ਇਹ ਬੱਚੇ ਦਿਮਾਗ਼ ਦੀ ਸੋਜ, ਨਿਮੋਨੀਆ ਸਮੇਤ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਸਨ। ਡਾਕਟਰਾਂ ਦਾ ਕਹਿਣਾ ਹੈ ਕਿ ਸਾਲ ਭਰ ਵੱਡੀ ਗਿਣਤੀ ਵਿਚ ਮਰੀਜ਼ ਇੱਥੇ ਆਉਂਦੇ ਹਨ। ਫ਼ਿਲਹਾਲ ਗੋਰਖ਼ਪੁਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਭਾਰੀ ਬਾਰਿਸ਼ ਅਤੇ ਹੜ੍ਹ ਕਾਰਨ ਵੱਖ-ਵੱਖ ਬਿਮਾਰੀਆਂ ਫੈਲਣ ਦਾ ਖ਼ਤਰਾ ਵਧ ਗਿਆ ਹੈ। ਫ਼ਿਲਹਾਲ ਯੂ.ਪੀ. ਦੇ ਡਾਇਰੈਕਟਰ ਜਨਰਲ ਸਿਹਤ ਕੇ.ਕੇ. ਗੁਪਤਾ ਨੇ ਪੁਲਿਸ ਨੂੰ ਇਸ ਮਾਮਲੇ ਵਿਚ ਜਾਣਕਾਰੀ ਦਿੱਤੀ ਹੈ। ਇਸ ਸਬੰਧ ਵਿਚ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾਕਟਰ ਰਾਜੀਵ ਮਿਸ਼ਰਾ, ਉਨ੍ਹਾਂ ਦੀ ਪਤਨੀ ਡਾ. ਪੂਰਨਿਮਾ ਸ਼ੁਕਲਾ, ਡਾ. ਕਫੀਲ ਖ਼ਾਨ, ਡਾ. ਸਤੀਸ਼ ਸਮੇਤ ਕੁੱਲ 9 ਲੋਕਾਂ ‘ਤੇ ਕੇਸ ਦਰਜ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਇਸ ਹਸਪਤਾਲ ਵਿਚ ਇਸ ਮਹੀਨੇ ਹੁਣ ਤਕ 296 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾਕਟਰ ਪੀ.ਕੇ. ਸਿੰਘ ਨੇ ਦੱਸਿਆ ਕਿ ਇਸ ਸਾਲ ਹੁਣ ਤਕ ਕੁੱਲ 1250 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਇਸ ਮਹੀਨੇ 28 ਅਗਸਤ ਤਕ ਐੱਨ.ਆਈ.ਸੀ.ਯੂ. ਵਿਚ 213 ਅਤੇ ਇੰਸੇਫਲਾਈਟਿਸ ਵਾਰਡ ਵਿਚ 77 ਸਮੇਤ ਕੁੱਲ 296 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਪੀ.ਕੇ. ਸਿੰਘ ਨੇ ਕਿਹਾ ਕਿ ਐੱਨ.ਆਈ.ਸੀ.ਯੂ. ਵਿਚ ਜ਼ਿਆਦਾ ਗੰਭੀਰ ਹਾਲਤ ਵਾਲੇ ਬੱਚੇ, ਜਿਨ੍ਹਾਂ ਵਿਚ ਸਮੇਂ ਤੋਂ ਪਹਿਲਾਂ ਜਨਮੇ, ਘੱਟ ਵਜ਼ਨ ਵਾਲੇ, ਪੀਲੀਆ, ਨਿਮੋਨੀਆ ਅਤੇ ਛੂਤ ਦੀਆਂ ਬਿਮਾਰੀਆਂ ਨਾਲ ਪੀੜਤ ਬੱਚੇ ਇਲਾਜ ਲਈ ਆਉਂਦੇ ਹਨ। ਜਦੋਂ ਕਿ ਇੰਸੇਫਲਾਈਟਿਸ ਨਾਲ ਪੀੜਤ ਬੱਚੇ ਵੀ ਆਖ਼ਰੀ ਸਮੇਂ ‘ਤੇ ਹੀ ਹਸਪਤਾਲ ਵਿਚ ਗੰਭੀਰ ਹਾਲਤ ਵਿਚ ਪਹੁੰਚਦੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਬੱਚੇ ਸਹੀ ਸਮੇਂ ਇਲਾਜ ਲਈ ਆਉਣ ਤਾਂ ਵੱਡੀ ਗਿਣਤੀ ਵਿਚ ਨਵ-ਜਨਮੇ ਬੱਚਿਆਂ ਦੀਆਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ।