ਪੰਜਾਬਣਾਂ ਵੀ ਅਸਲ੍ਹਾ ਰੱਖਣ ਦੀਆਂ ਸ਼ੌਕੀਨ

ਪੰਜਾਬਣਾਂ ਵੀ ਅਸਲ੍ਹਾ ਰੱਖਣ ਦੀਆਂ ਸ਼ੌਕੀਨ

ਸੂਬੇ 'ਵਿਚ 32 ਹਜਾਰ ਤੋਂ ਵੱਧ ਔਰਤਾਂ ਕੋਲ ਲਾਇਸੈਂਸੀ ਹਥਿਆਰ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਰਾਮਪੁਰਾ ਫੂਲ -ਪੰਜਾਬ 'ਵਿਚ ਬੀਬੀਆਂ ਵੀ ਅਸਲਾ ਰੱਖਣ ਦੀਆਂ ਸ਼ੌਕੀਨ ਹਨ । ਸੂਬੇ 'ਵਿਚ 32 ਹਜਾਰ ਤੋਂ ਵੱਧ ਔਰਤਾਂ ਕੋਲ ਲਾਇਸੈਂਸੀ ਹਥਿਆਰ ਹਨ | ਇਹ ਹਥਿਆਰ ਔਰਤਾਂ ਨੇ ਕਿਸੇ ਮਜਬੂਰੀ ਵੱਸ ਰੱਖੇ ਹੋਏ ਹਨ ਜਾਂ ਸ਼ੌਕ ਦੀ ਪੂਰਤੀ ਲਈ ਇਹ ਵੱਖਰੇ ਤੌਰ 'ਤੇ ਜਾਂਚ ਦਾ ਵਿਸ਼ਾ ਹੈ ।ਲੋਕ ਸਭਾ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕੋਲ 3 ਹਥਿਆਰਾਂ ਦੀ ਮਨਜ਼ੂਰੀ ਹੈ ਤੇ ਉਹ ਆਪਣਾ ਅਸਲ੍ਹਾ ਸਾਰੇ ਭਾਰਤ 'ਵਿਚ ਲਿਜਾ ਸਕਦੇ ਹਨ । ਜ਼ਿਲ੍ਹਾ ਬਠਿੰਡਾ 'ਚ 29120 ਅਸਲ੍ਹਾ ਲਾਇਸੈਂਸ ਧਾਰਕਾਂ 'ਵਿਚੋਂ 460 ਔਰਤਾਂ ਕੋਲ 494 ਹਥਿਆਰ ਰੱਖੇ ਹੋਏ ਹਨ । ਪਟਿਆਲਾ 'ਵਿਚ ਲਗਪਗ 1368, ਜਲੰਧਰ 'ਚ 1032, ਅੰਮਿ੍ਤਸਰ 'ਵਿਚ 962, ਮੁਕਤਸਰ 'ਵਿਚ 768, ਮੋਗਾ 'ਵਿਚ 669, ਮੋਹਾਲੀ 'ਵਿਚ 690 ਆਦਿ ਜ਼ਿਲਿ੍ਹਆਂ 'ਚ ਸੈਂਕੜੇ ਔਰਤਾਂ ਕੋਲ ਲਾਇਸੈਂਸੀ ਅਸਲ੍ਹਾ ਹੈ ।ਸੂਬੇ ਅੰਦਰ 4 ਲੱਖ ਲੋਕਾਂ ਕੋਲ 11 ਲੱਖ ਤੋਂ ਵੱਧ ਹਥਿਆਰਾਂ ਦਾ ਜ਼ਖ਼ੀਰਾ ਪਿਆ ਹੈ ਪਰ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਰਿਪੋਰਟ ਅਨੁਸਾਰ 80 ਫ਼ੀਸਦੀ ਵਿਅਕਤੀਆਂ ਨੂੰ ਹਥਿਆਰ ਸੰਭਾਲਣ ਦੇ ਗਿਆਨ ਦੀ ਘਾਟ ਹੈ ਤੇ ਇਸ ਦੇ ਚਲਦਿਆਂ ਹੀ ਦੁਰਘਟਨਾ 'ਵਿਚ ਹਥਿਆਰਾਂ ਦੀ ਸੱਟ ਕਾਰਨ ਮੌਤਾਂ ਦੇ ਮਾਮਲੇ 'ਵਿਚ ਪੰਜਾਬ ਚੌਥੇ ਸਥਾਨ 'ਤੇ ਹੈ ।ਇਹ ਵੀ ਕਿ ਬਠਿੰਡਾ ਨੂੰ ਛੱਡ ਕੇ ਪੰਜਾਬ ਦਾ ਕੋਈ ਵੀ ਜ਼ਿਲ੍ਹਾ ਪ੍ਰਸ਼ਾਸਨ ਅਸਲ੍ਹਾ ਲਾਇਸੈਂਸ ਜਾਰੀ ਕਰਨ ਤੋਂ ਪਹਿਲਾਂ ਹਥਿਆਰਾਂ ਨੂੰ ਸੰਭਾਲਣ ਦੇ ਸਿਧਾਂਤਕ ਤੇ ਵਿਹਾਰਕ ਪਹਿਲੂਆਂ ਦੀ ਜਾਣਕਾਰੀ ਨਹੀਂ ਦਿੰਦਾ ।ਬਠਿੰਡਾ ਦੀ ਸ਼ੂਟਿੰਗ ਰੇਂਜ 'ਚ ਅਸਲ੍ਹਾ ਧਾਰਕਾਂ ਨੂੰ ਹਥਿਆਰ ਚਲਾਉਣ ਦੀਆਂ ਤਕਨੀਕਾਂ ਤੇ ਹਥਿਆਰ ਦੀ ਵਰਤੋਂ ਕਰਦੇ ਸਮੇਂ ਸੁਰੱਖਿਆ ਉਪਾਵਾਂ ਦੀ ਪਾਲਣਾ ਕਰਨ ਸੰਬੰਧੀ ਸਿਖਲਾਈ ਦਿੱਤੀ ਜਾਂਦੀ ਹੈ ।

ਔਰਤਾਂ ਦੇ ਮਾਮਲੇ 'ਚ ਇਹ ਹੋਰ ਵੀ ਗੰਭੀਰ ਹੈ ਕਿ ਐਮਰਜੈਂਸੀ ਦੀ ਜ਼ਰੂਰਤ 'ਵਿਚ ਆਪਣੇ ਹਥਿਆਰਾਂ ਦੀ ਵਰਤੋਂ ਕਿਵੇਂ ਕਰਨੀ ਹੈ, ਜਿਸ ਨਾਲ ਇਹ ਦੁਰਘਟਨਾਤਮਕ ਗੋਲੀਬਾਰੀ ਦਾ ਖ਼ਤਰਾ ਨਾ ਬਣ ਜਾਵੇ। ਐਨ.ਸੀ.ਆਰ.ਬੀ. ਦੇ ਅੰਕੜੇ ਦੱਸਦੇ ਹਨ ਕਿ ਸਾਲ 2021 'ਵਿਚ ਪੰਜਾਬ 'ਚ ਦੁਰਘਟਨਾਤਮਕ ਗੋਲੀਬਾਰੀ ਦੀਆਂ ਘਟਨਾਵਾਂ 'ਵਿਚ 31 ਲੋਕਾਂ ਦੀ ਜਾਨ ਗਈ। ਅਜਿਹੀਆਂ ਘਟਨਾਵਾਂ 'ਵਿਚ ਉੱਤਰ ਪ੍ਰਦੇਸ਼ 'ਚ 71, ਛੱਤੀਸਗੜ੍ਹ 'ਚ 64 ਤੇ ਮੱਧ ਪ੍ਰਦੇਸ਼ 'ਚ 55 ਮੌਤਾਂ ਹੋਈਆਂ। ਪੁਲਿਸ ਸੂਤਰਾਂ ਅਨੁਸਾਰ ਦੁਰਘਟਨਾਤਮਕ ਘਟਨਾਵਾਂ ਦੀ ਗਿਣਤੀ ਵੱਧ ਹੋ ਸਕਦੀ ਹੈ ਕਿਉਂਕਿ ਗੈਰ-ਘਾਤਕ ਸੱਟਾਂ ਵਾਲੇ ਲੋਕਾਂ ਦੀ ਰਿਪੋਰਟ ਸਾਹਮਣੇ ਹੀ ਨਹੀਂ ਆਉਂਦੀ।