ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਸ਼ਹੀਦ ਬੀਬੀ ਉਪਕਾਰ ਕੌਰ ਨਾਮ ਹੇਠ ਇਸਤਰੀ ਵਿੰਗ ਦੀ ਕੀਤੀ ਗਈ ਸਥਾਪਤੀ

ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਸ਼ਹੀਦ ਬੀਬੀ ਉਪਕਾਰ ਕੌਰ ਨਾਮ ਹੇਠ ਇਸਤਰੀ ਵਿੰਗ ਦੀ ਕੀਤੀ ਗਈ ਸਥਾਪਤੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਪਟਿਆਲਾ :
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਸਾਲਾਨਾ ਵੱਡੀ ਗਿਣਤੀ ਵਿਚ ਵਿਦਿਆਰਥੀ ਦਾਖਲਾ ਲੈਂਦੇ ਹਨ। ਜਿਹਨਾਂ ਵਿੱਚੋਂ 70-80% ਗਿਣਤੀ ਵਿਦਿਆਰਥਣਾਂ ਦੀ ਹੁੰਦੀ ਹੈ, ਜੋ ਕਿ ਯੂਨੀਵਰਸਿਟੀ ਲਈ ਬਹੁਤ ਮਾਣ ਵਾਲੀ ਗੱਲ ਹੈ। ਹਰ ਸਾਲ ਦਾਖ਼ਲਾ ਲੈਣ ਸਮੇਂ, ਹੋਸਟਲ ਲੈਣ ਸਮੇਂ, ਲਾਇਬ੍ਰੇਰੀ ਜਾਂ ਹੋਰ ਸੁਵਿਧਾਵਾਂ ਅਤੇ ਸਹੂਲਤਾਂ ਲੈਣ ਸਮੇਂ ਵਿਦਿਆਰਥਣਾਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਨਾਲ ਹੋਰ ਵੀ ਅਨੇਕਾਂ ਸਮੱਸਿਆਵਾਂ ਹਨ, ਜਿਸ ਦਾ ਯੂਨੀਵਰਸਿਟੀ ਵਿੱਚ ਪੜਾਈ ਕਰ ਰਹੀਆਂ ਜਾਂ ਖੋਜ-ਕਾਰਜ ਕਰ ਰਹੀਆਂ ਵਿਦਿਆਰਥਣਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਵਰਤਾਵੇ ਨੂੰ ਧਿਆਨ ਵਿੱਚ ਰੱਖਦੇ ਹੋਏ ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ (USSF), ਪੰਜਾਬੀ ਯੂਨੀਵਰਸਿਟੀ ਦੇ ਯੂਨਿਟ ਵੱਲੋਂ ਬੀਤੇ ਕੱਲ ਵੱਖ-ਵੱਖ ਵਿਭਾਗਾਂ ਦੀਆਂ ਵਿਦਿਆਰਥਣਾਂ ਨਾਲ ਵੀਚਾਰ-ਵਟਾਂਦਰਾ ਕਰਨ ਉਪਰੰਤ ਸ਼ਹੀਦ ਬੀਬੀ ਉਪਕਾਰ ਕੌਰ ਨਾਮ ਹੇਠ ‘ਇਸਤਰੀ ਵਿੰਗ’ ਦੀ ਸਥਾਪਨਾ ਕੀਤੀ ਗਈ। ਇਸ ਵਿੰਗ ਦੇ ਸੰਚਾਲਨ ਲਈ ਵਿਦਿਆਰਥਣਾਂ ਦੀ ਸਰਬ-ਸੰਮਤੀ ਨਾਲ ਵਿਦਿਆਰਥਣ ਸੁਖਦੀਪ ਕੌਰ ਨੂੰ ਵਿੰਗ ਦੀ ਪ੍ਰਧਾਨ ਦੀ ਸੇਵਾ ਸਪੁਰਦ ਕੀਤੀ ਗਈ ਅਤੇ 4 ਹੋਰ ਵਿਦਿਆਰਥਣਾਂ ਨੂੰ ਇਸਤਰੀ ਵਿੰਗ ਦੀ ਸੇਵਾ ਸੋਂਪੀ ਗਈ। ਜਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ 62 ਸਾਲਾਂ ਦੇ ਇਤਿਹਾਸ ਵਿੱਚ ਕਈ ਜਥੇਬੰਦੀਆਂ ਹੋਂਦ ਵਿੱਚ ਆਈਆਂ ਹਨ ਪਰ ਵਿਦਿਆਰਥਣਾਂ ਜਾਂ ਕਿਸੇ ਵੀ ਜਥੇਬੰਦੀ ਵੱਲੋਂ ਅਜਿਹਾ ਅਤਿ ਲੋੜੀਂਦਾ ਉਪਰਾਲਾ ਕਦੇ ਨਹੀਂ ਹੋਇਆ। ਗੱਲਬਾਤ ਕਰਦੇ ਹੋਏ USSF ਯੂਨਿਟ ਦੇ ਮੁਖੀ ਨਿਰਮਲਜੀਤ ਸਿੰਘ ਨੇ ਕਿਹਾ ਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਇਤਿਹਾਸ ਵਿੱਚ ਨੌਜਵਾਨ ਵਿਦਿਆਰਥੀਆਂ ਦੇ ਨਾਲ-ਨਾਲ ਨੌਜਵਾਨ ਵਿਦਿਆਰਥਣਾਂ ਵੱਲੋਂ ਵੀ ਇਸਤਰੀ ਵਿੰਗ ਦੇ ਰੂਪ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਵਿਚ ਬਰਾਬਰ ਦੀ ਭੂਮਿਕਾ ਨਿਭਾਈ ਜਾਂਦੀ ਰਹੀ ਹੈ।

ਯੂਨਿਟ ਦੇ ਮੁੱਖ ਸਕੱਤਰ ਗਗਨਦੀਪ ਸਿੰਘ ਨੇ ਕਿਹਾ ਕਿ ਗੁਰਮਤਿ ਵਿੱਚ ਲਿੰਗਿਕ ਬਰਾਬਰਤਾ (Gender Equality) ਦਾ ਸਿਧਾਂਤ ਨਿਵੇਕਲਾ ਸਿਧਾਂਤ ਹੈ ਜਿਸ ਦੇ ਤਹਿਤ ਇਸਤਰੀ ਵਿੰਗ ਸਥਾਪਤ ਹੋਇਆ ਹੈ। ਯੂਨਿਟ ਦੇ ਮੁੱਖ ਬੁਲਾਰਾ ਮਨਦੀਪ ਸਿੰਘ ਨੇ ਕਿਹਾ ਕਿ ਵਿਦਿਆਰਥਣਾਂ ਨੂੰ ਯੂਨੀਵਰਸਿਟੀ ਵਿੱਚ ਅਨੇਕਾਂ ਸਮੱਸਿਆਵਾਂ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਦੇ ਸਮਾਧਾਨ ਲਈ ਇਸਤਰੀ ਵਿੰਗ ਸਾਰਥਕ ਭੂਮਿਕਾ ਨਿਭਾਵੇਗਾ। ਸ਼ਹੀਦ ਬੀਬੀ ਉਪਕਾਰ ਕੌਰ ਇਸਤਰੀ ਵਿੰਗ ਦੇ ਪ੍ਰਧਾਨ ਸੁਖਦੀਪ ਕੌਰ ਸਮੇਤ ਬਾਕੀ ਸਭ ਵਿਦਿਆਰਥਣਾਂ ਵੱਲੋਂ ਸੇਵਾ ਸੰਭਾਲਦੇ ਸਮੇਂ ਸਭ ਤੋਂ ਪਹਿਲਾਂ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਗਿਆ ਅਤੇ ਵਿਦਿਆਰਥਣਾਂ ਦੀ ਬੇਹਤਰੀ ਲਈ ਕੰਮ ਕਰਨ ਅਤੇ ਸਮੱਸਿਆਵਾਂ ਤੇ ਮੁਸ਼ਕਿਲਾਂ ਦਾ ਹੱਲ ਕਰਨ ਦਾ ਅਹਿਦ ਲਿਆ ਗਿਆ। ਇਸ ਸਮੇਂ ਪਹੁੰਚੇ ਸਾਰੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਜਗਮੀਤ ਕੌਰ, ਬਲਜੀਤ ਕੌਰ, ਮਨਦੀਪ ਕੌਰ, ਜਸ਼ਨਪ੍ਰੀਤ ਕੌਰ, ਕ੍ਰਿਸ਼ਨਾ, ਹਰਪ੍ਰੀਤ ਕੌਰ, ਹਰਮਨਜੀਤ ਕੌਰ, ਕਮਲਪ੍ਰੀਤ ਕੌਰ, ਨੂਰਦੀਪ ਕੌਰ, ਗੁਰਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।