1984 ਦੇ ਸ਼ਹੀਦਾਂ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਅਰਦਾਸ ਵਿਚ ਪਹੁੰਚਣ ਵਾਲੇ ਸਮੂਹ ਸਿੱਖਾਂ ਦਾ ਧੰਨਵਾਦ : ਮਾਨ

1984 ਦੇ ਸ਼ਹੀਦਾਂ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਅਰਦਾਸ ਵਿਚ ਪਹੁੰਚਣ ਵਾਲੇ ਸਮੂਹ ਸਿੱਖਾਂ ਦਾ ਧੰਨਵਾਦ : ਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 7 ਜੂਨ (ਮਨਪ੍ਰੀਤ ਸਿੰਘ ਖਾਲਸਾ):- “06 ਜੂਨ ਦਾ ਸ਼ਹੀਦੀ ਦਿਹਾੜਾ ਜਿਥੇ ਸਿੱਖ ਕੌਮ ਉਤੇ ਹੁਕਮਰਾਨਾਂ ਵੱਲੋਂ ਮੰਦਭਾਵਨਾ ਅਧੀਨ ਵੱਡੇ ਦੁਖਾਂਤ ਵਾਲਾ ਦਿਨ ਹੈ, ਕਿਉਂਕਿ ਤਿੰਨ ਮੁਲਕਾਂ ਰੂਸ, ਬਰਤਾਨੀਆ ਅਤੇ ਇੰਡੀਆਂ ਦੀਆਂ ਫ਼ੌਜਾਂ ਨੇ ਮੰਦਭਾਵਨਾ ਭਰੀ ਸੋਚ ਅਧੀਨ ਸਾਡੇ ਮਹਾਨ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਉਤੇ ਫ਼ੌਜੀ ਹਮਲਾ ਕਰਕੇ ਕੇਵਲ ਸਾਡੇ ਗੁਰਧਾਮਾਂ ਨੂੰ ਹੀ ਢਹਿ-ਢੇਰੀ ਨਹੀ ਕੀਤਾ ਬਲਕਿ 25000 ਦੇ ਕਰੀਬ ਨਿਰਦੋਸ਼ ਅਤੇ ਨਿਹੱਥੇ ਨਤਮਸਤਕ ਹੋਣ ਆਏ ਸਰਧਾਲੂਆਂ ਨੂੰ ਗੋਲੀਆਂ, ਟੈਕਾਂ, ਤੋਪਾਂ ਨਾਲ ਸ਼ਹੀਦ ਕਰ ਦਿੱਤਾ ਗਿਆ ਸੀ । ਸਾਡੇ ਤੋਸਾਖਾਨਾ ਤੇ ਸਿੱਖ ਰੈਫਰੈਸ ਲਾਈਬ੍ਰੇਰੀ ਵਿਚੋਂ ਅਮੁੱਲ ਬੇਸ਼ਕੀਮਤੀ ਵਸਤਾਂ, ਇਤਿਹਾਸ, ਗ੍ਰੰਥ ਆਦਿ ਸਭ ਫੌਜ ਚੁੱਕ ਕੇ ਲੈ ਗਈ ਸੀ ।

ਜੋ ਅੱਜ ਤੱਕ ਸਾਨੂੰ ਵਾਪਸ ਨਹੀ ਕੀਤਾ ਗਿਆ । ਲੇਕਿਨ ਇਹ ਦਿਨ ਇਸ ਲਈ ਵੱਡੇ ਫਖ਼ਰ ਵਾਲਾ ਵੀ ਹੈ ਕਿ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ, ਜਰਨਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਬਾਬਾ ਠਾਹਰਾ ਅਤੇ ਅਨੇਕਾ ਸਿੰਘਾਂ ਨੇ 3 ਦਿਨ ਤੱਕ ਇਨ੍ਹਾਂ ਤਿੰਨ ਮੁਲਕਾਂ ਦੀਆਂ ਫ਼ੌਜਾਂ ਨੂੰ ਸ੍ਰੀ ਦਰਬਾਰ ਸਾਹਿਬ ਅੰਦਰ ਦਾਖਲ ਨਹੀ ਹੋਣ ਦਿੱਤਾ ਅਤੇ ਆਪਣੇ ਇਤਿਹਾਸ ਉਤੇ ਪਹਿਰਾ ਦਿੰਦੇ ਹੋਏ ਮੁਤੱਸਵੀ ਹੁਕਮਰਾਨਾਂ ਅਤੇ ਫ਼ੌਜੀ ਜਰਨੈਲਾਂ ਨੂੰ ਦਰਸਾਅ ਦਿੱਤਾ ਕਿ ਸਿੱਖ ਕੌਮ ਜਦੋਂ ਕਿਸੇ ਨਿਸ਼ਾਨੇ ਨੂੰ ਮਿੱਥ ਲੈਦੀ ਹੈ, ਤਾਂ ਦੁਨੀਆਂ ਦੀ ਕੋਈ ਵੀ ਤਾਕਤ ਜਾਂ ਵੱਡੇ ਤੋ ਵੱਡਾ ਜ਼ਬਰ ਜੁਲਮ, ਦਹਿਸਤ ਉਨ੍ਹਾਂ ਨੂੰ ਆਪਣੀ ਮੰਜਿਲ ਉਤੇ ਪਹੁੰਚਣ ਤੋਂ ਨਹੀ ਰੋਕ ਸਕਦੀ । ਇਸ 6 ਜੂਨ ਦੇ ਮਹਾਨ ਦਿਹਾੜੇ ਉਤੇ ਖ਼ਾਲਸਾ ਪੰਥ ਹਰ ਸਾਲ ਸ਼ਹੀਦਾਂ ਦੀ ਆਤਮਾ ਦੀ ਸ਼ਾਂਤੀ ਲਈ ਸਮੂਹਿਕ ਰੂਪ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਕੇ ਅਰਦਾਸ ਵੀ ਕਰਦਾ ਹੈ ਅਤੇ ਆਪਣੇ ਮਿੱਥੇ ਨਿਸ਼ਾਨੇ ਨੂੰ ਪ੍ਰਾਪਤ ਕਰਨ ਲਈ ਆਪਣੇ ਪ੍ਰਣ ਨੂੰ ਦੁਹਰਾਉਦਾ ਵੀ ਹੈ । ਜੋ ਵੱਡੀ ਗਿਣਤੀ ਵਿਚ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ, ਚੰਡੀਗੜ੍ਹ, ਉਤਰਾਖੰਡ, ਯੂਪੀ, ਜੰਮੂ-ਕਸ਼ਮੀਰ ਆਦਿ ਸੂਬਿਆਂ ਤੋ ਸਿੱਖ ਸੰਗਤ ਅਰਦਾਸ ਵਿਚ ਸਮੂਲੀਅਤ ਕਰਨ ਲਈ ਪਹੁੰਚੀ ਹੈ, ਬਾਹਰਲੇ ਮੁਲਕਾਂ ਦੀਆਂ ਸੰਗਤਾਂ ਵੱਲੋਂ ਜਿਸ ਸਰਧਾ ਅਤੇ ਉਤਸਾਹ ਨਾਲ ਇਸ ਮਹਾਨ ਦਿਨ ਨੂੰ ਮਨਾਉਦੇ ਹੋਏ ਅਰਦਾਸ ਕੀਤੀ ਹੈ, ਉਨ੍ਹਾਂ ਸਭਨਾਂ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤਹਿ ਦਿਲੋ ਧੰਨਵਾਦ ਕਰਦਾ ਹੈ ।”

ਇਹ ਧੰਨਵਾਦ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਚੇਚੇ ਤੌਰ ਤੇ 6 ਜੂਨ ਦੇ ਮਹਾਨ ਸ਼ਹੀਦੀ ਦਿਹਾੜੇ ਉਤੇ ਵੱਡੀ ਗਿਣਤੀ ਵਿਚ ਵੱਖ-ਵੱਖ ਸੂਬਿਆਂ ਤੋ ਪਹੁੰਚੀ ਸਿੱਖ ਸੰਗਤ ਅਤੇ ਪੰਥਦਰਦੀਆਂ ਅਤੇ ਆਪਣੇ ਮਿੱਥੇ ਨਿਸ਼ਾਨੇ ਦੀ ਪ੍ਰਾਪਤੀ ਲਈ ਪ੍ਰਣ ਕਰਨ ਵਾਲੇ ਖ਼ਾਲਸਾ ਪੰਥ ਦਾ ਆਪਣੀ ਆਤਮਾ ਤੋ ਕੀਤਾ । ਉਨ੍ਹਾਂ ਕਿਹਾ ਭਾਵੇਕਿ ਖ਼ਾਲਸਾ ਪੰਥ ਆਪਣੇ ਅਜਿਹੇ ਮਹਾਨ ਦਿਹਾੜਿਆ ਨੂੰ ਹੋਰ ਸਥਾਨਾਂ ਤੇ ਵੀ ਮਨਾਅ ਸਕਦਾ ਹੈ, ਪਰ 6 ਜੂਨ ਦੇ ਦਿਹਾੜੇ ਦਾ ਜੋ ਵੱਡਾ ਮਹੱਤਵ ਹੈ ਅਤੇ ਜਿਸਦਾ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਵਿਸ਼ੇਸ਼ ਸੰਬੰਧ ਹੈ, ਇਸ ਲਈ ਸਮੁੱਚੇ ਪੰਥਦਰਦੀਆਂ, ਸੰਗਠਨਾਂ, ਟਕਸਾਲਾਂ, ਸਿੱਖ ਸਟੂਡੈਟ ਫੈਡਰੇਸ਼ਨਾਂ, ਸੰਤ-ਮਹਾਤਮਾ, ਡੇਰਿਆ ਦੇ ਮੁੱਖੀਆਂ ਆਦਿ ਸਭਨਾਂ ਨੂੰ ਇਹ ਅਪੀਲ ਹੈ ਕਿ ਉਹ 6 ਜੂਨ ਦੇ ਦਿਹਾੜੇ ਉਤੇ ਵੱਖ-ਵੱਖ ਸਥਾਨਾਂ ਉਤੇ ਇਸ ਦਿਨ ਨੂੰ ਨਾ ਮਨਾਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੀ ਹੋਣ ਵਾਲੀ ਕੌਮੀ ਅਰਦਾਸ ਵਿਚ ਆਪ ਵੀ ਸਮੂਲੀਅਤ ਕਰਨ ਅਤੇ ਸੰਗਤਾਂ ਨੂੰ ਵੀ ਉਥੇ ਪਹੁੰਚਣ ਦੇ ਸੱਦੇ ਦੇਣ ਤੇ ਅਪੀਲ ਕਰਨ । ਤਾਂ ਕਿ ਸਮੂਹਿਕ ਤੌਰ ਤੇ ਸਮੁੱਚਾ ਖ਼ਾਲਸਾ ਪੰਥ ਆਪਣੇ ਕੇਦਰੀ ਧੂਰੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਧੁਰ ਅੰਦਰ ਤੋ ਜੁੜੇ ਰਹਿਣ ਅਤੇ ਉਥੋ ਅਗਵਾਈ ਲੈਕੇ ਕੌਮੀ ਪ੍ਰੋਗਰਾਮਾਂ ਵਿਚ ਸਮੂਲੀਅਤ ਕਰਦੇ ਰਹਿਣ । ਕਿਉਂਕਿ ਸਦੀਆਂ ਤੋਂ ਜਦੋਂ ਤੋ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਛੇਵੀ ਪਾਤਸਾਹੀ ਸ੍ਰੀ ਹਰਗੋਬਿੰਦ ਸਾਹਿਬ ਨੇ ਮੀਰੀ-ਪੀਰੀ ਦੀਆਂ ਦੋਵੇ ਕਿਰਪਾਨਾਂ ਪਹਿਨਕੇ ਕੀਤੀ ਹੈ, ਉਸ ਸਮੇ ਤੋ ਹੀ ਇਹ ਬੁਲੰਦ ਨਾਅਰਾ ਵੀ ਗੂੰਜਦਾ ਆ ਰਿਹਾ ਹੈ ਕਿ ‘ਅਕਾਲ ਤਖ਼ਤ ਮਹਾਨ ਹੈ, ਸਿੱਖ ਕੌਮ ਦੀ ਸ਼ਾਨ ਹੈ’ ਅਤੇ ਖ਼ਾਲਸਾ ਪੰਥ ਉਸ ਸਮੇ ਹੀ ਦ੍ਰਿੜਤਾ ਨਾਲ ਅੱਗੇ ਵੱਧਦਾ ਹੈ ਅਤੇ ਹਰ ਖੇਤਰ ਵਿਚ ਫ਼ਤਹਿ ਪ੍ਰਾਪਤ ਕਰਦਾ ਹੈ ਜਦੋਂ ਖ਼ਾਲਸਾ ਪੰਥ ਦੀ ਧਾਰਮਿਕ ਤੇ ਸਿਆਸੀ ਤੌਰ ਤੇ ਅਗਵਾਈ ਕਰਨ ਵਾਲਿਆ ਅਤੇ ਸਿੱਖਾਂ ਦੇ ਮਨ-ਆਤਮਾ ਵਿਚ ‘ਮੈਂ ਮਰਾਂ ਪੰਥ ਜੀਵੈ’ ਦੀ ਵੱਡਮੁੱਲੀ ਭਾਵਨਾ ਪ੍ਰਬਲ ਰਹਿੰਦੀ ਹੈ ਅਤੇ ਅਸੀ ਇਸ ਉਤੇ ਪਹਿਰਾ ਦੇਣ ਲਈ ਆਪਣੀ ਜਿੰਮੇਵਾਰੀ ਨੂੰ ਪੂਰਨ ਕਰਦੇ ਹਾਂ । ਉਨ੍ਹਾਂ ਉਮੀਦ ਪ੍ਰਗਟ ਕੀਤੀ ਵੱਖ-ਵੱਖ ਸਥਾਨਾਂ ਉਤੇ ਇਹ ਪ੍ਰੋਗਰਾਮ ਕਰਨ ਵਾਲੇ ਸੰਤ-ਮਹਾਪੁਰਖਾਂ, ਸਿਆਸੀ ਆਗੂਆਂ, ਟਕਸਾਲਾਂ ਆਦਿ ਸਭ 6 ਜੂਨ ਦੇ ਦਿਹਾੜੇ ਨੂੰ ਕੌਮੀ ਦਿਹਾੜਾ ਪ੍ਰਵਾਨ ਕਰਦੇ ਹੋਏ ਆਉਣ ਵਾਲੇ ਸਮੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੀ ਹੋਣ ਵਾਲੀ ਸ਼ਹੀਦਾਂ ਦੀ ਅਰਦਾਸ ਵਿਚ ਸਮੂਲੀਅਤ ਕਰਦੇ ਹੋਏ ਖ਼ਾਲਸਾ ਪੰਥ ਦੀ ਵੱਡਮੁੱਲੀ ਸ਼ਕਤੀ ਅਤੇ ਸੋਚ ਦਾ ਇਜਹਾਰ ਕਰਨ ਦਾ ਫਰਜ ਨਿਭਾਉਦੇ ਰਹਿਣਗੇ ।