ਸਿੱਖ ਸੰਸਾਰ ਭਰ ਵਿਚ ਸਮਾਗਮਾਂ ਦੀਆਂ ਲੜੀਆਂ ਚਲਾਉਣ: ਪੰਥ ਸੇਵਕ ਸਖਸ਼ੀਅਤਾਂ

ਸਿੱਖ ਸੰਸਾਰ ਭਰ ਵਿਚ ਸਮਾਗਮਾਂ ਦੀਆਂ ਲੜੀਆਂ ਚਲਾਉਣ: ਪੰਥ ਸੇਵਕ ਸਖਸ਼ੀਅਤਾਂ

ਜੂਨ ’84 ਦੇ 40 ਸਾਲ:

ਸ਼ਹੀਦਾਂ ਦੀ ਯਾਦ ਨੌਜਵਾਨ ਪੀੜੀ ਤੱਕ ਪਹੁੰਚਾਈ ਜਾਵੇ ਤੇ ਆਪਸੀ ਵਿਚਾਰ-ਵਟਾਂਦਰੇ ਦਾ ਮਹੌਲ ਸਿਰਜਿਆ ਜਾਵੇ: ਭਾਈ ਦਲਜੀਤ ਸਿੰਘ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਅੰਮ੍ਰਿਤਸਰ : ਪੰਥ ਸੇਵਕ ਜੁਝਾਰੂ ਸ਼ਖ਼ਸੀਅਤਾਂ ਵੱਲੋਂ ਜੂਨ 1984 ਵਿਚ ਵਾਪਰੇ ਤੀਜੇ ਘੱਲੂਘਾਰੇ ਦੀ ਯਾਦ ਵਿਚ ਸੰਸਾਰ ਭਰ ਵਿਚ ਸਮਾਗਮਾਂ ਦੀਆਂ ਲੜੀਆਂ ਚਲਾਉਣ ਦਾ ਸੱਦਾ ਦਿੱਤਾ ਗਿਆ ਹੈ। ਅੱਜ ਇਥੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਾਰੀ ਕੀਤੇ ਗਏ ਇਸ ਸਾਂਝੇ ਬਿਆਨ ਵਿਚ ਪੰਥ ਸੇਵਕ ਸ਼ਖ਼ਸੀਅਤਾਂ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਅਮਰੀਕ ਸਿੰਘ ਈਸੜੂ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਮਨਜੀਤ ਸਿੰਘ ਫਗਵਾੜਾ ਅਤੇ ਭਾਈ ਸੁਖਦੇਵ ਸਿੰਘ ਡੋਡ ਨੇ ਕਿਹਾ ਕਿ ਜੂਨ 1984 ਵਿਚ ਇੰਡੀਅਨ ਸਟੇਟ ਵੱਲੋਂ ਸ੍ਰੀ ਦਰਬਾਰ ਸਾਹਿਬ ਅਤੇ ਹੋਰਨਾਂ ਗੁਰਧਾਮਾਂ ਉੱਤੇ ਕੀਤਾ ਗਿਆ ਫੌਜੀ ਹਮਲਾ ਸਿੱਖ ਇਤਿਹਾਸ ਦਾ ਤੀਜਾ ਘੱਲੂਘਾਰਾ ਹੈ। ਬਿਪਰਵਾਦੀ ਦਿੱਲੀ ਹਕੂਮਤ ਨੇ ਸਿੱਖਾਂ ਨਾਲ ਆਪਣਾ ਪੰਜ ਸਦੀਆਂ ਦਾ ਵੈਰ ਫੌਜੀ ਹਮਲੇ ਦੇ ਰੂਪ ਵਿਚ ਪਰਗਟ ਕੀਤਾ ਸੀ ਅਤੇ ਖਾਲਸਾ ਪੰਥ ਦੇ ਯੌਧਿਆਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਵਿਚ ਗੁਰਧਾਮਾਂ ਦੀ ਅਜ਼ਮਤ ਲਈ ਸ਼ਹਾਦਤਾਂ ਪਾ ਕੇ ਖਾਲਸਾ ਪੰਥ ਦੀ ਇਤਿਹਾਸਕ ਪੈੜ ਅੱਜ ਦੇ ਸਮੇਂ ਵਿਚ ਮੁੜ ਪਰਗਟ ਕੀਤੀ। 
ਉਹਨਾ ਕਿਹਾ ਕਿ ਤੀਜੇ ਘੱਲੂਘਾਰੇ ਅਤੇ ਜੂਨ 1984 ਦੀ ਸ੍ਰੀ ਅੰਮ੍ਰਿਤਸਰ ਦੀ ਜੰਗ ਦੇ ਸ਼ਹੀਦਾਂ ਦਾ ਇਤਿਹਾਸ ਸਾਡੇ ਲਈ ਸਦਾ ਪ੍ਰੇਰਣਾ ਦਾ ਸਰੋਤ ਰਹੇਗਾ। ਨੌਜਵਾਨ ਪੀੜ੍ਹੀ ਨੂੰ ਇਸ ਸ਼ਾਨਾਂਮਤੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਸਿੱਖ ਸੰਗਤਾਂ ਸੰਸਾਰ ਭਰ ਵਿਚ ਸਮਾਮਗਾਂ ਦੀਆਂ ਲੜੀਆਂ ਚਲਾਉਣ।
ਪੰਥ ਸੇਵਕਾਂ ਨੇ ਕਿਹਾ ਕਿ ਇਸ ਵੇਲੇ ਸਿੱਖ ਸਫਾਂ ਅੰਦਰੂਨੀ ਖਿੰਡਾਓ ਦੇ ਹਾਲਾਤ ਵਿਚ ਹਨ ਅਤੇ ਕਿਸੇ ਸਰਬਪ੍ਰਵਾਣਤ ਸਾਂਝੀ ਅਗਵਾਈ ਦੀ ਅਣਹੋਂਦ ਵਿਚ ਇਹ ਜਿੰਮੇਵਾਰੀ ਸਥਾਨਕ ਸੰਗਤਾਂ ਅਤੇ ਜਥਿਆਂ ਉੱਤੇ ਹੈ ਕਿ ਉਹ ਆਪਣੇ-ਆਪਣੇ ਪੱਧਰ ਉੱਤੇ ਆਪਣੇ ਕਾਰਜ-ਖੇਤਰਾਂ ਵਿਚ ਤੀਜੇ ਘੱਲੂਘਾਰੇ ਦੀ 40ਵੀਂ ਵਰ੍ਹੇਗੰਢ ਮੌਕੇ ਸ਼ਹੀਦੀ ਸਮਾਗਮ, ਗੁਰਮਤਿ ਸਮਾਗਮ, ਸੈਮੀਨਾਰ, ਵਿਚਾਰ-ਗੋਸ਼ਟੀਆਂ ਅਤੇ ਹੋਰ ਅਜਿਹੇ ਸਮਾਗਮ ਉਲੀਕਣ ਜਿਸ ਨਾਲ ਆਪਣੀ ਨੌਜਵਾਨ ਪੀੜ੍ਹੀ ਅਤੇ ਸੰਸਾਰ ਸਾਹਮਣੇ ਘੱਲੂਘਾਰੇ ਦਾ ਸੱਚ ਤੇ ਸ਼ਹੀਦਾਂ ਦਾ ਪ੍ਰੇਰਣਾਮਈ ਇਤਿਹਾਸ ਰੱਖਿਆ ਜਾ ਸਕੇ। 
ਪੰਥ ਸੇਵਕਾਂ ਨੇ ਕਿਹਾ ਕਿ ਇਸ ਵੇਲੇ ਸੰਸਾਰ ਵਿਚ ਉਥਲ-ਪੁਥਲ ਦਾ ਮਹੌਲ ਹੈ ਤੇ ਆਲਮੀ ਨਿਜ਼ਾਮ ਵਿਚ ਤਬਦੀਲੀਆਂ ਦੀ ਕਸ਼ਮਕਸ਼ ਚੱਲ ਰਹੀ ਹੈ। ਅਜਿਹੇ ਵਿਚ ਪੰਜਾਬ ਆਪਣੇ ਭੂ-ਰਣਨੀਤਕ (ਜੀਓ-ਪੁਲਿਟਿਕਲ) ਸਥਿਤੀ ਕਰਕੇ ਅਤੇ ਸਿੱਖ ਆਪਣੇ ਰਾਜਨੀਤਕ ਇਤਿਹਾਸ ਕਰਕੇ ਆਲਮੀ ਅਹਿਮੀਅਤ ਅਖਤੀਆਰ ਕਰ ਗਏ ਹਨ। ਅਜਿਹੇ ਮੌਕੇ ਸਿੱਖਾਂ ਲਈ ਭਵਿੱਖ ਬਾਰੇ ਵਿਚਾਰ-ਵਟਾਂਦਰਾ ਕਰਨਾ ਬਹੁਤ ਜਰੂਰੀ ਹੈ। ਇਸ ਵਾਸਤੇ ਘੱਲੂਘਾਰੇ ਦੀ 40ਵੀਂ ਯਾਦ ਮੌਕੇ ਸੰਗਤਾਂ ਮੌਜੂਦਾ ਹਾਲਾਤ ਦੀ ਪੜਚੋਲ ਅਤੇ ਭਵਿੱਖ ਦੀ ਸੇਧ ਮਿੱਥਣ ਲਈ ਉਚੇਚੀਆਂ ਵਿਚਾਰ-ਚਰਚਾਵਾਂ ਕਰਵਾਉਣ ਤਾਂ ਕਿ ਅਸੀਂ ਭਵਿੱਖ ਬਾਰੇ ਸਾਂਝੀ ਤਜਵੀਜ਼ਤ ਸੇਧ ਉਭਾਰ ਸਕੀਏ।