ਮਲੂਕਾ ਦਾ ਪਰਿਵਾਰ ਵੀ ਅਕਾਲੀ ਦਲ ਤੋਂ ਖੁੱਲੇਆਮ ਬਗ਼ਾਵਤ ਦੇ ਰੌਂਅ ਵਿਚ

ਮਲੂਕਾ ਦਾ ਪਰਿਵਾਰ ਵੀ ਅਕਾਲੀ ਦਲ ਤੋਂ ਖੁੱਲੇਆਮ ਬਗ਼ਾਵਤ ਦੇ ਰੌਂਅ ਵਿਚ

*ਚੰਦੂਮਾਜਰਾ ਅਕਾਲੀ ਦਲ ਦਾ ਭਾਜਪਾ ਦੀਆਂ ਸ਼ਰਤਾਂ ਉਪਰ ਚਾਹੁੰਦੇ ਨੇ ਸਮਝੌਤਾ

*ਗੱਠਜੋੜਾਂ ਦੀ ਸਿਆਸਤ ਖਤਮ ਹੋਣ ਕਾਰਣ ਚਾਰਕੋਣੀ ਜਾਂ ਪੰਜਕੋਣੀ ਮੁਕਾਬਲੇ ਹੋਣਗੇ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਚੰਡੀਗੜ੍ਹ-ਲੋਕ ਸਭਾ ਚੋਣਾਂ ਲਈ ਭਾਜਪਾ ਤੇ ਆਮ ਆਦਮੀ ਪਾਰਟੀ ਵਲੋਂ ਆਪਣੇ ਕਾਫ਼ੀ ਉਮੀਦਵਾਰ ਚੋਣ ਮੈਦਾਨ ਵਿਚ ਉਤਾਰ ਦਿੱਤੇ ਗਏ ਹਨ, ਪਰ ਪੰਜਾਬ ਦੀਆਂ ਦੋ ਹੋਰ ਪ੍ਰਮੁੱਖ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਟਿਕਟਾਂ ਦੀ ਵੰਡ ਨੂੰ ਲੈ ਕੇ ਗੁੰਝਲਦਾਰ ਸਥਿਤੀ ਵਿਚ ਫਸੀਆਂ ਹੋਈਆਂ ਹਨ ਅਤੇ ਦੋਵਾਂ ਪਾਰਟੀਆਂ ਨੂੰ ਟਿਕਟਾਂ ਦੀ ਦਾਅਵੇਦਾਰੀਆਂ ਨੂੰ ਲੈ ਕੇ ਤਿੱਖੇ ਅੰਦਰੂਨੀ ਟਕਰਾਅ ਦਾ ਮੁਕਾਬਲਾ ਕਰਨਾ ਪੈ ਰਿਹਾ ਹੈ ।ਕਾਂਗਰਸ ਪਾਰਟੀ ਜਿਸ ਵਲੋਂ ਆਪਣੇ ਮੌਜੂਦਾ ਸੰਸਦ ਮੈਂਬਰਾਂ ਅਤੇ ਮਗਰਲੀਆਂ ਚੋਣਾਂ ਵਿਚ ਰੱਖੇ ਗਏ ਉਮੀਦਵਾਰਾਂ ਦੀ ਅੱਜ ਦੀ ਸਥਿਤੀ ਤੇ ਲੋਕਪਿ੍ਯਤਾ ਸੰਬੰਧੀ ਵੀ ਸਰਵੇ ਕਰਵਾਏ ਗਏ, ਨੂੰ ਕੁਝ ਮੌਜੂਦਾ ਉਮੀਦਵਾਰ ਤਬਦੀਲ ਕਰਨ ਅਤੇ ਕੁਝ ਵੱਡੇ ਨਾਮੀ ਲੀਡਰਾਂ ਨੂੰ ਚੋਣ ਮੈਦਾਨ ਵਿਚ ਉਤਾਰਨ ਦੀ ਸਿਫਾਰਸ਼ ਕੀਤੀ ਗਈ ਸੀ, ਲੇਕਿਨ ਪਾਰਟੀ ਨੂੰ ਮੌਜੂਦਾ ਸਾਂਸਦਾਂ ਵਲੋਂ ਟਿਕਟਾਂ ਦੀ ਤਬਦੀਲੀ ਲਈ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਜਿਨ੍ਹਾਂ ਨੂੰ ਜਲੰਧਰ ਜਾਂ ਫਤਹਿਗੜ੍ਹ ਸਾਹਿਬ ਤੋਂ ਚੋਣ ਵਿਚ ਉਤਾਰਨ ਦੀ ਚਰਚਾ ਹੈ, ਦਾ ਜਲੰਧਰ ਤੋਂ ਚੌਧਰੀ ਪਰਿਵਾਰ ਵਿਰੋਧ ਕਰ ਰਿਹਾ ਹੈ ਤੇ ਫਿਲੌਰ ਦੇ ਮੌਜੂਦਾ ਕਾਂਗਰਸੀ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਵਿਧਾਨ ਸਭਾ ਵਿੱਚ ਪਾਰਟੀ ਦੇ ਚੀਫ਼ ਵ੍ਹਿਪ ਦੇ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜਦੋਂਕਿ ਫਤਿਹਗੜ੍ਹ ਸਾਹਿਬ ਤੋਂ ਪਾਰਟੀ ਦੇ ਮੌਜੂਦਾ ਸਾਂਸਦ ਅਮਰ ਸਿੰਘ ਹਨ, ਜਿਨ੍ਹਾਂ ਦਾ ਰਿਕਾਰਡ ਵੀ ਚੰਗਾ ਦੱਸਿਆ ਜਾ ਰਿਹਾ ਹੈ ।ਇਸੇ ਤਰ੍ਹਾਂ ਸ੍ਰੀ ਆਨੰਦਪੁਰ ਸਾਹਿਬ ਸੀਟ ਤੋਂ ਮੌਜੂਦਾ ਸਾਂਸਦ ਮੁਨੀਸ਼ ਤਿਵਾੜੀ ਚੰਡੀਗੜ੍ਹ ਜਾਂ ਲੁਧਿਆਣੇ ਤੋਂ ਉਮੀਦਵਾਰ ਬਣਨ ਲਈ ਜ਼ਿਆਦਾ ਦਿਲਚਸਪੀ ਵਿਖਾ ਰਹੇ ਹਨ, ਜਦੋਂਕਿ ਪਾਰਟੀ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਵੀ ਸ੍ਰੀ ਆਨੰਦਪੁਰ ਸਾਹਿਬ ਦੀ ਸੀਟ ਲਈ ਦਿਲਚਸਪੀ ਵਿਖਾ ਰਹੇ ਹਨ | ਹਾਲਾਂਕਿ ਇਸ ਹਲਕੇ ਦੇ ਸਿਰਕੱਢ ਆਗੂ ਤੇ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਵੀ ਇਸ ਹਲਕੇ ਲਈ ਪ੍ਰਭਾਵੀ ਉਮੀਦਵਾਰ ਸਮਝੇ ਜਾ ਰਹੇ ਹਨ । ਪਾਰਟੀ ਹਾਈਕਮਾਨ ਵਲੋਂ ਪਟਿਆਲਾ ਸੀਟ ਤੋਂ ਉਮੀਦਵਾਰ ਬਣਾਉਣ ਲਈ ਸਾਬਕਾ ਐਮ.ਪੀ. ਡਾ. ਧਰਮਵੀਰ ਗਾਂਧੀ ਨੂੰ ਖ਼ੁਦ ਕਾਂਗਰਸ ਵਿਚ ਸ਼ਾਮਿਲ ਕਰਵਾਇਆ ਗਿਆ ਹੈ, ਲੇਕਿਨ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਲਾਲ ਸਿੰਘ ਦਾ ਧੜਾ ਕਿਸੇ ਸਥਾਨਕ ਟਕਸਾਲੀ ਕਾਂਗਰਸੀ ਆਗੂ ਨੂੰ ਪਾਰਟੀ ਉਮੀਦਵਾਰ ਬਣਾਉਣ ਲਈ ਮੰਗ ਕਰ ਰਿਹਾ ਹੈ । ਇਸੇ ਤਰ੍ਹਾਂ ਅੰਮਿ੍ਤਸਰ ਲਈ ਵੀ ਮੌਜੂਦਾ ਸਾਂਸਦ ਗੁਰਜੀਤ ਸਿੰਘ ਔਜਲਾ ਦੇ ਮੁਕਾਬਲੇ ਸਾਬਕਾ ਉਪ ਮੁੱਖ ਮੰਤਰੀ ਓ.ਪੀ. ਸੋਨੀ ਨੂੰ ਵੀ ਮੌਜੂਦਾ ਹਾਲਾਤ ਵਿਚ ਪਾਰਟੀ ਟਿਕਟ ਲਈ ਵਿਚਾਰ ਰਹੀ ਹੈ ਅਤੇ ਖਡੂਰ ਸਾਹਿਬ ਹਲਕੇ ਤੋਂ ਮੌਜੂਦਾ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ (ਡਿੰਪਾ) ਦੀ ਟਿਕਟ ਸੰਬੰਧੀ ਵੀ ਸਥਿਤੀ ਸਪਸ਼ਟ ਨਹੀਂ । ਪੰਜਾਬ ਤੇ ਕਾਂਗਰਸ ਦੇ ਮੌਜੂਦਾ ਸਾਂਸਦ ਆਪਣੀਆਂ ਟਿਕਟਾਂ ਬਦਲਣ ਦਾ ਵਿਰੋਧ ਕਰਨ ਲਈ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨਾਲ ਵੀ ਮੁਲਾਕਾਤ ਕਰਨ ਗਏ ਸਨ ।ਪਰ ਕਾਂਗਰਸ ਹਾਈਕਮਾਨ ਲਈ ਸੂਬੇ ਵਿਚ ਪਾਰਟੀ ਟਿਕਟਾਂ ਸੰਬੰਧੀ ਉਲਝੀ ਸਥਿਤੀ ਦੇ ਲਗਾਤਾਰ ਗੰਭੀਰ ਰੂਪ ਧਾਰਨ ਕਰਨ ਕਾਰਨ ਇਸ ਨੂੰ ਸੁਲਝਾਉਣਾ ਕਾਫ਼ੀ ਮੁਸ਼ਕਿਲ ਹੋਵੇਗਾ ।ਇਸੇ ਤਰ੍ਹਾਂ ਅਕਾਲੀ ਦਲ ਜਿਸ ਨੂੰ ਪਹਿਲਾਂ ਪਾਰਟੀ ਉਮੀਦਵਾਰ ਲੱਭਣ ਵਿਚ ਮੁਸ਼ਕਿਲ ਆ ਰਹੀ ਸੀ, ਨੂੰ ਵੀ ਹੁਣ ਕਈ ਹਲਕਿਆਂ ਵਿਚੋਂ ਅੰਦਰੂਨੀ ਵਿਰੋਧ ਤੇ ਟਕਰਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਪਾਰਟੀ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਜੋ ਕਿ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਪਾਰਟੀ ਉਮੀਦਵਾਰ ਬਣਨਾ ਚਾਹੁੰਦੇ ਹਨ, ਨੂੰ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਤੋਂ ਤਿੱਖੀ ਟੱਕਰ ਮਿਲ ਰਹੀ ਹੈ । ਪਾਰਟੀ ਸੂਤਰਾਂ ਅਨੁਸਾਰ ਡਾ. ਚੀਮਾ ਦਾ ਕਹਿਣਾ ਹੈ ਕਿ ਚੰਦੂਮਾਜਰਾ ਪਰਿਵਾਰ ਨੇ ਪਟਿਆਲਾ ਵਿਚ ਦੋ ਲੋਕ ਸਭਾ ਸੀਟਾਂ ਇਸ ਵਾਰ ਲੜੀਆਂ ਸਨ ਅਤੇ ਸ੍ਰੀ ਆਨੰਦਪੁਰ ਸਾਹਿਬ ਲਈ ਉਹ ਬਾਹਰੀ ਉਮੀਦਵਾਰ ਹਨ । ਡਾ. ਚੀਮਾ ਖੁਦ ਵੀ ਸ੍ਰੀ ਆਨੰਦਪੁਰ ਸਾਹਿਬ ਲਈ ਉਮੀਦਵਾਰ ਹਨ । ਲੇਕਿਨ ਪਾਰਟੀ ਵਿਚ ਚਰਚਾ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਤੇ ਕਾਂਗਰਸ ਵਿਚਲੇ ਆਪਣੇ ਸੈੱਲਾਂ ਨੂੰ ਵਰਤ ਕੇ ਇਨ੍ਹਾਂ ਦੋਵਾਂ ਪਾਰਟੀਆਂ ਵਲੋਂ ਪਟਿਆਲਾ ਵਿਖੇ ਕਮਜ਼ੋਰ ਉਮੀਦਵਾਰ ਚਾਹੁੰਦੇ ਹਨ । ਅਕਾਲੀ ਦਲ ਵਲੋਂ ਹੁਣ ਐਨ.ਕੇ. ਸ਼ਰਮਾ ਨੂੰ ਪਾਰਟੀ ਉਮੀਦਵਾਰ ਰੱਖਣ ਦਾ ਮਾਮਲਾ ਵਿਚਾਰਿਆ ਜਾ ਰਿਹਾ ਹੈ । ਇਸੇ ਤਰ੍ਹਾਂ ਸੰਗਰੂਰ ਸੀਟ ਤੋਂ ਅਕਾਲੀ ਦਲ ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ ਉਮੀਦਵਾਰ ਰੱਖਣਾ ਚਾਹੁੰਦਾ ਹੈ, ਜਦੋਂਕਿ ਹਲਕੇ ਦੇ ਇਕ ਹੋਰ ਟਕਸਾਲੀ ਆਗੂ ਇਕਬਾਲ ਸਿੰਘ ਝੂੰਦਾਂ ਵਲੋਂ ਵੀ ਟਿਕਟ ਲਈ ਆਪਣੀ ਦਾਅਵੇਦਾਰੀ ਠੋਕ ਦਿੱਤੀ ਗਈ ਹੈ । ਸੂਤਰਾਂ ਅਨੁਸਾਰ ਪਾਰਟੀ ਦੇ ਸੀਨੀਅਰ ਆਗੂ ਡਾ. ਸਿਕੰਦਰ ਸਿੰਘ ਮਲੂਕਾ ਦਾ ਪਰਿਵਾਰ ਵੀ ਜਿਵੇਂ ਖੁੱਲੇਆਮ ਬਗ਼ਾਵਤ ਦੇ ਰੌਂਅ ਵਿਚ ਹੈ, ਪਾਰਟੀ ਨੂੰ ਉਸ ਕਾਰਨ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਸਾਬਕਾ ਮੰਤਰੀ ਮਲੂਕਾ ਦੀ ਆਈਏਐੱਸ ਨੂੰਹ ਪਰਮਪਾਲ ਕੌਰ ਸਿੱਧੂ ਭਾਜਪਾ ਵਿੱਚ ਸ਼ਾਮਲ ਹੋਣ ਦਾ ਇਰਾਦਾ ਰੱਖਦੇ ਹਨ ਅਤੇ ਬਠਿੰਡਾ ਤੋਂ ਉਹ ਭਾਜਪਾ ਉਮੀਦਵਾਰ ਹੋ ਸਕਦੇ ਹਨ ਪ੍ਰੰਤੂ ਪਰਿਵਾਰਕ ਮੈਂਬਰ ਹਾਲੇ ਇਸ ਗੱਲ ਦੀ ਪੁਸ਼ਟੀ ਕਰਨ ਨੂੰ ਤਿਆਰ ਨਹੀਂ ਹਨ।

ਅਹਿਮ ਸੂਤਰ ਦੱਸਦੇ ਹਨ ਕਿ ਪਰਮਪਾਲ ਕੌਰ ਸਿੱਧੂ ਨੇ ਬਠਿੰਡਾ ਹਲਕੇ ਵਿੱਚ ਆਪਣੇ ਨੇੜਲਿਆਂ ਨੂੰ ਤਿਆਰੀ ਰੱਖਣ ਵਾਸਤੇ ਵੀ ਆਖ ਦਿੱਤਾ ਹੈ । ਹਾਲੇ ਸਮੱਸਿਆ ਇਹ ਹੈ ਕਿ ਜਿੰਨਾ ਚਿਰ ਉਨ੍ਹਾਂ ਦੇ ਸਵੈ-ਇੱਛਾ ਸੇਵਾਮੁਕਤੀ ਦੇ ਕੇਸ ਨੂੰ ਪ੍ਰਵਾਨਗੀ ਨਹੀਂ ਮਿਲਦੀ ਓਨਾ ਚਿਰ ਉਹ ਕਿਸੇ ਵੀ ਸਿਆਸੀ ਪਾਰਟੀ ਵਿੱਚ ਸ਼ਾਮਲ ਨਹੀਂ ਹੋ ਸਕਦੇ। ਹੁਣ ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਇਸ ਕੇਸ ਨੂੰ ਕਦੋਂ ਹਰੀ ਝੰਡੀ ਦਿੰਦੇ ਹਨ। ਮੁੱਖ ਮੰਤਰੀ ਦੀ ਪ੍ਰਵਾਨਗੀ ਮਗਰੋਂ ਹੀ ਫਾਈਲ ਭਾਰਤ ਸਰਕਾਰ ਦੇ ਪਰਸੋਨਲ ਅਤੇ ਸਿਖਲਾਈ ਵਿਭਾਗ ਕੋਲ ਜਾਵੇਗੀ। ਪਰਮਪਾਲ ਕੌਰ ਸਿੱਧੂ ਨੂੰ ਨਾਮਜ਼ਦਗੀ ਰੂਟ ਰਾਹੀਂ ਆਈਏਐੱਸ ਬਣਾਇਆ ਸੀ ਅਤੇ ਸਿੱਧੂ 2011 ਬੈਚ ਦੀ ਆਈਏਐੱਸ ਅਧਿਕਾਰੀ ਹੈ ਜਿਨ੍ਹਾਂ ਦੀ ਸੇਵਾਮੁਕਤੀ 31 ਅਕਤੂਬਰ 2024 ਨੂੰ ਹੋਣੀ ਸੀ। ਪਰਮਪਾਲ ਕੌਰ ਨੇ ਆਪਣੀ ਸੇਵਾਮੁਕਤੀ ਤੋਂ ਕਰੀਬ ਸੱਤ ਮਹੀਨੇ ਪਹਿਲਾਂ ਅਸਤੀਫ਼ਾ ਦੇ ਦਿੱਤਾ ਹੈ। ਸੂਤਰ ਦੱਸਦੇ ਹਨ ਕਿ ਅਕਾਲੀ ਦਲ ਨੇ ਪਰਮਪਾਲ ਕੌਰ ਸਿੱਧੂ ਨੂੰ ਕਿਸੇ ਹੋਰ ਸਿਆਸੀ ਪਾਰਟੀ ਵਿੱਚ ਜਾਣ ਤੋਂ ਰੋਕਣ ਲਈ ਵਾਹ ਲਾਉਣੀ ਸ਼ੁਰੂ ਕਰ ਦਿੱਤੀ ਹੈ। ਮਲੂਕਾ ਦਾ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਜ਼ਿਲ੍ਹਾ ਪਰਿਸ਼ਦ ਬਠਿੰਡਾ ਦਾ ਚੇਅਰਮੈਨ ਰਹਿ ਚੁੱਕਾ ਹੈ ਅਤੇ ਗੁਰਪ੍ਰੀਤ ਮਲੂਕਾ ’ਤੇ ਅਕਾਲੀ ਦਲ ਨੇ ਦਬਾਅ ਬਣਾਇਆ ਹੋਇਆ ਹੈ ਪ੍ਰੰਤੂ ਅਧਿਕਾਰਤ ਤੌਰ ’ਤੇ ਕੋਈ ਵੀ ਇਸ ਗੱਲ ਦੀ ਪੁਸ਼ਟੀ ਕਰਨ ਨੂੰ ਤਿਆਰ ਨਹੀਂ ਹੈ। ਅਕਾਲੀ ਦਲ ਇਨ੍ਹਾਂ ਗੁੰਝਲਦਾਰ ਮਸਲਿਆਂ ਵਿਚੋਂ ਨਿਕਲਣ ਲਈ ਕੀ ਰਣਨੀਤੀ ਅਪਣਾਏਗਾ ਇਹ ਵੇਖਣ ਵਾਲੀ ਗੱਲ ਹੋਵੇਗੀ । ਲੇਕਿਨ ਉਕਤ ਸਥਿਤੀ ਤੋਂ ਇਹ ਸਪਸ਼ਟ ਹੈ ਕਿ ਕਾਂਗਰਸ ਤੇ ਅਕਾਲੀ ਦਲ ਲਈ ਟਿਕਟਾਂ ਦੀ ਵੰਡ ਦਾ ਪੈਂਡਾ ਅਜੇ ਕਾਫ਼ੀ ਉਲਝਣਾਂ ਵਿਚ ਹੈ ਤੇ ਕਈ ਨੇਤਾ ਬਗਾਵਤਕਰ ਸਕਦੇ ਹਨ।