ਖਾਲਿਸਤਾਨੀ ਮੁਲਤਾਨੀ ਨੂੰ ਲਪੇਟੇ ਵਿਚ ਲੈਣ ਲੱਗੀ ਪੁਲਿਸ                                      

  ਖਾਲਿਸਤਾਨੀ ਮੁਲਤਾਨੀ ਨੂੰ ਲਪੇਟੇ ਵਿਚ ਲੈਣ ਲੱਗੀ ਪੁਲਿਸ                                      

*ਮਾਮਲਾ ਲੁਧਿਆਣਾ ਬੰਬ ਕਾਂਡ ਦਾ

 * ਮਰੇ ਦੋਸ਼ੀ ਦੀ ਔਰਤ ਦੋਸਤ ਨੇ ਕਈ ਭੇਤ ਖੋਲ੍ਹੇ

*ਜਰਮਨੀ ਦੀ ਪੁਲੀਸ ਨੇ ਮੈਨੂੰ ਗ੍ਰਿਫ਼ਤਾਰ ਨਹੀਂ ਕੀਤਾ: ਮੁਲਤਾਨੀ

*ਪੁਲਿਸ ਨੂੰ ਮਰੇ ਪੁਲਿਸ ਮੁਲਜ਼ਮ ਦੇ ਗੁਪਤ ਇਰਾਦੇ ਬਾਰੇ ਕੋਈ ਠੋਸ ਸਬੂਤ ਪੇਸ਼ ਨਾ ਕਰ ਸਕੀ

 ਅੰਮ੍ਰਿਤਸਰ ਟਾਈਮਜ਼ ਬਿਉਰੋ

ਲੁਧਿਆਣਾ: ਕੋਰਟ ਕੰਪਲੈਕਸ  ਹੋਏ ਬਲਾਸਟ ਬਾਰੇ ਪੰਜਾਬ ਪੁਲੀਸ ਨੇ ਦੋਸ਼ ਖਾਲਿਸਤਾਨੀਆਂ  ਉਪਰ ਲਗਾ ਦਿਤੇ ਹਨ।ਹਾਲਾਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿਧੂ ਨੇ ਇਸ ਬਾਰੇ ਤਾਕਤਵਰ ਸਿਆਸਤਦਾਨਾਂ ਉਪਰ ਸ਼ੱਕ ਪ੍ਰਗਟਾਇਆ ਸੀ।ਪਰ ਪੰਜਾਬ ਪੁਲਿਸ ਨੇ ਬੰਬ ਧਮਾਕੇ ਦੇ ਜ਼ਿੰਮਵਾਰ ਮਾਰੇ ਗਏ ਪੁਲਿਸ ਦੇ ਬਰਖ਼ਾਸਤ ਹੌਲਦਾਰ ਗਗਨਦੀਪ  ਦਾ ਸੰਬੰਧ ਖਾਲਿਸਤਾਨੀ ਸੰਗਠਨ ਸਿੱਖ ਫਾਰ ਜਸਟਿਸ ਤੇ ਪਾਕਿਸਤਾਨ ਦੀ ਖੁਫੀਆ ਏਜੰਸੀ  ਨਾਲ ਜੋੜ ਦਿਤਾ ਹੈ। ਪੰਜਾਬ ਪੁਲੀਸ ਦਾ ਦਾਅਵਾ ਸੀ ਕਿ ਸਿੱਖਸ ਫਾਰ ਜਸਟਿਸ ਦੇ ਮੈਂਬਰ ਜਸਵਿੰਦਰ ਸਿੰਘ ਮੁਲਤਾਨੀ ਨੂੰ 23 ਦਸੰਬਰ ਨੂੰ ਲੁਧਿਆਣਾ ਦੇ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿੱਚ ਹੋਏ ਧਮਾਕੇ ਦੇ ਮਾਮਲੇ ਵਿੱਚ ਜਰਮਨੀ ਵਿੱਚ ਭਾਰਤ ਵੱਲੋਂ ਅਤਿਵਾਦ ਵਿਰੋਧੀ ਏਜੰਸੀਆਂ ਨਾਲ ਸਬੂਤ ਸਾਂਝੇ ਕਰਨ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ।  ਪੁਲੀਸ ਅਨੁਸਾਰ ਮੁਲਤਾਨੀ ਪਾਕਿਸਤਾਨ ਤੋਂ ਹੋਰ ਧਮਾਕਾਖੇਜ਼ ਸਮੱਗਰੀ ਨੂੰ ਅੰਤਰਰਾਸ਼ਟਰੀ ਸੀਮਾ ਰਾਹੀਂ ਭਾਰਤ ਵਿੱਚ ਲਿਆਉਣ ਦੀ ਸਾਜ਼ਿਸ਼ ਰਚ ਰਿਹਾ ਸੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਅਜਿਹੇ ਧਮਾਕੇ ਕਰਨ ਦੀ ਯੋਜਨਾ ਬਣਾ ਰਿਹਾ ਸੀ। ਇਹ ਵੀ ਦੋਸ਼ ਲਗਾਇਆ ਹੈ ਕਿ ਇਸ ਸਾਲ ਅਕਤੂਬਰ ਵਿੱਚ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਖੇਮਕਰਨ ਖੇਤਰ ਵਿੱਚ ਹਥਿਆਰਾਂ ਦਾ ਜ਼ਖ਼ੀਰਾ ਭੇਜਣ ਵਿੱਚ ਵੀ ਮੁਲਤਾਨੀ ਦਾ ਹੱਥ ਸੀ।  ਪੁਲੀਸ ਅਨੁਸਾਰ ਲੁਧਿਆਣਾ ਬੰਬ ਧਮਾਕਾ ਮਾਮਲੇ ਵਿਚ ਸਿੱਖਸ ਫਾਰ ਜਸਟਿਸ  ਦੇ  ਜਸਵਿੰਦਰ ਸਿੰਘ ਮੁਲਤਾਨੀ ਨੂੰ ਜਰਮਨ ਪੁਲਿਸ ਨੇ ਇੱਕ ਮਾਮਲੇ ਵਿਚ ਪੁੱਛਗਿੱਛ ਤੋਂ ਬਾਅਦ ਰਿਹਾਅ ਕਰ ਦਿੱਤਾ ਹੈ। ਦੂਜੇ ਪਾਸੇ ਦੇ  ਸਿੱਖ ਫਾਰ ਜਸਟਿਸ ਨੇ ਇੱਕ ਵੀਡੀਓ ਜਾਰੀ ਕਰਕੇ  ਭਾਰਤ ਸਰਕਾਰ ਦਾ ਦਾਅਵਾ ਰਦ ਕੀਤਾ  ਕਿ ਮੁਲਤਾਨੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਗੁਰਪਤਵੰਤ ਸਿੰਘ ਪੰਨੂ ਨੇ ਮੁਲਤਾਨੀ ਨਾਲ ਗੱਲਬਾਤ ਕਰਦੇ ਹੋਏ ਵੀਡੀਓ ਜਾਰੀ ਕੀਤੀ ਹੈ, ਜਿਸ ਵਿਚ ਮੁਲਤਾਨੀ ਕਹਿ ਰਿਹਾ ਹੈ ਕਿ ਮੁਲਤਾਨੀ ਨੂੰ ਨਾ ਗ੍ਰਿਫ਼ਤਾਰ ਤੇ ਨਾ ਹੀ ਹਿਰਾਸਤ ਵਿੱਚ ਲਿਆ ਗਿਆ ਹੈ ਬਲਕਿ ਉਹ ਆਪਣੇ ਘਰ ਵਿੱਚ ਹੈ। ਉਹ ਜਰਮਨ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ। ਜਸਵਿੰਦਰ ਸਿੰਘ ਕਹਿੰਦਾ ਹੈ ਕਿ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਕਈ ਮੁਲਕਾਂ ਵਿੱਚ ਰੈਫਰੈਂਡਮ (ਲੋਕਮੱਤ) ਲਈ ਵੋਟਾਂ ਦਾ ਅਮਲ ਜਾਰੀ ਹੈ, ਜਿਸ ਕਰਕੇ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। 

ਪੰਨੂ ਤੇ ਮੁਲਤਾਨੀ ਦੀ ਇਸ ਵੀਡੀਓ ਨੂੰ ਕੁਝ ਹੀ ਘੰਟਿਆਂ ਬਾਅਦ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ।   

ਇਥੇ ਜ਼ਿਕਰਯੋਗ ਹੈ ਕਿ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਭਾਰਤ ਵਿਰੁੱਧ ਯੁੱਧ ਛੇੜਨ ਅਤੇ ਪੰਜਾਬ ਵਿਚ ਖਾੜਕੂ ਹਿੰਸਾ ਨੂੰ ਮੁੜ ਸ਼ੁਰੂ ਕਰਨ ਦੀ ਕੋਸ਼ਿਸ਼ ਲਈ ਅਪਰਾਧਕ ਸਾਜਿਸ਼ ਰਚਣ ਦੇ ਦੋਸ਼ ਵਿਚ  ਜਸਵਿੰਦਰ ਸਿੰਘ ਮੁਲਤਾਨੀ ਵਿਰੁੱਧ ਮਾਮਲਾ ਦਰਜ ਕੀਤਾ ਹੈ। ਕੌਮੀ ਜਾਂਚ ਏਜੰਸੀ (ਐੱਨਆਈਏ) ਨੇ  ਕਿਹਾ ਹੈ ਕਿ  ‘ਅਸੀਂ ਮੁਲਤਾਨੀ ਸਮੇਤ ਕਈ ਖਾਲਿਸਤਾਨੀ ਤੱਤਾਂ ਵਿਰੁੱਧ ਕੇਸ ਦਰਜ ਕੀਤਾ ਹੈ। ਅਸੀਂ ਫਿਲਹਾਲ ਲੁਧਿਆਣਾ ਧਮਾਕੇ ਦੇ ਕੇਸ ਨੂੰ ਆਪਣੇ ਹੱਥ ਨਹੀਂ ਲਿਆ ਹੈ।ਸੂਤਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਐੱਨਆਈਏ ਦੇ ਉੱਚ ਅਧਿਕਾਰੀਆਂ ਦੀ ਟੀਮ ਬਣਾਈ ਗਈ ਸੀ। ਟੀਮ ਦੇ 2022 ਦੇ ਪਹਿਲੇ ਹਫ਼ਤੇ ਜਰਮਨੀ ਦੀ ਯਾਤਰਾ ਕਰਨ ਦੀ ਸੰਭਾਵਨਾ ਹੈ। ਡੀਜੀਪੀ ਪੰਜਾਬ ਸਿਧਾਰਥ ਚਟੋਪਾਧਿਆਏ  ਦਾ ਮੰਨਣਾ ਹੈ ਕਿ  ਹਿੰਸਕ ਗਤੀਵਿਧੀਆਂ ਵਿਚ ਸ਼ਾਮਲ ਦੋਵੇਂ ਏਜੰਸੀਆਂ ਨੂੰ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਯੋਗ ਵਿਅਕਤੀ ਨਹੀਂ ਮਿਲ ਰਹੇ। ਇਸੇ ਲਈ ਉਹ ਜੇਲ੍ਹ ਵਿੱਚ ਬੰਦ ਗੈਂਗਸਟਰਾਂ, ਨਸ਼ਾ ਤਸਕਰਾਂ ਤੇ ਪੁਲਿਸ ਵਿਭਾਗ ਵਿਚੋਂ ਬਰਖ਼ਾਸਤ ਮੁਲਾਜ਼ਮਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਆਪਣੇ ਨਾਲ ਜੋੜ ਰਿਹਾ ਹੈ।  ਡੀਜੀਪੀ ਨੇ ਮੰਨਿਆ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਗੈਂਗਸਟਰਾਂ ਤੇ ਖਾਲਿਸਤਾਨੀ ਖਾੜਕੂਆਂ ਲਈ ਸੁਰੱਖਿਅਤ ਜ਼ੋਨ ਬਣ ਚੁੱਕੀਆਂ ਹਨ। ਵੱਡੇ ਪੱਧਰ 'ਤੇ ਕਾਰਵਾਈ ਕਰਨ ਦੀ ਲੋੜ ਹੈ। ਜੇਲ੍ਹ ਵਿੱਚ 14 ਹਜ਼ਾਰ ਵਿਚ ਇਕ ਮੋਬਾਈਲ ਫੋਨ ਆਸਾਨੀ ਨਾਲ ਮਿਲ ਜਾਂਦਾ ਹੈ। ਅੰਦਰ ਬੈਠੇ ਤਸਕਰ ਨਸ਼ੇ ਦਾ ਰੈਕੇਟ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਲ੍ਹ ਮੰਤਰੀ, ਗ੍ਰਹਿ ਮੰਤਰੀ, ਉਹ ਖ਼ੁਦ ਅਤੇ ਏਡੀਜੀਪੀ ਜੇਲ੍ਹ ਉਨ੍ਹਾਂ ਖ਼ਿਲਾਫ਼ ਸ਼ਿਕੰਜਾ ਕੱਸਣ ਲਈ ਲਗਾਤਾਰ ਮੀਟਿੰਗਾਂ ਕਰ ਰਹੇ ਹਨ। ਪੰਜਾਬ ਪੁਲੀਸ ਹੁਣ ਅਜਿਹੀ ਜਾਂਚ ਵਿਚ ਰੁਝੀ ਹੈ ਕਿ ਗਗਨਦੀਪ ਵਰਗੇ ਹੋਰ ਕਿੰਨੇ ਲੋਕ ਪੰਜਾਬ ਵਿਚ ਘੁੰਮ ਰਹੇ ਹਨ। ਇਹ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਨਸ਼ਾ ਤਸਕਰੀ ਦਾ ਧੰਦਾ ਕਰਨ ਵਾਲੇ ਗਗਨਦੀਪ ਨੇ ਨਸ਼ੇੜੀ ਨੌਜਵਾਨਾਂ ਨੂੰ ਆਪਣੀ ਟੀਮ ਵਿਚ ਸ਼ਾਮਲ ਕਰਕੇ ਭਵਿੱਖ ਵਿਚ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਤਿਆਰ ਰੱਖਿਆ ਹੋਇਆ ਹੈ। ਇਹੀ ਕਾਰਨ ਹੈ ਕਿ ਘਟਨਾ ਤੋਂ ਬਾਅਦ ਤੋਂ ਹੀ ਜਾਂਚ ਏਜੰਸੀਆਂ ਸਾਵਧਾਨ ਹਨ।ਸੂਤਰਾਂ ਮੁਤਾਬਕ ਗਗਨਦੀਪ ਨੂੰ ਬੰਬ ਲਗਾਉਣ ਦੀ ਟ੍ਰੇਨਿੰਗ ਦਿੱਤੀ ਗਈ ਸੀ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਟ੍ਰੇਨਿੰਗ ਕਿਸ ਨੇ ਅਤੇ ਕਿਸ ਜਗ੍ਹਾ 'ਤੇ ਦਿੱਤੀ। ਗਗਨਦੀਪ ਦੇ ਜ਼ਮਾਨਤ 'ਤੇ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਉਸ ਦੀਆਂ ਕਰੀਬ ਢਾਈ ਮਹੀਨਿਆਂ ਦੀਆਂ ਗਤੀਵਿਧੀਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਦੋਸ਼ੀ ਦੀ ਸਹੇਲੀ ਨੇ ਖੋਲੇ ਭੇਦ

ਕਚਹਿਰੀ ਬੰਬ ਧਮਾਕੇ ਸਬੰਧੀ ਕੇਂਦਰੀ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਜਾਂਚ ਦੌਰਾਨ ਮੁਲਜ਼ਮ ਗਗਨਦੀਪ ਸਿੰਘ ਦੀ ਜਾਣਕਾਰ ਔਰਤ ਪੁਲੀਸ ਮੁਲਾਜ਼ਮ ਨੇ ਕਈ ਭੇਦ ਖੋਲ੍ਹੇ ਹਨ। ਸੂਤਰਾਂ ਅਨੁਸਾਰ ਔਰਤ ਮੁਲਾਜ਼ਮ ਨੇ ਪੁੱਛ-ਪੜਤਾਲ ਦੌਰਾਨ ਦੱਸਿਆ ਕਿ ਉਸ ਦਾ ਆਪਣੇ ਪਤੀ ਨਾਲ ਅਕਸਰ ਲੜਾਈ-ਝਗੜਾ ਰਹਿੰਦਾ ਸੀ, ਜਿਸ ਕਾਰਨ ਉਸ ਦੀ ਗਗਨਦੀਪ ਸਿੰਘ ਨਾਲ ਨੇੜਤਾ ਵਧ ਗਈ। ਉਹ ਅਕਸਰ ਆਪਸ ਵਿੱਚ ਮਿਲਦੇ ਰਹਿੰਦੇ ਸਨ। ਇਸ ਬਾਰੇ ਗਗਨਦੀਪ ਦੇ ਘਰ ਵਾਲਿਆਂ ਨੂੰ ਜਾਣਕਾਰੀ ਨਹੀਂ ਸੀ। ਪੁਲੀਸ ਵੱਲੋਂ ਮੁਲਜ਼ਮ ਦੇ ਤਿੰਨ ਮਹੀਨੇ ਦੀਆਂ ਫੋਨ ਕਾਲਾਂ ਦੇ ਵੇਰਵਾ ਵੀ ਪ੍ਰਾਪਤ ਕੀਤੇ ਜਾ ਰਹੇ ਹਨ।ਜਾਂਚ ਏਜੰਸੀਆਂ ਗਗਨਦੀਪ ਸਿੰਘ ਦੇ ਜੇਲ੍ਹ ਅੰਦਰਲੇ ਸਬੰਧਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।  ਪੰਜਾਬ ਪੁਲੀਸ ਅਤੇ ਹੋਰ ਏਜੰਸੀਆਂ ਵੱਲੋਂ ਇਸ ਮਾਮਲੇ ਵਿੱਚ ਰਣਜੀਤ ਸਿੰਘ ਚੀਤਾ ਅਤੇ ਸੁਖਵਿੰਦਰ ਸਿੰਘ ਬਾਕਸਰ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।ਖੰਨਾ ਪੁਲੀਸ ਵੱਲੋਂ ਪਾਇਲ ਇਲਾਕੇ ਦੇ ਵੱਡੇ ਨਸ਼ਾ ਤਸਕਰ ਅਤੇ ਅਕਾਲੀ ਦਲ ਦੇ ਸਾਬਕਾ ਸਰਪੰਚ ਗੁਰਦੀਪ ਰਾਣੂੰ ਦੇ ਚਚੇਰੇ ਭਰਾ ਇਕਬਾਲ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲੀਸ ਨੂੰ ਸ਼ੱਕ ਹੈ ਕਿ ਇਕਬਾਲ ਦੇ ਜ਼ਰੀਏ ਹੀ ਗਗਨਦੀਪ ਨਸ਼ਾ ਸਪਲਾਈ ਕਰਦਾ ਸੀ ਅਤੇ ਉਸ ਨੂੰ ਵੀ ਬੰਬ ਧਮਾਕੇ ਬਾਰੇ ਕੋਈ ਜਾਣਕਾਰੀ ਹੋ ਸਕਦੀ ਹੈ। ਉਹ ਗਗਨਦੀਪ ਨਾਲ ਹੀ ਲੁਧਿਆਣਾ ਜੇਲ੍ਹ ਵਿਚ ਬੰਦ ਸੀ। ਸੂਤਰਾਂ ਅਨੁਸਾਰ ਗਗਨਦੀਪ ਸਿੰਘ ਦੇ ਨਾਲ ਇੱਕ ਹੋਰ ਪੁਲੀਸ ਮੁਲਾਜ਼ਮ ਨਾਲ ਵੀ ਸਾਂਝ ਦੱਸੀ ਜਾ ਰਹੀ ਹੈ, ਜੋ ਜੇਲ੍ਹ ਵਿੱਚ ਕਿਸੇ ਹੋਰ ਮਾਮਲੇ ਵਿੱਚ ਬੰਦ ਸੀ। ਉਸ ਨਾਲ ਵੀ ਗਗਨਦੀਪ ਦੀ ਚੰਗੀ ਸਾਂਝ ਸੀ। ਉਹ ਅਕਸਰ ਉਸ ਨੂੰ ਮਿਲਣ ਥਾਣਾ ਸਦਰ ਤੇ ਖੰਨਾ ਥਾਣਾ ਸਿਟੀ-ਦੋ ਵਿੱਚ ਮਿਲਣ ਲਈ ਆਉਂਦਾ-ਜਾਂਦਾ ਸੀ। ਪੁਲੀਸ ਨੇ ਉਕਤ ਮੁਲਾਜ਼ਮ ਨੂੰ ਵੀ ਪੁਛਗਿੱਛ ਲਈ ਹਿਰਾਸਤ ਵਿਚ ਲਿਆ ਹੈ। ਉਸ ਕੋਲੋਂ ਵੀ ਪੁਲੀਸ  ਪੁੱਛਗਿੱਛ ਕਰ ਰਹੀ ਹੈ। ਏਜੰਸੀਆਂ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਧਮਾਕੇ ਵਾਲੇ ਦਿਨ ਲੁਧਿਆਣਾ ਜਾਣ ਤੋਂ ਪਹਿਲਾਂ ਮੁਲਜ਼ਮ ਗਗਨਦੀਪ ਅਤੇ ਔਰਤ ਕਾਂਸਟੇਬਲ ਆਪਸ ਵਿੱਚ ਮਿਲੇ ਸਨ ਅਤੇ 5-6 ਘੰਟੇ ਉਨ੍ਹਾਂ ਇਕੱਠੇ ਹੀ ਗੁਜ਼ਾਰੇ ਸਨ।ਗਗਨਦੀਪ ਦੀ ਪਤਨੀ ਨੇ ਪੁੱਛ-ਪੜਤਾਲ ਦੌਰਾਨ ਕਈ ਖੁਲਾਸੇ ਕੀਤੇ ਹਨ। ਉਸ ਨੇ ਪੁਲੀਸ ਨੂੰ ਦੱਸਿਆ ਕਿ ਗਗਨਦੀਪ ਅਕਸਰ ਉਸ ਦੀ ਕੁੱਟਮਾਰ ਕਰਦਾ ਸੀ। ਉਹ ਉਸ ਨੂੰ ਆਪਣੀਆਂ ਸਰਗਰਮੀਆਂ ਬਾਰੇ ਕੋਈ ਜਾਣਕਾਰੀ ਨਹੀਂ ਦਿੰਦਾ ਸੀ। ਪੁਲੀਸ ਵੱਲੋਂ ਜਾਂਚ ਪੜਤਾਲ ਦੌਰਾਨ ਸੀਸੀਟੀਵੀ ਫੁਟੇਜ ਚੈੱਕ ਕਰਨ ਤੋਂ ਪਤਾ ਲੱਗਿਆ ਹੈ ਕਿ ਮੁਲਜ਼ਮ ਗਗਨਦੀਪ ਸਿੰਘ ਲੁਧਿਆਣਾ ਜਾਣ ਤੋਂ ਪਹਿਲਾਂ ਪਤਨੀ ਅਤੇ ਬੇਟੀ ਨੂੰ ਲੈ ਕੇ ਕਿਤੇ ਗਿਆ ਸੀ। ਉੱਥੋਂ ਜਾਂਦੇ ਹੋਏ ਉਸ ਨੇ ਦੱਸਿਆ ਸੀ ਕਿ ਉਹ ਲੁਧਿਆਣਾ ਜਾ ਰਿਹਾ ਹੈ ਅਤੇ ਵਕੀਲ ਨੂੰ ਮਿਲਣ ਤੋਂ ਬਾਅਦ ਉਹ ਵਿਹਲਾ ਹੋ ਕੇ ਘਰ ਆ ਜਾਏਗਾ। ਜੇ ਉਸ ਨੂੰ ਕਿਸੇ ਕੰਮ ਲਈ ਬਾਹਰ ਜਾਣਾ ਪਿਆ ਤਾਂ ਉਹ 2-4 ਦਿਨ ਬਾਅਦ ਵਾਪਸ ਆਵੇਗਾ।ਲੁਧਿਆਣਾ ਜਾਣ ਤੋਂ ਪਹਿਲਾਂ ਗਗਨਦੀਪ ਨੇ ਆਪਣੀ ਐਕਟਿਵਾ ਥਾਣਾ ਸਿਟੀ-ਦੋ ਦੇ ਬਾਹਰ ਖੜ੍ਹੀ ਕੀਤੀ ਸੀ। ਉੱਥੋਂ ਉਹ ਲੁਧਿਆਣਾ ਕਿਵੇਂ ਗਿਆ, ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗ ਰਿਹਾ। ਪੁਲੀਸ ਨੇ ਐਕਟਿਵਾ ਬਰਾਮਦ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ