ਅੰਮਿ੍ਤਸਰ ਹਵਾਈ ਅੱਡਾ 'ਤੇ ਅੰਮਿ੍ਤਧਾਰੀ ਵਰਕਰਾਂ ਨਾਲ ਵਿਤਕਰਾ , ਅੰਦਰ ਜਾਣ ਤੋਂ ਰੋਕਿਆ

ਅੰਮਿ੍ਤਸਰ ਹਵਾਈ ਅੱਡਾ 'ਤੇ ਅੰਮਿ੍ਤਧਾਰੀ ਵਰਕਰਾਂ ਨਾਲ ਵਿਤਕਰਾ , ਅੰਦਰ ਜਾਣ ਤੋਂ ਰੋਕਿਆ

ਅੰਮ੍ਰਿਤਸਰ ਟਾਈਮਜ਼

ਰਾਜਾਸਾਂਸੀ-ਕੇਂਦਰ ਵਲੋਂ ਪੰਜਾਬ ਅਤੇ ਖਾਸਕਰ ਸਿੱਖਾਂ ਨਾਲ ਕੀਤੇ ਜਾ ਰਹੇ ਵਿਤਕਰਿਆਂ ਵਿਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ ।ਏਸੇ ਲੜੀ ਤਹਿਤ ਕੇਂਦਰ ਵਲੋਂ ਨਵੇਂ ਤਿਆਰ ਕੀਤੇ ਕਾਨੂੰਨ ਤਹਿਤ ਦੇਸ਼ ਭਰ ਦੇ ਹਵਾਈ ਅੱਡਿਆਂ 'ਤੇ ਪਾਬੰਦੀ ਤਹਿਤ ਸਿੱਖਾਂ 'ਤੇ ਇੱਕ ਹੋਰ ਕੋਝਾ ਹਮਲਾ ਕਰਦਿਆਂ ਅੰਮਿ੍ਤਧਾਰੀ, ਅਧਿਕਾਰੀ, ਕਰਮਚਾਰੀ ਤੇ ਸੁਰੱਖਿਆ ਫੋਰਸ ਦੇ ਜਵਾਨਾਂ ਨੂੰ ਹਵਾਈ ਅੱਡਿਆਂ ਦੇ ਅੰਦਰ 9 ਇੰਚ ਸ੍ਰੀ ਸਾਹਿਬ ਪਹਿਨ ਕੇ ਅੰਦਰ ਪ੍ਰਵੇਸ਼ ਕਰਨ ਤੋਂ ਮਨਾਹੀ ਕਰ ਦਿੱਤੀ ਗਈ ਹੈ, ਜਦੋਂਕਿ ਯਾਤਰੀ ਸ੍ਰੀ ਸਾਹਿਬ ਪਹਿਨ ਕੇ ਹਵਾਈ ਅੱਡੇ ਦੇ ਅੰਦਰ ਪ੍ਰਵੇਸ਼ ਕਰ ਸਕਦੇ ਹਨ ।ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਬੀ. ਸੀ. ਏ. ਐਸ. (ਬਿਊਰੋ ਆਫ ਸਿਵਲ ਐਵੀਏਸ਼ਨ ਸਕਿਉਰਟੀ) ਵਲੋਂ ਹਵਾਈ ਅੱਡੇ 'ਤੇ ਤਾਇਨਾਤ ਸਮੂਹ ਅੰਮਿ੍ਤਧਾਰੀ ਕਰਮਚਾਰੀਆਂ, ਅਧਿਕਾਰੀਆਂ ਤੇ ਖਾਸਕਰ ਸੁਰੱਖਿਆ ਫੋਰਸ ਦੇ ਅੰਮਿ੍ਤਧਾਰੀ ਜਵਾਨਾਂ ਨੂੰ ਹਵਾਈ ਅੱਡੇ ਦੇ ਅੰਦਰ ਪ੍ਰਵੇਸ਼ ਕਰਨ ਤੋਂ ਰੋਕਿਆ ਜਾ ਰਿਹਾ ਹੈ, ਜਦੋਂਕਿ ਕਰਮਚਾਰੀਆਂ ਵਲੋਂ ਆਪਣੇ ਤੌਰ 'ਤੇ ਅੰਦਰ ਪ੍ਰਵੇਸ਼ ਕਰਨ ਲਈ ਕੁਝ ਦਿਨਾਂ ਦਾ ਸਮਾ ਮੰਗਿਆ ਗਿਆ ਹੈ । ਇਸ ਸੰਬੰਧੀ ਜੇਕਰ ਸਿੱਖਾਂ ਦੀ ਸਿਰਮੌਰ ਸੰਸਥਾ ਜਾਂ ਪੰਜਾਬ ਸਰਕਾਰ ਇਸ ਮਾਮਲੇ 'ਤੇ ਕੇਂਦਰ ਨਾਲ ਗੱਲ ਨਹੀਂ ਕਰਦੀ ਤਾਂ ਹਵਾਈ ਅੱਡੇ 'ਤੇ ਡਿਊਟੀ ਕਰਨ ਵਾਲੇ ਸਮੂਹ ਅੰਮਿ੍ਤਧਾਰੀ ਸਿੰਘਾਂ ਨੂੰ ਬੇਹੱਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ, ਕਾਨੂੰਨ ਅਨੁਸਾਰ ਉਨ੍ਹਾਂ ਨੂੰ ਮਜਬੂਰਨ ਸ੍ਰੀ ਸਾਹਿਬ ਉਤਾਰ ਕੇ ਡਿਉਟੀ ਕਰਨੀ ਪਵੇਗੀ । ਏਥੇ ਇਹ ਜ਼ਿਕਰਯੋਗ ਹੈ ਕਿ ਹਵਾਈ ਅੱਡੇ ਦਾ ਇੱਕ ਸੁਰੱਖਿਆ ਕਰਮਚਾਰੀ ਜੇਕਰ 9 ਇੰਚ ਦੀ ਕਿਰਪਾਨ ਪਹਿਨ ਕੇ ਡਿਊਟੀ ਕਰਦਾ ਹੈ ਤਾਂ ਉਹ ਖ਼ਤਰਾ ਮੰਨਿਆ ਜਾ ਰਿਹਾ ਹੈ, ਜੇਕਰ ਉਥੇ ਇਹੀ ਸਿੱਖ ਸੁਰੱਖਿਆ ਕਰਮਚਾਰੀ 9 ਇੰਚ ਦੀ ਕ੍ਰਿਪਾਨ ਲਾਹ ਕੇ ਅਸਲ੍ਹੇ ਸਮੇਤ ਅੰਦਰ ਜਾਵੇ ਤੇ ਫਿਰ ਕੋਈ ਖ਼ਤਰਾ ਨਹੀਂ ।