ਸ਼੍ਰੋਮਣੀ ਕਮੇਟੀ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਮੋਦੀ ਨੂੰ ਪੱਤਰ ਲਿਖਿਆ
ਮਾਮਲਾ ਸਿੱਖ ਲੜਕੀਆਂ ਨਾਲ ਜਬਰ-ਜਨਾਹ ਦਾ
ਅੰਮ੍ਰਿਤਸਰ ਟਾਈਮਜ਼
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖ ਕੇ ਰਾਜਸਥਾਨ ਦੇ ਅਲਵਰ ਵਿੱਚ ਇਕ ਨਾਬਾਲਗ ਅਪਾਹਜ ਸਿੱਖ ਲੜਕੀ ਨਾਲ ਹੋਏ ਜਬਰ-ਜਨਾਹ ਦੇ ਮਾਮਲੇ ਵਿਚ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਪੱਤਰ ਵਿੱਚ ਲਿਖਿਆ ਕਿ 11 ਜਨਵਰੀ ਨੂੰ ਅਲਵਰ ਵਿੱਚ ਫਲਾਈਓਵਰ ਦੇ ਥੱਲੇ ਇਕ ਲੜਕੀ ਖੂਨ ਨਾਲ ਲਥਪਥ ਮਿਲੀ ਸੀ ਤੇ ਉਸ ਨੂੰ ਲੱਗੀਆਂ ਗੰਭੀਰ ਸੱਟਾਂ ਤੋਂ ਸਪੱਸ਼ਟ ਸੀ ਕਿ ਮੁਲਜ਼ਮਾਂ ਨੇ ਜਬਰ-ਜਨਾਹ ਮਗਰੋਂ ਉਸ ਨੂੰ ਪੁਲ ਤੋਂ ਹੇਠਾਂ ਸੁੱਟਿਆ ਸੀ। ਸ੍ ਧਾਮੀ ਨੇ ਕਿਹਾ ਕਿ ਇਸ ਘਟਨਾ ਦੇ ਚਾਰ ਮਹੀਨੇ ਬੀਤਣ ਮਗਰੋਂ ਵੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਸਬੰਧੀ 12 ਜਨਵਰੀ ਨੂੰ ਅਲਵਰ ਦੇ ਮਾਲਾ ਖੇੜਾ ਪੁਲੀਸ ਥਾਣੇ ਵਿੱਚ ਵੱਖ-ਵੱਖ ਧਰਾਵਾਂ ਤਹਿਤ ਕੇਸ ਵੀ ਦਰਜ ਹੋਇਆ ਸੀ ਪਰ ਪੁਲੀਸ ਨੇ ਅਜੇ ਤੱਕ ਕਿਸੇ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਪੀੜਤ ਲੜਕੀ ਜੈਪੁਰ ਦੇ ਇਕ ਹਸਪਤਾਲ ਦੇ ਆਈਸੀਯੂ ਵਿੱਚ ਜ਼ੇਰੇ ਇਲਾਜ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧੀ 17 ਜਨਵਰੀ ਅਤੇ 5 ਮਾਰਚ ਨੂੰ ਦੋ ਵਾਰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਪੱਤਰ ਵੀ ਲਿਖੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਅਲਵਰ ਦੇ ਸ਼ਹੀਦ ਸਮਾਰਕ ਸਥਲ ਵਿਖੇ ਜ਼ਿਲ੍ਹਾ ਅਲਵਰ ਗੁਰਮਤਿ ਪ੍ਰਚਾਰ ਕਮੇਟੀ ਨੇ ਪਿਛਲੇ 76 ਦਿਨਾਂ ਤੋਂ ਧਰਨਾ ਲਾਇਆ ਹੋਇਆ ਹੈ ਪਰ ਰਾਜਸਥਾਨ ਸਰਕਾਰ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ।
Comments (0)