ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪੇਸ਼ ਕੀਤੇ ਗਏ 12 ਮਤੇ

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪੇਸ਼ ਕੀਤੇ ਗਏ 12 ਮਤੇ

ਗੁਰਬਾਣੀ ਦੀ ਸੁਧਾਈ ਦੇ ਨਾਮ 'ਤੇ ਰਲਾ ਪਾਉਣ ਦੇ ਵਿਰੁੱਧ ਪੰਜ ਸਾਹਿਬਾਨ ਕਾਰਵਾਈ ਕਰਨ 

*ਅੰਮ੍ਰਿਤਸਰ ਸਥਿਤ ਗੁਰੂ ਰਾਮਦਾਸ ਅੰਤਰ ਰਾਸ਼ਟਰੀ ਹਵਾਈ ਅੱ ਡੇ ਤੋਂ ਵੱਖ - ਵੱਖ ਦੇਸ਼ਾਂ ਨੂੰ ਸਿੱਧੀਆਂ ਉਡਾਣਾਂ ਦੀ  ਮੰਗ 

 * ਸ਼੍ਰੋਮਣੀ ਕਮੇਟੀ ਵਲੋਂ ਸਾਲ 2022-23 ਲਈ 988 ਕਰੋੜ ਤੋਂ ਵੱਧ ਦਾ ਬਜਟ ਪੇਸ਼

 * ਵਿਰੋਧੀ ਧਿਰ ਨੇ ਕੀਤਾ ਬਾਈਕਾਟ   

ਅੰਮ੍ਰਿਤਸਰ ਟਾਈਮਜ਼  

 ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ 12 ਮਤੇ ਪੇਸ਼ ਕੀਤੇ ਗਏ। ਮਤਾ ਨੰਬਰ -1 ਪਿਛਲੇ ਕੁਝ ਸਮੇਂ ਤੋਂ ਇਹ ਧਿਆਨ ਵਿਚ ਆਇਆ ਹੈ ਕਿ ਗੁਰਬਾਣੀ ਦੀ ਪਾਠਗਤ ਸੁਧਾਈ ਅਤੇ ਉਚਾਰਨ ਦੀ ਸ਼ੁੱਧਤਾ ਦੇ ਨਾਂ ਹੇਠ ਗੁਰਬਾਣੀ ਦੇ ਮੂਲ ਪਾਠ ਨਾਲ ਛੇੜ - ਛਾੜ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਕੀਤੀ ਜਾ ਰਹੀ ਹੈ । ਇਹ ਗੁਰਬਾਣੀ ਭਾਸ਼ਾ , ਵਿਆਕਰਨ , ਲਿਖਤ ਦੇ ਅਦਬ , ਸਿੱਖ ਧਰਮ , ਸਿੱਖ ਮਰਯਾਦਾ ਤੇ ਪਰੰਪਰਾ ਦੇ ਵਿਰੁੱਧ ਹੈ ।  ਸ਼੍ਰੋਮਣੀ  ਕਮੇਟੀ ਸ੍ਰੀ ਅੰਮ੍ਰਿਤਸਰ ਦਾ  ਇਹ ਜਨਰਲ ਇਜਲਾਸ ਸਮੂਹ ਖਾਲਸਾ ਪੰਥ , ਗੁਰੂ ਨਾਨਕ ਨਾਮ ਲੇਵਾ ਸੰਗਤਾਂ , ਸਮੂਹ ਸਿੱਖ ਸੰਸਥਾਵਾਂ ਅਤੇ ਸੰਗਠਨਾਂ ਦੇ ਧਿਆਨ ਵਿਚ ਲਿਆਉਂਦਾ ਹੋਇਆ ਜਿਥੇ ਇਸ ਅਗਿਆਨ ਭਰੀਆਂ ਘਿਨਾਉਣੀਆਂ ਹਰਕਤਾਂ ਦੀ ਘੋਰ ਨਿੰਦਾ ਕਰਦਾ ਹੈ , ਉਥੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇਹ ਪੁਰਜ਼ੋਰ ਅਪੀਲ ਕਰਦਾ ਹੈ ਕਿ ਪੰਜ ਸਾਹਿਬਾਨ ਦੀ ਮੀਟਿੰਗ ਬੁਲਾ ਕੇ ਇਸ ਬਾਰੇ ਤੁਰੰਤ ਆਦੇਸ਼ ਜਾਰੀ ਕਰਕੇ ਸਖ਼ਤ ਤਾੜਨਾ ਕਰਨ ਕਿ ਕੋਈ ਵੀ ਵਿਅਕਤੀ , ਸੰਗਠਨ ਜਾਂ ਸੰਸਥਾ ਗੁਰਬਾਣੀ ਦੀ ਪਾਠਗਤ ਸੁਧਾਈ ਅਤੇ ਸ਼ੁੱਧ ਉਚਾਰਨ ਦੇ ਨਾਂ ਹੇਠ ਛਪਾਈ ਜਾਂ ਡਿਜੀਟਲ ਸੰਸਕਰਣ ਤਿਆਰ ਕਰਨ ਦਾ ਹੀਆ ਨਾ ਕਰੋ ।  ਇਹ ਜਨਰਲ ਇਜਲਾਸ ਇਹ ਵੀ ਮਹਿਸੂਸ ਕਰਦਾ ਹੈ ਕਿ ਅੱਜ ਬਹੁਤ ਸਾਰੀਆਂ ਮੋਬਾਇਲ ਐਪਸ ਅਤੇ ਵੈੱਬਸਾਈਟਾਂ ਮੌਜੂਦ ਹਨ , ਜਿਨ੍ਹਾਂ ' ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੀਡੀਐਫ ਅਤੇ ਹੋਰ ਵੱਖ - ਵੱਖ ਰੂਪਾਂ ਵਿਚ ਅਪਲੋਡ ਕੀਤਾ ਹੋਇਆ ਹੈ । ਇਹ ਲੋਕ ਗੁਰਬਾਣੀ ਦੀ ਪ੍ਰਮਾਣਿਕਤਾ ਨੂੰ ਦੇਖੇ ਪਰਖੇ ਬਿਨਾਂ ਹੀ ਵੈੱਬਸਾਈਟਾਂ ਅਤੇ ਐਪਸ ' ਤੇ ਅਪਲੋਡ ਕਰਕੇ ਸੰਗਤ ਤੱਕ ਪਹੁੰਚਾ ਰਹੇ ਹਨ । ਇਸ ਵਰਤਾਰੇ ' ਤੇ ਰੋਕ ਲੱਗਣੀ ਜ਼ਰੂਰੀ ਹੈ । ਜਨਰਲ ਇਜਲਾਸ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸਤਿਕਾਰ ਸਹਿਤ ਇਹ ਅਪੀਲ ਵੀ ਕਰਦਾ ਹੈ ਕਿ ਇਸ ਸਬੰਧ ਵਿਚ ਵਿਚਾਰ - ਵਟਾਂਦਰੇ ਉਪਰੰਤ ਲੋੜੀਂਦੇ ਨਿਰਦੇਸ਼ ਜਾਰੀ ਕਰਨ । ਮਤਾ ਨੰਬਰ -2 ਗੁਰਮੁਖੀ , ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਦੀ ਲਿਪੀ ਹੈ । ਗੁਰੂ ਸਾਹਿਬਾਨ , ਭਗਤ ਸਾਹਿਬਾਨ , ਭੱਟ ਸਾਹਿਬਾਨ ਤੇ ਹਜ਼ੂਰੀ ਸਿੱਖਾਂ ਵੱਲੋਂ ਉਚਾਰੀ ਗਈ ਇਲਾਹੀ ਗੁਰਬਾਣੀ , ਗੁਰਮੁਖੀ ਵਿਚ ਲਿਖੀ ਹੋਈ ਹੈ । ਗੁਰੂ ਕਾਲ ਤੋਂ ਸ੍ਰੀ ਕਰਤਾਰਪੁਰ ਸਾਹਿਬ ( ਪਾਕਿਸਤਾਨ ) , ਸ੍ਰੀ ਖਡੂਰ ਸਾਹਿਬ , ਸ੍ਰੀ ਗੋਇੰਦਵਾਲ ਸਾਹਿਬ , ਸ੍ਰੀ ਅੰਮ੍ਰਿਤਸਰ ਸਾਹਿਬ , ਸ੍ਰੀ ਕੀਰਤਪੁਰ ਸਾਹਿਬ , ਸ੍ਰੀ ਅਨੰਦਪੁਰ ਸਾਹਿਬ , ਸ੍ਰੀ ਪਾਉਂਟਾ ਸਾਹਿਬ , ਸ੍ਰੀ ਦਮਦਮਾ ਸਾਹਿਬ , ਸ੍ਰੀ ਪਟਨਾ ਸਾਹਿਬ , ਸ੍ਰੀ ਹਜ਼ੂਰ ਸਾਹਿਬ ਆਦਿ ਤੋਂ ਇਲਾਵਾ ਉਦਾਸੀਆਂ , ਨਿਰਮਲਿਆਂ , ਸੇਵਾ - ਪੰਥੀਆਂ , ਨਿਹੰਗ ਸਿੰਘਾਂ , ਦਮਦਮੀ ਟਕਸਾਲ ਸਮੇਤ ਵੱਖ - ਵੱਖ ਸੰਪਰਦਾਵਾਂ , ਸਿੱਖ ਮਿਸ਼ਨਰੀ ਸੰਸਥਾਵਾਂ ਅਤੇ ਜਥੇਬੰਦੀਆਂ , ਗੁਰਮੁਖੀ ਸਿਖਣ - ਸਿਖਾਉਣ ਦੇ ਮਹਾਨ ਕਾਰਜ ਲਈ ਸਮਰਪਿਤ ਰਹੀਆਂ ਹਨ । ਸਮੇਂ ਨਾਲ ਆਧੁਨਿਕ ਸਿੱਖਿਆ ਪ੍ਰਣਾਲੀ ਦੇ ਪ੍ਰਭਾਵ ਅਧੀਨ ਸ਼ੁਰੂ ਹੋਏ ਸਕੂਲਾਂ , ਕਾਲਜਾਂ , ਯੂਨੀਵਰਸਿਟੀਆਂ ਦੇ ਪ੍ਰਚਲਨ ਤੇ ਸਾਡੇ ਅਵੇਸਲੇਪੁਣੇ ਸਦਕਾ ਗੁਰਮੁਖੀ ਸਿਖਣ ਸਿਖਾਉਣ ਦੀ ਅਮੀਰ ਪਰੰਪਰਾ ਮੱਧਮ ਪੈਂਦੀ ਜਾ ਰਹੀ ਹੈ , ਜਿਸ ਨੂੰ ਮੁੜ ਸੁਰਜੀਤ ਕਰਕੇ ਪ੍ਰਚੰਡ ਕਰਨ ਦੀ ਲੋੜ ਹੈ ।   ਜਨਰਲ ਇਜਲਾਸ ਫੈਸਲਾ ਕਰਦਾ ਹੈ ਕਿ ਸਮੁੱਚਾ ਪੰਥ , ਹਰੇਕ ਵਰ੍ਹੇ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਿਆਈ ਦਿਵਸ ਨੂੰ ਗੁਰਮੁਖੀ ਦਿਵਸ ਵਜੋਂ ਮਨਾਇਆ ਕਰੇਗਾ । ਇਸ ਦਿਹਾੜੇ ' ਤੇ ਪੰਜਾਬ ਅਤੇ ਦੇਸ਼ - ਵਿਦੇਸ਼ ਦੀਆਂ ਸੰਗਤਾਂ , ਗੁਰਦੁਆਰਾ  ਪ੍ਰਬੰਧਕ ਕਮੇਟੀਆਂ , ਸਿੱਖ ਸੰਗਠਨ ਤੇ ਜਥੇਬੰਦੀਆਂ ਆਪਣੇ - ਆਪਣੇ ਪੱਧਰ ' ਤੇ ਲੋੜਵੰਦ / ਚਾਹਵਾਨ ਬੱਚਿਆਂ ਤੇ ਜਗਿਆਸੂਆਂ ਨੂੰ ਗੁਰਮੁਖੀ ਸਿਖਾਉਣ ਦੇ ਯੋਗ ਪ੍ਰਬੰਧ ਕਰਨਗੀਆਂ ।  ਮਤਾ ਨੰਬਰ -3 ਸ਼੍ਰੋਮਣੀ  ਕਮੇਟੀ ਦਾ ਇਹ ਜਨਰਲ ਇਜਲਾਸ  ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵੱਖ - ਵੱਖ ਦੇਸ਼ਾਂ ਨੂੰ ਸਿੱਧੀਆਂ ਉਡਾਣਾਂ ਦੀ ਪੁਰਜ਼ੋਰ ਮੰਗ ਕਰਦਾ ਹੈ । ਜਨਰਲ ਇਜਲਾਸ ਮਹਿਸੂਸ ਕਰਦਾ ਹੈ ਕਿ ਮੌਜੂਦਾ ਸਮੇਂ 50 ਲੱਖ ਦੇ ਕਰੀਬ ਸਿੱਖ ਵੱਖ ਵੱਖ ਦੇਸ਼ਾਂ ਵਿਚ ਰਹਿ ਰਹੇ ਹਨ , ਜਿਨ੍ਹਾਂ ਨੂੰ ਆਪਣੀ ਮਾਂ ਭੂਮੀ ' ਤੇ ਆਉਣ ਸਮੇਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਦੁੱਖ ਦੀ ਗੱਲ ਹੈ ਕਿ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਵਸਾਏ ਪਵਿੱਤਰ ਸ਼ਹਿਰ ਸ੍ਰੀ ਅੰਮ੍ਰਿਤਸਰ ਵਿਖੇ ਚੌਥੇ ਪਾਤਸ਼ਾਹ ਜੀ ਦੇ ਨਾਂ ' ਤੇ ਅੰਤਰਰਾਸ਼ਟਰੀ ਹਵਾਈ ਅੱਡਾ ਮੌਜੂਦ ਹੋਣ ਦੇ ਬਾਵਜੂਦ ਵੀ ਇਸ ਨੂੰ ਵਿਕਸਿਤ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ । ਲੰਮੇ ਅਰਸੇ ਤੋਂ ਇਸ ਹਵਾਈ ਅੱਡੇ ਤੋਂ ਵੱਖ - ਵੱਖ ਦੇਸ਼ਾਂ ਨੂੰ ਸਿੱਧੀਆਂ ਉਡਾਣਾਂ ਦਾ ਕੋਈ ਖ਼ਾਸ ਪ੍ਰਬੰਧ ਨਹੀਂ ਕੀਤਾ ਜਾ ਰਿਹਾ ।ਇਸ ਨਾਲ ਜਿਥੇ ਦਿੱਲੀ ਤੋਂ ਪੰਜਾਬ ਤੱਕ ਪੁੱਜਣ ਲਈ ਵੱਡਾ ਵਿੱਤੀ ਬੋਝ ਪੈਂਦਾ ਹੈ , ਉਥੇ ਹੀ ਕਈ ਕਈ ਘੰਟਿਆਂ ਦੇ ਸਫ਼ਰ ਨਾਲ ਵੀ ਦੋ - ਚਾਰ ਹੋਣਾ ਪੈਂਦਾ ਹੈ । ਇਹ ਜਨਰਲ ਇਜਲਾਸ ਭਾਰਤ ਸਰਕਾਰ ਪਾਸੋਂ ਮੰਗ ਕਰਦਾ ਹੈ ਕਿ ਪੰਜਾਬੀਆਂ ਨੂੰ ਆਪਣੇ ਵਤਨ ਪਰਤਨ ਸਮੇਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਦਵਾਉਣ ਲਈ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਸ੍ਰੀ ਅੰਮ੍ਰਿਤਸਰ ਤੋਂ ਅਮਰੀਕਾ , ਕੈਨੇਡਾ , ਯੂਰਪੀ ਦੇਸ਼ , ਆਸਟ੍ਰੇਲੀਆ , ਨਿਊਜੀਲੈਂਡ , ਯੂਕੇ ਆਦਿ ਦੇਸ਼ਾਂ ਨੂੰ ਸਿੱਧੀਆਂ ਹਵਾਈ ਉਡਾਣਾਂ ਚਾਲੂ ਕੀਤੀਆਂ ਜਾਣ । ਇਸ ਦੇ ਨਾਲ ਹੀ ਸ੍ਰੀ ਅੰਮ੍ਰਿਤਸਰ ਤੋਂ ਸ੍ਰੀ ਪਟਨਾ ਸਾਹਿਬ ਅਤੇ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਵੀ ਰੋਜ਼ਾਨਾ ਉਡਾਣਾਂ ਦੇ ਆਉਣ - ਜਾਣ ਨੂੰ ਯਕੀਨੀ ਬਣਾਇਆ ਜਾਵੇ । ਜਰਨਲ ਇਜਲਾਸ ਭਾਰਤ ਦੇ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਅਤੇ ਨਾਗਰਿਕ ਹਵਾਬਾਜ਼ੀ ਮੰਤਰੀ ਯਓਤੀਰਾਦਿਤਿਆ ਸਿੰਧੀਆ ਨੂੰ ਇਸ ਮਾਮਲੇ ਵਿਚ ਸੰਜੀਦਾ ਪਹੁੰਚ ਅਪਨਾਉਣ ਦੀ ਅਪੀਲ ਕਰਦਾ ਹੈ । ਮਤਾ ਨੰਬਰ -1 ਸ਼੍ਰੋਮਣੀ ਕਮੇਟੀ ਦਾ  ਇਹ ਜਨਰਲ ਇਜਲਾਸ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕਰਦਾ ਹੈ ਕਿ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਵਾਸਤੇ ਵੱਖ - ਵੱਖ ਰਸਤਿਆਂ ਨੂੰ ਖੁੱਲ੍ਹਾ ਕਰਕੇ ਸਿੱਖ ਵਿਰਾਸਤੀ ਦਿੱਖ ਦਿੱਤੀ ਜਾਵੇ । ਇਹ ਰਸਤੇ ਤੰਗ ਹੋਣ ਦੇ ਨਾਲ - ਨਾਲ ਦੁਕਾਨਦਾਰਾਂ ਵੱਲੋਂ ਕੀਤੇ ਆਰਜ਼ੀ ਕਬਜ਼ਿਆਂ ਕਾਰਨ ਸੰਗਤਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ । ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਕੋਤਵਾਲੀ ਤੋਂ ਘੰਟਾ ਘਰ ਤੱਕ ਰਸਤੇ ਨੂੰ ਖੂਬਸੂਰਤ ਵਿਰਾਸਤੀ ਦਿੱਖ ਦੇ ਕੇ ਤਿਆਰ ਕੀਤਾ ਗਿਆ ਸੀ । ਇਸੇ ਤਰਜ਼ ' ਤੇ ਸੁਲਤਾਨਵਿੰਡ ਗੇਟ ਤੋਂ ਦਰਬਾਰ ਸਾਹਿਬ ਤੱਕ ਤੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਾਲੇ ਪਾਸਿਓਂ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਗੁਰਦੁਆਰਾ ਬਾਬਾ ਅਟੱਲ ਰਾਇ ਸਾਹਿਬ ਤੱਕ ਰਸਤੇ ਤਿਆਰ ਕੀਤੇ ਜਾਣ । ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ  ਅੰਮ੍ਰਿਤਸਰ ਦੇ ਨਵੰਬਰ 2018 ਵਿਚ ਹੋਏ ਜਨਰਲ ਇਜਲਾਸ ਦੌਰਾਨ ਵੀ ਮਤਾ ਕਰਕੇ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਸੀ , ਪਰ ਸਰਕਾਰ ਵੱਲੋਂ ਇਸ ' ਤੇ ਅਜੇ ਤੀਕ ਕੋਈ ਅਮਲ ਨਹੀਂ ਕੀਤਾ ਗਿਆ । ਸ਼੍ਰੋਮਣੀ  ਕਮੇਟੀ  ਦਾ ਇਹ ਜਨਰਲ ਇਜਲਾਸ ਪੰਜਾਬ ਸਰਕਾਰ ਨੂੰ ਮੁੜ ਅਪੀਲ ਕਰਦਾ ਹੈ ਕਿ ਦਰਬਾਰ ਸਾਹਿਬ ਦੀ ਇਤਿਹਾਸਕ ਮਹੱਤਤਾ ਦੇ ਮੱਦੇਨਜ਼ਰ ਇਸ ਨੂੰ ਆਉਂਦੇ ਵੱਖ - ਵੱਖ ਰਸਤਿਆਂ ਨੂੰ ਖੁੱਲ੍ਹਾ ਕੀਤਾ ਜਾਵੇ ਤੇ ਇਨ੍ਹਾਂ ਨੂੰ ਸਿੱਖ ਵਿਰਾਸਤੀ ਦਿੱਖ ਦਿੱਤੀ ਜਾਵੇ ।  ਮਤਾ ਨੰਬਰ -5 ਸ਼੍ਰੋਮਣੀ ਕਮੇਟੀ ਦਾ ਇਹ ਜਨਰਲ ਇਜਲਾਸ ਖੁੱਲ੍ਹ ਲਾਂਘੇ ਰਾਹੀਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ , ਕਰਤਾਰਪੁਰ ਸਾਹਿਬ ( ਪਾਕਿਸਤਾਨ ) ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਪਾਸਪੋਰਟ ਦੀ ਸ਼ਰਤ ਖ਼ਤਮ ਕਰਨ ਅਤੇ ਦਰਸ਼ਨਾਂ ਲਈ ਪ੍ਰਕਿਰਿਆ ਸੌਖੀ ਕਰਨ ਦੀ ਭਾਰਤ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦਾ ਹੈ ।  ਸ਼੍ਰੋਮਣੀ ਕਮੇਟੀ ਦਾ ਇਹ ਜਨਰਲ ਇਜਲਾਸ ਭਾਰਤ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਜਾਣ ਵਾਲੇ ਸ਼ਰਧਾਲੂਆਂ ਲਈ ਪਾਸਪੋਰਟ ਦੀ ਸ਼ਰਤ ਤੁਰੰਤ ਖ਼ਤਮ ਕੀਤੀ ਜਾਵੇ , ਤਾਂ ਜੋ ਇਸ ਲਾਂਘੇ ਰਾਹੀਂ ਹਰ ਗੁਰੂ ਨਾਨਕ ਨਾਮ ਲੇਵਾ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਸਕੇ । ਸ਼੍ਰੋਮਣੀ ਕਮੇਟੀ  ਦਾ ਇਹ ਜਨਰਲ ਇਜਲਾਸ ਪੰਜਾਬ ਸਰਕਾਰ ਪਾਸੋਂ ਵੀ ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਨੂੰ ਸਿੱਖ ਵਿਰਾਸਤੀ ਸ਼ਹਿਰ ਵਜੋਂ ਵਿਕਸਤ ਕਰਨ ਦੀ ਪੁਰਜ਼ੋਰ ਮੰਗ ਕਰਦਾ ਹੈ । ਮਤਾ ਨੰਬਰ -6 ਗੁਰਦੁਆਰਾ ਸ੍ਰੀ ਪੰਜਾ ਸਾਹਿਬ ਪਾਕਿਸਤਾਨ ਵਿਖੇ 30 ਅਕਤੂਬਰ 1922 ਨੂੰ ਵਾਪਰਿਆ ਸ਼ਹੀਦੀ ਸਾਕਾ ਸਿੱਖ ਇਤਿਹਾਸ ਦਾ ਬੇਹੱਦ ਮਹੱਤਵਪੂਰਨ ਪੰਨਾ ਹੈ । ਇਸ ਸਾਕੇ ਨੂੰ ਵਾਪਰਿਆਂ 100 ਸਾਲ ਦਾ ਸਮਾਂ ਹੋ ਰਿਹਾ ਹੈ । ਖ਼ਾਲਸਾ ਪੰਥ ਇਸ ਸਾਕੇ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ ਇਸ ਦੀ ਪਹਿਲੀ ਸ਼ਤਾਬਦੀ ਪੰਥਕ ਰਵਾਇਤਾਂ ਅਨੁਸਾਰ ਮਨਾਵੇਗਾ । ਇਹ ਸਾਕਾ ਕਿਉਂਕਿ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਪਾਕਿਸਤਾਨ ਵਿਖੇ ਵਾਪਰਿਆ ਸੀ , ਜਿਸ ਕਰਕੇ ਭਾਰਤ ਦੇ ਨਾਲ - ਨਾਲ ਪਾਕਿਸਤਾਨ ਵਿਖੇ ਵੀ ਸ਼ਤਾਬਦੀ ਸਮਾਗਮ ਕਰਵਾਏ ਜਾਣੇ ਲਾਜ਼ਮੀ ਹਨ । ਸ਼੍ਰੋਮਣੀ  ਕਮੇਟੀ ਦਾ ਇਹ ਜਨਰਲ ਇਜਲਾਸ ਭਾਰਤ ਸਰਕਾਰ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਤੋਂ ਪੁਰਜ਼ੋਰ ਮੰਗ ਕਰਦਾ ਹੈ ਕਿ 30 ਅਕਤੂਬਰ 2022 ਨੂੰ ਸਾਕਾ ਸ੍ਰੀ ਪੰਜਾ ਸਾਹਿਬ ਦੀ 100 ਸਾਲਾ ਸ਼ਤਾਬਦੀ ਮਨਾਉਣ ਮੌਕੇ ਪਾਕਿਸਤਾਨ ਵਿਖੇ ਕੀਤੇ ਜਾਣ ਵਾਲੇ ਸਮਾਗਮਾਂ ਵਿਚ ਸ਼ਮੂਲੀਅਤ ਲਈ ਭਾਰਤ ਤੋਂ ਜਾਣ ਵਾਲੇ ਸ਼ਰਧਾਲੂਆਂ ਨੂੰ ਵੱਧ ਤੋਂ ਵੱਧ ਵੀਜ਼ਾ ਜਾਰੀ ਕੀਤੇ ਜਾਣ , ਤਾਂ ਜੋ ਵੱਧ ਤੋਂ ਵੱਧ ਸੰਗਤਾਂ ਇਨ੍ਹਾਂ ਇਤਿਹਾਸਕ ਸਮਾਗਮਾਂ ਦਾ ਹਿੱਸਾ ਬਣ ਸਕਣ । ਮਤਾ ਨੰਬਰ -7 ਸ਼੍ਰੋਮਣੀ  ਕਮੇਟੀ ਦਾ ਜਨਰਲ ਇਜਲਾਸ ਸਿੱਖ ਕੌਮ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ  ਕਮੇਟੀ ਖਿਲਾਫ ਕੀਤੇ ਜਾਂਦੇ ਕੂੜ ਪ੍ਰਚਾਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ । ਪਿਛਲੇ ਕੁਝ ਦਿਨਾਂ ਤੋਂ ਇਹ ਵੇਖਣ ਵਿਚ ਆਇਆ ਹੈ ਕਿ ਕੁਝ ਲੋਕ ਤੱਥ ਰਹਿਤ ਬਿਆਨਬਾਜ਼ੀ ਕਰਕੇ ਸਿੱਖ ਸੰਸਥਾ ਦੇ ਅਕਸ ਨੂੰ ਢਾਹ ਲਗਾ ਰਹੇ ਹਨ । ਇਨ੍ਹਾਂ ਲੋਕਾਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚਲਦੇ ਟਰੱਸਟਾਂ ਨੂੰ ਰਾਜਸੀ ਪ੍ਰਭਾਵ ਹੇਠ ਦੱਸ ਕੇ ਸੰਗਤ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ । ਸ਼੍ਰੋਮਣੀ ਕਮੇਟੀ ਸ੍ਰੀ ਅੰਮ੍ਰਿਤਸਰ ਦਾ ਜਨਰਲ ਇਜਲਾਸ ਸਪੱਸ਼ਟ ਕਰਦਾ ਹੈ ਕਿ ਸ਼੍ਰੋਮਣੀ  ਕਮੇਟੀ ਦੇ ਪ੍ਰਬੰਧ ਹੇਠਲੇ ਚਲਦੇ ਸਾਰੇ ਟਰੱਸਟ ਸ਼੍ਰੋਮਣੀ ਕਮੇਟੀ ਦੀ ਜਾਇਦਾਦ ਹਨ । ਇਨ੍ਹਾਂ ਟਰੱਸਟਾਂ ਦੇ ਪ੍ਰਧਾਨ ਵਜੋਂ ਸ਼੍ਰੋਮਣੀ  ਕਮੇਟੀ ਦਾ ਪ੍ਰਧਾਨ ਕਾਰਜਸ਼ੀਲ ਹੁੰਦਾ ਹੈ ਅਤੇ ਸਕੱਤਰ ਪ੍ਰਬੰਧਕ ਵਜੋਂ ਸੇਵਾਵਾਂ ਨਿਭਾਉਂਦੇ ਹਨ । ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਟਰੱਸਟ ਸ੍ਰੀ ਅੰਮ੍ਰਿਤਸਰ , ਬਾਬਾ ਬੰਦਾ ਸਿੰਘ ਇੰਜੀ : ਕਾਲਜ ਸ੍ਰੀ ਫ਼ਤਹਿਗੜ੍ਹ ਸਾਹਿਬ , ਮੀਰੀ ਪੀਰੀ ਮੈਡੀਕਲ ਟਰੱਸਟ ਸ਼ਾਹਬਾਦ ਮਾਰਕੰਡਾ ਹਰਿਆਣਾ , ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਪ੍ਰਬੰਧਕੀ ਟਰੱਸਟ ਅਤੇ ਸ੍ਰੀ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਲੁਧਿਆਣਾ ਆਦਿ ਦੀਆਂ ਸੇਵਾਵਾਂ ਬਮਿਸਾਲ ਹਨ । ਮੈਡੀਕਲ ਅਤੇ ਇੰਜੀਅਰਿੰਗ ਦੀ ਪੜ੍ਹਾਈ ਦੇ ਖੇਤਰ ਵਿਚ ਇਨ੍ਹਾਂ ਟਰੱਸਟਾਂ ਨੇ ਬੁਲੰਦੀਆਂ ਹਾਸਲ ਕੀਤੀਆਂ ਹਨ ਅਤੇ ਬੇਅੰਤ ਵਿਦਿਆਰਥੀਆਂ ਦੇ ਭਵਿੱਖ ਨੂੰ ਰੌਸ਼ਨ ਕੀਤਾ ਹੈ । ਸੰਸਥਾਵਾਂ ਦੇ ਪ੍ਰਬੰਧ ਨੂੰ ਸੁਚਾਰੂ ਬਨਾਉਣ ਲਈ ਇਨ੍ਹਾਂ ਟਰੱਸਟਾਂ ਦੀ ਸਥਾਪਨਾ ਬਿਲਕੁਲ ਪਾਰਦਰਸ਼ੀ ਹੈ ਅਤੇ ਇਨ੍ਹਾਂ ਟਰੱਸਟਾਂ ਵਿਰੁੱਧ ਕੀਤਾ ਜਾਂਦਾ ਪ੍ਰਚਾਰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ । ਸ਼੍ਰੋਮਣੀ ਕਮੇਟੀ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਤੋਂ ਇਲਾਵਾ ਧਰਮ ਪ੍ਰਚਾਰ , ਸਿਹਤ ਅਤੇ ਸਿੱਖਿਆ ਸੇਵਾਵਾਂ ਲਈ ਮੋਹਰੀ ਭੂਮਿਕਾ ਨਿਭਾਅ ਰਹੀ ਹੈ ਅਤੇ ਨਿਭਾਉਂਦੀ ਰਹੇਗੀ । ਇਹ ਜਨਰਲ ਇਜਲਾਸ ਸੰਗਤਾਂ ਨੂੰ ਸੁਚੇਤ ਕਰਦਾ ਹੈ ਕਿ ਪੰਥਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਲਈ ਕਾਰਜਸ਼ੀਲ ਲੋਕਾਂ ਤੋਂ ਸੁਚੇਤ ਰਹਿਣ । ਮਤਾ ਨੰਬਰ -8 ਸ਼੍ਰੋਮਣੀ ਕਮੇਟੀ  ਅੰਮ੍ਰਿਤਸਰ ਦਾ ਜਨਰਲ ਇਜਲਾਸ ਦੇਸ਼ ਦੀਆਂ ਵੱਖ - ਵੱਖ ਜੇਲ੍ਹਾਂ ਅੰਦਰ ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ ਕਾਲ - ਕੋਠੜੀਆਂ ਵਿਚ ਬੰਦ ਸਿੰਘਾਂ ਦੀ ਰਿਹਾਈ ਦੀ ਭਾਰਤ ਸਰਕਾਰ ਪਾਸੋਂ ਪੁਰਜ਼ੋਰ ਮੰਗ ਕਰਦਾ ਹੈ । ਦੁੱਖ ਦੀ ਗੱਲ ਹੈ ਕਿ ਬਹੁਤੇ ਬੰਦੀ ਸਿੰਘਾਂ ਨੂੰ ਤਾਂ ਕਰੀਬ 30-30 ਸਾਲ ਪੈਰੋਲ ਦੇ ਸੰਵਿਧਾਨਕ ਹੱਕ ਤੋਂ ਵੀ ਵਾਂਝਿਆਂ ਰੱਖਿਆ ਗਿਆ ਹੈ । ਇਸ ਦੇ ਉਲਟ ਸੰਗੀਨ ਦੋਸ਼ਾਂ ਦਾ ਸਾਹਮਣਾ ਕਰ ਰਹੇ ਡੇਰਾ ਸਿਰਸਾ ਮੁਖੀ ਅਤੇ ਦਿੱਲੀ ਸਿਖ ਕਤਲੇਆਮ ਦੇ ਦੋਸ਼ੀ ਕਿਸ਼ੋਰੀ ਲਾਲ ਅਤੇ ਹੋਰਾਂ ਨੂੰ ਫਰਲੋ ਦੇ ਕੇ ਸਿੱਖਾਂ ਨੂੰ ਚਿੜਾਇਆ ਜਾ ਰਿਹਾ ਹੈ । ਪ੍ਰੋ . ਦਵਿੰਦਰਪਾਲ ਸਿੰਘ ਭੁੱਲਰ , ਭਾਈ ਜਗਤਾਰ ਸਿੰਘ ਹਵਾਰਾ , ਭਾਈ ਬਲਵੰਤ ਸਿੰਘ ਰਾਜੋਆਣਾ ਸਮੇਤ ਅਨੇਕਾਂ ਬੰਦੀ ਸਿੱਖ ਆਪਣੀ ਉਮਰ ਦੇ ਸੁਨਹਿਰੀ ਦਿਨ ਜੇਲ੍ਹਾਂ ਵਿਚ ਕੱਟ ਚੁੱਕੇ ਹਨ । ਸਿੱਖ ਬੰਦੀਆਂ ਨੂੰ ਰਿਹਾਅ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਮੌਕੇ ਐਲਾਨ ਤਾਂ ਕੀਤਾ ਗਿਆ ਸੀ , ਪਰ ਇਸ ' ਤੇ ਅਮਲ ਨਹੀਂ ਹੋਇਆ । ਦਿੱਲੀ ਦੀ ਕੇਜਰੀਵਾਲ ਸਰਕਾਰ ਪ੍ਰੋ  ਭੁੱਲਰ ਨੂੰ ਰਿਹਾਅ ਕਰਨ ਵਿਚ ਤਿੰਨ ਵਾਰ ਰੱਖੀਆਂ ਮੀਟਿੰਗਾਂ ਦੌਰਾਨ ਰਿਹਾਈ ਰੱਦ ਕਰਕੇ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰ ਰਹੀ ਹੈ । ਸ਼੍ਰੋਮਣੀ  ਕਮੇਟੀ ਦਾ ਇਹ ਜਨਰਲ ਇਜਲਾਸ ਭਾਰਤ ਸਰਕਾਰ ਪਾਸੋਂ ਪੁਰਜ਼ੋਰ ਮੰਗ ਕਰਦਾ ਹੈ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਜੇਲ੍ਹਾਂ ਵਿਚ ਬੰਦ ਸਿੱਖ ਕੈਦੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ । ਮਤਾ ਨੰਬਰ -9 ਸ਼੍ਰੋਮਣੀ ਕਮੇਟੀ  ਦਾ  ਇਹ ਜਨਰਲ ਇਜਲਾਸ ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਕੇਂਦਰ ਸਰਕਾਰ ਅਧੀਨ ਕਰਨ ਵਾਲੇ ਫੈਸਲੇ ਦੀ ਕਰੜੀ ਨਿੰਦਾ ਕਰਦਾ ਹੈ । ਚੰਡੀਗੜ੍ਹ ਪੰਜਾਬ ਦੇ ਪਿੰਡਾਂ ਦੀ ਕੀਮਤੀ ਜ਼ਮੀਨ ' ਤੇ ਦੱਸਿਆ ਹੋਇਆ ਹੈ , ਜਿਸ ' ਤੇ ਪੰਜਾਬ ਦਾ ਹੀ ਹੱਕ ਹੈ । ਕੇਂਦਰ ਸਰਕਾਰ ਵੱਲੋਂ ਪੰਜਾਬ ਪੁਨਰਗਠਨ ਐਕਟ 1966 ਦੀ ਉਲੰਘਣਾ ਕਰਕੇ ਚੰਡੀਗੜ੍ਹ ਪ੍ਰਸਾਸ਼ਨ ਦੇ ਮੁਲਾਜ਼ਮਾਂ ਦੀਆਂ ਸੇਵਾ ਸ਼ਰਤਾਂ ਕੇਂਦਰੀ ਨਿਯਮਾਂ ਅਨੁਸਾਰ ਕਰਨਾ ਪੰਜਾਬ ਨਾਲ ਵੱਡਾ ਧੱਕਾ ਹੈ । ਇਸ ਨਾਲ ਪੰਜਾਬ ਤੋਂ ਬਾਹਰਲੇ ਅਫ਼ਸਰ ਚੰਡੀਗੜ੍ਹ ' ਤੇ ਥੋਪਣ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ , ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ । ਇਸ ਤੋਂ ਪਹਿਲਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦੀ ਲਾਜ਼ਮੀ ਨੁਮਾਇੰਦਗੀ ਨੂੰ ਖ਼ਤਮ ਕਰਕੇ ਵੀ ਕੇਂਦਰ ਸਰਕਾਰ ਨੇ ਪੰਜਾਬ ਨਾਲ ਵਿਤਕਰਾ ਕੀਤਾ ਹੈ । ਪੰਜਾਬ ਦੇ ਪਾਣੀ ਪਹਿਲਾਂ ਹੀ ਖੋਹੇ ਜਾ ਚੁੱਕੇ ਹਨ ਅਤੇ ਹੁਣ ਦਰਿਆਵਾਂ ' ਤੇ ਬਣੇ ਬਿਜਲੀ ਪਲਾਂਟ ਵੀ ਹਥਿਆਉਣ ਦਾ ਯਤਨ ਕੀਤਾ ਜਾ ਰਿਹਾ ਹੈ । ਇਹ ਵਿਤਕਰਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ । ਸ਼੍ਰੋਮਣੀ  ਕਮੇਟੀ ਦਾ ਇਹ ਜਨਰਲ ਇਜਲਾਸ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਕੀਤੇ ਜਾ ਰਹੇ ਵਿਤਕਰਿਆਂ ਦੀ ਕਰੜੀ ਆਲੋਚਨਾ ਕਰਦਾ ਹੋਇਆ ਪੰਜਾਬ ਦੇ ਹੱਕਾਂ ਹਿੱਤਾਂ ਨਾਲ ਖੜ੍ਹਨ ਦੀ ਵਚਨਬੱਧਤਾ ਪ੍ਰਗਟਾਉਂਦਾ ਹੈ ।

ਜਨਰਲ ਇਜਲਾਸ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਉਹ ਆਪਣੇ ਅਜਿਹੇ ਤਾਨਾਸ਼ਾਹੀ ਫੈਸਲਿਆਂ ' ਤੇ ਰੋਕ ਲਗਾਏ ਅਤੇ ਪੰਜਾਬ ਨੂੰ ਦਬਾਉਣ ਵਾਲੀਆਂ ਨੀਤੀਆਂ ਬੰਦ ਕਰੇ । ਮਤਾ ਨੰਬਰ 10 ਸ਼੍ਰੋਮਣੀ  ਕਮੇਟੀ  ਦਾ ਇਹ ਜਨਰਲ ਇਜਲਾਸ ਭਾਰਤ ਸਰਕਾਰ ਪਾਸੋਂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਅਸਥਾਨ ਗੁਰਦੁਆਰਾ ਗਿਆਨ ਗੋਦੜੀ ਹਰਿ ਕੀ ਪਾਉੜੀ ਹਰਿਦੁਆਰ ( ਉਤਰਾਂਚਲ ) , ਗੁਰਦੁਆਰਾ ਡਾਂਗਮਾਰ ਤੇ ਚੁੰਗਥਾਂਗ ( ਸਿੱਕਮ ) , ਗੁਰਦੁਆਰਾ ਬਾਵਲੀ ਮੱਠ , ਮੰਗੂ ਮੱਠ ਤੇ ਪੰਜਾਬੀ ਮੱਠ ਜਗਨਨਾਥਪੁਰੀ ( ਉੜੀਸਾ ) ਦੇ ਲੰਮੇ ਸਮੇਂ ਤੋਂ ਅਟਕੇ ਮਸਲੇ ਹੱਲ ਕਰਨ ਦੀ ਮੰਗ ਕਰਦਾ ਹੈ । ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਇਤਿਹਾਸਕ ਅਸਥਾਨਾਂ ਦੇ ਮਾਮਲਿਆਂ ਦਾ ਸਰਲੀਕਰਨ ਲੰਮੇ ਅਰਸੇ ਤੋਂ ਮੰਗਿਆ ਜਾ ਰਿਹਾ ਹੈ , ਪਰੰਤੂ ਅਫ਼ਸੋਸ ਹੈ ਕਿ ਪਹਿਲੇ ਪਾਤਸ਼ਾਹ ਨਾਲ ਸਬੰਧਤ ਇਨ੍ਹਾਂ ਅਸਥਾਨਾਂ ਦੀ ਸੇਵਾ - ਸੰਭਾਲ ਅਤੇ ਲੋੜੀਂਦੇ ਸੇਵਾ ਕਾਰਜਾਂ ਦਾ ਪੰਥ ਨੂੰ ਮੌਕਾ ਨਹੀਂ ਦਿੱਤਾ ਜਾ ਰਿਹਾ । ਹਰਿਦੁਆਰ ਵਿਖੇ ਗੁਰਦੁਆਰਾ ਹਰਿ ਕੀ ਪਉੜੀ ਦੀ ਮੁੜ ਸਥਾਪਨਾ ਦਾ ਮਾਮਲਾ ਵੀ ਹੁਣ ਤੱਕ ਹੱਲ ਨਹੀਂ ਕੀਤਾ ਗਿਆ । ਇਸ ਨਾਲ ਸੰਗਤ ਅੰਦਰ ਰੋਸ ਦੀ ਭਾਵਨਾ ਬਣੀ ਹੋਈ ਹੈ । ਸ਼੍ਰੋਮਣੀ  ਕਮੇਟੀ  ਦਾ ਇਹ ਜਨਰਲ ਇਜਲਾਸ ਭਾਰਤ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦਾ ਹੈ ਕਿ ਸਿੱਖਾਂ ਦੇ ਇਨ੍ਹਾਂ ਪਾਵਨ ਅਸਥਾਨਾਂ ਦੀ ਸੇਵਾ ਸੰਭਾਲ ਦੇ ਨਾਲ - ਨਾਲ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਮਾਮਲਿਆਂ ਦਾ ਹੱਲ ਕਰਨ ਲਈ ਸੰਜੀਦਗੀ ਦਿਖਾਏ । ਮਤਾ ਨੰਬਰ ਸ਼੍ਰੋਮਣੀ  ਕਮੇਟੀ   ਜਿਥੇ ਮਿਆਰੀ ਤੇ ਸਸਤੀ ਵਿਦਿਆ ਦਾ ਪ੍ਰਬੰਧ ਕਰਨ ਲਈ ਵਚਨਬਧ ਹੈ , ਉਥੇ ਹੀ ਅੰਮ੍ਰਿਤਧਾਰੀ ਸਿੱਖ ਵਿਦਿਆਰਥੀਆਂ ਨੂੰ ਵਿਦਿਆ ਦੇ ਖੇਤਰ ਵਿਚ ਹੋਰ ਬੁਲੰਦੀਆਂ ਤੱਕ ਪਹੁੰਚਾਉਣ ਲਈ ਸਾਲਾਨਾ ਵਜ਼ੀਫ਼ਾ ਰਾਸ਼ੀ ਦਾ ਵੀ ਪ੍ਰਬੰਧ ਕਰਦੀ ਹੈ । ਇਸ ਦੇ ਨਾਲ ਹੀ ਧਰਮ ਪ੍ਰਚਾਰ ਲਹਿਰ ਤਹਿਤ ਅੰਮ੍ਰਿਤਧਾਰੀ ਗੁਰਸਿੱਖ ਬੱਚੀਆਂ ਨੂੰ ਉਚੇਰੀ ਵਿਦਿਆ ਵਿਚ ਨਿਪੁੰਨ ਕਰਨ ਲਈ ਮੁਫ਼ਤ ਵਿਦਿਆ ਦੇਣ ਦਾ ਵੀ ਉਪਰਾਲਾ ਕਰ ਰਹੀ ਹੈ । ਇਸ ਸਬੰਧ ਵਿਚ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸਥਿਤ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ 200 ਅੰਮ੍ਰਿਤਧਾਰੀ ਗੁਰਸਿੱਖ ਬੱਚੀਆਂ ਨੂੰ ਪਿਛਲੇ ਸਾਲ ਤੋਂ ਮੁਫ਼ਤ ਪੜ੍ਹਾਈ , ਰਿਹਾਇਸ਼ ਤੇ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ । ਇਹ ਜਨਰਲ ਇਜਲਾਸ ਫੈਸਲਾ ਕਰਦਾ ਹੈ ਕਿ ਅੰਮ੍ਰਿਤਧਾਰੀ ਗੁਰਸਿੱਖ ਬੱਚੀਆਂ ਨੂੰ ਇਸ ਮੁਫ਼ਤ ਵਿਦਿਆ ਦੇ ਪ੍ਰੋਗਰਾਮ ਵਿਚ ਹੋਰ ਵਿਸਥਾਰ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ 200 ਅੰਮ੍ਰਿਤਧਾਰੀ ਗੁਰਸਿੱਖ ਬੱਚੀਆਂ ਨੂੰ ਵਿਦਿਆ ਦਿੱਤੀ ਜਾਵੇਗੀ । ਇਸ ਸਬੰਧ ਵਿਚ ਸ਼ਰਤਾਂ ਮਾਤਾ ਸਾਹਿਬ ਗਰਲਜ਼ ਕਾਲਜ ਤਲਵੰਡੀ ਸਾਬੋ ਵਾਲੀਆਂ ਹੀ ਹੋਣਗੀਆਂ । ਮਤਾ ਨੰਬਰ -12 ਸ਼੍ਰੋਮਣੀ  ਕਮੇਟੀ ਇਤਿਹਾਸਕ ਗੁਰਦੁਆਰਾ ਸਾਹਿਬਾਨ ਦਾ ਪੰਥਕ ਮਰਯਾਦਾ ਅਨੁਸਾਰ ਪ੍ਰਬੰਧ ਚਲਾਉਣ , ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਉਪਰਾਲੇ ਕਰਨ ਦੇ ਨਾਲ - ਨਾਲ ਲੋਕ ਭਲਾਈ ਦੇ ਕਾਰਜ ਵੀ ਕਰ ਰਹੀ ਹੈ । ਇਸ ਮਾਨਵ ਭਲਾਈ ਕਾਰਜਾਂ ਨੂੰ ਹੋਰ ਅੱਗੇ ਵਧਾਉਂਦਿਆਂ  ਇਹ ਜਨਰਲ ਇਜਲਾਸ ਫੈਸਲਾ ਕਰਦਾ ਹੈ ਕਿ ਖ਼ਾਲਸਾ ਪੰਥ ਦੇ ਤਿੰਨ ਤਖ਼ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ , ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ , ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਇਸ ਦੇ ਨਾਲ ਹੀ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਠੱਠਾ ( ਤਰਨ ਤਾਰਨ ) ਵਿਖੇ ਚਾਰ ਮੈਡੀਕਲ ਸਟੋਰ ਖੋਲ੍ਹੇ ਜਾਣਗੇ । ਇਨ੍ਹਾਂ ਦਾ ਮੰਤਵ ਲੋੜਵੰਦਾਂ ਤੱਕ ਸਸਤੀਆਂ ਦਵਾਈਆਂ ਪਹੁੰਚਾਉਣਾ ਹੈ । ਇਨ੍ਹਾਂ ਮੈਡੀਕਲ ਸਟੋਰਾਂ ' ਤੇ ਲਾਗਤ ਕੀਮਤ ' ਤੇ ਦਵਾਈਆਂ ਦਾ ਪ੍ਰਬੰਧ ਕੀਤਾ ਜਾਵੇਗਾ ਤੇ ਲੋੜ ਪੈਣ ' ਤੇ ਇਸ ਦਾ ਹੋਰ ਵਿਸਥਾਰ ਵੀ ਕੀਤਾ ਜਾਵੇਗਾ । ਇਸ ਸਬੰਧੀ ਖਰਚੇ ਭਾਈਚਾਰਕ ਸੁਧਾਰ ਫੰਡ ਵਿੱਚੋਂ ਕੀਤੇ ਜਾਣਗੇ ।

 ਵਿਰੋਧੀ ਧਿਰ ਨੇ ਕੀਤਾ ਬਾਈਕਾਟ

ਸ਼੍ਰੋਮਣੀ  ਕਮੇਟੀ ਦਾ ਸਾਲ 2022-23 ਲਈ 988 ਕਰੋੜ 54 ਲੱਖ ਦਾ ਬਜਟ ਪੇਸ਼ ਕੀਤਾ । ਬਜਟ ਵਿਚ ਗੁਰਦੁਆਰਾ ਸੈਕਸ਼ਨ 85 , ਸ਼੍ਰੋਮਣੀ ਕਮੇਟੀ , ਧਰਮ ਕਮੇਟੀ , ਟਰੱਸਟਾਂ , ਪ੍ਰੈੱਸਾਂ ਆਦਿ ਵਿਚ ਹੋਣ ਵਾਲੇ ਅਨੁਮਾਨ ਖਰਚ ਲਈ ਪੇਸ਼ ਕੀਤਾ ਹੈ। ਵਿਰੋਧੀ ਧਿਰ ਨੇ ਬਜਟ ਪੇਸ਼ ਕਰਨ ਸਮੇੰ ਬਾਈਕਾਟ ਕੀਤਾ । ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ  ਰਘਬੀਰ ਸਿੰਘ ਨੇ ਇਜਲਾਸ ਦੀ ਆਰੰਭਤਾ ਦੀ ਅਰਦਾਸ ਕੀਤੀ। ਇਜਲਾਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ  ਹਰਪ੍ਰੀਤ ਸਿੰਘ ਵੀ ਮੌਜੂਦ ਸਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਸਾਲਾਨਾ ਬਜਟ ਪੇਸ਼ ਕੀਤਾ  । ਸ਼੍ਰੋਮਣੀ ਕਮੇਟੀ ਦਾ ਸਾਲ 2022-23 ਦਾ ਬਜਟ ਗੁਰਦੁਆਰਾ ਸੈਕਸ਼ਨ 85 , ਸ਼੍ਰੋਮਣੀ ਕਮੇਟੀ , ਧਰਮ ਪ੍ਰਚਾਰ ਕਮੇਟੀ , ਟਰੱਸਟਾਂ , ਪ੍ਰੈੱਸਾਂ ਆਦਿ ਲਈ ਪੇਸ਼ ਕੀਤਾ ਜਾਂਦਾ ਹੈ।