ਕਾਂਗਰਸ ਵਿਚ ਬਗਾਵਤ, ਕਈ ਕਾਂਗਰਸੀਆਂ ਦਾ ਝੁਕਾਅ ਆਪ ਵਲ

ਕਾਂਗਰਸ ਵਿਚ ਬਗਾਵਤ, ਕਈ ਕਾਂਗਰਸੀਆਂ ਦਾ ਝੁਕਾਅ ਆਪ ਵਲ

     *ਜਾਖੜ ਨੇ ਅੰਬਿਕਾ ਸੋਨੀ ਖ਼ਿਲਾਫ਼ ਮੋਰਚਾ ਖੋਲ੍ਹਿਆ

     *ਸਿੱਧੂ ਵਲੋਂ ਅਸਤੀਫਾ ਤੇ ਚੰਨੀ ਕਾਂਗਰਸੀ ਲੀਡਰਾਂ ਦੇ ਨਿਸ਼ਾਨੇ ਉਪਰ

            *ਅੰਮ੍ਰਿਤਸਰ ਨਿਗਮ ਦੇ 13 ਕਾਂਗਰਸੀ ਕੌਂਸਲਰ ‘ਆਪ’ ਵਿੱਚ ਸ਼ਾਮਲ

    *ਕਾਂਗਰਸ ਪ੍ਰਧਾਨ ਨੇ ਹਾਰ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ

ਸੰਸਦ ਮੈਂਬਰਾਂ ਨਾਲ ਕੀਤੀ ਮੀਟਿੰਗ, ਸੂਬਾ ਇੰਚਾਰਜ ਹਰੀਸ਼ ਚੌਧਰੀ ਤੇ ਅਜੇ ਮਾਕਨ 'ਤੇ

ਟਿਕਟਾਂ ਦੇ ਬਦਲੇ ਪੈਸੇ ਲੈਣ ਦੇ ਦੋਸ਼ 

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵੱਡੀ ਹਾਰ ਮਗਰੋਂ ਕਾਂਗਰਸ ਵਿਚ ਸਿਆਸੀ ਘਮਸਾਣ ਵਧ ਗਿਆ ਹੈ। ਪਾਰਟੀ ਆਗੂਆਂ ਵੱਲੋਂ ਇੱਕ-ਦੂਜੇ ਤੇ ਇਲਜ਼ਾਮਬਾਜ਼ੀ ਸ਼ੁਰੂ ਹੋ ਗਈ ਹੈ। ਸਾਬਕਾ ਵਜ਼ੀਰਾਂ ਨੇ ਨਵਜੋਤ ਸਿੱਧੂ ਖ਼ਿਲਾਫ਼ ਮੋਰਚਾ ਖੋਲ੍ਹਣ ਦੇ ਨਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਕਟਹਿਰੇ ਵਿਚ ਖੜ੍ਹਾ ਕਰਨਾ ਸ਼ੁਰੂ ਕਰ ਦਿੱਤਾ ਹੈ।ਦੂਜੇ ਪਾਸੇ ਕਾਂਗਰਸ ਦੇ ਲੀਡਰ ਆਪ ਵਿਚ ਜਾਣੇ ਸ਼ੁਰੂ ਹੋ ਗਏ ਹਨ।ਆਪਦੀ ਸਰਕਾਰ ਆਉਣ ਮਗਰੋਂ ਸਥਾਨਕ ਨਗਰ ਨਿਗਮ ਦੇ 13 ਕਾਂਗਰਸੀ ਕੌਂਸਲਰ ਪਾਰਟੀ ਨੂੰ ਅਲਵਿਦਾ ਆਖ ਕੇ ਆਪਵਿੱਚ ਸ਼ਾਮਲ ਹੋ ਗਏ ਹਨ। ਇਸ ਮੌਕੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਇਨ੍ਹਾਂ ਕੌਂਸਲਰਾਂ ਨੂੰ ਪਾਰਟੀ ਵਿੱਚ ਜੀ ਆਇਆਂਕਿਹਾ।ਇਨ੍ਹਾਂ ਕੌਂਸਲਰਾਂ ਦੀ ਆਪ ਵਿੱਚ ਆਮਦ ਨਾਲ ਕੁਝ ਦਿਨ ਪਹਿਲਾਂ ਹੀ ਖ਼ੁਦ ਕਾਂਗਰਸ ਤੋਂ ਆਪਵਿੱਚ ਆਏ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਦੇ ਹੁੁਣ ਆਪਣੇ ਅਹੁਦੇ ਤੇ ਬਣੇ ਰਹਿਣ ਦੀ ਸੰਭਾਵਨਾ ਬਣ ਗਈ ਹੈ। ਇਸ ਤੋਂ ਪਹਿਲਾਂ ਮੇਅਰ ਦੇ ਸਮਰਥਕ ਤਿੰਨ ਕਾਂਗਰਸੀ ਕੌਂਸਲਰ ਮੋਨਿਕਾ ਸ਼ਰਮਾ, ਗੁਰਜੀਤ ਕੌਰ ਤੇ ਮਨਦੀਪ ਅਹੂਜਾ ਵੀ ਕਾਂਗਰਸ ਛੱਡ ਕੇ ਆਪਵਿੱਚ ਸ਼ਾਮਲ ਹੋ ਚੁੱਕੇ ਹਨ। ਇਸ ਤਰ੍ਹਾਂ ਹੁਣ ਤੱਕ ਕੁਲ 16 ਕਾਂਗਰਸੀ ਕੌਂਸਲਰ ਆਪਵਿੱਚ ਆ ਚੁੱਕੇ ਹਨ। ਹੁਣੇ ਜਿਹੇ ਸ਼ਾਮਲ ਹੋਏ ਕੌਂਸਲਰਾਂ ਵਿੱਚ ਜਗਦੀਸ਼ ਕਾਲੀਆ, ਨੀਤੂ ਟਾਂਗਰੀ, ਪ੍ਰਮੋਦ ਬਬਲਾ, ਡਿੰਪਲ ਅਰੋੜਾ, ਊਸ਼ਾ ਰਾਣੀ, ਜਤਿੰਦਰ ਸੋਨੀਆ, ਰਣਜੀਤ ਕੌਰ, ਸੁਖਬੀਰ ਸਿੰਘ, ਭੁਪਿੰਦਰ ਸਿੰਘ, ਰਾਜੇਸ਼ ਮਦਾਨ ਤੇ ਹੋਰ ਸ਼ਾਮਲ ਹਨ।   

ਚੋਣਾਂ ਵਿਚ ਹਾਰ ਮਗਰੋਂ ਚੰਨੀ ਕਾਂਗਰਸ ਪਾਰਟੀ ਵਿਚ ਇਕੱਲੇ ਪੈਂਦੇ ਨਜ਼ਰ ਆ ਰਹੇ ਹਨ ਤੇ ਹਾਲੇ ਤੱਕ ਕਿਸੇ ਸੀਨੀਅਰ ਆਗੂ ਨੇ ਉਨ੍ਹਾਂ ਦੀ ਹਮਾਇਤ ਵਿਚ ਮੂੰਹ ਨਹੀਂ ਖੋਲ੍ਹਿਆ ਹੈ। ਨਵਜੋਤ ਸਿੰਘ ਸਿੱਧੂ ਚੋਣਾਂ ਵਿਚ ਹਾਰ ਦਾ ਠੀਕਰਾ ਪਹਿਲਾਂ ਹੀ ਉਨ੍ਹਾਂ ਸਿਰ ਭੰਨ ਚੁੱਕੇ ਹਨ। ਪੰਜਾਬ ਕਾਂਗਰਸ ਦੀ ਪ੍ਰਧਾਨਗੀ ਬਦਲਣ ਨੂੰ ਲੈ ਕੇ ਵੀ ਪਾਰਟੀ ਅੰਦਰ ਹਿਲਜੁਲ ਸ਼ੁਰੂ ਹੋ ਗਈ ਹੈ।  ਸਿੱਧੂ ਨੇ ਕਾਂਗਰਸ  ਸੁਪਰੀਮੋ ਸੋਨੀਆ ਗਾਂਧੀ ਦੇ ਹੁਕਮ ਉਪਰ ਅਸਤੀਫ਼ਾ ਦੇ ਦਿਤਾ ਹੈ। ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਨੇਤਾ ਬਣਾਏ ਜਾਣ ਨੂੰ ਲੈ ਕੇ ਵੀ ਨਵੇਂ ਚੁਣੇ ਵਿਧਾਇਕਾਂ ਵਿਚ ਪਾਲਾਬੰਦੀ ਹੋ ਰਹੀ ਹੈ।  ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਰਾਜਾ ਵੜਿੰਗ ਤੋਂ ਇਲਾਵਾ ਸੁਖਜਿੰਦਰ ਸਿੰਘ ਰੰਧਾਵਾ ਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੀ ਇਸ ਅਹੁਦੇ ਦੀ ਦੌੜ ਵਿਚ ਹਨ।

ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸੀਨੀਅਰ ਕਾਂਗਰਸੀ ਨੇਤਾ ਅੰਬਿਕਾ ਸੋਨੀ ਦਾ ਨਾਮ ਲਏ ਬਿਨਾਂ  ਉਨ੍ਹਾਂ ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਵੀ ਨਿਸ਼ਾਨੇ ਤੇ ਲਿਆ ਹੈ।  ਜਾਖੜ ਨੇ ਕਿਹਾ ਕਿ ਉਨ੍ਹਾਂ (ਅੰਬਿਕਾ ਸੋਨੀ) ਲਈ ਚੰਨੀ ਖ਼ਜ਼ਾਨਾ ਹੋ ਸਕਦਾ ਹੈ ਪਰ ਕਾਂਗਰਸ ਲਈ ਨਹੀਂ ਹੈ। ਚੰਨੀ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਹਨ ਜਿਸ ਕਰਕੇ ਅਜਿਹੇ ਵਿਅਕਤੀ ਨੂੰ ਮੁੜ ਪ੍ਰਮੋਟ ਕਰਨਾ ਪਾਰਟੀ ਲਈ ਠੀਕ ਨਹੀਂ ਹੋਵੇਗਾ।  ਜਾਖੜ ਨੇ ਕਿਹਾ ਕਿ ਪੰਜਾਬ ਕਾਂਗਰਸ ਨੂੰ ਹੁਣ ਸੰਗਰੂਰ ਵਿਚ ਡੇਰੇ ਲਾਉਣੇ ਚਾਹੀਦੇ ਹਨ ਜਿੱਥੇ ਜ਼ਿਮਨੀ ਚੋਣ ਹੋਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਹਾਈ ਕਮਾਨ ਵੱਲੋਂ ਫ਼ੈਸਲੇ ਲੈਣ ਵਿਚ ਦਿਖਾਈ ਦੇਰੀ ਮਹਿੰਗੀ ਪਈ ਹੈ। ਉਨ੍ਹਾਂ ਸਿੱਧੂ ਦੇ ਅਸਤੀਫੇ ਦਾ ਸਵਾਗਤ ਕੀਤਾ ਹੈ। ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਵਿਧਾਨ ਸਭਾ ਚੋਣਾਂ ਵਿਚ ਹਾਰ ਲਈ ਸਿੱਧੇ ਤੌਰ ਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਵਰਗੇ ਆਗੂ ਪਾਰਟੀ ਲਈ ਆਤਮਘਾਤੀ ਹਮਲਾਵਰ ਸਾਬਤ ਹੋਏ ਹਨ। ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ  ਕਿਹਾ ਕਿ  ਪਾਰਟੀ ਦੇ ਦਿਨ ਤਾਂ ਉਦੋਂ ਹੀ ਪੁੱਗਣੇ ਸ਼ੁਰੂ ਹੋ ਗਏ ਸਨ ਜਦੋਂ ਪੁਰਾਣੇ ਕਾਂਗਰਸੀ ਆਗੂ ਸੁਨੀਲ ਜਾਖੜ ਦੀ ਥਾਂ ਚਾਰ ਸਾਲ ਪਹਿਲਾਂ ਪਾਰਟੀ ’ਚ ਸ਼ਾਮਲ ਹੋਣ ਵਾਲੇ ਨਵਜੋਤ ਸਿੱਧੂ ਨੂੰ ਪਾਰਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ। ਉਸ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਨਵਾਂ ਵਿਵਾਦ ਖੜ੍ਹਾ ਕਰ ਲਿਆ। ਸਾਬਕਾ ਮੰਤਰੀ ਨੇ ਕਿਹਾ ਕਿ ਤੀਜੀ ਗ਼ਲਤੀ ਉਸ ਵਕਤ ਹੋਈ ਜਦੋਂ ਵਿਧਾਇਕਾਂ ਦੀ ਪੂਰੀ ਹਮਾਇਤ ਦੇ ਬਾਵਜੂਦ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਬਣਾਉਣ ਤੋਂ ਇਨਕਾਰ ਕਰ ਦਿੱਤਾ ਗਿਆ ।ਉਨ੍ਹਾਂ ਕਿਹਾ ਕਿ ਚੰਨੀ ਅਤੇ ਸਿੱਧੂ ਦੀ ਇੱਕ-ਦੂਜੇ ਖ਼ਿਲਾਫ਼ ਬਿਆਨਬਾਜ਼ੀ ਕਰਕੇ ਪਾਰਟੀ ਅੰਦਰ ਜੰਗ ਸ਼ੁਰੂ ਹੋ ਗਈ ਜਿਸ ਦਾ ਵਿਰੋਧੀਆਂ ਨੇ ਫ਼ਾਇਦਾ ਲਿਆ।ਇਸੇ ਤਰ੍ਹਾਂ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਹਾਈ ਕਮਾਨ ਨੂੰ ਨਵਜੋਤ ਸਿੰਘ ਸਿੱਧੂ  ਨੇ ਕਾਂਗਰਸ ਦੀ ਕਿਸ਼ਤੀ ਡੋਬ ਕੇ ਰੱਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦਲ ਬਦਲੂਆਂ ਨੂੰ ਕਦੇ ਵੀ ਪਾਰਟੀ ਦੀ ਪ੍ਰਧਾਨਗੀ ਨਹੀਂ ਦੇਣੀ ਚਾਹੀਦੀ ।  

 ਸੋਨੀਆ ਗਾਂਧੀ ਵਲੋਂ  ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਨਾਲ  ਚਰਚਾ

ਪੰਜਾਬ ਦੀ ਵੱਡੀ ਚੋਣ ਹਾਰ ਨੂੰ ਲੈ ਕੇ ਕਾਂਗਰਸ ਵਿਚ ਪੈਦਾ ਹੋਇਆ ਹੰਗਾਮਾ ਹੁਣ ਪਾਰਟੀ ਹਾਈਕਮਾਂਡ ਦੇ ਵੀ ਸਾਹਮਣੇ ਆ ਰਿਹਾ ਹੈ। ਸੂਬੇ ਦੇ ਪਾਰਟੀ ਸਾਂਸਦਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਜਿੱਥੇ ਚੋਣਾਂ ਤੋਂ ਠੀਕ ਪਹਿਲਾਂ ਪੰਜਾਬ ਵਿੱਚ ਹੋਈ ਫੇਰਬਦਲ ਨੂੰ ਹਾਰ ਦਾ ਇੱਕ ਕਾਰਨ ਦੱਸਿਆ, ਉੱਥੇ ਹੀ ਟਿਕਟਾਂ ਦੀ ਵੰਡ ਵਿੱਚ ਗੜਬੜੀ ਨੂੰ ਵੀ ਹਾਰ ਦਾ ਵੱਡਾ ਕਾਰਨ ਦੱਸਿਆ। ਇੰਨਾ ਹੀ ਨਹੀਂ ਪੰਜਾਬ ਦੇ ਇੰਚਾਰਜ ਹਰੀਸ਼ ਚੌਧਰੀ 'ਤੇ ਟਿਕਟਾਂ ਦੀ ਵੰਡ 'ਚ ਪੈਸੇ ਦੀ ਖੇਡ ਖੇਡਣ ਦਾ ਦੋਸ਼ ਲਾਇਆ ਤਾਂ ਸਕਰੀਨਿੰਗ ਕਮੇਟੀ ਦੇ ਪ੍ਰਧਾਨ ਅਜੇ ਮਾਕਨ 'ਤੇ ਵੀ ਕੁਝ ਸਾਂਸਦਾਂ ਨੇ ਸਵਾਲ ਚੁੱਕੇ।

ਪੰਜਾਬ 'ਚ ਹਾਰ ਨੂੰ ਲੈ ਕੇ ਕਾਂਗਰਸ ਵਿਚ ਮੰਥਨ

ਕਾਂਗਰਸ ਪ੍ਰਧਾਨ ਨੇ  ਸੰਸਦ ਭਵਨ ਕੰਪਲੈਕਸ 'ਵਿਚ ਆਪਣੇ ਦਫਤਰ ਦੇ ਕਮਰੇ 'ਚ ਪੰਜਾਬ ਦੇ ਪਾਰਟੀ ਸੰਸਦ ਮੈਂਬਰਾਂ ਨਾਲ ਮੀਟਿੰਗ ਕੀਤੀ ਅਤੇ ਇਸੇ ਬੈਠਕ 'ਚ ਸੰਸਦ ਮੈਂਬਰਾਂ ਨੇ ਹਾਰ 'ਤੇ ਨਿਰਾਸ਼ਾ ਜ਼ਾਹਰ ਕਰਦੇ ਹੋਏ ਕਾਂਗਰਸ ਦੀ ਚੋਣ ਰਣਨੀਤੀ ਅਤੇ ਪ੍ਰਬੰਧਨ ਦੀਆਂ ਖਾਮੀਆਂ ਦਾ ਵੀ ਜ਼ਿਕਰ ਕੀਤਾ। ਪੰਜ ਰਾਜਾਂ 'ਚ ਹਾਰ ਤੋਂ ਬਾਅਦ ਸੋਨੀਆ ਗਾਂਧੀ ਨੇ ਸੰਗਠਨ ਦੀਆਂ ਕਮੀਆਂ ਨੂੰ ਦੂਰ ਕਰ ਕੇ ਬਦਲਾਅ ਲਿਆਉਣ ਦੀਆਂ ਕੋਸ਼ਿਸ਼ਾਂ ਤਹਿਤ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਨਾਲ ਕਰੀਬ ਡੇਢ ਘੰਟੇ ਤੱਕ ਚਰਚਾ ਕੀਤੀ। ਸੂਤਰਾਂ ਮੁਤਾਬਕ ਸੰਸਦ ਮੈਂਬਰਾਂ ਨੇ ਪਾਰਟੀ ਦੇ ਸੂਬਾ ਇੰਚਾਰਜ ਹਰੀਸ਼ ਚੌਧਰੀ 'ਤੇ ਹਮਲਾ ਬੋਲਦਿਆਂ ਕਿਹਾ ਕਿ ਟਿਕਟਾਂ ਦੀ ਵੰਡ 'ਚ ਪੈਸੇ ਦੀ ਖੇਡ ਹੈ।