ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲਾ ਦੀਪ ਸਿੱਧੂ ਹੋਇਆ ਪੰਜ ਤੱਤਾਂ ਵਿੱਚ ਵਲੀਨ

ਸਿੱਖ ਕੌਮ ਦਾ ਇਕ ਹੋਰ ਹੀਰਾ ਸਦਾ ਲਈ ਹੋਇਆ ਗੁੰਮ
ਅੰਮ੍ਰਿਤਸਰ ਟਾਈਮਜ਼
ਚੰਡੀਗੜ੍ਹ : ਸਿੱਖ ਕੌਮ ਦੇ ਹੱਕਾਂ ਦੀ ਗੱਲ ਕਰਨ ਵਾਲਾ ਅਣਖੀਲਾ ਯੋਧਾ ਦੀਪ ਸਿੱਧੂ ਅੱਜ ਪੰਜ ਤੱਤਾਂ ਵਿੱਚ ਵਲੀਨ ਹੋ ਗਿਆ ਹੈ । ਸਿੱਖ ਕੌਮ ਦਾ ਇਹ ਯੋਧਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੋਚ ਉੱਤੇ ਪਹਿਰਾ ਦੇ ਰਿਹਾ ਸੀ ।ਜਿਸ ਦੀ ਸੋਚ ਵਿੱਚ ਹਮੇਸ਼ਾ ਸਿੱਖ ਕੌਮ ਦੀ ਹੋਂਦ ਨੂੰ ਲੈ ਕੇ ਗੱਲ ਹੁੰਦੀ ਸੀ। ਸ੍ਰੀ ਆਨੰਦਪੁਰ ਸਾਹਿਬ ਦਾ ਮਤਾ ਉਸ ਦੇ ਧੁਰ ਅੰਦਰ ਵਸਿਆ ਹੋਇਆ ਸੀ ਤੇ ਇਸ ਮਤੇ ਨੂੰ ਲੈ ਕੇ ਉਸ ਨੇ ਆਪਣੀ ਸੋਚ ਵਿੱਚ ਜਜ਼ਬਾਤਾਂ ਦੀ ਲਹਿਰ ਨੂੰ ਜਨਮ ਦਿੱਤਾ ਸੀ।
ਇਸ ਸੋਚ ਉੱਤੇ ਬਹੁਤ ਸਾਰੇ ਲੋਕ ਇਸ ਦੇ ਨਾਲ ਜੁੜੇ ਹੋਏ ਸਨ ਅਤੇ ਕੁਝ ਕੁ ਲੋਕਾਂ ਦੀਆਂ ਅੱਖਾਂ ਵਿਚ ਇਹ ਰੜਕ ਵੀ ਰਿਹਾ ਸੀ। ਰੜਕ ਉਨ੍ਹਾਂ ਲੋਕਾਂ ਦੀਆਂ ਅੱਖਾਂ ਵਿੱਚ ਰਿਹਾ ਸੀ ਜੋ ਸਿੱਖ ਕੌਮ ਦੀ ਭਲਾਈ ਨਹੀਂ ਚਾਹੁੰਦੇ ਸਨ। ਪਰ ਇਸ ਸਮੇਂ ਅਕਾਲ ਪੁਰਖ ਦੇ ਭਾਣੇ ਨੂੰ ਮੰਨਦੇ ਹੋਏ ਇਸ ਸੱਚ ਨੂੰ ਪ੍ਰਵਾਨ ਕਰਨਾ ਪੈਣਾ ਹੈ ਕਿ ਉਹ ਅੱਜ ਸਾਡੇ ਵਿੱਚ ਨਹੀਂ ਰਿਹਾ। ਦੀਪ ਸਿੱਧੂ ਦੀ ਮ੍ਰਿਤਕ ਦੇਹ ਸ਼ਾਮੀ ਕਰੀਬ 4 ਵਜੇ ਉਨ੍ਹਾਂ ਦੀ ਲੁਧਿਆਣਾ ਵਿੱਚਲੀ ਰਿਹਾਇਸ਼ ਵਿੱਚ ਲਿਆਂਦੀ ਗਈ ਸੀ। ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਜਥੇਦਾਰ ਧਿਆਨ ਸਿੰਘ ਮੰਡ, ਫਿਲਮ ਨਿਰਮਾਤਾ ਅਮਰਦੀਪ ਗਿੱਲ, ਹਰਪ੍ਰੀਤ ਦੇਵਗਨ ਸਣੇ ਦੋਸਤ , ਮਿੱਤਰ ਅਤੇ ਪ੍ਰਸ਼ੰਸਕ ਪੰਜਾਬ ਭਰ ਤੋਂ ਪਹੰਚੇ ਹੋਏ ਸਨ।
ਦੀਪ ਸਿੱਧੂ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਘਰ ਤੋਂ ਸ਼ੁਰੂ ਹੋਈ, ਜਿਸ ਦੌਰਾਨ ਸੰਗਤਾਂ ਨੇ ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾਏ ਅਤੇ ਫੁੱਲਾਂ ਦੀ ਵਰਖਾ ਕੀਤੀ। ਵੱਡੀ ਗਿਣਤੀ ਨੌਜਵਾਨਾਂ ਨੇ ਸਿੱਧੂ ਦੀਆਂ ਫੋਟੋਆਂ ਹੱਥਾਂ ਵਿਚ ਫੜੀਆਂ ਹੋਈਆਂ ਸਨ।
ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠ ਹੋ ਗਿਆ ਸੀ ਅਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਵੱਲੋਂ ਨਾਅਰੇ ਲਗਾਏ ਜਾ ਰਹੇ ਸਨ। ਪੰਜਾਬ ਦੇ ਨੌਜਵਾਨ ਕਹਿ ਰਹੇ ਸਨ, ''ਦੀਪ ਸਿੱਧੂ ਤੇਰੀ ਸੋਚ ਉੱਤੇ ਪਹਿਰਾ ਦਿਆਂਗੇ ਠੋਕ ਕੇ ਤੇ ਦੀਪ ਸਿੱਧੂ ਅਮਰ ਰਹੇ ਦੇ ਨਾਅਰੇ ਲਗਾ ਰਹੇ ਸਨ।''
ਦੀਪ ਸਿੱਧੂ ਦੀ ਸੜਕ ਹਾਦਸੇ ਚ ਹੋਈ ਅਚਾਨਕ ਮੌਤ ਨੇ ਸਿੱਖ ਕੌਮ ਨੂੰ ਡੂੰਘਾ ਸਦਮਾ ਦਿੱਤਾ ਹੈ । ਇਸ ਨੌਜਵਾਨ ਦੀ ਮੌਤ ਨਾਲ ਸਾਰੇ ਹੀ ਦੇਸ਼ ਵਿਦੇਸ਼ ਦੇ ਸਿੱਖ ਭਾਈਚਾਰੇ ਨੂੰ ਡੂੰਘਾ ਸਦਮਾ ਪਹੁੰਚਿਆ ਹੈ । ਕਿਸਾਨ ਮੋਰਚੇ ਨੂੰ ਬੁਲੰਦੀਆਂ ਤੇ ਪਹੁੰਚਾਉਣ ਤੇ ਮੋਰਚੇ ਦੀ ਜਿੱਤ ਯਕੀਨੀ ਬਣਾਉਣ ਦਾ ਸਿਹਰਾ ਦੀਪ ਸਿੱਧੂ ਨੂੰ ਜਾਂਦਾ ਹੈ ।ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆ ਦੀ ਸੋਚ ਤੇ ਅਤੇ ਵਿਚਾਰਾਂ ਨੂੰ ਬੁਲੰਦ ਕਰਨ ਵਾਲੇ ਦੀਪ ਸਿੱਧੂ ਨੂੰ ਅਜਾਦੀ ਪਸੰਦ ਸਿੱਖ ਹਮੇਸ਼ਾਂ ਯਾਦ ਰੱਖਣਗੇ।
ਦੀਪ ਸਿੱਧੂ ਅੱਜ ਸਾਡੇ ਵਿਚ ਬੇਸ਼ੱਕ ਸਰੀਰਿਕ ਤੌਰ ਤੇ ਮੌਜੂਦ ਨਹੀਂ ਹੈ ਪਰ ਉਸ ਦੀ ਵਿਚਾਰਧਾਰਾ ਤੇ ਸਿੱਖ ਕੌਮ ਦੇ ਪ੍ਰਤੀ ਉਸ ਦਾ ਦਰਦ ਸਦੇਵ ਸਾਡੇ ਮਨਾਂ ਵਿੱਚ ਇਕ ਦੀਪ ਦੇ ਵਾਂਗ ਜਗਦਾ ਰਹੇਗਾ ।ਅੰਮ੍ਰਿਤਸਰ ਟਾਈਮਜ਼ ਦੀ ਸਾਰੀ ਟੀਮ ਵੱਲੋਂ ਦੀਪ ਸਿੱਧੂ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਤੇ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਾਂ ਕੀ ਉਸ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ। ਦੀਪ ਸਿੱਧੂ ਜਿਹੀਆਂ ਨੇਕ ਅਣਖੀਲੀਆਂ ਰੂਹਾਂ ਕੁਝ ਸਮੇਂ ਲਈ ਹੀ ਧਰਤੀ ਉੱਤੇ ਜਨਮ ਲੈਂਦੀਆਂ ਹਨ ਤੇ ਇਨ੍ਹਾਂ ਜਨਮ ਲੈਣ ਵਾਲੇ ਫੁੱਲਾਂ ਦੀ ਉਮਰ ਬੇਸ਼ੱਕ ਘੱਟ ਹੀ ਹੁੰਦੀ ਹੈ ਪਰ ਇਨ੍ਹਾਂ ਦੀ ਮਹਿਕ ਚਾਰ ਚੁਫ਼ੇਰੇ ਖਿਲਰ ਜਾਂਦੀ ਹੈ ।
Comments (0)