ਫੰਡਾਂ ਦੀ ਘਾਟ ਕਾਰਨ ਸੁੰਦਰਤਾ ਗੁਆ ਰਿਹੈ ਅਨੰਦਪੁਰ ਸਾਹਿਬ

ਫੰਡਾਂ ਦੀ ਘਾਟ ਕਾਰਨ ਸੁੰਦਰਤਾ ਗੁਆ ਰਿਹੈ ਅਨੰਦਪੁਰ ਸਾਹਿਬ

ਅੰਮ੍ਰਿਤਸਰ ਟਾਈਮਜ਼

ਅਨੰਦਪੁਰ ਸਾਹਿਬ : 1999 ਵਿਚ ਖ਼ਾਲਸਾ ਪੰਥ ਦੇ 300 ਸਾਲਾ ਸ਼ਤਾਬਦੀ ਸਮਾਗਮਾਂ ਮੌਕੇ ਪੰਜ ਪਿਆਰਿਆਂ ਦੀ ਯਾਦ ਵਿਚ ਬਣਾਇਆ ਗਿਆ ਪੰਜ ਪਿਆਰਾ ਪਾਰਕ ਫੰਡਾਂ ਦੀ ਘਾਟ ਕਾਰਨ ਸਰਕਾਰੀ ਅਣਦੇਖੀ ਦਾ ਸ਼ਿਕਾਰ ਬਣਿਆ ਹੋਇਆ ਹੈ।ਦੱਸਣਯੋਗ ਹੈ ਕਿ 3 ਅਪ੍ਰੈਲ 1999 ਨੂੰ ਉਸ ਸਮੇਂ ਦੇ ਕੇਂਦਰੀ ਟਰਾਂਸਪੋਰਟ ਤੇ ਵਣ ਮੰਤਰੀ ਸੁਰੇਸ਼ ਪੀ ਪ੍ਰਭੂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ਵਿਚ ਉਕਤ ਪਾਰਕ ਨੂੰ ਸੰਗਤਾਂ ਨੂੰ ਸਮਰਪਿਤ ਕੀਤਾ ਸੀ। ਇਸ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਤੇੇ ਇਸ ਇਤਿਹਾਸਿਕ ਪਾਰਕ ਦੀ ਸ਼ੋਭਾ ਨੂੰ ਹੋਰ ਵਧਾਉਣ ਲਈ ਕਰੀਬ 22 ਲੱਖ ਰੁਪਏ ਦੀ ਲਾਗਤ ਨਾਲ ਵਿਲੱਖਣ ਦਿੱਖ ਵਾਲਾ ਖੰਡਾ ਵੀ ਸਥਾਪਿਤ ਕੀਤਾ ਗਿਆ ਸੀ ਪਰ ਪਾਰਕ ਦਾ ਹੁਣ ਆਲਮ ਇਹ ਹੈ ਕਿ ਇਸ ਖੰਡੇ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਣ ਲਈ ਲੱਗੀਆਂ ਸਜਾਵਟੀ ਲਾਈਟਾਂ ਵਿਚੋਂ ਜ਼ਿਆਦਾਤਰ ਖ਼ਰਾਬ ਹਨ। ਸੰਗਤਾਂ ਦੇ ਬੈਠਣ ਲਈ ਲੱਗੀਆਂ ਸੀਮੈਂਟ ਵਾਲੀਆਂ ਕੁਰਸੀਆਂ ਟੁੱਟੀਆਂ ਪਈਆਂ ਹਨ।

ਸਜਾਵਟੀ ਲਾਈਟਾਂ ਵਿਚ ਬੱਲਬ ਨਹੀਂ ਹਨ। ਸਾਫ਼ -ਸਫ਼ਾਈ ਦੀ ਘਾਟ ਦਿਖਾਈ ਦੇ ਰਹੀ ਹੈ ਜਿਸ ਕਾਰਨ ਪਾਰਕ ਵਿਚ ਕੁਝ ਸਮੇਂ ਲਈ ਸਕੂਨ ਲੈਣ ਲਈ ਆਉਣ ਵਾਲੀਆਂ ਸੰਗਤਾਂ ਦੇ ਪੱਲੇ ਨਿਰਾਸ਼ਾ ਹੀ ਪੈਂਦੀ ਹੈ। ਜਦੋਂ ਪਾਰਕ ਬਣਿਆ ਸੀ ਉਦੋਂ ਬੁਹਤ ਸੰਦਰ ਤੇ ਵਿਲੱਖਣ ਖੰਡਾ ਲੱਗਣ ਉਪਰੰਤ ਰਾਤ ਸਮੇਂ ਜਗਣ ਵਾਲੀਆਂ ਸਜਾਵਟੀ ਲਾਈਟਾਂ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਸਨ।ਦੱਸਣਯੋਗ ਹੈ ਕਿ ਇਸ ਵੇਲੇ ਪਾਰਕ ਦੀ ਸਾਂਭ-ਸੰਭਾਲ ਜੰਗਲਾਤ ਵਿਭਾਗ ਕਰ ਰਿਹਾ ਹੈ ਪਰ ਸਰਕਾਰੀ ਫੰਡਾਂ ਦੀ ਘਾਟ ਕਾਰਨ ਉਹ ਵੀ ਬਹੁਤਾ ਕੁਝ ਕਰਨ ਦੇ ਸਮਰੱਥ ਨਹੀਂ ਜਾਪਦਾ। ਵਿਭਾਗੀ ਸੂਤਰ ਦੱਸਦੇ ਹਨ ਕਿ ਪਾਰਕ ਲਈ ਬਿਜਲੀ ਤੇ ਪਾਣੀ ਦਾ ਪ੍ਰਬੰਧ ਹੈ ਤੇ ਚੱਲ ਵੀ ਰਿਹਾ ਹੈ ਪਰ ਬਿਜਲੀ ਬਿੱਲ ਇਕ ਲੱਖ ਦੇ ਕਰੀਬ ਤੇ ਪਾਣੀ ਬਿੱਲ ਦਾ ਤਿੰਨ ਲੱਖ ਰੁਪਏ ਦਾ ਬਕਾਇਆ ਖਡ਼੍ਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਵਿਭਾਗ ਐੱਸਜੀਪੀਸੀ ਨੂੰ ਪਾਰਕ ਦੀ ਸੰਭਾਲ ਲਈ ਸਹਿਯੋਗ ਦੇਣ ਲਈ ਕਈ ਵਾਰ ਲਿਖ ਚੁੱਕਿਆ ਹੈ ਪਰ ਕੋਈ ਜਵਾਬ ਨਹੀ ਮਿਲਿਆ।

ਪੰਜ ਪਿਆਰੇ ਪਾਰਕ ਦੀ ਸੰਭਾਲ ਕਰ ਰਿਹਾ ਜੰਗਲਾਤ ਵਿਭਾਗ ਸ੍ਰੀ ਅਨੰਦਪੁਰ ਸਾਹਿਬ ਦੇ ਬਲਾਕ ਅਫਸਰ ਰਾਜੀਵ ਕੁਮਾਰ ਨੇ ਕਿਹਾ ਕਿ ਪਾਰਕ ਦੀ ਸਾਂਭ-ਸੰਭਾਲ ਲਈ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲੋਡ਼ੀਂਦੇ ਫੰਡਾਂ ਲਈ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਾਣੀ ਦੇ ਬਿਲ ਦਾ ਤਿੰਨ ਲੱਖ ਰੁਪਏ ਤੇ ਬਿਜਲੀ ਦਾ ਇੱਕ ਲੱਖ ਰੁਪਏ ਦੇ ਕਰੀਬ ਬਕਾਇਆ ਖਡ਼੍ਹਾ ਹੈ ਪਰ ਬਿਜਲੀ ਤੇ ਪਾਣੀ ਦੀ ਸਪਲਾਈ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਫੰਡ ਆਉਣ ਤੇ ਜਲਦ ਹੀ ਲਾਈਟਾਂ ਤੇ ਕੁਰਸੀਆ ਦੀ ਮੁਰੰਮਤ ਕਰਵਾ ਦਿੱਤੀ ਜਾਵੇਗੀ।