ਆਪ ਸਰਕਾਰ ਲਈ 7 ਵਾਰਦਾਤਾਂ ਚੈਲਿੰਜ ਬਣੀਆਂ

ਆਪ ਸਰਕਾਰ ਲਈ 7 ਵਾਰਦਾਤਾਂ ਚੈਲਿੰਜ ਬਣੀਆਂ

ਪੰਜਾਬ ਸਰਕਾਰ ਦੇ 8 ਮਹੀਨੇ ਦੇ ਕਾਰਜਕਾਲ ਦੌਰਾਨ

ਮਾਰਚ 2022, ਜਦੋਂ ਤੋਂ ਪੰਜਾਬ ਵਿੱਚ ਭਗਵੰਤ ਮਾਨ ਦੀ ਅਗਵਾਈ ਵਿਚ ਸਰਕਾਰ ਬਣੀ ਹੈ, ਉਸ ਤੋਂ ਕੁਝ ਦਿਨ ਪਹਿਲਾਂ ਹੀ ਸ਼ੁਰੂ ਹੋਈਆਂ ਵਾਰਦਾਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ।ਵਾਰਦਾਤਾਂ ਦਾ ਕਾਰਣ ਗੈਂਗਸਟਰਾਂ ਨੂੰ ਸਿਆਸਤਦਾਨਾਂ  ਵਲੋਂ ਉਭਾਰਨਾ ਹੈ ਜੋ ਨਸ਼ਿਆਂ ਤੇ ਪੰਜਾਬ ਵਿਚ ਕਰਾਈਮ ਦੇ ਜਿੰਮੇਵਾਰ ਹਨ।ਆਪ ਸਰਕਾਰ ਨੇ ਡਰੱਗ ਮਾਫੀਆ ਨੂੰ ਨਥ ਪਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ।ਦੂਸਰਾ ਸ਼ਿਵ ਸੈਨਾ ਦੀ ਭੜਕਾਊ ਫਿਰਕੂ ਕਾਰਵਾਈਆਂ ਉਪਰ ਰੋਕ ਨਾ ਲਗਾਕੇ ਸਗੋਂ ਭਾਰੀ ਸੁਰਖਿਆ ਦੇਕੇ ਸਿਖਾਂ ਨੂੰ ਚਿੜ੍ਹਾਇਆ ਹੈ ਤੇ ਖਾੜਕੂਵਾਦ ਨੂੰ ਪ੍ਰਤੀਕਰਮ ਲਈ ਉਤਸ਼ਾਹਿਤ ਕੀਤਾ ਹੈ।ਸੂਬੇ ਵਿੱਚ ਵਿਰੋਧੀ ਧਿਰਾਂ ਸਰਕਾਰ 'ਤੇ ਅਮਨ ਕਾਨੂੰਨ ਦੇ ਹਾਲਾਤ ਨੂੰ ਕਾਬੂ ਨਾ ਰੱਖ ਸਕਣ ਦਾ ਇਲਜ਼ਾਮ ਲਗਾ ਰਹੀਆਂ।ਜਦਕਿ ਇਹ ਵੀ ਪੰਜਾਬ ਦੇ ਮਾਹੌਲ ਸ਼ਾਂਤ ਕਰਨ ਵਿਚ ਸਰਕਾਰ ਦੀ ਸਹਿਯੋਗੀ ਨਹੀਂ ਬਣੀਆਂ।       

 ਪੰਜਾਬ ਸਰਕਾਰ ਦੇ 8 ਮਹੀਨੇ ਦੇ ਕਾਰਜਕਾਲ ਦੌਰਾਨ ਅਮਨ ਕਾਨੂੰਨ ਨਾਲ ਸਬੰਧਤ 7 ਵੱਡੀਆਂ ਵਾਰਦਾਤਾਂ ਵਾਪਰੀਆਂ ਹਨ।10 ਨਵੰਬਰ ਨੂੰ ਕੋਟਕਪੂਰਾ 'ਚ ਡੇਰਾ ਪ੍ਰੇਮੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ।4 ਮਾਰਚ ਨੂੰ ਜਲੰਧਰ ਸ਼ਹਿਰ ਨੇੜੇ ਪਿੰਡ ਮੱਲੀਆਂ ਕਲਾਂ ਵਿੱਚ ਕੌਮਾਂਤਰੀ ਪੱਧਰ ਦੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਟੂਰਨਾਮੈਂਟ ਦੌਰਾਨ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।ਸੰਦੀਪ ਨੰਗਲ  ਅੰਬੀਆਂ ਸ਼ਾਹਕੋਟ ਨੇੜਲੇ ਪਿੰਡ ਨੰਗਲ ਅੰਬੀਆਂ ਦਾ ਰਹਿਣ ਵਾਲਾ ਸੀ।ਅਜੇ ਕੁਝ ਦਿਨ ਪਹਿਲਾਂ ਹੀ ਸੰਦੀਪ ਦੀ ਪਤਨੀ ਨੇ ਇੱਕ ਵੀਡੀਓ ਸੰਦੇਸ਼ ਰਾਹੀ ਪੰਜਾਬ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਸੀ।ਉਨ੍ਹਾਂ ਇਲਜ਼ਾਮ ਲਾਇਆ ਸੀ ਕਿ ਸੰਦੀਪ ਦਾ ਕਤਲ ਕਰਵਾਉਣ ਪਿੱਛੇ ਪਰਿਵਾਰ ਨੂੰ ਜਿਸ ਵਿਅਕਤੀ ਉੱਤੇ ਸ਼ੱਕ ਹੈ, ਉਸ ਬਾਰੇ ਪੁਲਿਸ ਨੂੰ ਸੂਚਨਾ ਦਿੱਤੇ ਜਾਣ ਦੇ ਬਾਵਜੂਦ ਕਾਰਵਾਈ ਨਹੀਂ ਹੋਈ।ਪੁਲਿਸ ਇਸ ਮਾਮਲੇ ਵਿੱਚ ਕੁਝ ਗ੍ਰਿਫ਼ਤਾਰੀਆਂ ਕਰਨ ਦਾ ਵੀ ਦਾਅਵਾ ਕਰ ਚੁੱਕੀ ਹੈ।ਮਾਰਚ 2022 ਦੌਰਾਨ ਭਾਰਤ ਸਰਕਾਰ ਵੱਲੋਂ ਪਾਬੰਦੀਸ਼ੁਦਾ ਸੰਸਥਾ 'ਸਿੱਖਸ ਫਾਰ ਜਸਟਿਸ' ਵੱਲੋਂ ਅਪ੍ਰੈਲ ਮਹੀਨੇ ਵਿੱਚ ਡੀਸੀ ਦਫਤਰਾਂ 'ਤੇ ਖ਼ਾਲਿਸਤਾਨ ਪੱਖੀ ਝੰਡੇ ਲਹਿਰਾਉਣ ਦੀ ਅਪੀਲ ਕੀਤੀ ਗਈ ਸੀ।ਪਟਿਆਲਾ ਵਿੱਚ ਸ਼ਿਵ ਸੈਨਾ ਵੱਲੋਂ ਇਸ ਅਪੀਲ ਦੇ ਵਿਰੋਧ ਵਿੱਚ ਖਾਲਿਸਤਾਨੀ ਵਿਰੋਧੀ ਮਾਰਚ ਤੇ ਸੰਤ ਭਿੰਡਰਾਂਵਾਲਿਆਂ ਦੇ  ਪੁਤਲੇ ਫੂਕਣ ਦਾ ਸੱਦਾ ਦਿੱਤਾ ਗਿਆ ਸੀ।ਇਸ ਤੋਂ ਬਾਅਦ ਇਸੇ ਮਾਰਚ ਦੇ ਵਿਰੋਧ ਵਿੱਚ ਕਈ ਸਿੱਖ ਸੰਗਠਨ ਵੀ ਵਿਰੋਧ ਪ੍ਰਦਰਸ਼ਨ ਲਈ ਸੜਕਾਂ ਉੱਤੇ ਉਤਰ ਆਏ ਸਨ।ਇਹ ਮਾਰਚ ਪਟਿਆਲਾ ਦੇ ਫੁਹਾਰਾ ਚੌਂਕ ਤੋਂ ਸ਼ੁਰੂ ਹੋਇਆ ਅਤੇ ਕਾਲੀ ਮਾਤਾ ਮੰਦਿਰ ਤੱਕ ਪਹੁੰਚਿਆ, ਜਿੱਥੇ ਇਨ੍ਹਾਂ ਦਾ ਆਪਸੀ ਵਿੱਚ ਟਕਰਾਅ ਹੋ ਗਿਆ ਸੀ।ਦੋਵਾਂ ਧਿਰਾਂ ਵਿਚਾਲੇ ਕਾਫੀ ਤਣਾਅ ਵਧਿਆ, ਪੱਥਰਬਾਜ਼ੀ ਹੋਈ ਤੇ ਤਲਵਾਰਾਂ ਲਹਿਰਾਈਆਂ ਗਈਆਂ। ਪੁਲਿਸ ਵੱਲੋਂ ਹਾਲਾਤ ਨੂੰ ਕਾਬੂ ਕਰਨ ਲਈ ਹਵਾਈ ਫਾਇਰਿੰਗ ਵੀ ਕੀਤੀ ਗਈ ਸੀ।ਹਾਲਾਂਕਿ, ਇਨ੍ਹਾਂ ਹਿੰਸਕ ਘਟਨਾਵਾਂ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਦੱਸੇ ਜਾ ਰਹੇ ਸ਼ਿਵ ਸੈਨਾਨੀ ਹਰੀਸ਼ ਸਿੰਗਲਾ ਤੇ ਦਮਦਮੀ ਟਕਸਾਲ ਰਾਜਪੁਰਾ ਨਾਲ ਸਬੰਧਿਤ  ਬਰਜਿੰਦਰ ਸਿੰਘ ਪਰਵਾਨਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।ਸਿੰਗਲਾ ਨੂੰ ਜਮਾਨਤ ਦੇ ਦਿਤੀ ਗਈ ,ਪਰ ਪਰਵਾਨਾ ਨੂੰ ਹਾਲੇ ਤਕ ਨਹੀਂ ਦਿਤੀ ਗਈ।ਪਟਿਆਲਾ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਅਨੁਸਾਰ ਉਸ ਸਮੇਂ 6 ਹੋਰ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਸਨ।. 

9 ਮਈ ਦੀ ਰਾਤ ਮੁਹਾਲੀ ਵਿੱਚ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਸ਼ਾਮ ਦੌਰਾਨ ਹਮਲਾ ਹੋਇਆ ਸੀ।ਜਿਸ ਨੇ ਪੰਜਾਬ ਦੀ ਸੁਰੱਖਿਆ ਨੂੰ ਡੂੰਘੀ ਚਿੰਤਾ ਦਾ ਵਿਸ਼ਾ ਬਣਾ ਦਿੱਤਾ ਸੀ।ਇਸ ਧਮਾਕੇ ਲਈ ਵਰਤੇ ਗਏ ਲਾਂਚਰ ਨੂੰ ਬਰਾਮਦ ਕਰ ਲਿਆ ਗਿਆ ਸੀ।ਪੁਲਿਸ ਨੇ ਇਸ ਨੂੰ ਸੂਬੇ ਵਿੱਚ ਸਰਗਰਮ ਗੈਂਗਸਟਰਾਂ ਅਤੇ ਵਿਦੇਸ਼ਾਂ ਵਿੱਚ ਬੈਠੇ ਖਾਲਿਸਤਾਨ ਪੱਖ਼ੀ ਕਾਰਕੁਨਾਂ ਦੀ ਰਲੀ-ਮਿਲੀ ਸਾਜਿਸ਼ ਕਰਾਰ ਦਿੱਤਾ ਸੀ।                                               

29 ਮਈ ਨੂੰ ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਉੱਪਰ ਮਾਨਸਾ ਵਿਖੇ ਅਣਪਛਾਤੇ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।ਇਸ ਕਤਲ ਨੇ ਪੰਜਾਬ ਦੇ ਨਾਲ-ਨਾਲ ਦੇਸ਼ਾਂ-ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੂੰ ਝੰਜੋੜ ਦਿੱਤਾ ਸੀ।ਸਿੱਧੂ ਮੂਸੇਵਾਲਾ ਦੇ ਕਤਲ ਨੂੰ ਪੰਜਾਬ ਪੁਲਿਸ ਨੇ ਗੈਂਗਵਾਰ ਨਾਲ ਜੋੜਿਆ ਸੀ।ਜਿਸ ਦਿਨ ਘਟਨਾ ਵਾਪਰੀ ਸੀ ਉਸ ਤੋਂ ਇੱਕ ਦਿਨ ਪਹਿਲਾਂ ਹੀ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਸਰਕਾਰ ਨੇ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ 424 ਹਸਤੀਆਂ ਨੂੰ ਦਿੱਤੀ ਪੁਲਿਸ ਸੁਰੱਖਿਆ ਨੂੰ ਘਟਾਇਆ ਜਾਂ ਖ਼ਤਮ ਕੀਤਾ ਸੀ।

ਅਗਸਤ ਦੇ ਅਖ਼ੀਰ ਵਿੱਚ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਪੱਟੀ ਨਜ਼ਦੀਕ ਪਿੰਡ ਠੱਕਰਪੁਰ ਵਿੱਚ ਇੱਕ ਚਰਚ ਵਿੱਚ ਭੰਨਤੋੜ ਕੀਤੀ ਗਈ ਸੀ।

ਇਸ ਘਟਨਾ ਨੂੰ ਮੁਲਜ਼ਮ ਵੱਲੋਂ ਅੰਜਾਮ ਦੇਣ ਦੀਆਂ ਤਸਵੀਰਾਂ ਵੀ ਸੀਸੀਟੀਵੀ ਕੈਮਰੇ ਰਾਹੀਂ ਸਾਹਮਣੇ ਆਈਆਂ ਸੀ।ਤਸਵੀਰਾਂ ਵਿੱਚ ਨਜ਼ਰ ਆ ਰਿਹਾ ਸੀ ਕਿ ਇੱਕ ਵਿਅਕਤੀ ਚਰਚ ਦੇ ਅੰਦਰ ਜਾ ਕੇ ਧਾਰਮਿਕ ਮੂਰਤੀਆਂ ਨੂੰ ਤੋੜ ਰਿਹਾ ਹੈ। ਇਸ ਤੋਂ ਇਲਾਵਾ ਚਰਚ ਵਿੱਚ ਇੱਕ ਕਾਰ ਨੂੰ ਵੀ ਅੱਗ ਲਗਾਈ ਗਈ ਸੀ।ਧਾਰਮਿਕ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਅਤੇ ਧਾਰਮਿਕ ਸਥਾਨ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਹੈ।

 4 ਨਵੰਬਰ ਨੂੰ ਅੰਮ੍ਰਿਤਸਰ ਵਿੱਚ ਸ਼ਿਵ ਸੈਨਾ (ਟਕਸਾਲੀ) ਆਗੂ ਸੁਧੀਰ ਸੂਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।ਸ਼ਹਿਰ ਦੇ ਗੋਪਾਲ ਮੰਦਿਰ ਬਾਹਰ ਉਨ੍ਹਾਂ ਉੱਤੇ ਹਮਲਾ ਹੋਇਆ। ਉਹ ਹਮਲੇ ਤੋਂ ਪਹਿਲਾਂ ਇੱਕ ਮੰਦਰ ਵਲੋਂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਕੁੜੇ ਵਿੱਚ ਸੁੱਟੇ ਜਾਣ ਦੇ ਵਿਰੋਧ ਵਿੱਚ ਉਹ ਧਰਨੇ ਉੱਤੇ ਬੈਠੇ ਸਨ।ਸੋਸ਼ਲ ਮੀਡੀਆ ਉੱਤੇ ਵਾਇਰਲ ਵੀਡੀਓ ਮੁਤਾਬਕ ਉਨ੍ਹਾਂ ਨਾਲ ਕਿਸੇ ਦੀ ਬਹਿਸਬਾਜ਼ੀ ਹੁੰਦੀ ਦਿਖਾਈ ਦੇ ਰਹੀ ਹੈ, ਅਤੇ ਫਿਰ ਉਨ੍ਹਾਂ ਉੱਤੇ ਗੋਲੀਆਂ ਚਲਾਈਆਂ ਗਈਆਂ ਸਨ।ਹਾਲਾਂਕਿ, ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਮੁਲਜ਼ਮ ਸੰਦੀਪ ਸਿੰਘ ਸੰਨੀ ਨੂੰ ਘਟਨਾ ਵਾਲੀ ਥਾਂ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਸੀ।

ਗੋਲੀਆਂ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ, ਪਰ ਉਸ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।

10 ਨਵੰਬਰ ਸਵੇਰੇ ਕਰੀਬ 7 ਵਜੇ ਕੋਟਕਪੂਰਾ 'ਵਿਚ ਪ੍ਰਦੀਪ ਸਿੰਘ ਨਾਂ ਦੇ ਡੇਰਾ ਪ੍ਰੇਮੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।ਲਾਰੈਂਸ਼ ਬਿਸ਼ਨੋਈ ਗੈਂਗ ਦੇ ਜਿਸ ਸਰਗਨਾ, ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ, ਉਸੇ ਨੇ ਪੋਸਟ ਪਾ ਕੇ ਇਸ ਕਤਲ ਦੀ ਵੀ ਜ਼ਿੰਮੇਵਾਰੀ ਲਈ ਹੈ।ਮਾਰੇ ਗਏ ਡੇਰਾ ਪ੍ਰੇਮੀ ਦਾ ਨਾਮ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸ ਵਿੱਚ ਆਇਆ ਸੀ, ਸਾਲ 2021 ਤੋਂ ਉਨ੍ਹਾਂ ਨੂੰ ਜ਼ਮਾਨਤ ਮਿਲੀ ਹੋਈ ਸੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਘਟਨਾ ਉੱਤੇ ਪ੍ਰਤੀਕਰਮ ਦਿੱਤਾ ਅਤੇ ਕਿਹਾ, “ਕਿਸੇ ਨੂੰ ਵੀ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।”