ਮੂੰਗੀ ਖ਼ਰੀਦਣ ਲਈ ਲਾਈਆਂ ਤੁਗਲਕੀ ਸ਼ਰਤਾਂ ਤੁਰੰਤ ਵਾਪਸ ਲਵੇ ਸਰਕਾਰ : ਬੀਬਾ ਰਾਜਵਿੰਦਰ ਕੌਰ ਰਾਜੂ

ਮੂੰਗੀ ਖ਼ਰੀਦਣ ਲਈ ਲਾਈਆਂ ਤੁਗਲਕੀ ਸ਼ਰਤਾਂ ਤੁਰੰਤ ਵਾਪਸ ਲਵੇ ਸਰਕਾਰ : ਬੀਬਾ ਰਾਜਵਿੰਦਰ ਕੌਰ ਰਾਜੂ

ਮੰਡੀਆਂ ਚ ਮੂੰਗੀ ਦੀ ਸੁਚਾਰੂ ਖਰੀਦ ਕਰਵਾਈ ਜਾਵੇ : ਮਹਿਲਾ ਕਿਸਾਨ ਯੂਨੀਅਨ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ 13 ਜੂਨ ( ਮਹਿਲਾ ਕਿਸਾਨ ਯੂਨੀਅਨ ) ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕਿਸਾਨਾਂ ਤੋਂ ਮੂੰਗੀ ਖ਼ਰੀਦਣ ਲਈ ਲਾਈਆਂ ਤੁਗਲਕੀ ਸ਼ਰਤਾਂ ਦੀ ਸਖ਼ਤ ਨਿਖੇਧੀ ਕਰਦਿਆਂ ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬਾ ਰਾਜਵਿੰਦਰ ਕੌਰ ਰਾਜੂ ਨੇ ਮੰਗ ਕੀਤੀ ਹੈ ਕਿ ਕਿਸਾਨਾਂ ਦੇ ਵਡੇਰੇ ਹਿੱਤਾਂ ਨੂੰ ਦੇਖਦਿਆਂ ਮੁੱਖ ਮੰਤਰੀ ਭਗਵੰਤ ਮਾਨ ਤੁਰੰਤ ਇਹ ਬੇਤੁਕੀਆਂ ਸ਼ਰਤਾਂ ਵਾਪਸ ਲੈ ਕੇ ਮੰਡੀਆਂ ਵਿੱਚ ਮੂੰਗੀ ਦੀ ਖਰੀਦ ਨੂੰ ਸੁਚਾਰੂ ਬਣਾਉਣ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬਾ ਰਾਜਵਿੰਦਰ ਕੌਰ ਰਾਜੂ ਨੇ ਆਖਿਆ ਕਿ ਜਾਪਦਾ ਹੈ ਕਿ ਮੁੱਖ ਮੰਤਰੀ ਏਸੀ ਦਫ਼ਤਰਾਂ ਵਿੱਚ ਬੈਠੇ ਗੈਰ-ਕਾਸ਼ਤਕਾਰ ਉਚ ਅਧਿਕਾਰੀਆਂ ਦੀ ਸਲਾਹ ਉਤੇ ਹੀ ਕਿਸਾਨ ਵਿਰੋਧੀ ਫੈਸਲੇ ਲੈ ਰਹੇ ਹਨ। ਇਸੇ ਕੜੀ ਵਿੱਚ ਮੂੰਗੀ ਦੀ ਖਰੀਦ ਲਈ ਜ਼ਮੀਨ ਦੀ ਮਾਲਕੀ ਵਜੋਂ ਗਿਰਦਾਵਰੀ ਦੀ ਨਕਲ ਦਿਖਾਉਣ, ਪ੍ਰਤੀ ਏਕੜ ਸਿਰਫ਼ 5 ਕੁਇੰਟਲ ਮੂੰਗੀ ਖਰੀਦਣ ਅਤੇ ਫਸਲ ਵੀ ਸਿਰਫ਼ ਸਹਿਕਾਰੀ ਦੁਕਾਨ ਉਤੇ ਹੀ ਖਰੀਦਣ ਸਬੰਧੀ ਲਾਈਆਂ ਸ਼ਰਤਾਂ ਇੱਕ ਆਪ-ਹੁਦਰਾ ਫ਼ੈਸਲਾ ਹੈ ਜਿਸ ਨੂੰ ਪੰਜਾਬ ਦੇ ਕਾਸ਼ਤਕਾਰ ਕਿਸਾਨ ਬਿਲਕੁਲ ਪ੍ਰਵਾਨ ਨਹੀਂ ਕਰਨਗੇ। ਮਹਿਲਾ ਕਿਸਾਨ ਨੇਤਾ ਨੇ ਕਿਹਾ ਕਿ ਜਿੱਥੇ ਸਰਕਾਰ ਵੱਲੋਂ ਮੂੰਗੀ ਨੂੰ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਉਤੇ ਖਰੀਦਣ ਦਾ ਫ਼ੈਸਲਾ ਚੰਗਾ ਕਦਮ ਸੀ ਪਰ ਕਿਸਾਨ ਜਥੇਬੰਦੀਆਂ ਦੀ ਸਲਾਹ ਤੋਂ ਬਿਨਾਂ ਲਾਗੂ ਕੀਤੇ ਅਜਿਹੇ ਕਿਸਾਨ ਮਾਰੂ ਫ਼ੈਸਲੇ ਮੂੰਗੀ ਦੀ ਸੁਚਾਰੂ ਖਰੀਦ ਲਈ ਨਹੀਂ ਸਗੋਂ ਖਰੀਦ ਪ੍ਰਕਿਰਿਆ ਵਿੱਚ ਅੜਿੱਕਾ ਡਾਹੁਣ ਵਾਲੇ ਹਨ। ਬੀਬਾ ਰਾਜੂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਤੁਰੰਤ ਇਹ ਬੇਲੋੜੀਆਂ ਸ਼ਰਤਾਂ ਵਾਪਸ ਲੈ ਕੇ ਮੂੰਗੀ ਦੀ ਖੁੱਲ੍ਹੀ ਖਰੀਦ ਚਾਲੂ ਕਰਵਾਵੇ ਤਾਂ ਜੋ ਸਾਉਣੀ ਦੀਆਂ ਹੋਰ ਫ਼ਸਲਾਂ ਬੀਜਣ ਵਿੱਚ ਰੁੱਝੇ ਹੋਏ ਕਿਸਾਨਾਂ ਦਾ ਸਮਾਂ ਖਰਾਬ ਕੀਤੇ ਬਿਨਾਂ ਉਨ੍ਹਾਂ ਨੂੰ ਹੋਰ ਪ੍ਰੇਸ਼ਾਨੀਆਂ ਤੋਂ ਬਚਾਇਆ ਜਾ ਸਕੇ।