ਪੰਜਾਬ ਵਿਚ ਅਕਾਲੀ-ਭਾਜਪਾ ਗਠਜੋੜ ਸਰਕਾਰ ਬਣਾਉਣ ਦੇ ਦਾਅਵੇ ਹੋਣ ਲਗੇ

ਪੰਜਾਬ ਵਿਚ ਅਕਾਲੀ-ਭਾਜਪਾ ਗਠਜੋੜ ਸਰਕਾਰ ਬਣਾਉਣ ਦੇ ਦਾਅਵੇ ਹੋਣ ਲਗੇ

*ਬਹੁਮਤ ਨਾ ਆਉਣ ਦੀ ਸੂਰਤ ’ਚ ਕਾਂਗਰਸ ਅਤੇ ‘ਆਪ’ ਦੀਆਂ ਬੇੜੀਆਂ ਵਿੱਚ ਵੱਟੇ ਪਾ ਸਕਦੀ ਹੈ ਭਾਜਪਾ

ਅੰਮ੍ਰਿਤਸਰ ਟਾਈਮਜ਼

 ਚੰਡੀਗੜ੍ਹ : ਪੰਜਾਬ ਦੇ ਸਿਆਸੀ ਦ੍ਰਿਸ਼ ਤੇ ਸ਼੍ਰੋਮਣੀ ਅਕਾਲੀ ਦਲ ਨਾਲ ਢਾਈ ਦਹਾਕਿਆਂ ਤੱਕ ਛੋਟੇ ਭਾਈਵਾਲ ਵਜੋਂ ਵਿਚਰਦੀ ਆ ਰਹੀ ਭਾਰਤੀ ਜਨਤਾ ਪਾਰਟੀ 16ਵੀਂ ਵਿਧਾਨ ਸਭਾ ਲਈ ਹੋਈਆਂ ਚੋਣਾਂ ਵਿੱਚ ਨਿਭਾਈ ਭੂਮਿਕਾ ਤੋਂ ਬਾਅਦ ਚੰਗੀ ਕਾਰਗੁਜ਼ਾਰੀ ਲਈ ਆਸਵੰਦ ਹੈ। ਭਾਜਪਾ ਤੇ ਮੋਦੀ-ਸ਼ਾਹ ਜੋੜੀ ਦਾ ਕੰਟਰੋਲ ਹੋਣ ਤੋਂ ਬਾਅਦ ਪੰਜਾਬ ਵਿੱਚ ਪਹਿਲੀ ਵਾਰੀ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਲਈ ਵਿਧਾਨ ਸਭਾ ਚੋਣਾਂ ਇੱਕ ਪ੍ਰੀਖਿਆ ਸਨ। ਪੰਜਾਬ ਤੋਂ ਛਿੜੇ ਲੰਮੇ ਕਿਸਾਨੀ ਅੰਦੋਲਨ ਕਰਕੇ ਭਾਜਪਾ ਦੇ ਆਗੂ ਲਗਾਤਾਰ ਤਿੱਖੇ ਜਨਤਕ ਵਿਰੋਧ ਦਾ ਸਾਹਮਣਾ ਕਰਦੇ ਆ ਰਹੇ ਸਨ। ਕਿਸਾਨਾਂ ਦੇ ਵਿਰੋਧ ਕਾਰਨ ਭਾਜਪਾ ਨੂੰ ਪੰਜਾਬ ਵਿੱਚ ਕਿਤੇ ਵੀ ਸਿਆਸੀ ਸਰਗਰਮੀ ਕਰਨੀ ਮੁਸ਼ਕਲ ਹੋਈ ਪਈ ਸੀ। ਪਰ ਭਾਜਪਾ ਨੂੰ ਸਭ ਤੋਂ ਪਹਿਲਾਂ ਸੁਖ ਦਾ ਸਾਹ ਉਦੋਂ ਆਇਆ ਸੀ ਜਦੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਗੱਠਜੋੜ ਪ੍ਰਵਾਨ ਚੜ੍ਹ ਗਿਆ। ਫਿਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮੇਤ ਜਦੋਂ ਅਨੇਕਾਂ ਸਿੱਖ ਆਗੂਆਂ ਨੇ ਭਾਜਪਾ ਵਿਚ ਸ਼ਮੂਲੀਅਤ ਕਰ ਲਈ ਤਾਂ ਪਾਰਟੀ ਲਈ ਰਾਹ ਆਸਾਨ ਹੋ ਗਿਆ।

ਪਾਰਟੀ ਦੇ ਸੂਬਾਈ ਅਤੇ ਕੌਮੀ ਆਗੂ ਭਾਵੇਂ ਨਤੀਜਿਆਂ ਸਬੰਧੀ ਸਪੱਸ਼ਟ ਟੇਵਾ ਤਾਂ ਨਹੀਂ ਲਾ ਰਹੇ ਪਰ ਭਗਵਾਂ ਪਾਰਟੀ ਦੇ ਆਗੂਆਂ ਦਾ ਦਾਅਵਾ ਹੈ ਕਿ 10 ਮਾਰਚ ਨੂੰ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਅਗਲੀ ਸਰਕਾਰ ਦੇ ਗਠਨ ਵਿੱਚ ਪਾਰਟੀ ਦੀ ਅਹਿਮ ਭੂਮਿਕਾ ਹੋਵੇਗੀ। ਪੰਜਾਬ ਵਿੱਚ ਭਾਜਪਾ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਦੇ ਸਮੇਂ ਸੰਸਦੀ ਜਾਂ ਵਿਧਾਨ ਸਭਾ ਚੋਣਾਂ ਦੌਰਾਨ 5 ਤੋਂ ਲੈ ਕੇ ਸਾਢੇ 8 ਫ਼ੀਸਦੀ ਤੱਕ ਵੋਟਾਂ ਹਾਸਲ ਹੁੰਦੀਆਂ ਰਹੀਆਂ ਹਨ। ਅਕਾਲੀ ਦਲ ਨਾਲ ਗੱਠਜੋੜ ਦੌਰਾਨ ਭਾਜਪਾ 23 ਵਿਧਾਨ ਸਭਾ ਹਲਕਿਆਂ ਤੇ ਆਪਣੇ ਉਮੀਦਵਾਰ ਖੜ੍ਹੇ ਕਰਦੀ ਸੀ ਜਦਕਿ ਇਸ ਵਾਰੀ 70 ਤੋਂ ਵੱਧ ਵਿਧਾਨ ਸਭਾ ਹਲਕਿਆਂ ਤੇ ਭਗਵਾਂ ਪਾਰਟੀ ਦੇ ਉਮੀਦਵਾਰ ਖੜ੍ਹੇ ਸਨ। ਵਿਧਾਨ ਸਭਾ ਚੋਣਾਂ ਦਾ ਹੀ ਅੰਕੜਾ ਦੇਖਿਆ ਜਾਵੇ ਤਾਂ ਭਗਵਾਂ ਪਾਰਟੀ ਦੇ ਹਿੱਸੇ 2007 ਵਿੱਚ 8.33 ਫ਼ੀਸਦੀ, 2012 ਵਿੱਚ 7.18 ਫ਼ੀਸਦੀ ਵੋਟਾਂ ਆਈਆਂ ਸਨ ਜਦਕਿ 2017 ਵਿੱਚ ਵੋਟ ਫ਼ੀਸਦ ਘਟ ਕੇ 5.4 ਫ਼ੀਸਦੀ ਰਹਿ ਗਈ ਸੀ ਤੇ ਸੀਟਾਂ ਵੀ ਤਿੰਨ ਹੀ ਹੱਥ ਲੱਗੀਆਂ ਸਨ। ਉਸ ਮਗਰੋਂ ਪਾਰਟੀ ਲਗਾਤਾਰ ਸਿਆਸੀ ਚੁਣੌਤੀਆਂ ਦਾ ਸਾਹਮਣਾ ਕਰਦੀ ਆ ਰਹੀ ਸੀ ਤੇ ਸ਼੍ਰੋਮਣੀ ਅਕਾਲੀ ਦਲ ਨਾਲ ਤੋੜ ਵਿਛੋੜੇ ਤੋਂ ਬਾਅਦ ਪਾਰਟੀ ਨੂੰ ਬੇੜੀ ਬੰਨੇ ਲਾਉਣ ਲਈ ਕੋਈ ਕੱਦਾਵਾਰ ਆਗੂ ਵੀ ਨਹੀਂ ਲੱਭਿਆ। ਪੰਜਾਬ ਵਿਧਾਨ ਸਭਾ ਚੋਣ ਨਤੀਜਿਆਂ ਦੇ ਦਿਨ ਜਿਵੇਂ-ਜਿਵੇਂ ਨੇੜੇ ਆ ਰਹੇ ਹਨ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਅਟਕਲਾਂ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਜੇਕਰ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਦਾ ਤਾਂ ਇਹ ਦੋਵੇਂ ਪਾਰਟੀਆਂ ਦੁਬਾਰਾ ਗਠਜੋੜ ਕਰਕੇ ਸਰਕਾਰ ਬਣਾਉਣ ਦੀ ਸੰਭਾਵਨਾ ਦੇਖ ਰਹੀਆਂ ਹਨ। ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮ) ਖੁੱਲ੍ਹਣ ਤੋਂ ਪਹਿਲਾਂ ਹੀ ਦੋਵੇਂ ਪਾਰਟੀਆਂ ਦੇ ਆਗੂ ਵੀ ਇੱਕ ਦੂਜੇ ਪ੍ਰਤੀ ਨਰਮ ਰੁਖ਼ ਅਪਣਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਨੂੰ ਕੇਂਦਰ ਸਰਕਾਰ ਵਿੱਚ ਮਜ਼ਬੂਤ ​​ਭਾਈਵਾਲ ਦੀ ਲੋੜ ਹੈ। ਜੇਕਰ ਉਹ ਭਾਜਪਾ ਨਾਲ ਸਬੰਧ ਨਹੀਂ ਸੁਧਰਦੀ ਹੈ ਤਾਂ ਦਿੱਲੀ ਵਿਚ ਉਸ ਦੀ ਨੁਮਾਇੰਦਗੀ ਖ਼ਤਮ ਹੋ ਜਾਵੇਗੀ। ਇਸ ਦੇ ਨਾਲ ਹੀ ਭਾਜਪਾ ਨੂੰ ਇਹ ਵੀ ਪਤਾ ਲੱਗ ਗਿਆ ਹੈ ਕਿ ਉਸ ਈ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਘੁਸਪੈਠ ਕਰਨਾ ਇੰਨਾ ਆਸਾਨ ਨਹੀਂ ਹੈ। ਬਾਦਲ ਦਲ ਹੀ ਉਸਦਾ ਅਹਿਮ ਸਾਥੀ ਬਣਨ ਯੋਗ ਹੈ।ਪ੍ਰਕਾਸ਼ ਸਿੰਘ ਬਾਦਲ ਸੁਪਰੀਮੋ ਨੇ ਸਾਫ ਕਰ ਦਿਤਾ ਹੈ ਕਿ ਸਰਕਾਰ ਬਨਾਉਣ ਲਈ ਭਾਜਪਾ ਨਾਲ ਗਠਜੋੜ ਕਰਾਂਗੇ।

ਸਿਆਸੀ ਮਾਹਿਰ ਆਖਦੇ ਹਨ ਕਿ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਵੀ ਇੰਨਾ ਆਸਾਨ ਨਹੀਂ ਹੋਵੇਗਾ। ਕਿਉਂਕਿ ਭਾਜਪਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅਕਾਲੀ ਦਲ ਦੇ ਨਾਲ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਕਰਕੇ ਚੋਣਾਂ ਲੜੀਆਂ ਸਨ। ਸੁਖਦੇਵ ਸਿੰਘ ਢੀਂਡਸਾ ਨੇ ਸੁਖਬੀਰ ਬਾਦਲ ਦੀ ਲੀਡਰਸ਼ਿਪ 'ਤੇ ਸਵਾਲ ਚੁੱਕਦੇ ਹੋਏ 2017 ਵਿਚ ਅਕਾਲੀ ਦਲ ਨਾਲੋਂ ਨਾਤਾ ਤੋੜ ਲਿਆ ਸੀ।

 ਆਪ ਤੇ ਕਾਂਗਰਸ ਵਿਰੁਧ ਭਾਜਪਾ ਦੀ ਸਿਆਸਤ             

ਭਾਜਪਾ ਨੇ ਹਿੰਦੂ ਵਰਗ ਦੇ ਵੋਟਰਾਂ ਨੂੰ ਲੁਭਾਉਣ  ਲਈ ਆਮ ਆਦਮੀ ਪਾਰਟੀ (ਆਪ) ਤੇ ਖਾਲਿਸਤਾਨ ਪੱਖੀ ਹੋਣ ਦਾ ਡਟਵਾਂ ਪ੍ਰਚਾਰ ਹੀ ਨਹੀਂ ਕੀਤਾ ਸਗੋਂ ਪੰਜਾਬ ਸਮੇਤ ਹੋਰਨਾਂ ਸੂਬਿਆਂ ਦੇ ਸੰਘੀ ਵਰਕਰਾਂ ਨੇ ਪੰਜਾਬ ਦੇ ਛੋਟੇ ਵੱਡੇ ਸ਼ਹਿਰਾਂ ਸਮੇਤ ਪਿੰਡਾਂ ਵਿੱਚ ਵੀ ਡੇਰੇ ਲਾ ਕੇ ਹਿੰਦੂ ਵੋਟ ਨੂੰ ਪਾਰਟੀ ਦੇ ਪੱਖ ਵਿੱਚ ਭੁਗਤਾਉਣ ਲਈ ਤਾਣ ਲਾਇਆ। ਰਾਜਸੀ ਹਲਕਿਆਂ ਵਿੱਚ ਇਹ ਚਰਚਾ ਭਾਰੂ ਹੈ ਕਿ ਭਾਜਪਾ ਨੇ ਚੋਣ ਨਤੀਜਿਆਂ ਤੋਂ ਲਟਕਵੀਂ ਵਿਧਾਨ ਸਭਾ ਆਉਣ ਦੀ ਸੂਰਤ ਵਿੱਚ ਬਾਅਦ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਸੱਤਾ ਤੋਂ ਦੂਰ ਰੱਖਣ ਲਈ ਚੋਣ ਰਣਨੀਤੀ ਤਹਿਤ ਗੱਠਜੋੜ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਆਪਅਤੇ ਕਾਂਗਰਸ ਦੇ ਆਗੂਆਂ ਨੂੰ ਵੀ ਇਹ ਡਰ ਸਤਾਉਣ ਲੱਗਾ ਹੈ ਕਿ ਕਿਸੇ ਵੀ ਧਿਰ ਨੂੰ ਜੇਕਰ ਸਪੱਸ਼ਟ ਬਹੁਮਤ ਨਹੀਂ ਮਿਲਦਾ ਤਾਂ ਭਾਜਪਾ ਬੇੜੀ ਵਿੱਚ ਵੱਟੇਪਾਉਣ ਦਾ ਕੰਮ ਕਰ ਸਕਦੀ ਹੈ। ਭਾਜਪਾ ਆਗੂਆਂ ਦਾ ਦਾਅਵਾ ਹੈ ਕਿ ਪਾਰਟੀ ਨੂੰ ਜਿੰਨੀਆਂ ਸੀਟਾਂ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਦੌਰਾਨ ਹਾਸਲ ਹੁੰਦੀਆਂ ਸਨ, ਓਨੀਆਂ ਸੀਟਾਂ ਹੱਥ ਆਉਣ ਦੇ ਆਸਾਰ ਦਿਖਾਈ ਦੇ ਰਹੇ ਹਨ। ਬਿਨਾਂ ਸ਼ੱਕ ਇਨ੍ਹਾਂ ਚੋਣਾਂ ਦੌਰਾਨ ਭਾਜਪਾ ਆਪਣੇ ਅਤੇ ਆਪਣੇ ਸਹਿਯੋਗੀਆਂ ਦੇ ਵੱਡੀ ਗਿਣਤੀ ਉਮੀਦਵਾਰਾਂ ਲਈ ਡੇਰਾ ਸਿਰਸਾ ਤੇ ਡੇਰਾ ਬਿਆਸ ਸਮੇਤ ਹੋਰਨਾਂ ਕਈ ਡੇਰਿਆਂ ਦੀ ਹਮਾਇਤ ਹਾਸਲ ਕਰਨ ਚ ਕਾਮਯਾਬ ਹੋ ਗਈ ਸੀ, ਜਿਸ ਕਰਕੇ ਪਾਰਟੀ ਨੂੰ ਵੋਟ ਪ੍ਰਤੀਸ਼ਤ ਦਾ ਮੋਟਾ ਹਿੱਸਾ ਮਿਲਣ ਅਤੇ ਹੈਰਾਨੀਜਨਤਕ ਨਤੀਜਿਆਂ ਦੀ ਆਸ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਭਾਜਪਾ ਕਾਂਗਰਸ ਤੇ ਆਪ ਦੇ ਕੁਝ ਵਿਧਾਇਕ  ਤੋੜਕੇ ਆਪਣੇ ਨਾਲ ਲਿਆਵੇਗੀ।