ਪੰਜਾਬੀ ਯੂਨੀਵਰਸਿਟੀ ਵਿੱਚ ਵਖਾਏ ਜਾ ਰਹੇ "ਨਾਨਕ ਸ਼ਾਹ ਫਕੀਰ" ਨਾਟਕ 'ਤੇ ਉੱਠੇ ਇਤਰਾਜ਼

ਪੰਜਾਬੀ ਯੂਨੀਵਰਸਿਟੀ ਵਿੱਚ ਵਖਾਏ ਜਾ ਰਹੇ
ਪੰਜਾਬੀ ਯੂਨੀਵਰਸਿਟੀ ਚ ਅੱਜ ਦੁਪਹਿਰੇ ਲਾਏ ਗਏ ਇਸ਼ਤਿਹਾਰ ਦਾ ਇਕ ਹਿੱਸਾ

ਚੰਡੀਗੜ੍ਹ: ਬੀਤੇ ਸਮੇਂ ਦੌਰਾਨ ‘ਨਾਨਕ ਸ਼ਾਹ ਫਕੀਰ’ ਨਾਮੀ ਫਿਲਮ ਰਾਹੀਂ ਗੁਰੂ ਨਾਨਕ ਸਾਹਿਬ ਨੂੰ ਚਿਤਰਤ ਕਰਨ ਵਿਰੁਧ ਸਿੱਖ ਪੰਥ ਵਲੋਂ ਉੱਚੀ ਸੁਰ 'ਚ ਆਵਾਜ਼ ਬੁਲੰਦ ਕੀਤੀ ਗਈ। ਇਸ ਸਮੇਂ ਪੰਜਾਬੀ ਯੂਨੀਵਰਸਿਟੀ ਮੋਹਰੀ ਸਫਾਂ ਵਿਚ ਰਹੀ ਸੀ ਅਤੇ ਇਸ ਅਦਾਰੇ ਦੇ ਵਿਦਿਆਰਥੀਆਂ ਵਲੋਂ ਇਸ ਮਾਮਲੇ ਵਿਚ ਬੌਧਿਕ ਤੇ ਜ਼ਮੀਨੀ ਸਰਗਰਮੀ ਕੀਤੀ ਗਈ ਸੀ। ਵਿਦਿਆਰਥੀਆਂ ਦੇ ਨਾਲ-ਨਾਲ ਇਸ ਅਦਾਰੇ ਦੇ ਅਕਾਦਮਿਕ ਮਾਹਿਰਾਂ ਤੇ ਅਧਿਆਪਕਾਂ ਨੇ ਵੀ ਸਿੱਖ ਪੱਖ ਨੂੰ ਉਭਾਰਦਿਆਂ ਉਕਤ ਵਿਵਾਦਤ ਫਿਲਮ ਦੇ ਨਾਂ ਅਤੇ ਇਸ ਰਾਹੀਂ ਗੁਰੂ ਸਾਹਿਬ ਤੇ ਉਨ੍ਹਾਂ ਦੇ ਪਰਵਾਰ ਨੂੰ ਚਿਤਰਤ ਕਰਨ ਨੂੰ ਗਲਤ ਕਰਾਰ ਦਿੱਤਾ ਸੀ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਇਨ੍ਹਾਂ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਇਹ ਹਾਮੀ ਭਰੀ ਸੀ ਕਿ ਸਿੱਖ ਪਰੰਪਰਾਂ ਮੁਤਾਬਕ ਗੁਰੂ ਸਾਹਿਬ ਨੂੰ ਮਨੁੱਖੀ, ਬਿਜਲਈ ਜਾਂ ਹੋਰਨਾਂ ਅਜਿਹੇ ਸਾਧਨਾਂ ਰਾਹੀਂ ਰੂਪਮਾਨ ਨਹੀਂ ਕੀਤਾ ਜਾ ਸਕਦਾ। ਇਸ ਸਮੇਂ ਧਰਮ ਅਧਿਐਨ ਦੇ ਮਾਹਿਰਾਂ ਨੇ ਸਪਸ਼ਟ ਕੀਤਾ ਸੀ ਕਿ ਗੁਰੂ ਨਾਨਕ ਸਾਹਿਬ ਲਈ ‘ਨਾਨਕ ਸ਼ਾਹ ਫਕੀਰ’ ਨਾਂ ਵਰਤਣਾ ਗਲਤ ਹੈ।

ਇਸ ਸਭ ਕੁਝ ਦੇ ਬਾਵਜੂਦ ਅੱਜ ਉਹੀ ਪੰਜਾਬੀ ਯੂਨੀਵਰਸਿਟੀ ‘ਨਾਨਕ ਸ਼ਾਹ ਫਕੀਰ’ ਨਾਂ ਹੇਠ ਆਵਾਜ਼ ਰੂਪਕ ਕਰਵਾਉਣ ਜਾ ਰਹੀ ਹੈ ਜਿਸ ਉੱਤੇ ਗੰਭੀਰ ਇਤਰਾਜ਼ ਉੱਠਣੇ ਸ਼ੁਰੂ ਹੋ ਗਏ ਹਨ। ਅੱਜ ਸ਼ਾਮ ਨੂੰ ਹੋਣ ਵਾਲੇ ਇਸ ਸਮਾਗਮ ਦੇ ਇਸ਼ਤਿਹਾਰ ਅੱਜ ਦੁਪਹਿਰੇ ਹੀ ਪੰਜਾਬੀ ਯੂਨੀਵਰਸਿਟੀ ਵਿਚ ਲਾਏ ਗਏ, ਜਿਸ ਉੱਤੇ ਉਸੇ ਵੇਲੇ ਹੀ ਇਤਰਾਜ਼ ਉੱਠਣੇ ਸ਼ੁਰੂ ਹੋ ਗਏ।


ਪੰਜਾਬੀ ਯੂਨੀਵਰਸਿਟੀ ਚ ਅੱਜ ਦੁਪਹਿਰੇ ਲਾਇਆ ਗਿਆ ਇਸ਼ਤਿਹਾਰ

ਜਾਣਕਾਰੀ ਮੁਤਾਬਕ ਯੂਨੀਵਰਸਿਟੀ ਵਿਦਿਆਰਥੀਆਂ ਨੇ ਇਸ ਨਾਟਕ ਦੀ ਪੇਸ਼ਕਾਰੀ ਕਰਨ ਵਾਲੇ ਡਾ. ਕੇਵਲ ਧਾਲੀਵਾਲ ਨਾਲ ਗੱਲਬਾਤ ਕੀਤੀ ਪਰ ਵਿਦਿਆਰਥੀਆਂ ਮੁਤਾਬਕ ਉਨ੍ਹਾਂ ਨੂੰ ਸੰਤੁਸ਼ਟੀਜਨਕ ਜਵਾਬ ਨਹੀਂ ਮਿਲੇ। ਵਿਦਿਆਰਥੀਆਂ ਨੇ ਸਿੱਖ ਸਿਆਸਤ ਮੀਡੀਆ ਅਦਾਰੇ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਭਾਵੇਂ ਪ੍ਰਬੰਧਕਾਂ ਨੇ ਇਹ ਤਾਂ ਸਪਸ਼ਟ ਕਰ ਦਿੱਤਾ ਹੈ ਕਿ ਵਿਵਾਦਤ ‘ਨਾਨਕਸ਼ਾਹ ਫਕੀਰ ਫਿਲਮ’ ਨਹੀਂ ਵਿਖਾਈ ਜਾ ਰਹੀ ਪਰ ਉਹ ਇਸ ਬਾਰੇ ਸਪਸ਼ਟ ਯਕੀਨਦਾਹੀ ਨਹੀਂ ਕਰਵਾ ਸਕੇ ਕਿ ਇਸ ‘ਰੌਸ਼ਨੀ ਰੂਪਕ’ ਵਿਚ ਗੁਰੂ ਸਾਹਿਬ ਦੇ ਬਿੰਬ ਨੂੰ ਚਿਤਰਤ ਨਹੀਂ ਕੀਤਾ ਜਾਵੇਗਾ। ਵਿਦਿਆਰਥੀਆਂ ਨੇ ਕਿਹਾ ਕਿ ਜਦੋਂ ਪ੍ਰਬੰਧਕਾਂ ਨੂੰ ਇਹ ਪੁੱਛਿਆ ਗਿਆ ਕਿ ਜਦੋਂ ਸਿੱਖ ਵਿਦਵਾਨ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਗੁਰੂ ਨਾਨਕ ਸਾਹਿਬ ਨੂੰ ‘ਨਾਨਕ ਸ਼ਾਹ ਫਕੀਰ’ ਦਾ ਨਾਂ ਦੇਣਾ ਗਲਤ ਹੈ ਤਾਂ ਫਿਰ ਇਹ ਨਾਂ ਕਿਉਂ ਰੱਖਿਆ ਗਿਆ ਤਾਂ ਪ੍ਰਬੰਧਕਾਂ ਨੇ ਇਹ ਕਹਿ ਕੇ ਟਾਲਾ ਵੱਟਣ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਨੂੰ ਪਤਾ ਨਹੀਂ ਹੈ ਕਿ ਕਿਸੇ ਨੂੰ ਇਸ ਨਾਂ ਤੇ ਇਤਰਾਜ਼ ਹੈ।

ਸਿੱਖ ਸਿਆਸਤ ਮੁਤਾਬਿਕ ਜਦੋਂ ਡਾ. ਕੇਵਲ ਧਾਲੀਵਾਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਭਾਵੇਂ ਇਸ਼ਤਿਹਾਰ ਵਿਚ ਆਵਾਜ਼ ਰੂਪਕ ਲਿਖਿਆ ਗਿਆ ਹੈ ਪਰ ਅਸਲ ਵਿਚ ਇਹ ਕਲਾਕਾਰਾਂ ਵਲੋਂ ਖੇਡਿਆ ਜਾਣ ਵਾਲਾ ਨਾਟਕ ਹੈ ਪਰ ਇਸ ਵਿਚ ਕਿਸੇ ਨੇ ਵੀ ਗੁਰੂ ਸਾਹਿਬ ਜਾਂ ਉਨ੍ਹਾਂ ਦੇ ਪਰਵਾਰ ਦਾ ਕਿਰਦਾਰ ਨਹੀਂ ਨਿਭਾਇਆ।

ਸਿੱਖ ਸਿਆਸਤ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਮੰਨਿਆ ਕਿ ‘ਨਾਨਕ ਸ਼ਾਹ ਫਕੀਰ’ ਫਿਲਮ ਦੇ ਵਿਵਾਦ ਬਾਰੇ ਉਨ੍ਹਾਂ ਨੂੰ ਪਤਾ ਸੀ ਪਰ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਸਿੱਖਾਂ ਨੂੰ ਇਸ ਨਾਂ ਉੱਤੇ ਵੀ ਇਤਰਾਜ਼ ਸੀ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਉਨ੍ਹਾਂ ਆਪਣੀ ਪੇਸ਼ਕਸ਼ ਦਾ ਨਾਂ ਇਤਰਾਜ਼ਯੋਗ ਤੇ ਵਿਵਾਦਤ ਫਿਲਮ ਦੇ ਨਾਂ ਉੱਤੇ ਕਿਉਂ ਰੱਖਿਆ ਤਾਂ ਉਨ੍ਹਾਂ ਕਿਹਾ ਕਿ ਜੇਕਰ ਇਤਰਾਜ਼ ਹੁੰਦਾ ਹੈ ਉਹ ਨਾਂ ਬਦਲ ਦੇਣਗੇ।

ਇਹ ਪੁੱਛੇ ਜਾਣ ਤੇ ਕਿ ਜਦੋਂ ਹੁਣ ਉਨ੍ਹਾਂ ਦੀ ਪੇਸ਼ਕਸ਼ ਤੇ ਵਿਵਾਦ ਉੱਠ ਰਿਹਾ ਹੈ ਤਾਂ ਕੀ ਉਹ ਨਾਂ ਬਦਲ ਰਹੇ ਹਨ ਜਾਂ ਹਾਲੀ ਹੋਰ ਵਿਚਾਰ ਕਰਕੇ ਬਦਲਣਗੇ ਤਾਂ ਉਨ੍ਹਾਂ ਕਿਹਾ ਕਿ ਸ਼ਾਮ ਦੀ ਪੇਸ਼ਕਸ਼ ‘ਗਗਨ ਮੈ ਥਾਲ” ਸਿਰਲੇਖ ਹੇਠ ਹੋਵੇਗੀ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ