ਐਸ.ਜੀ.ਪੀ.ਸੀ ਚੋਣਾਂ ਦੀ ਤਰੀਕ ਦਾ ਤੁਰੰਤ ਐਲਾਨ ਕਰਵਾਉਣ ਹਿੱਤ ਪਾਰਟੀ ਵਫਦ ਨੇ ਮੁਲਾਕਾਤ ਕੀਤੀ : ਅੰਮ੍ਰਿਤਸਰ ਦਲ

ਐਸ.ਜੀ.ਪੀ.ਸੀ ਚੋਣਾਂ ਦੀ ਤਰੀਕ ਦਾ ਤੁਰੰਤ ਐਲਾਨ ਕਰਵਾਉਣ ਹਿੱਤ ਪਾਰਟੀ ਵਫਦ ਨੇ ਮੁਲਾਕਾਤ ਕੀਤੀ : ਅੰਮ੍ਰਿਤਸਰ ਦਲ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 11 ਜੂਨ (ਮਨਪ੍ਰੀਤ ਸਿੰਘ ਖਾਲਸਾ):- “ਜਦੋਂ ਚੀਫ ਕਮਿਸਨਰ ਗੁਰਦੁਆਰਾ ਚੋਣਾਂ ਜਸਟਿਸ ਐਸ.ਐਸ. ਸਾਰੋ ਵੱਲੋਂ ਮਿਤੀ 13 ਅਪ੍ਰੈਲ 2023 ਨੂੰ ਪੰਜਾਬ ਸਰਕਾਰ ਦੇ ਮੁੱਖ ਸਕੱਤਰ, ਵਧੀਕ ਮੁੱਖ ਸਕੱਤਰ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਅਤੇ ਪੰਜਾਬ ਸੂਬੇ ਦੇ ਸਮੁੱਚੇ ਡਿਪਟੀ ਕਮਿਸ਼ਨਰਾਂ ਨੂੰ ਆਪਣੇ ਪੱਤਰ ਨੰਬਰ ਮੀਮੋ ਨੰ: ਨਿ.ਸ./ਮੁ.ਕ.ਗੁ.ਚ/2023 ਰਾਹੀ ਤੁਰੰਤ ਸਿੱਖ ਕੌਮ ਦੀਆਂ ਗੁਰੂਘਰ ਦੀਆਂ ਚੋਣਾਂ ਦੀਆਂ ਸ਼ਰਤਾਂ ਪੂਰੀਆਂ ਕਰਨ ਵਾਲੇ ਸਿੱਖਾਂ ਦੀਆਂ ਵੋਟਾਂ ਬਣਾਉਣ ਲਈ ਅਤੇ ਨਵੀ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਲਈ ਹੁਕਮ ਕਰ ਚੁੱਕੇ ਹਨ । ਤਾਂ ਇਸ ਗੰਭੀਰ ਵਿਸੇ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ 4 ਮੈਬਰੀ ਵਫਦ ਨੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਸ੍ਰੀ ਵੀ.ਕੇ. ਜੰਜੂਆਂ ਨਾਲ ਅੱਜ ਇਕ ਵਿਸ਼ੇਸ਼ ਮੀਟਿੰਗ ਕਰਦੇ ਹੋਏ ਮੰਗ ਕੀਤੀ ਹੈ ਕਿ ਚੋਣ ਕਮਿਸਨ ਦੇ ਹੁਕਮਾਂ ਨੂੰ ਮੰਨਦੇ ਹੋਏ ਜਿਥੇ ਚੋਣ ਵੋਟਰ ਸੂਚੀਆਂ ਬਣਾਉਣ ਲਈ ਨਵੀਆ ਵੋਟਾਂ ਬਣਾਉਣ ਲਈ ਜਲਦੀ ਅਮਲ ਸੁਰੂ ਕੀਤਾ ਜਾਵੇ, ਉਥੇ ਪੰਜਾਬ ਸਰਕਾਰ ਤੇ ਮੁੱਖ ਸਕੱਤਰ ਪੰਜਾਬ ਸਿੱਖ ਕੌਮ ਜੋ ਬੀਤੇ 12 ਸਾਲਾਂ ਤੋ ਆਪਣੀ ਜਮਹੂਰੀਅਤ ਬਹਾਲ ਕਰਵਾਉਣ ਲਈ ਸੰਘਰਸ਼ ਕਰ ਰਹੀ ਹੈ, ਉਸਨੂੰ ਵਿਸ਼ਵਾਸ ਦਿਵਾਉਣ ਹਿੱਤ ਜਿੰਨੀ ਜਲਦੀ ਹੋ ਸਕੇ, ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਕਰਵਾਉਣ ਲਈ ਇਕ ਹਫਤੇ ਦੇ ਅੰਦਰ-ਅੰਦਰ ਚੋਣਾਂ ਕਰਵਾਉਣ ਦੀ ਮਿਤੀ ਦਾ ਐਲਾਨ ਕੀਤਾ ਜਾਵੇ ਅਤੇ ਇਸ ਚੋਣ ਪ੍ਰਕਿਰਿਆ ਨੂੰ ਸਹੀ ਸਮੇ ਵਿਚ ਮੁਕੰਮਲ ਕਰਨ ਲਈ ਪੰਜਾਬ ਸਰਕਾਰ ਤੇ ਮੁੱਖ ਸਕੱਤਰ ਪੰਜਾਬ ਆਪਣੀਆ ਬਣਦੀਆ ਜਿੰਮੇਵਾਰੀਆ ਪੂਰੀਆ ਕਰਨ ।”

ਸਿੱਖ ਕੌਮ ਦੀ ਮੁੱਖ ਮੰਗ ਨੂੰ ਲੈਕੇ ਮੁੱਖ ਸਕੱਤਰ ਪੰਜਾਬ ਨਾਲ ਮੁਲਾਕਾਤ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਹੁਦੇਦਾਰਾਂ ਵਿਚ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਸ. ਕੁਸਲਪਾਲ ਸਿੰਘ ਮਾਨ ਅਤੇ ਸ. ਭਗੋਤੀ ਸਿੰਘ ਐਡਵੋਕੇਟ ਰੂਪੀ ਵਫਦ ਉਚੇਚੇ ਤੌਰ ਤੇ ਮੁਲਾਕਾਤ ਕਰਨ ਉਪਰੰਤ ਪਾਰਟੀ ਵੱਲੋ ਜਾਰੀ ਕੀਤੇ ਗਏ ਇਕ ਪ੍ਰੈਸ ਨੋਟ ਵਿਚ ਇਹ ਜਾਣਕਾਰੀ ਦਿੱਤੀ ਗਈ । ਇਸ ਵਫਦ ਦੇ ਸਮੁੱਚੇ ਮੈਬਰਾਂ ਨੇ ਸ੍ਰੀ ਵੀ.ਕੇ. ਜੰਜੂਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿਉਂਕਿ ਐਸ.ਜੀ.ਪੀ.ਸੀ 1925 ਤੋ ਹੋਦ ਵਿਚ ਆਈ ਹੋਈ ਹੈ । 1947 ਦੀ ਵੰਡ ਤੋ ਬਾਅਦ ਇੰਡੀਅਨ ਪਾਰਲੀਮੈਟ ਦੀਆਂ ਹਰ 5 ਸਾਲ ਬਾਅਦ ਹੋਣ ਵਾਲੀਆ ਚੋਣਾਂ ਹੁਣ ਤੱਕ 17 ਵਾਰ ਹੋ ਚੁੱਕੀਆ ਹਨ ਅਤੇ 18ਵੀ ਵਾਰ 2024 ਵਿਚ ਹੋਣ ਜਾ ਰਹੀਆ ਹਨ । ਜਦੋਕਿ ਸਾਡੀ ਸਿੱਖ ਪਾਰਲੀਮੈਟ ਐਸ.ਜੀ.ਪੀ.ਸੀ ਦੀਆਂ ਹੁਣ ਤੱਕ ਚੋਣਾਂ ਕੇਵਲ 8 ਵਾਰ ਹੋਈਆ ਹਨ । ਜੋ ਸਿੱਖ ਕੌਮ ਦੀ ਕਾਨੂੰਨੀ ਜਮਹੂਰੀਅਤ ਨੂੰ ਹੁਕਮਰਾਨਾਂ ਵੱਲੋ ਕੁੱਚਲਣ ਅਤੇ ਸਾਡੇ ਗੁਰੂਘਰਾਂ ਦੇ ਪ੍ਰਬੰਧ ਵਿਚ ਵੱਡੇ ਪੱਧਰ ਤੇ ਪੈਦਾ ਹੋ ਚੁੱਕੀਆ ਖਾਮੀਆ ਤੇ ਨਾਕਾਮੀਆ ਲਈ ਹੁਕਮਰਾਨਾਂ ਵੱਲੋ ਸਾਡੀਆ ਚੋਣਾਂ ਨਾ ਕਰਵਾਕੇ ਇਸਨੂੰ ਉਤਸਾਹਿਤ ਕੀਤਾ ਜਾ ਰਿਹਾ ਹੈ । ਜੋ ਗੈਰ ਕਾਨੂੰਨੀ ਤੇ ਗੈਰ ਇਖਲਾਕੀ ਹੈ ਅਤੇ ਇਸਦਾ ਦੋਸ਼ ਹਕੂਮਤਾਂ ਤੇ ਲੱਗਦਾ ਆ ਰਿਹਾ ਹੈ । ਆਗੂਆ ਨੇ ਕਿਹਾ ਜਦੋ ਇੰਡੀਆ ਦਾ ਗ੍ਰਹਿ ਵਿਭਾਗ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਕਰਵਾਉਣ ਲਈ ਪੂਰਨ ਰੂਪ ਵਿਚ ਹਰੀ ਝੰਡੀ ਦੇ ਚੁੱਕਾ ਹੈ ਅਤੇ ਚੋਣ ਕਮਿਸ਼ਨਰ ਗੁਰਦੁਆਰਾ ਨੇ ਇਸਨੂੰ ਅਮਲੀ ਰੂਪ ਦੇਣ ਲਈ ਪੰਜਾਬ ਸਰਕਾਰ ਤੇ ਸੰਬੰਧਤ ਅਫਸਰਸਾਹੀ ਨੂੰ ਹਦਾਇਤਾਂ ਕਰ ਦਿੱਤੀਆ ਹਨ ਤਾਂ ਇਸ ਵਿਚ ਕਿਸੇ ਤਰ੍ਹਾਂ ਦੀ ਅਣਗਹਿਲੀ ਅਤੇ ਦੇਰੀ ਨਹੀ ਹੋਣੀ ਚਾਹੀਦੀ ਅਤੇ ਇਸ ਸਮੁੱਚੇ ਜਿੰਮੇਵਾਰ ਅਫਸਰਸਾਹੀ ਨੂੰ ਸੀਮਤ ਸਮੇ ਵਿਚ ਇਹ ਜਿੰਮੇਵਾਰੀ ਪੂਰਨ ਕਰਕੇ ਸਿੱਖ ਕੌਮ ਦੇ ਬੀਤੇ 12 ਸਾਲਾਂ ਤੋ ਕੁੱਚਲੇ ਹੋਏ ਜਮਹੂਰੀ ਹੱਕ ਨੂੰ ਬਹਾਲ ਕਰਨਾ ਚਾਹੀਦਾ ਹੈ।