ਚੰਦੂਮਾਜਰਾ ,ਰੱਖੜਾ ,ਮਲੂਕਾ ਦੇ ਭਾਜਪਾ ਵਿਚ ਜਾਣ ਦੀਆਂ ਛਿੜੀਆਂ ਚਰਚਾਵਾਂ

ਚੰਦੂਮਾਜਰਾ ,ਰੱਖੜਾ ,ਮਲੂਕਾ ਦੇ ਭਾਜਪਾ ਵਿਚ ਜਾਣ ਦੀਆਂ ਛਿੜੀਆਂ ਚਰਚਾਵਾਂ

 'ਅਕਾਲੀ ਆਗੂ  ਮਲੂਕਾ ਤੇ ਰਖੜਾ ਨੇ ਕਿਹਾ ਕਿ ਉਹ ਅਕਾਲੀ ਹੀ ਰਹਿਣਗੇ ,ਪਰ ਲੋਕ ਸਭਾ ਚੋਣ ਨਹੀਂ ਲੜਨਗੇ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਜਲੰਧਰ : ਅਕਾਲੀ ਦਲ ਦੇ ਵੱਡੇ ਆਗੂਆਂ ਸਿਕੰਦਰ ਸਿੰਘ ਮਲੂਕਾ,ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ ਦੀਆਂ ਭਾਜਪਾ ਵਿਚ ਜਾਣ ਦੀਆਂ ਚਰਚਾਵਾਂ ਛਿੜੀਆਂ ਹੋਈਆਂ ਹਨ।ਅਕਾਲੀ ਹਲਕਿਆਂ ਦਾ ਮੰਨਣਾ ਹੈ ਕਿ ਇਹ ਭਾਜਪਾ ਵਲੋਂ ਅਕਾਲੀ ਦਲ ਨੂੰ ਕੰਮਜੋਰ ਕਰਨ ਦਾ ਨੈਰੇਟਿਵ ਹੈ।ਭਾਜਪਾ ਨੂੰ ਉਮੀਦਵਾਰ ਲਭ ਨਹੀਂ ਰਹੇ ਉਹ ਦੂਸਰੀਆਂ ਪਾਰਟੀਆਂ ਦੇ ਆਗੂਆਂ ਉਪਰ ਨਜ਼ਰ ਧਰੀ ਬੈਠੀ ਹੈ।  ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਨੇ ਭਾਜਪਾ ਵਿਚ ਜਾਣ ਦੀ ਅਫਵਾਹ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਉਹ ਅਕਾਲੀ ਦਲ ਦੇ ਸਿਪਾਹੀ ਹਨ ਅਤੇ ਹਮੇਸ਼ਾ ਅਕਾਲੀ ਹੀ ਰਹਿਣਗੇ।  ਅਕਾਲੀ ਲੀਡਰ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਨਾ ਤਾਂ ਮੇਰੇ ਨਾਲ ਕਿਸੇ ਨੇ ਸੰਪਰਕ ਕੀਤਾ ਹੈ ਅਤੇ ਨਾ ਹੀ ਉਹ ਭਾਜਪਾ ਵਿਚ ਜਾ ਰਹੇ ਹਨ। ਇਸ ਦੇ ਨਾਲ ਹੀ ਲੋਕ ਸਭਾ ਚੋਣ ਲੜਨ ਨੂੰ ਲੈ ਕੇ ਪੁੱਛੇ ਗਏ ਸਵਾਲ 'ਤੇ ਉਨ੍ਹਾਂ ਕਿਹਾ ਕਿ ਉਹ ਪਾਰਲੀਮੈਂਟ ਚੋਣ ਨਹੀਂ ਲੜਨਗੇ ਅਤੇ ਨਾ ਹੀ ਉਨ੍ਹਾਂ ਨੇ ਇਸ ਬਾਰੇ ਸੋਚਿਆ ਹੈ। 

ਇਸ ਦੌਰਾਨ ਜਦੋਂ ਉਨ੍ਹਾਂ ਤੋਂ ਭਾਜਪਾ ਵੱਲੋਂ ਵੱਡੇ ਅਕਾਲੀ ਆਗੂਆਂ ਨਾਲ ਸੰਪਰਕ ਕੀਤੇ ਜਾਣ ਦੀਆਂ ਚਰਚਾਵਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਬਾਕੀਆਂ ਬਾਰੇ ਮੈਨੂੰ ਨਹੀਂ ਪਤਾ ਪਰ ਮੇਰੇ ਨਾਲ ਕਿਸੇ ਨੇ ਕੋਈ ਸੰਪਰਕ ਨਹੀਂ ਕੀਤਾ, ਉਹ ਆਪਣੇ ਘਰ ਵਿਚ ਹੀ ਹਨ। ਜਿਹੜੀਆਂ ਚਰਚਾਵਾਂ ਚੱਲ ਰਹੀਆਂ ਹਨ, ਇਹ ਮਹਿਜ਼ ਅਫਵਾਹਾਂ ਹਨ, ਇਨ੍ਹਾਂ ਵਿਚ ਕੋਈ ਸੱਚਾਈ ਨਹੀਂ ਹੈ।

ਪੰਜਾਬ ਦੇ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਰੱਖੜਾ ਨੇ ਭਾਜਪਾ 'ਚ ਜਾਣ ਦੇ ਸਵਾਲ 'ਤੇ ਬੋਲਦਿਆਂ  ਕਿਹਾ ਕਿ ਜਦੋਂ ਤੋਂ ਮੈਂ ਜੰਮਿਆ ਹਾਂ, ਅਕਾਲੀ ਦਲ ਹੀ ਹਾਂ ਅਤੇ ਅਕਾਲੀ ਦਲ 'ਚ ਹੀ ਰਹਾਂਗਾ।ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ  ਉਹ ਅਕਾਲੀ ਦਲ ਵਲੋਂ ਲੋਕ ਸਭਾ ਚੋਣ ਨਹੀਂ ਲੜਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਹਰ ਚੋਣ ਖ਼ੁਦ ਲੜਨ ਨਾਲ ਗੱਡੀ ਨਹੀਂ ਚੱਲਦੀ ਅਤੇ ਵਿਅਕਤੀ ਨੂੰ ਇਕ ਸਮੇਂ 'ਤੇ ਆ ਕੇ ਖ਼ੁਦ ਹੀ ਪਿੱਛੇ ਹਟ ਜਾਣਾ ਚਾਹੀਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਅਕਾਲੀ ਦਲ ਵਲੋਂ ਸੁਰਜੀਤ ਸਿੰਘ ਰੱਖੜਾ ਨੂੰ ਪਟਿਆਲਾ ਲੋਕ ਸਭਾ ਸੀਟ ਤੋਂ ਚੋਣ ਮੈਦਾਨ ਵਿਚ ਉਤਾਰਨ ਦੀਆਂ ਚਰਚਾਵਾਂ ਚੱਲ ਰਹੀਆਂ ਸਨ। ਇਸ ਸੀਟ 'ਤੇ ਆਮ ਆਦਮੀ ਪਾਰਟੀ ਵਲੋਂ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਅਤੇ ਭਾਜਪਾ ਵਲੋਂ ਪਰਨੀਤ ਕੌਰ ਚੋਣ ਮੈਦਾਨ 'ਚ ਹਨ, ਜਦੋਂ ਕਿ ਕਾਂਗਰਸ ਵਲੋਂ ਡਾ. ਧਰਮਵੀਰ ਗਾਂਧੀ ਨੂੰ ਇਸ ਸੀਟ ਤੋਂ ਚੋਣ ਮੈਦਾਨ ਵਿਚ ਉਤਾਰਨ ਦੀਆਂ ਚਰਚਾਵਾਂ ਹਨ।

 

ਦੂਜੇ ਪਾਸੇ ਅਕਾਲੀ ਹਲਕਿਆਂ ਤੋਂ ਸੂਚਨਾ ਮਿਲੀ ਹੈ ਕਿ ਪ੍ਰੋਫੈਸਰ ਚੰਦੂਮਾਜਰਾ ਨੂੰ ਪਟਿਆਲਾ ਸੀਟ ਤੋਂ ਉਤਾਰਿਆ ਜਾ ਰਿਹਾ ਹੈ।