ਪੰਜਾਬ ਦਾ ਮੁਖ ਮੰਤਰੀ ਅਹੁਦੇ  ਲਈ ਉਮੀਦਵਾਰ ਹੋਵੇਗਾ ਸਿਖ  -ਕੇਜਰੀਵਾਲ ਵਲੋਂ ਦਾਅਵਾ

ਪੰਜਾਬ ਦਾ ਮੁਖ ਮੰਤਰੀ ਅਹੁਦੇ  ਲਈ ਉਮੀਦਵਾਰ ਹੋਵੇਗਾ ਸਿਖ  -ਕੇਜਰੀਵਾਲ ਵਲੋਂ ਦਾਅਵਾ

* ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਪਾਰਟੀ ’ਚ ਸ਼ਾਮਲ

 * ਆਪ’ ’ਚ ਸ਼ਾਮਲ ਹੋਣ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਨੇ ਕਹੀਆਂ ਵੱਡੀਆਂ ਗੱਲਾਂ, ਅਸਤੀਫ਼ੇ ’ਤੇ ਵੀ ਕੀਤਾ ਖ਼ੁਲਾਸਾ

ਅੰਮ੍ਰਿਤਸਰ ਟਾਈਮਜ਼ ਬਿਉਰੋ

ਅੰਮ੍ਰਿਤਸਰ:ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ  ਇੱਥੇ ਕਿਹਾ ਕਿ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ‘ਆਪ’ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਕਿਸੇ ਸਿੱਖ ਸ਼ਖਸੀਅਤ ਨੂੰ ਹੀ ਉਮੀਦਵਾਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਵਿਚ ‘ਆਪ’ ਦੀ ਸਰਕਾਰ ਬਣਨ ਮਗਰੋਂ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਕਚਹਿਰੀ ਵਿੱਚ ਖੜ੍ਹਾ ਕਰਕੇ ਸੂਬੇ ਦੇ ਲੋਕਾਂ ਨੂੰ ਇਨਸਾਫ ਦਿੱਤਾ ਜਾਵੇਗਾ। ਉਨ੍ਹਾਂ  ਇੱਥੇ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ‘ਆਪ’ ਵਿੱਚ ਰਸਮੀ ਤੌਰ ’ਤੇ ਸ਼ਾਮਲ ਕਰਦਿਆਂ ‘ਜੀ ਆਇਆਂ’ ਆਖਿਆ।ਇੱਥੇ ਸਰਕਟ ਹਾਊਸ ’ਚ ਸੰਖੇਪ ਸਮਾਗਮ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਵਾਅਦਾ ਕੀਤਾ ਕਿ 2022 ’ਚ ਪੰਜਾਬ ’ਚ ਆਪ  ਪਾਰਟੀ ਦੀ ਸਰਕਾਰ ਬਣਨ ’ਤੇ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਗੋਲੀ ਕਾਂਡ ਦੇ ਸਾਜ਼ਿਸ਼ਘਾੜਿਆਂ ਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾ ਕੇ ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਦਿੱਤਾ ਜਾਵੇਗਾ। ਮੀਡੀਆ ਵੱਲੋਂ ਕੀਤੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਸਪੱਸ਼ਟ ਕੀਤਾ ਕਿ ਵਿਧਾਨ ਸਭਾ ਚੋਣਾਂ ਵੇਲੇ ‘ਆਪ’ ਵੱਲੋਂ ਸੂਬੇ ਦੇ ਮੁੱਖ ਮੰਤਰੀ ਲਈ ਆਪਣਾ ਉਮੀਦਵਾਰ ਸਿੱਖ ਭਾਈਚਾਰੇ ਵਿੱਚੋਂ ਹੀ ਬਣਾਇਆ ਜਾਵੇਗਾ ਅਤੇ ਇਹ ਪੰਜਾਬ ਦਾ ਵਾਸੀ ਹੋਵੇਗਾ । 

ਇਸ ਮੌਕੇ ਬਹਿਬਲਕਲਾ ਅਤੇ ਕੋਟਕਪੂਰਾ ਗੋਲ਼ੀਕਾਂਡ ਤੇ ਬੇਅਦਬੀ ਮਾਮਲੇ ’ਚ ਬਰਖਾਸਤ ਕੀਤੀ ਗਈ ਪੁਰਾਣੀ ਐੱਸ. ਆਈ. ਟੀ. ਦੇ ਮੁਖੀ ਅਤੇ ਸਾਬਕਾ ਆਈ. ਜੀ. ਕੁੰਵਰ ਵਿਜੇ ਪ੍ਰਤਾਪ  ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਇਆਂ 70 ਸਾਲ ਤੋਂ ਉਪਰ ਦਾ ਸਮਾਂ ਹੋ ਗਿਆ ਹੈ ਦੇਸ਼ ਵਿਚ ਮੁੱਢਲੇ 15-20 ਸਾਲ ਤਕ ਵਧੀਆ ਸਿਆਸਤ ਹੋਈ ਪਰ ਉਸ ਤੋਂ ਬਾਅਦ ਡਾਕੂ ਲੁਟੇਰਿਆਂ ਦਾ ਰਾਜ ਹੋ ਗਿਆ। ਖਾਸ ਕਰਕੇ ਪੰਜਾਬ ਵਿਚ ਇਹ ਚੋਟੀ ’ਤੇ ਪਹੁੰਚ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੀ ਧਰਤੀ ’ਤੇ ਬੇਅਦਬੀ ਵਰਗੇ ਗੰਭੀਰ ਮਸਲੇ ’ਤੇ ਇਨਸਾਫ਼ ਨਹੀਂ ਮਿਲ ਸਕਿਆ ਤਾਂ ਆਮ ਆਦਮੀ ਦੀ ਹਾਲਤ ਕੀ ਹੋਵੇਗੀ, ਇਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਉਨ੍ਹਾਂ ਅਸਤੀਫ਼ਾ ਇਸ ਕਰਕੇ ਦਿੱਤਾ ਕਿਉਂਕਿ ਉਨ੍ਹਾਂ ਇਸ ਮਾਮਲੇ ’ਤੇ ਢਾਈ ਸਾਲ ਮਿਹਨਤ ਕੀਤੀ ਅਤੇ ਰਿਪੋਰਟ ਫਰੀਦਕੋਟ ਦੀ ਅਦਾਲਤ ਵਿਚ ਪਈ ਸੀ ਜਦਕਿ ਫ਼ੈਸਲਾ ਹਾਈਕੋਰਟ ਵਿਚੋਂ ਆਇਆ। ਸਾਡੇ ਸਰਕਾਰੀ ਵਕੀਲ ਨੇ ਇਹ ਵੀ ਨਹੀਂ ਕਿਹਾ ਕਿ ਬੇਅਦਬੀ ਦੀ ਰਿਪੋਰਟ ਫਰੀਦਕੋਟ ਅਦਾਲਤ ਵਿਚ ਪਈ ਹੈ ਅਤੇ ਉਸ ਰਿਪੋਰਟ ਨੂੰ ਪੜ੍ਹਨ ਤੋਂ ਬਾਅਦ ਕੋਈ ਫ਼ੈਸਲਾ ਲਵੋ। ਜਿਸ ਦਿਨ ਹੁਕਮ ਆਉਣਾ ਸੀ ਉਹ ਮਹੱਤਵਪੂਰਨ ਦਿਨ ਸੀ ਅਤੇ ਉਸੇ ਦਿਨ ਐਡਵੋਕੇਟ ਜਨਰਲ ਬਿਮਾਰ ਹੋ ਗਏ।

ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਅਸੀਂ ਇਕ ਨਵੀਂ ਸਿਆਸਤ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ, ਉਹ ਰਾਜਨੀਤੀ ਨਹੀਂ ਜਿਹੜੀ ਲੋਕ ਦੇਖਦੇ ਹਨ, ਅਸੀਂ ਰਾਜਨੀਤੀ ਨੂੰ ਨਵੀਂ ਦਿਸ਼ਾ ਦੇਵਾਂਗੇ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਕੇਜਰੀਵਾਲ ਸਰਕਾਰ ਨੇ ਬਿਹਤਰੀਨ ਕੰਮ ਕੀਤਾ ਹੈ। ਆਮ ਆਦਮੀ ਪਾਰਟੀ ਦਾ ਇਕੋ ਟੀਚਾ ਹੈ ਲੋਕ ਆਪਣੀ ਤਾਕਤ ਆਪ ਵਰਤਣ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿਚ ਹਰ ਤਰ੍ਹਾਂ ਦਾ ਮਾਫੀਆ ਚੱਲ ਰਿਹਾ ਹੈ, ਜਿਸ ਦਾ ਕਦੇ ਨਾਂ ਵੀ ਨਹੀਂ ਸੁਣਿਆ ਸੀ, ਅੱਜ ਪੰਜਾਬ ਉਹ ਮਾਫੀਆ ਰਾਜ ਕਰ ਰਿਹਾ ਹੈ। 

ਲਕਸ਼ਮੀ ਕਾਂਤਾ ਚਾਵਲਾ ਵੀ ਦੁਰਗਿਆਨਾ ਮੰਦਰ ਪੁੱਜੇ

ਅਰਵਿੰਦ ਕੇਜਰੀਵਾਲ ਦੁਰਗਿਆਨਾ ਮੰਦਰ ਵੀ ਮੱਥਾ ਟੇਕਣ ਵਾਸਤੇ ਗਏ। ਇਸ ਦੌਰਾਨ ਉੱਥੇ ਭਾਜਪਾ ਆਗੂ ਲਕਸ਼ਮੀ ਕਾਂਤਾ ਚਾਵਲਾ ਵੀ ਪੁੱਜੇ ਹੋਏ ਸਨ। ਮੰਦਰ ਕਮੇਟੀ ਦੇ ਪ੍ਰਧਾਨ ਰਮੇਸ਼ ਕੁਮਾਰ ਨੇ ਆਖਿਆ ਕਿ ਪ੍ਰੋ. ਚਾਵਲਾ ਮੰਦਰ ਕਮੇਟੀ ਦੀ ਸਰਪ੍ਰਸਤ ਵੀ ਹਨ। ਇੱਥੇ ਦੱਸਣਯੋਗ ਹੈ ਕਿ ਪ੍ਰੋ. ਚਾਵਲਾ ਪਹਿਲਾਂ ਵੀ ਪਿਛਲੇ ਦੌਰੇ ਸਮੇਂ ਸਰਕਟ ਹਾਊਸ ਵਿੱਚ ਸ੍ਰੀ ਕੇਜਰੀਵਾਲ ਨੂੰ ਮਿਲ ਚੁੱਕੇ ਹਨ।

ਯੂਥ ਕਾਂਗਰਸ ਵੱਲੋਂ ਕੇਜਰੀਵਾਲ ਦੀ ਫੇਰੀ ਦਾ ਵਿਰੋਧ

ਯੂਥ ਕਾਂਗਰਸ ਦੇ ਕਾਰਕੁਨਾਂ ਨੇ ਕੇਜਰੀਵਾਲ ਦੀ ਆਮਦ ਦਾ ਵਿਰੋਧ ਕੀਤਾ। ਸ੍ਰੀ ਕੇਜਰੀਵਾਲ ਦੀ ਆਮਦ ’ਤੇ ਯੂਥ ਕਾਂਗਰਸ ਨੇ ਸ਼ਹਿਰ ਵਿਚ ਵੱਖ ਵੱਖ ਥਾਵਾਂ ’ਤੇ ਵਿਰੋਧ ਦਰਸਾਉਂਦੇ ਹੋਰਡਿੰਗ ਲਾਏ। ਉਨ੍ਹਾਂ ਸਰਕਟ ਹਾਊਸ ਨੇੜੇ ਕੇਜਰੀਵਾਲ ਦਾ ਕਾਫਲਾ ਆਉਣ ’ਤੇ ਨਾਅਰੇਬਾਜ਼ੀ ਕੀਤੀ ਅਤੇ ਕਾਲੇ ਝੰਡੇ ਵੀ ਦਿਖਾਏ। ਪ੍ਰਦਰਸ਼ਨਕਾਰੀ ‘ਕੇਜਰੀਵਾਲ ਵਾਪਸ ਜਾਓ’ ਦੇ ਨਾਅਰੇ ਲਾ ਰਹੇ ਸਨ।   

                         ਸਾਡੇ ਪਤਰਕਾਰਾਂ ਅਨੁਸਾਰ ਆਪ  ਗੁਰੂ ਗਰੰਥ ਸਾਹਿਬ ਦੀ ਬੇਅਦਬੀ ਤੇ ਸਿਖ ਮੁਖ ਮੰਤਰੀ ਉਮੀਦਵਾਰ ਦਾ ਨਾਰਾ ਦੇਕੇ ਚੋਣ ਖੇਡ ਦਾ ਅਗਾਜ ਕਰ ਦਿਤਾ ਹੈ।ਹਾਲ ਦੀ ਘੜੀ ਕਾਂਗਰਸ ,ਅਕਾਲੀ ਬਸਪਾ ਗਠਜੋੜ ਤੇ ਆਪ ਦਾ ਭੇੜ ਚੋਣਾਂ ਤੋਂ ਪਹਿਲਾਂ ਹੋ ਰਿਹਾ।ਕਨਸੋਆਂਂ ਮਿਲੀਆਂ ਹਨ ਕਿ ਅਕਾਲੀ ਦਲ ਡੈਮੋਕ੍ਰੇਟਿਕ ਢੀਂਡਸਾ ਦਾ ਗਠਜੋੜ ਆਪ ਨਾਲ ਹੋਵੇਗਾ।ਪਤਾ ਲਗਾ ਹੈ ਕਿ ਢੀਂਂਡਸਾ ਆਪਣੇ ਆਪ ਨੂੰ ਮੁਖ ਮੰਤਰੀ ਉਮੀਦਵਾਰ ਵਜੋਂ ਉਭਾਰਨ ਦੇ ਇਛੁਕ ਹਨ। ਪਰ ਆਪ ਪ੍ਰਗਟ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵਿਚ ਹੈ।